For the best experience, open
https://m.punjabitribuneonline.com
on your mobile browser.
Advertisement

ਈਵੀਐੱਮ ਦੀ ਥਾਂ ਵੋਟ ਪਰਚੀ ਵਰਤਣ ਤੋਂ ਕਿਉਂ ਭੱਜਦੀ ਹੈ ਭਾਜਪਾ: ਭਗਵੰਤ ਮਾਨ

06:56 AM Jan 20, 2024 IST
ਈਵੀਐੱਮ ਦੀ ਥਾਂ ਵੋਟ ਪਰਚੀ ਵਰਤਣ ਤੋਂ ਕਿਉਂ ਭੱਜਦੀ ਹੈ ਭਾਜਪਾ  ਭਗਵੰਤ ਮਾਨ
Advertisement

ਪਣਜੀ, 19 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਸਵਾਲ ਕੀਤਾ ਕਿ ਉਹ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਦੀ ਥਾਂ ਵੋਟ ਪਰਚੀਆਂ ਦਾ ਇਸਤੇਮਾਲ ਕਰ ਕੇ ਚੋਣਾਂ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਦੱਖਣੀ ਗੋਆ ਦੇ ਬੈਨੌਲਿਮ ਵਿਧਾਨ ਸਭਾ ਹਲਕੇ ਵਿੱਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਉਹ ਈਵੀਐੱਮ ਦਾ ਮੁੱਦਾ ਸੰਸਦ ਵਿੱਚ ਵੀ ਉਠਾ ਚੁੱਕੇ ਹਨ। ਉਨ੍ਹਾਂ ਕਿਹਾ, ‘‘ਮੈਂ ਇਹ ਪੁੱਛਿਆ ਵੀ ਸੀ ਕਿ ਜਦੋਂ ਕਦੇ ਕੋਈ ਵੀ ਪਾਰਟੀ ਈਵੀਐੱਮਜ਼ ਖ਼ਿਲਾਫ਼ ਬੋਲਦੀ ਹੈ ਤਾਂ ਭਾਜਪਾ ਇਨ੍ਹਾਂ ਮਸ਼ੀਨਾਂ ਦੇ ਪੱਖ ਵਿੱਚ ਆ ਖੜ੍ਹਦੀ ਹੈ। ਜੇਕਰ ਉਨ੍ਹਾਂ ਨੂੰ ਮੋਦੀ ਲਹਿਰ ’ਤੇ ਭਰੋਸਾ ਹੈ ਤਾਂ ਉਹ ਈਵੀਐੱਮਜ਼ ਦਾ ਸਮਰਥਨ ਕਿਉਂ ਕਰਦੇ ਹਨ? ਇਸ ਦਾ ਮਤਲਬ ਕੁਝ ਤਾਂ ਹੈ...ਨਹੀਂ ਤਾਂ ਉਹ ਈਵੀਐੱਮਜ਼ ਦਾ ਸਮਰਥਨ ਕਿਉਂ ਕਰਨਗੇ? ਜੇਕਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਹਰਮਨਪਿਆਰਤਾ ’ਤੇ ਭਰੋਸਾ ਹੈ ਤਾਂ ਉਹ ਬੈਲੇਟ ਪੇਪਰਾਂ ਰਾਹੀਂ ਚੋਣਾਂ ਹੋਣ ਦੇਣ।’’ ਸ੍ਰੀ ਮਾਨ ਨੇ ਕਿਹਾ ਕਿ ਈਵੀਐੱਮਜ਼ ਦੀ ਵਰਤੋਂ ਬਾਰੇ ਸ਼ੱਕ ਉੱਭਰਿਆ ਹੈ। ਉਨ੍ਹਾਂ ਕਿਹਾ, ‘‘ਇਹ ਮੈਂ ਨਹੀਂ ਕਹਿ ਰਿਹਾ ਹਾਂ। ਇਹ ਆਮ ਲੋਕ ਕਹਿ ਰਹੇ ਹਨ। ਰੱਬ ਦੇਖ ਰਿਹਾ ਹੈ।’’ ਉਨ੍ਹਾਂ ਕਿਹਾ ਕਿ ‘ਆਪ’ ਵਿਕਾਸ ਕਾਰਜਾਂ ਦੀ ਰਾਜਨੀਤੀ ਕਰ ਰਹੀ ਹੈ ਅਤੇ ਉਨ੍ਹਾਂ ਦੀ ਪਾਰਟੀ ਦਾ ਸ਼ਬਦ ‘ਗਾਰੰਟੀ’ ਹੋਰਾਂ ਨੇ ਚੋਰੀ ਕਰ ਲਿਆ ਹੈ। ਉਨ੍ਹਾਂ ਕਿਹਾ, ‘‘ਉਹ (ਜਿਹੜੇ ਸੱਤਾ ’ਚ ਹਨ) ਡਰਾਉਂਦੇ ਹਨ ਕਿ ਉਹ ਸਾਨੂੰ ਜੇਲ੍ਹ ਵਿੱਚ ਸੁੱਟ ਦੇਣਗੇ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ‘ਆਪ’ ਆਗੂਆਂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ ਪਰ ਉਨ੍ਹਾਂ ਨੂੰ ਆਉਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਦੇ ਆਕਾਵਾਂ ਦੇ ਹੁਕਮ ਹਨ।’’
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਲੋਕਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਪਿਛਲੇ 20 ਮਹੀਨਿਆਂ ਵਿੱਚ 40,000 ਸਰਕਾਰੀ ਨੌਕਰੀਆਂ ਦਿੱਤੀਆਂ। ਪੰਜਾਬ ਤੇ ਦਿੱਲੀ ਵਿੱਚ ਬਿਜਲੀ ਮੁਫਤ ਹੈ। ਗਣਤੰਤਰ ਦਿਵਸ ਤੱਕ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦੀ ਗਿਣਤੀ 800 ਤੱਕ ਪਹੁੰਚ ਜਾਵੇਗੀ, ਜਿੱਥੇ ਹੁਣ ਤੱਕ 70 ਲੱਖ ਤੋਂ ਵੱਧ ਲੋਕ ਆਪਣੇ ਇਲਾਜ ਲਈ ਆ ਚੁੱਕੇ ਹਨ।’’ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ‘ਆਪ’ ਵੱਲੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ, ‘ਆਪ’ ਦੀ ਗੋਆ ਇਕਾਈ ਦੇ ਪ੍ਰਧਾਨ ਅਮਿਤ ਪਾਲੇਕਰ ਤੇ ਵਿਧਾਇਕ ਵੈਂਜ਼ੀ ਵਿਗਾਸ ਵੀ ਮੌਜੂਦ ਸਨ। ਕੇਜਰੀਵਾਲ ਤੇ ਮਾਨ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਪਾਰਟੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਤਿੰਨ ਦਿਨ ਦੇ ਦੌਰੇ ’ਤੇ ਗੋਆ ਪਹੁੰਚੇ ਸਨ। -ਪੀਟੀਆਈ

Advertisement

‘ਇੰਡੀਆ’ ਗੱਠਜੋੜ ਦੇ ਭਾਈਵਾਲਾਂ ਨਾਲ ਗੋਆ ਦੀ ਲੋਕ ਸਭਾ ਸੀਟ ਬਾਰੇ ਗੱਲ ਕਰ ਰਹੀ ਹੈ ‘ਆਪ’: ਕੇਜਰੀਵਾਲ

ਪਣਜੀ: ਆਮ ਆਦਮੀ ਪਾਰਟੀ ਨੇ ਅੱਜ ਸੰਕੇਤ ਦਿੱਤਾ ਹੈ ਕਿ ਉਹ ਗੋਆ ਤੋਂ ਆਗਾਮੀ ਲੋਕ ਸਭਾ ਚੋਣ ਲੜਨ ਦੀ ਚਾਹਵਾਨ ਹੈ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਭਾਈਵਾਲਾਂ ਨਾਲ ਇਸ ਤੱਟੀ ਸੂਬੇ ਵਿੱਚ ਇਕ ਸੀਟ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਗੋਆ ਵਿੱਚ ਲੋਕ ਸਭਾ ਦੀਆਂ ਦੋ ਸੀਟਾਂ ਹਨ- ਉੱਤਰੀ ਗੋਆ ਤੇ ਦੱਖਣੀ ਗੋਆ। ਹਾਲਾਂਕਿ, ਕੇਜਰੀਵਾਲ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੋਹਾਂ ’ਚੋਂ ਕਿਸ ਸੀਟ ’ਤੇ ਚੋਣ ਲੜਨਾ ਚਾਹੁੰਦੀ ਹੈ।ਕੇਜਰੀਵਾਲ ਨੇ ਦੱਖਣੀ ਗੋਆ ਦੇ ਬੈਨੌਲਿਮ ਵਿਧਾਨ ਸਭਾ ਹਲਕੇ ਵਿੱਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਆਮ ਆਦਮੀ ਪਾਰਟੀ, ਇੰਡੀਆ ਗੱਠਜੋੜ ਦੇ ਹਿੱਸੇ ਦੇ ਰੂਪ ਵਿੱਚ ਗੋਆ ਸੀਟ ਬਾਰੇ ਚਰਚਾ ਕਰ ਰਹੀ ਹੈ। ਇਕ ਬਾਰੇ ਕੁਝ ਤੈਅ ਹੋਣ ’ਤੇ ਅਸੀਂ ਤੁਹਾਡੇ ਕੋਲ ਆਵਾਂਗੇ। ਗੱਲਬਾਤ ਜੋ ਵੀ ਹੋਵੇ, ਪਰ ਲੋਕ ਸਭਾ ਚੋਣਾਂ ਵਿੱਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਨੂੰ ਵੋਟ ਜ਼ਰੂਰ ਦਿਓ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×