ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚੋਂ ਹਰਿਆਣਾ ਮਨਫ਼ੀ ਕਿਉਂ?
ਡਾ. ਨਿਸ਼ਾਨ ਸਿੰਘ ਰਾਠੌਰ
ਵਿਦਵਾਨਾਂ ਦਾ ਕਥਨ ਹੈ ਕਿ ਭੂਗੋਲਿਕ ਅਤੇ ਸਮਾਜਿਕ ਬਣਤਰ ਦਾ ਮਨੁੱਖ ਦੇ ਮਨ, ਵਿਚਾਰ ਅਤੇ ਜੀਵਨ ’ਤੇ ਡੂੰਘਾ ਅਸਰ ਪੈਂਦਾ ਹੈ। ਇਹ ਗੱਲ ਸੌ ਫ਼ੀਸਦੀ ਸੱਚ ਅਤੇ ਲਾਜ਼ਮੀ ਹੈ ਕਿ ਭੂਗੋਲਿਕ ਖੇਤਰ ਅਤੇ ਸਮਾਜਿਕ ਬਣਤਰ ਦੇ ਅਨੁਸਾਰ ਮਨੁੱਖ ਦੀ ਬੋਲੀ, ਪਹਿਰਾਵਾ, ਰਹਿਣ-ਸਹਿਣ ਅਤੇ ਸੁਭਾਅ ਹੋਵੇਗਾ। ਮਨੁੱਖੀ ਮਨ ਉੱਪਰ ਪਏ ਇਸ ਪ੍ਰਭਾਵ ’ਤੇ ਧਰਮ ਅਤੇ ਹੋਰ ਕਾਰਕ ਲਾਜ਼ਮੀ ਅਸਰ ਪਾਉਂਦੇ ਹਨ, ਪਰ ਓਨਾ ਨਹੀਂ ਕਿ ਇਸ ਪ੍ਰਭਾਵ/ ਅਸਰ ਨੂੰ ਗੰਭੀਰ ਅਤੇ ਪੁਖ਼ਤਾ ਚਰਚਾ ਦਾ ਵਿਸ਼ਾ ਬਣਾਇਆ ਜਾ ਸਕੇ।
ਪੰਜਾਬੀ ਸਾਹਿਤ ਦਾ ਅਧਿਐਨ ਕਰਦਿਆਂ ਇਹ ਤੱਥ ਪੂਰੀ ਤਰ੍ਹਾਂ ਦਰੁਸਤ ਅਤੇ ਕਾਰਗਰ ਸਾਬਤ ਹੁੰਦਾ ਹੈ ਕਿ ਜਿਹੜੇ ਸਰੋਕਾਰ ਅਤੇ ਸਮੱਸਿਆਵਾਂ ‘ਮੁੱਖਧਾਰਾ’ ਦੇ ਪੰਜਾਬੀ ਸਾਹਿਤ ਵਿੱਚ ਪਈਆਂ ਹਨ ਉਹੋ ਸਰੋਕਾਰ ਤੇ ਸਮੱਸਿਆਵਾਂ ‘ਹਰਿਆਣੇ ਦੇ ਪੰਜਾਬੀ ਸਾਹਿਤ’ ਅੰਦਰ ਦੇਖਣ-ਪੜ੍ਹਨ ਨੂੰ ਮਿਲਦੀਆਂ ਅਤੇ ਚਰਚਾ ਦਾ ਵਿਸ਼ਾ ਬਣਦੀਆਂ ਹਨ। ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ਖਿੱਤੇ ਅਤੇ ਭੂਗੋਲਿਕ ਮੁਸ਼ਕਿਲਾਂ/ ਸੰਦਰਭਾਂ ਬਾਰੇ ਓਨਾ ਜ਼ਿਕਰ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਹੈ।
ਹਰਿਆਣੇ ਦੇ ਪੰਜਾਬੀ ਸਾਹਿਤ ਦਾ ਅਧਿਐਨ ਕਰਦਿਆਂ ਕਈ ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਇਹ ‘ਪੰਜਾਬ’ ਵਿੱਚ ਰਚੇ ਗਏ ਮੁੱਖਧਾਰਾ ਦੇ ਸਾਹਿਤ ਦਾ ਅਧਿਐਨ ਕੀਤਾ ਜਾ ਰਿਹਾ ਹੈ। ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ਸਥਾਨਕ ਬਿਰਤੀਆਂ, ਤਿਉਹਾਰਾਂ, ਬੋਲੀਆਂ, ਪਹਿਰਾਵੇ, ਮੁਹਾਵਰਿਆਂ, ਅਖਾਣਾਂ ਅਤੇ ਪੇਂਡੂ ਸੱਭਿਆਚਾਰ-ਸੰਸਕ੍ਰਿਤੀ ਦੀ ਗ਼ੈਰਹਾਜ਼ਰੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਹਰਿਆਣੇ ਦੇ ਪੰਜਾਬੀ ਸੰਨ 1966 ਵਿੱਚ ‘ਸਿਆਸੀ ਰੂਪ’ ਵਿੱਚ ਪੰਜਾਬ ਨਾਲੋਂ ਵੱਖ ਹੋ ਗਏ ਸਨ, ਪਰ ਉਨ੍ਹਾਂ ਦੀਆਂ ਰੁਚੀਆਂ ਅਤੇ ਸੁਭਾਅ ਮੁੱਖਧਾਰਾ ਦੇ ਪੰਜਾਬੀ ਲੇਖਕਾਂ ਵਾਂਗ ਹੀ ਹਨ। ਇਨ੍ਹਾਂ ਹਰਿਆਣਵੀ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿੱਚ ਖੇਤਰੀ ਪ੍ਰਭਾਵ; ਆਮ ਤੌਰ ’ਤੇ ਦੇਖਣ-ਪੜ੍ਹਨ ਨੂੰ ਨਹੀਂ ਮਿਲਦੇ।
ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਹਰਿਆਣਵੀ ਪੰਜਾਬੀਆਂ ਨੇ ਆਪਣੇ-ਆਪ ਨੂੰ ਹਰਿਆਣਵੀ ਸੱਭਿਆਚਾਰ, ਸੰਸਕ੍ਰਿਤੀ ਅਤੇ ਰਹੁ-ਰੀਤਾਂ ਨਾਲ ਭਾਵਾਤਮਕ ਰੂਪ ਵਿੱਚ ਨਹੀਂ ਜੋੜਿਆ। ਸੱਭਿਆਚਾਰਕ ਦੂਰੀ ਕਿਤੇ ਨਾ ਕਿਤੇ ਸਾਹਿਤ ਵਿੱਚ ਦੇਖਣ ਨੂੰ ਲਾਜ਼ਮੀ ਮਿਲਦੀ ਹੈ ਕਿਉਂਕਿ ਸਾਹਿਤ ਦੀ ਰਚਨਾ ਮਨੁੱਖੀ ਮਨ ਵਿੱਚ ਪੈਦਾ ਹੋਏ ਵਿਚਾਰਾਂ/ਤਜ਼ਰਬਿਆਂ ਵਿੱਚੋਂ ਉਪਜਦੀ ਹੈ। ਜੇਕਰ ਮਨ ਵਿੱਚ ਇਨ੍ਹਾਂ ਤਜ਼ਰਬਿਆਂ ਬਾਰੇ ਕੋਈ ਇੱਛਾ ਹੀ ਪੈਦਾ ਨਹੀਂ ਹੋਈ ਤਾਂ ਉਸ ਨੂੰ ਸਾਹਿਤ ਦਾ ਹਿੱਸਾ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ? ਖ਼ੈਰ!
ਆਮ ਕਰਕੇ ਬਹੁਤੇ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਵਿੱਚ ‘ਪਰਵਾਸ ਦਾ ਸੰਕਲਪ’ ਵਿਸ਼ਾਲ ਅਤੇ ਡੂੰਘੇ ਅਰਥਾਂ ਵਿੱਚ ਲਿਆ ਜਾਂਦਾ ਹੈ। ਉਸ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬੀ ਆਪਣੇ-ਆਪ ਨੂੰ ਉਸ (ਬਾਹਰਲੇ) ਮੁਲਕ ਦੇ ਭੂਗੋਲਿਕ, ਸਮਾਜਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ਵਿੱਚ ਜਕੜਿਆ ਮਹਿਸੂਸ ਕਰਦਾ ਹੈ। ਅਮਰੀਕਾ, ਕੈਨੇਡਾ, ਯੂ.ਕੇ. ਅਤੇ ਯੂਰੋਪ ਦੇ ਹੋਰ ਮੁਲਕਾਂ ਦੇ ਪ੍ਰਭਾਵ (ਸੱਭਿਆਚਾਰਕ, ਸੰਸਕ੍ਰਿਤੀ) ਦੀ ਝਲਕ ‘ਪਰਵਾਸੀ ਪੰਜਾਬੀ ਸਾਹਿਤ’ ਦੇ ਰੂਪ ਵਿੱਚ ਪੜ੍ਹਨ ਨੂੰ ਮਿਲ ਜਾਂਦੀ ਹੈ। ਉੱਥੋਂ ਦੇ ਰਹਿਣ-ਸਹਿਣ, ਪਹਿਰਾਵੇ ਅਤੇ ਮਨੋਬਿਰਤੀਆਂ ਬਾਰੇ ਪਰਵਾਸੀ ਸਾਹਿਤ ਵਿੱਚ ਜ਼ਿਕਰ ਮਿਲਦਾ ਹੈ, ਪਰ ਹਰਿਆਣੇ ਦੇ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿੱਚੋਂ ਉੱਥੋਂ ਦੇ ਸੱਭਿਆਚਾਰ ਬਾਰੇ ਬਹੁਤਾ ਜ਼ਿਕਰ ਨਹੀਂ ਮਿਲਦਾ।
ਹਰਿਆਣਵੀ ਪੰਜਾਬੀਆਂ ਦੀ ਕਲਮ 1947 ਦੀ ਭਾਰਤ-ਪਾਕ ਵੰਡ, 1984 ਦੇ ਦੁਖਾਂਤ ਅਤੇ ਪੰਜਾਬੀ ਸਮਾਜ ਨੂੰ ਦਰਪੇਸ਼ ਚੁਣੌਤੀਆਂ ਬਾਰੇ ਅਕਸਰ ਚੱਲਦੀ ਰਹਿੰਦੀ ਹੈ। ਅੱਜ ਵੀ ਹਰਿਆਣਵੀ ਪੰਜਾਬੀ ਲੇਖਕਾਂ ਦੀ ਕਲਮ ਆਪਣੇ ਪੁਰਖਿਆਂ ਦੇ ਪਿਛਕੋੜ ਨੂੰ ਯਾਦ ਕਰਦਿਆਂ ਚਲਦੀ ਹੈ। ਇਨ੍ਹਾਂ ਲੇਖਕਾਂ ਨੇ ਆਪਣੇ ਪੁਰਖਿਆਂ ਦੀ ਜੰਮਣ ਭੋਇੰ (ਪਾਕਿਸਤਾਨ) ਨੂੰ ਚੇਤੇ ਕਰਦਿਆਂ ਰਚਨਾਵਾਂ ਵੀ ਕੀਤੀਆਂ ਹਨ। ਪਰ, ਇਨ੍ਹਾਂ ਰਚਨਾਵਾਂ ਵਿੱਚੋਂ ਸਥਾਨਕ ਪ੍ਰਭਾਵ (ਹਰਿਆਣਾ) ਮਨਫ਼ੀ ਹੈ।
ਹਰਿਆਣਵੀ ਪੰਜਾਬੀਆਂ ਦੀ ਸਿਰਜਣਾ ਵਿੱਚੋਂ ਇਹ ਪ੍ਰਭਾਵ ਮਨਫ਼ੀ ਹੋਣ ਦੇ ਕੁਝ ਕਾਰਨਾਂ ਦਾ ਸੰਖੇਪ ਰੂਪ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ ਤਾਂ ਕਿ ਅਸਲ ਕਾਰਨਾਂ ਦੀ ਸਹੀ ਪਰਿਪੇਖ ਵਿੱਚ ਪੜਚੋਲ ਕੀਤੀ ਜਾ ਸਕੇ।
ਸਭ ਤੋਂ ਮਹੱਤਵਪੂਰਨ ਅਤੇ ਪੁਖ਼ਤਾ ਗੱਲ ਹਰਿਆਣੇ ਦੀ ‘ਸਿਆਸਤ’ ਵਿੱਚ ਪੰਜਾਬੀਆਂ (ਖ਼ਾਸਕਰ ਸਿੱਖਾਂ) ਦਾ ਸਿਆਸੀ ਪ੍ਰਭਾਵ ਜਾਂ ਦਖਲ ਨਾਂ-ਮਾਤਰ ਹੋਣਾ ਹੈ। ਦੂਜੇ ਸ਼ਬਦਾਂ ਵਿੱਚ, ਸਿਆਸਤ ਵਿੱਚ ਹਰਿਆਣੇ ਦੇ ਪੰਜਾਬੀ ‘ਫਾਡੀ’ ਕਹੇ ਜਾ ਸਕਦੇ ਹਨ। ਇਸ ਲਈ ਉਨ੍ਹਾਂ (ਪੰਜਾਬੀਆਂ) ਦੇ ਮਨਾਂ ਅੰਦਰ ਹਰਿਆਣੇ ਦੇ ਮੂਲ ਥੀਮ/ਕੇਂਦਰੀ ਭਾਵ ਨੂੰ ਪ੍ਰਫੁੱਲਿਤ ਨਹੀਂ ਕੀਤਾ ਜਾ ਸਕਦਾ। ਸਿਆਸਤ ਵਿੱਚ ਫਾਡੀ ਹੋਣ ਕਰ ਕੇ ਇਹ ਆਪਣੇ ਆਪ ਨੂੰ ਦੂਜੇ ਦਰਜ਼ੇ ਦਾ ਸ਼ਹਿਰੀ ਮਹਿਸੂਸ ਕਰਨ ਲੱਗਦੇ ਹਨ। ਉਨ੍ਹਾਂ ਦੀ ਸਿਆਸੀ ਇੱਛਾ ਸ਼ਕਤੀ ਖ਼ਤਮ ਹੋ ਜਾਂਦੀ ਹੈ। ਇਸ ਲਈ ਉਹ ਆਪਣੇ ਆਪ ਨੂੰ ਵੱਖ ਅਤੇ ਓਪਰਾ ਮਹਿਸੂਸ ਕਰਨ ਲੱਗਦੇ ਹਨ। ਇਸੇ ਕਰਕੇ ਹਰਿਆਣੇ ਦੇ ਪੰਜਾਬੀ ਸਾਹਿਤ ਸਿਰਜਣਾ ਦੇ ਖੇਤਰ ਵਿੱਚੋਂ ਹਰਿਆਣਵੀ ਸੰਸਕ੍ਰਿਤੀ ਦਾ ਮੂਲ ਤੱਤ ਗਾਇਬ ਹੋਇਆ ਮਹਿਸੂਸ ਕੀਤਾ ਜਾ ਸਕਦਾ ਹੈ।
ਦੂਜਾ; ਸਿੱਖਿਆ ਤੰਤਰ (ਉਹ ਚਾਹੇ ਉੱਚ ਸਿੱਖਿਆ ਤੰਤਰ ਹੋਵੇ ਅਤੇ ਚਾਹੇ ਸਕੂਲ ਪੱਧਰ ਦੀ ਸਿੱੱਖਿਆ ਪ੍ਰਣਾਲੀ) ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਨਾਂ-ਮਾਤਰ ਹੈ। ਸਿੱਖਿਆ ਤੰਤਰ ਨੂੰ ਚਲਾਉਣ, ਨੀਤੀਆਂ ਘੜਨ ਅਤੇ ਲਾਗੂ ਕਰਵਾਉਣ ਵਿੱਚ ਹਰਿਆਣੇ ਦੇ ਪੰਜਾਬੀਆਂ ਦਾ ਬਹੁਤਾ ਯੋਗਦਾਨ ਅਤੇ ਪ੍ਰਭਾਵ ਨਹੀਂ ਹੈ। ਇਸ ਨਾਲ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਉੱਤੇ ਵਧੇਰੇ ਤਵੱਜੋ ਦਿੱਤੀ ਜਾਂਦੀ ਹੈ ਅਤੇ ਪੰਜਾਬੀ ਭਾਸ਼ਾ ਅਣਗੌਲੀ ਜਾਂਦੀ ਹੈ। ਇਸ ਕਾਰਨ ਵੀ ਪੰਜਾਬੀਆਂ ਦੀ ਸਾਹਿਤਕ ਸਿਰਜਣਾ ਵਿੱਚੋਂ ‘ਹਰਿਆਣਵੀ ਪ੍ਰਭਾਵ’ ਮਨਫ਼ੀ ਹੋਇਆ ਦੇਖਿਆ ਜਾ ਸਕਦਾ ਹੈ।
ਤੀਜਾ, ਬੋਲੀ ਅਤੇ ਧਰਮ ਦਾ ਪ੍ਰਭਾਵ ਵੀ ਕਾਰਗਰ ਅਸਰ ਪਾਉਂਦਾ ਹੈ। ਹਰਿਆਣੇ ਅੰਦਰ ਰਹਿੰਦੇ ਹਿੰਦੂ ਖ਼ਾਸਕਰ ਪੰਜਾਬੀ ਹਿੰਦੂ (ਜਿਹੜੇ 1947 ਦੀ ਭਾਰਤ-ਪਾਕ ਵੰਡ ਵੇਲੇ) ਹਰਿਆਣੇ ਦੇ ਪੱਕੇ ਵਸਨੀਕ ਬਣ ਗਏ ਸਨ, ਅਤੇ ਉਨ੍ਹਾਂ ਦੇ ਪਰਿਵਾਰ ਪੰਜਾਬੀ ਜ਼ੁਬਾਨ ਨਾਲੋਂ ਟੁੱਟਦੇ ਜਾ ਰਹੇ ਹਨ। ਬਹੁਤਾਤ ਵਿੱਚ ਇਹ ਪੰਜਾਬੀ ਤਬਕਾ ਪੰਜਾਬੀ ਬੋਲਣ ਤੋਂ ਗੁਰੇਜ਼ ਕਰਨ ਲੱਗਾ ਹੈ। ਇਸ ਕਾਰਨ ਵੀ ਪੰਜਾਬੀ ਸਾਹਿਤ ਵਿੱਚੋਂ ਹਰਿਆਣਵੀ ਪ੍ਰਭਾਵ ਮਨਫ਼ੀ ਹੈ ਕਿਉਂਕਿ ਇਨ੍ਹਾਂ ਪੰਜਾਬੀਆਂ ਨੇ ਭਾਵੇਂ ਹਰਿਆਣੇ ਦੇ ਸੱਭਿਆਚਾਰ-ਸੰਸਕ੍ਰਿਤੀ ਦਾ ਪ੍ਰਭਾਵ ਕਬੂਲ ਲਿਆ ਹੈ, ਪਰ ਇਨ੍ਹਾਂ ਪੰਜਾਬੀਆਂ ਨੇ ਸਾਹਿਤ ਦੀ ‘ਸਿਰਜਣਾ’ ਤੋਂ ਕਿਨਾਰਾ ਕਰ ਲਿਆ ਹੈ। ਇਨ੍ਹਾਂ ਪੰਜਾਬੀਆਂ ਦੇ ਕਬੂਲੇ ਗਏ ਪ੍ਰਭਾਵ ਦਾ ਸਾਹਿਤਕ ਦ੍ਰਿਸ਼ਟੀ ਪੱਖੋਂ ਕੋਈ ਪ੍ਰਭਾਵ ਨਹੀਂ ਪੈ ਰਿਹਾ ਕਿਉਂਕਿ ਇਨ੍ਹਾਂ ਵੱਲੋਂ ਸਾਹਿਤਕ ਸਿਰਜਣਾ ਨਾਂ-ਮਾਤਰ ਹੈ।
ਚੌਥਾ, ਹਰਿਆਣੇ ਦੇ ਬਹੁਤੇ ਪੰਜਾਬੀ ਭਾਵੇਂ ਜਨਮ ਤੋਂ ਹਰਿਆਣੇ ਦੇ ਬਾਸ਼ਿਦੇ ਹਨ, ਪਰ ਇਨ੍ਹਾਂ ਦੇ ਰੀਤੀ-ਰਿਵਾਜ਼ ਅਤੇ ਰਹੁ-ਰੀਤਾਂ (ਸੱਭਿਆਚਾਰ) ਪੰਜਾਬ ਨਾਲ ਮਿਲਦੀਆਂ ਹਨ, ਹਰਿਆਣੇ ਨਾਲ ਨਹੀਂ। ਦੂਜੇ ਸ਼ਬਦਾਂ ਵਿੱਚ ਇਸ ਨੂੰ ਸੱਭਿਆਚਾਰਕ ਪ੍ਰਭਾਵ ਕਿਹਾ ਜਾਂਦਾ ਹੈ। ਇਸ ਲਈ ਇਨ੍ਹਾਂ ਪੰਜਾਬੀਆਂ ਦਾ ਹਰਿਆਣੇ ਦੇ ਲੋਕਲ ਤਿਉਹਾਰਾਂ, ਰੀਤੀ-ਰਿਵਾਜ਼ਾਂ ਅਤੇ ਰਹੁ-ਰੀਤਾਂ ਨਾਲ ਸਬੰਧ ਸਥਾਪਤ ਨਹੀਂ ਹੋ ਪਾਉਂਦਾ। ਨਤੀਜਨ, ਹਰਿਆਣੇ ਦੇ ਪੰਜਾਬੀ ਲੇਖਕਾਂ ਦੀ ਕਲਮ ਵਿੱਚ ਇਨ੍ਹਾਂ ਦਾ ਜ਼ਿਕਰ ਨਹੀਂ ਹੁੰਦਾ।
ਪੰਜਵਾਂ, ਹਰਿਆਣੇ ਦੇ ਪੰਜਾਬੀ ਲੇਖਕਾਂ ਵਿੱਚ ਹਰਿਆਣਵੀ ਸੰਸਕ੍ਰਿਤੀ ਦਾ ਪ੍ਰਭਾਵ ਇਸ ਕਰਕੇ ਵੀ ਦੇਖਣ-ਪੜ੍ਹਨ ਨੂੰ ਨਹੀਂ ਮਿਲਦਾ ਕਿਉਂਕਿ ਹਰਿਆਣੇ ਅੰਦਰ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲਦਾ। ਉਹ ਭਾਵੇਂ ਸਿਆਸੀ ਪੱਧਰ ਉੱਪਰ ਹੋਵੇ ਅਤੇ ਭਾਵੇਂ ਸਮਾਜਿਕ ਪੱਧਰ ਉੱਪਰ। ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਹਿੱਤ ਉਸ ਪੱਧਰ ’ਤੇ ਉਪਰਾਲੇ ਨਹੀਂ ਕੀਤੇ ਜਾਂਦੇ ਜਿਸ ਪੱਧਰ ’ਤੇ ਹਰਿਆਣਵੀ, ਹਿੰਦੀ ਜਾਂ ਸੰਸਕ੍ਰਿਤ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾਂਦੇ ਹਨ। ਇਸ ਸੋਚ ਅਤੇ ਸਿਆਸੀ ਕਾਰਨਾਂ ਕਰ ਕੇ ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚੋਂ ‘ਹਰਿਆਣਾ’ ਗਾਇਬ ਹੁੰਦਾ ਨਜ਼ਰ ਆਉਂਦਾ ਹੈ।
ਛੇਵਾਂ, ਹਰਿਆਣੇ ਵਿੱਚ ਸਕੂਲ ਪੱਧਰ/ ਉੱਚ ਸਿੱਖਿਆ ਪੱਧਰ ’ਤੇ ਪੰਜਾਬੀਆਂ ਨੂੰ ‘ਹਰਿਆਣਵੀ ਸੰਸਕ੍ਰਿਤੀ’ ਦੀ ਪੜ੍ਹਾਈ ਨਹੀਂ ਕਰਵਾਈ ਜਾਂਦੀ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਮੁੱਚਾ ਸਿਲੇਬਸ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਲਾ ਹੀ ਪੜ੍ਹਾਇਆ ਜਾਂਦਾ ਹੈ। ਹਰਿਆਣੇ ਦੇ ਲੇਖਕਾਂ ਨੂੰ ਜਦੋਂ ਹਰਿਆਣੇ ਦੇ ਮੂਲ ਤੱਤ ਬਾਰੇ ਪੜ੍ਹਾਈ ਹੀ ਨਹੀਂ ਕਰਵਾਈ ਜਾਂਦੀ ਤਾਂ ਸਾਹਿਤ ਵਿੱਚ ਜ਼ਿਕਰ ਕਿਸ ਤਰ੍ਹਾਂ ਆਉਣਾ ਹੈ? ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਵਾਂਗੂੰ ਮੁੱਖਧਾਰਾ ਦਾ ਪੰਜਾਬੀ ਸਾਹਿਤ ਹੀ ਪੜ੍ਹਾਇਆ ਜਾਂਦਾ ਹੈ। ਇਨ੍ਹਾਂ ਕਾਲਜਾਂ/ਯੂਨੀਵਰਸਿਟੀਆਂ ਵਿੱਚ ਹਰਿਆਣਵੀ ਲੇਖਕਾਂ ਦੀਆਂ ਪੰਜਾਬੀ ਪੁਸਤਕਾਂ ਉੱਪਰ ਖੋਜ ਕਾਰਜ ਨਾਂ-ਮਾਤਰ ਹੁੰਦਾ ਹੈ ਅਤੇ ਸਿਲੇਬਸ ਵਿੱਚ ਕਿਸੇ ਵਿਰਲੇ-ਟਾਵੇਂ ਹਰਿਆਣਵੀ ਪੰਜਾਬੀ ਲੇਖਕ ਦੀ ਪੁਸਤਕ ਨੂੰ ਸ਼ਾਮਲ ਕੀਤਾ ਜਾਂਦਾ ਹੈ। ਫਿਰ ਹਰਿਆਣੇ ਦੇ ਮੂਲ ਤੱਤ ਨੂੰ ਹਰਿਆਣਵੀ ਪੰਜਾਬੀ ਦੇ ਸਾਹਿਤ ਦਾ ਅੰਗ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ?
ਸੱਤਵਾਂ, ਪੰਜਾਬੀ ਭਾਸ਼ਾ ਨੂੰ ਸਿਰਫ਼ ਸਿੱਖਾਂ ਦੀ ਜ਼ੁਬਾਨ ਦਾ ਤਮਗ਼ਾ ਦੇ ਦਿੱਤਾ ਗਿਆ ਹੈ। ਸਮਾਜ ਦੀ ਕਾਣੀ ਵੰਡ ਨੇ ਇਹ ਤਮਗ਼ਾ ਸਿੱਖਾਂ ਦੇ ਗਲ਼ ਵਿੱਚ ਫਿੱਟ ਕਰ ਦਿੱਤਾ ਹੈ ਕਿ ਪੰਜਾਬੀ ਸਿਰਫ਼ ਸਿੱਖਾਂ ਦੇ ਜ਼ੁਬਾਨ ਹੈ, ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਪੰਜਾਬੀ ਪੰਜਾਬੀਆਂ ਦੀ ਜ਼ੁਬਾਨ ਹੈ, ਕਿਸੇ ਇੱਕ ਧਾਰਮਿਕ ਭਾਈਚਾਰੇ ਦੀ ਨਹੀਂ। ਇਸ ਪ੍ਰਭਾਵ ਕਰਕੇ ਹਰਿਆਣੇ ਦਾ ਜੰਮਪਲ ਕੋਈ ਹਿੰਦੂ ਲੇਖਕ ਜਾਂ ਲੇਖਿਕਾ ਪੰਜਾਬੀ ਜ਼ੁਬਾਨ ਵਿੱਚ ਕਲਮ ਚਲਾਉਂਦਾ ਹੈ ਤਾਂ ਹਰਿਆਣੇ ਦਾ ਪੰਜਾਬੀ ਸਮਾਜ ਉਸ ਨੂੰ ਮੂਲੋਂ ਹੀ ਸਵੀਕਾਰ ਨਹੀਂ ਕਰਦਾ। ਅਜਿਹੇ ਪੰਜਾਬੀਆਂ ਦੀ ਤੰਗਦਿਲੀ ਕਰ ਕੇ ਨਵੇਂ ਲੇਖਕ-ਲੇਖਿਕਾਵਾਂ ਕੁਝ ਸਮੇਂ ਮਗਰੋਂ ਪੰਜਾਬੀ ਸਾਹਿਤ ਦਾ ਖੇਤਰ ਛੱਡ ਕੇ ਹਿੰਦੀ/ ਸੰਸਕ੍ਰਿਤ/ ਹਰਿਆਣਵੀ ਸਾਹਿਤ ਦੇ ਰਾਹ ਉੱਪਰ ਤੁਰ ਪੈਂਦੇ ਹਨ। ਇੱਕ ਕਾਰਨ ਇਹ ਵੀ ਹੈ ਕਿ ਪੰਜਾਬੀ ਸਾਹਿਤ ਨਾਲੋਂ ਹਿੰਦੀ ਅਤੇ ਸੰਸਕ੍ਰਿਤ ਸਾਹਿਤ ਦੀ ਵੁੱਕਤ ਜ਼ਿਆਦਾ ਪੈਣ ਕਰਕੇ ਵੀ ਬਹੁਤੇ ਪੰਜਾਬੀ ਸਾਹਿਤਕਾਰ ਆਪਣੀ ਦਿਸ਼ਾ ਬਦਲ ਲੈਂਦੇ ਹਨ ਤਾਂ ਕਿ ਉਨ੍ਹਾਂ ਨੂੰ ਵਧੇਰੇ ਮਾਣ-ਸਤਿਕਾਰ ਪ੍ਰਾਪਤ ਹੋ ਸਕੇ।
ਹਰਿਆਣਵੀ ਪੰਜਾਬੀ ਸਾਹਿਤ ਵਿੱਚ ਜੇਕਰ ਹਰਿਆਣੇ ਦੇ ਮੂਲ/ਕੇਂਦਰੀ ਤੱਤ ਨੂੰ ਸ਼ਾਮਲ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਹਰਿਆਣੇ ਦੀਆਂ ਯੂਨੀਵਰਸਿਟੀਆਂ/ਕਾਲਜਾਂ ਵਿੱਚ ਹਰਿਆਣੇ ਦੇ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਨੂੰ ਪੜ੍ਹਾਉਣਾ ਸ਼ੁਰੂ ਕਰਨਾ ਚਾਹੀਦਾ ਹੈ। ਹਰਿਆਣੇ ਦੇ ਲੇਖਕਾਂ ਦੀਆਂ ਪੁਸਤਕਾਂ ਸਿਲੇਬਸ ਵਿੱਚ ਲਗਾ ਕੇ ਸਕੂਲੀ ਬੱਚਿਆਂ ਅਤੇ ਖੋਜਾਰਥੀਆਂ ਨੂੰ ਹਰਿਆਣੇ ਦੇ ਮੂਲ ਸੰਦਰਭ ਬਾਰੇ ਪੜ੍ਹਾਇਆ ਜਾਣਾ ਚਾਹੀਦਾ ਹੈ। ਖੋਜਾਰਥੀਆਂ ਨੂੰ ਹਰਿਆਣੇ ਦੇ ਕੇਂਦਰੀ ਪ੍ਰਭਾਵ/ਥੀਮ ਬਾਰੇ ਖੋਜ ਕਾਰਜ ਕਰਨੇ ਚਾਹੀਦੇ ਹਨ। ਹਰਿਆਣਵੀ ਸਮਾਜ ਨਾਲ ਸਬੰਧਿਤ ਰੀਤੀ-ਰਿਵਾਜ਼ਾਂ ਅਤੇ ਰਹੁ-ਰੀਤਾਂ ਬਾਰੇ ਜਾਣਨਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ ਸਿਰਜਣਾ ਕਰਨੀ ਚਾਹੀਦੀ ਹੈ।
ਦੂਜੇ ਪਾਸੇ ਬੁੱਧੀਜੀਵੀ ਵਰਗ ਨੂੰ ਸਮਾਜਿਕ ਅਤੇ ਸਿਆਸੀ ਕੁੜੱਤਣ ਨੂੰ ਘਟਾਉਣ ਲਈ ਹੀਲੇ ਕਰਨੇ ਚਾਹੀਦੇ ਹਨ। ਸਿਆਸੀ ਪੱਖੋਂ ਪੰਜਾਬੀ ਬੋਲੀ ਦੇ ਪ੍ਰਚਾਰ-ਪਸਾਰ ਲਈ ਯੋਜਨਾਵਾਂ ਬਣਾਉਣੀਆਂ ਅਤੇ ਲਾਗੂ ਕਰਨੀਆਂ ਚਾਹੀਦੀਆਂ ਹਨ। ਸਮਾਜਿਕ ਬਣਤਰ ਨੂੰ ਦਰੁਸਤ ਕਰਨ ਹਿੱਤ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਹਰਿਆਣਵੀ ਸਾਹਿਤ ਵਿੱਚ ਪੰਜਾਬੀ ਅਤੇ ਪੰਜਾਬੀ ਸਾਹਿਤ ਵਿੱਚ ਹਰਿਆਣਵੀਂ ਨੂੰ ਪੜ੍ਹਿਆ/ ਸਮਝਿਆ ਜਾ ਸਕੇ।
ਇਸ ਤਰ੍ਹਾਂ ਇਸ ਵਿਚਾਰ ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਹਰਿਆਣਾ ਸੂਬਾ ਭਾਵੇਂ ਸਿਆਸੀ ਰੂਪ ਵਿੱਚ ਪੰਜਾਬ ਨਾਲੋਂ ਵੱਖ ਹੈ, ਪਰ ਸਾਹਿਤਕ ਰੂਪ ਵਿੱਚ ਦੋਹਾਂ ਦੇ ਸਰੋਕਾਰ ਇੱਕੋ ਜਿਹੇ ਹਨ। ਹਰਿਆਣਵੀ ਪੰਜਾਬੀ ਸਾਹਿਤ ਦੇ ਮੂਲ ਸਰੋਕਾਰ ਅਤੇ ਸਮੱਸਿਆਵਾਂ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਂਗ ਹੀ ਹਨ। ਹਰਿਆਣਵੀ ਪੰਜਾਬੀ ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਂਗ ਸਾਹਿਤ ਸਿਰਜਣਾ ਕਰਨ ਉੱਥੇ ਹੀ ਹਰਿਆਣੇ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਸਥਾਨਕ ਪ੍ਰਭਾਵ/ ਮੂਲ ਤੱਤ ਨੂੰ ਕਲਮਬੱਧ ਕਰਨ ਦਾ ਯਤਨ ਵੀ ਕਰਨ ਤਾਂ ਕਿ ਪੰਜਾਬੀ ਸਾਹਿਤ ਦੀ ਅਮੀਰੀ ਨੂੰ ਹੋਰ ਵਧਾਇਆ ਜਾ ਸਕੇ।
ਸੰਪਰਕ: 90414-98009