For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੇ ਕਿੰਗਰਿਆਂ ਨੂੰ ਕੰਬਣੀ ਕਿਉਂ

08:22 AM Jun 24, 2024 IST
ਦਿੱਲੀ ਦੇ ਕਿੰਗਰਿਆਂ ਨੂੰ ਕੰਬਣੀ ਕਿਉਂ
Advertisement

ਜਯੋਤੀ ਮਲਹੋਤਰਾ

ਹਾਲੀਆ ਚੋਣ ਨਤੀਜਿਆਂ ਕਰ ਕੇ ਸਿਆਸਤ ਅਤੇ ਭਾਜਪਾ ਦੇ ਹਿੰਦੂਤਵੀ ਕਿਲ੍ਹੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਕੜ ਨੂੰ ਕੰਬਣੀ ਛਿੜੀ ਹੋਈ ਹੈ ਅਤੇ 18ਵੀਂ ਲੋਕ ਸਭਾ ਦੇ ਆਉਣ ਵਾਲੇ ਮੌਨਸੂਨ ਸੈਸ਼ਨ ਤੋਂ ਆਉਣ ਵਾਲੀਆਂ ਚੀਜ਼ਾਂ ਦਾ ਟ੍ਰੇਲਰ ਮਿਲ ਜਾਵੇਗਾ। ਉਂਝ, ਬਾਕੀ ਦੁਨੀਆ ਵਿੱਚ ਖੇਡੀ ਜਾ ਰਹੀ ਮਹਾਂ ਖੇਡ ਜਿੱਥੇ ਅਮਰੀਕਾ, ਰੂਸ ਤੇ ਚੀਨ ਖਾਸ ਧੁਰੇ ਬਣੇ ਹੋਏ ਹਨ, ਵਿੱਚ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਗੜਬੜਜ਼ਦਾ ਖਿੱਤੇ ਅੰਦਰ ਸਥਿਰ ਸ਼ਕਤੀ ਬਣੇ ਹੋਣ ਦੇ ਭਾਰਤ ਦੇ ਨਿਸ਼ਚੇ ਨੂੰ ਇਹ ਦੇਸ਼ ਕਿਸ ਨਜ਼ਰ ਨਾਲ ਦੇਖਦੇ ਹਨ।
ਸਭ ਤੋਂ ਪਹਿਲਾਂ ਜਿ਼ਕਰ ਛੇੜਦੇ ਹਾਂ ਮਹੱਤਵਪੂਰਨ ਮਾਮਲੇ ਦਾ; 79 ਸਾਲਾ ਸਾਬਕਾ ਇੰਟੈਲੀਜੈਂਸ ਮੁਖੀ ਅਜੀਤ ਡੋਵਾਲ ਨੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਵਜੋਂ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਕਰਦਿਆਂ ਪਿਛਲੇ ਹਫ਼ਤੇ ਦੇ ਸ਼ੁਰੂ ਵਿੱਚ ਨਵੀਂ ਦਿੱਲੀ ਵਿੱਚ ਆਪਣੇ ਅਮਰੀਕੀ ਹਮਰੁਤਬਾ ਜੇਕ ਸੁਲੀਵਨ ਨਾਲ ਮੁਲਾਕਾਤ ਕੀਤੀ ਤਾਂ ਕਿ ਅਮਰੀਕਾ ਤੋਂ ਭਾਰਤ ਨੂੰ ਖਾਸ ਤਕਨਾਲੋਜੀਆਂ ਦੇ ਤਬਾਦਲੇ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਜਾ ਸਕੇ। ਉਂਝ, ਇਸ ਮੀਟਿੰਗ ਬਾਰੇ ਅਹਿਮ ਚਰਚਾ ਉਹ ਸੀ ਜੋ ਵਫ਼ਦਾਂ ਦੀ ਵਾਰਤਾ ਤੋਂ ਪਹਿਲਾਂ ਵਾਪਰੀ ਸੀ ਜਦੋਂ ਡੋਵਾਲ ਅਤੇ ਸੁਲੀਵਨ ਬਿਨਾਂ ਕਿਸੇ ਸਟਾਫ, ਨੋਟ ਲੈਣ ਵਾਲਿਆਂ ਤੋਂ ਬਗ਼ੈਰ ਮਿਲੇ ਸਨ ਅਤੇ ਕਮਰੇ ਵਿੱਚ ਹੋਰ ਕੋਈ ਨਹੀਂ ਸੀ। ਬਿਨਾਂ ਸ਼ੱਕ, ਉੱਥੇ ਲੈਂਪ ਬੇਸ ਵਿੱਚ ਜਾਂ ਕਿਸੇ ਮਹਿੰਗੀ ਕਲਾ ਕਿਰਤ ਦੇ ਪਿੱਛੇ ਕੋਈ ਰਿਕਾਰਡਿੰਗ ਯੰਤਰ ਛੁਪਾ ਕੇ ਰੱਖੇ ਹੋਣਗੇ ਜਿਨ੍ਹਾਂ ਬਾਰੇ ਅਸੀਂ ਜੇਮਸ ਬਾਂਡ ਦੀਆਂ ਫਿਲਮਾਂ ਦੇ ਦਿਨਾਂ ਤੋਂ ਜਾਣਦੇ ਹਾਂ; ਤੇ ਦੋਵਾਂ ਨੇ ਆਪੋ-ਆਪਣੇ ਅਹਿਲਕਾਰਾਂ ਨਾਲ ਆਪਣੀ ਵਾਰਤਾ ਦੇ ਮੁੱਖ ਨੁਕਤਿਆਂ ਬਾਰੇ ਸੋਚ ਵਿਚਾਰ ਕੀਤੀ ਹੋਵੇਗੀ।
ਉਂਝ, ਕਿਸੇ ਨੂੰ ਮੁਗਾਲਤਾ ਨਾ ਹੋ ਜਾਵੇ, ਆਈਸੀਈਟੀ ਵਜੋਂ ਜਾਣੀਆਂ ਜਾਂਦੀਆਂ ਖਾਸ ਤਕਨਾਲੋਜੀਆਂ ਸਬੰਧੀ ਕੋਈ ਵੀ ਗੱਲਬਾਤ ਜਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਜਾਂ ਸੁਲੀਵਨ ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨਾਲ ਅੱਧੇ ਘੰਟੇ ਦੀ ‘ਚਾਏ ਪੇ ਚਰਚਾ’ ਵਿੱਚੋਂ ਕੋਈ ਵੀ ਮੁਲਾਕਾਤ ਇੰਨੀ ਮਹੱਤਵਪੂਰਨ ਨਹੀਂ ਹੋਣੀ ਸੀ ਜਿੰਨਾ ਅਹਿਮ ਇਹ ਨੋਟ ਸੀ (ਕਿ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਅਤੇ ਚੀਨ ਬਾਰੇ ਅਮਰੀਕਾ ਦੇ ਚੋਟੀ ਦੇ ਰਾਜਦੂਤ ਕਰਟ ਕੈਂਪਬੈਲ ਵੀ ਦਿੱਲੀ ਵਿਚ ਮੌਜੂਦ ਸਨ)।
ਤੇ ਇਹ ਇਸ ਕਰ ਕੇ ਹੈ ਕਿਉਂਕਿ ਦਿੱਲੀ ਵਿਚ ਸਾਰੇ ਉੱਚ ਪੱਧਰੀ ਸਫ਼ਾਰਤੀ ਰਾਬਤਿਆਂ ਲਈ ਮੁਕੱਰਰ ਅਤੇ ਬਹੁਤ ਹੀ ਸੋਹਣੇ ਢੰਗ ਨਾਲ ਸਜਾਏ ਹੈਦਰਾਬਾਦ ਭਵਨ ਵਿੱਚ ਜਦੋਂ ਸਾਰੀਆਂ ਟੱਲੀਆਂ ਤੇ ਸੀਟੀਆਂ ਦੀ ਗੂੰਜ ਅਤੇ ਸ਼ਾਨਦਾਰ ਭੋਜ ਦੀ ਮਹਿਕ ਮੱਠੀ ਪੈ ਗਈ ਤਾਂ ਗੱਲ ਉਸ ਸਖ਼ਤ ਕਵਾਇਦ ’ਤੇ ਆ ਟਿਕੀ ਜਿਸ ਵਿੱਚ ਇਹ ਵਾਚਿਆ ਜਾਂਦਾ ਹੈ ਕਿ ਕੋਈ ਸ਼ਾਲੀਨਤਾ ਦਾ ਪੱਲਾ ਛੱਡੇ ਬਗ਼ੈਰ ਕਿੰਨੀ ਦ੍ਰਿੜਤਾ ਨਾਲ ਡਟਿਆ ਰਹਿੰਦਾ ਹੈ।
ਯਕੀਨਨ, ਮੁਲਾਕਾਤ ਦਾ ਕੁਝ ਸਮਾਂ ਨਿਊ ਯਾਰਕ ਵਿੱਚ ਖ਼ਾਲਿਸਤਾਨ ਪੱਖੀ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਲਈ ਭਾਰਤ ਦੀ ਤਥਾਕਥਿਤ ਕੋਸ਼ਿਸ਼ ’ਤੇ ਸ਼ਰਫ ਹੋਇਆ ਹੋਵੇਗਾ। ਜਦੋਂ ਡੋਵਾਲ ਤੇ ਸੁਲੀਵਨ ਦਿੱਲੀ ਵਿੱਚ ਚਰਚਾ ਕਰ ਰਹੇ ਸਨ, ਉਦੋਂ ਹੀ ਚੈੱਕ ਅਧਿਕਾਰੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕੀਆਂ ਦੇ ਹਵਾਲੇ ਕਰ ਰਹੇ ਸਨ ਅਤੇ ਜਿਸ ਬਾਰੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਉਸ ਨੂੰ ਸਹਿ ਸਾਜਿ਼ਸ਼ੀ ‘ਸੀਸੀ-1’ ਨੇ ਗੰਢਿਆ ਸੀ ਅਤੇ ‘ਸੀਸੀ-1’ ਬਾਰੇ ‘ਵਾਸਿ਼ੰਗਟਨ ਪੋਸਟ’ ਅਖ਼ਬਾਰ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਸੀ ਕਿ ਇਹ ਸ਼ਖ਼ਸ ਭਾਰਤ ਦੀ ਸੂਹੀਆ ਏਜੰਸੀ ‘ਰਾਅ’ ਦਾ ਵਿਕਰਮ ਯਾਦਵ ਨਾਂ ਦਾ ਅਫਸਰ ਸੀ।
ਇੱਥੋਂ ਤੱਕ ਅਸੀਂ ਇਹ ਸਭ ਜਾਣਦੇ ਹਾਂ, ਅਸੀਂ ਇਹ ਵੀ ਜਾਣਦੇ ਹਾਂ ਕਿ ਜਦੋਂ ਇਸ ਮਾਮਲੇ ਦੀ ਦੁਰਗੰਧ ਫੈਲਣ ਲੱਗੀ ਸੀ ਤਾਂ ਭਾਰਤੀਆਂ ਨੇ ਅਮਰੀਕੀਆਂ ਨੂੰ ਸ਼ਾਂਤ ਕਰਨ ਲਈ ਯਾਦਵ ਨੂੰ ਉਸ ਦੇ ਪਿੱਤਰੀ ਕੇਡਰ ਸੀਆਰਪੀਐੱਫ ਵਿੱਚ ਵਾਪਸ ਭੇਜ ਦਿੱਤਾ ਸੀ। ਸਮਝਿਆ ਜਾਂਦਾ ਹੈ ਕਿ ਉਹ ਛੱਤੀਸਗੜ੍ਹ ਵਿੱਚ ਵਾਪਸ ਆ ਗਿਆ ਹੈ ਅਤੇ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਮਾਓਵਾਦੀ ਰੰਗਰੂਟਾਂ ਨੂੰ ਮਾਰਨ ਵਿੱਚ ਰੁੱਝਿਆ ਹੋਇਆ ਹੈ।
ਇਸ ਕਥਿਤ ਹੱਤਿਆ ਦੀ ਸੁਪਾਰੀ ਪਿਛਲੇ ਸਾਲ 22 ਜੂਨ ਤੱਕ ਸਿਰੇ ਚਾੜ੍ਹੀ ਜਾਣੀ ਸੀ ਜੋ ਅਮਰੀਕੀਆਂ ਨੇ ਠੁੱਸ ਕਰ ਦਿੱਤੀ ਸੀ ਜਿਸ ਕਰ ਕੇ ਪੰਨੂ ਜਿਊਂਦਾ ਹੈ। ਹਾਲੀਆ ਲੋਕ ਸਭਾ ਚੋਣਾਂ ਵਿੱਚ ਉਹ ਕੁਝ ਆਡੀਓ ਟੇਪਾਂ ਭੇਜਣ ਜੋਗਾ ਹੀ ਰਹਿ ਗਿਆ ਸੀ ਜਿਨ੍ਹਾਂ ਵਿੱਚ ਉਹ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਜਿਹੇ ਗਰਮ ਖਿਆਲੀਆਂ (ਰੈਡੀਕਲਾਂ) ਨੂੰ ਜਿਤਾਉਣ ਦੀਆਂ ਅਪੀਲਾਂ ਕਰਦਾ ਸੀ; ਬਿਨਾਂ ਸ਼ੱਕ, ਅੰਮ੍ਰਿਤਪਾਲ ਜਿੱਤ ਗਿਆ ਪਰ ਇਸ ਪਿੱਛੇ ਵੱਖਵਾਦੀ ਭਾਵਨਾਵਾਂ ਉਕਸਾਉਣ ਦੀ ਕਿਸੇ ਕੋਸ਼ਿਸ਼ ਦਾ ਨਹੀਂ ਸਗੋਂ ਪੰਜਾਬੀਆਂ ਦੇ ਦਿੱਲੀ ਖਿ਼ਲਾਫ਼ ਗੁੱਸੇ ਦਾ ਜਿ਼ਆਦਾ ਯੋਗਦਾਨ ਹੈ। ਅਸਲ ਗੱਲ ਇਹ ਹੈ ਕਿ ਪੰਨੂ ਭਾਵੇਂ ਜਿਊਂਦਾ ਰਹੇ ਜਾਂ ਨਾ ਪਰ ਉਸ ਦੇ ਆਖੇ ਦਾ ਕੋਈ ਅਸਰ ਨਹੀਂ ਹੈ।
ਸੁਲੀਵਨ ਅਤੇ ਡੋਵਾਲ ਨੇ ਵੀ ਆਪੋ-ਆਪਣੇ ਢੰਗ ਨਾਲ ਇਨ੍ਹਾਂ ਪੱਖਾਂ ’ਤੇ ਝਾਤ ਮਾਰੀ ਹੋਵੇਗੀ। ਡੋਵਾਲ ਮੁਆਫ਼ੀ ਮੰਗਣ ਵਾਲਿਆਂ ’ਚੋਂ ਨਹੀਂ ਹੈ; ਆਤਮ-ਸਨਮਾਨ ਵਾਲਾ ਕੋਈ ਵੀ ਇੰਟੈਲੀਜੈਂਸ ਅਫਸਰ ਅਜਿਹਾ ਨਹੀਂ ਕਰਦਾ ਅਤੇ ਦੁਆ ਕਰੋ ਕਿ ਉਹ ਅਜਿਹਾ ਨਾ ਹੀ ਕਰੇ ਪਰ ਸਾਰੀਆਂ ਧਿਰਾਂ ਇਹ ਜਾਣਦੀਆਂ ਹਨ ਕਿ ਵੱਡੇ ਦਾਈਏ ਵਾਲੀ ਇਸ ਖੇਡ ਵਿੱਚ ਸਾਰੇ ਦੇਸ਼ ਇੱਕ ਦੂਜੇ ਦੇ ਦਿਮਾਗ, ਗੁਰਦੇ ਅਤੇ ਜ਼ੋਰ ਦੀ ਅਜ਼ਮਾਇਸ਼ ਕਰਦੇ ਰਹਿੰਦੇ ਹਨ ਪਰ ਭਾਰਤ ਦਾ ਪੱਲੜਾ ਅੱਜ ਥੋੜ੍ਹਾ ਜਿਹਾ ਹਲਕਾ ਹੋ ਗਿਆ ਹੈ।
ਬਹਰਹਾਲ, ਭਾਰਤੀਆਂ ਦੀ ਯਾਦਦਾਸ਼ਤ ਬਹੁਤ ਲੰਮੀ ਹੁੰਦੀ ਹੈ। ‘ਰਾਅ’ ਏਜੰਟ ਰਾਬਿੰਦਰ ਸਿੰਘ ਦਾ ਮਾਮਲਾ ਅਜੇ ਭੁੱਲਿਆ ਨਹੀਂ ਹੋਣਾ ਜਿਸ ਨੂੰ 2004 ਵਿੱਚ ਅਮਰੀਕੀਆਂ ਨੇ ਗੰਢ ਲਿਆ ਸੀ। ਦਿੱਲੀ ਵਿੱਚ ਕਿਸੇ ਨੂੰ ਨਹੀਂ ਭੁੱਲਿਆ ਕਿ ਕਿਵੇਂ ਉਸ ਨੂੰ ਨੇਪਾਲ ਰਸਤੇ ਬਾਹਰ ਕੱਢਿਆ ਗਿਆ ਸੀ ਹਾਲਾਂਕਿ ਉਦੋਂ ਤੱਕ ਦੋਵੇਂ ਮੁਲਕ ਇੱਕ ਦੂਜੇ ਦੇ ‘ਸੁਭਾਵਿਕ ਸਹਿਯੋਗੀ’ ਹੋਣ ਦੀਆਂ ਕਸਮਾਂ ਖਾਣ ਲੱਗ ਪਏ ਸਨ। ਤੁਹਾਡੇ ’ਚੋਂ ਜਿਹੜੇ ਪਾਠਕ ਜਾਸੂਸੀ ਫਿਲਮਾਂ ਦੇਖਣ ਦੇ ਸ਼ੌਕੀਨ ਹਨ, ਜੇ ਉਨ੍ਹਾਂ ਪਹਿਲਾਂ ਨਹੀਂ ਦੇਖੀ ਤਾਂ ਅੱਜ ਉਨ੍ਹਾਂ ਨੂੰ ਵਿਸ਼ਾਲ ਭਾਰਦਵਾਜ ਦੀ ਫਿਲਮ ‘ਖ਼ੁਫ਼ੀਆ’ ਦੇਖਣੀ ਚਾਹੀਦੀ ਹੈ ਤਾਂ ਸਮਝ ਆਵੇਗਾ ਕਿ ਅਸਲ ਕਹਾਣੀ ਕਿਤੇ ਵੱਧ ਗੰਦੀ, ਦਿਲ ਢਾਹੂ ਅਤੇ ਸਿਆਹ ਹੁੰਦੀ ਹੈ।
ਹੁਣ ਜਦੋਂ ਮੋਦੀ ਨੇ ਤੀਜੀ ਵਾਰ ਅਹੁਦਾ ਸੰਭਾਲ ਲਿਆ ਹੈ ਤਾਂ ਵਧੇਰੇ ਅਹਿਮ ਸਵਾਲ ਇਹ ਹੈ ਕਿ ਭਾਰਤ ਅਮਰੀਕਾ ਤੋਂ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਤਵੱਕੋ ਕਰਦਾ ਹੈ; ਇਸੇ ਤਰ੍ਹਾਂ ਅਮਰੀਕਾ ਕਿਹੋ ਜਿਹੇ ਸਬੰਧ ਰੱਖਣਾ ਚਾਹੁੰਦਾ ਹੈ, ਇਸ ਦੇ ਨਾਲ ਹੀ ਛੋਟਾ ਜਿਹਾ ਮਾਮਲਾ ਇਹ ਹੈ ਕਿ ਨਵੀਂ ਦਿੱਲੀ ਰੂਸ ਨਾਲ ਆਪਣੇ ਸਬੰਧਾਂ ਨੂੰ ਖੁੱਲ੍ਹ ਕੇ ਪ੍ਰਗਟਾ ਰਹੀ ਹੈ ਤੇ ਕਿਉਂਕਿ ਇਸ ਨੂੰ ਉੱਥੋਂ ਸਸਤਾ ਤੇਲ ਮਿਲ ਰਿਹਾ ਹੈ ਤੇ ਜੋ ਨੰਗੇ ਚਿੱਟੇ ਰੂਪ ਵਿੱਚ ਯੂਰੋਪ ਦੀਆਂ ਰਿਫਾਈਨਰੀਆਂ ਨੂੰ ਭੇਜਿਆ ਜਾ ਰਿਹਾ ਹੈ। ਦੋ ਸਾਲ ਪਹਿਲਾਂ ਯੂਕਰੇਨ ਅਤੇ ਰੂਸ ਦੀ ਜੰਗ ਛਿੜਨ ਤੋਂ ਬਾਅਦ ਯੂਰੋਪ ਨੂੰ ਸਸਤਾ ਰੂਸੀ ਤੇਲ ਮਿਲਣਾ ਬੰਦ ਹੋ ਗਿਆ ਸੀ। ਤੇਲ ਤੋਂ ਇਲਾਵਾ ਭਾਰਤ ਦੀ ਰੂਸੀ ਹਥਿਆਰਾਂ ਦੀ ਨਿਰਭਰਤਾ ਵੀ ਬਣੀ ਹੋਈ ਹੈ। ਇਸੇ ਕਰ ਕੇ ਦਿੱਲੀ ਨੇ ਯੂਕਰੇਨ ਦੇ ਸਵਾਲ ’ਤੇ ਮੱਧ ਮਾਰਗ ਅਪਣਾਇਆ ਹੋਇਆ ਹੈ।
ਲਿਹਾਜ਼ਾ, ਇਸ ਗੱਲ ਦੇ ਆਸਾਰ ਬਣ ਰਹੇ ਹਨ ਕਿ ਮੋਦੀ ਅਕਤੂਬਰ ਮਹੀਨੇ ‘ਬਰਿਕਸ’ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਰੂਸ ਦੇ ਸ਼ਹਿਰ ਕਜ਼ਾਨ ਜਾਣਗੇ ਜੋ 1552 ਵਿਚ ਰੂਸੀ ਆਰਥੋਡੌਕਸ ਜ਼ਾਰ ‘ਇਵਾਨ ਦਿ ਟੈਰੀਬਲ’ ਦੀ ਮੰਗੋਲਾਂ ’ਤੇ ਜਿੱਤ ਦਾ ਪ੍ਰਤੀਕ ਹੈ। ਬਰਿਕਸ ਹੁਣ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਇਸ ਵਿਚ ਯੂਏਈ ਅਤੇ ਸਾਊਦੀ ਅਰਬ ਜਿਹੇ ਨਵੇਂ ਖਿਡਾਰੀ ਵੀ ਸ਼ਾਮਿਲ ਹੋ ਗਏ ਹਨ। ਗੌਰਤਲਬ ਹੈ ਕਿ 1526 ਵਿਚ ਬਾਬਰ ਹਿੰਦੋਸਤਾਨ ਦਾ ਬਾਦਸ਼ਾਹ ਬਣ ਗਿਆ ਸੀ ਜਿਸ ਤੋਂ 26 ਸਾਲਾਂ ਬਾਅਦ ਇਵਾਨ ਦੀ ਇਹ ਇਤਿਹਾਸਕ ਜਿੱਤ ਹੋਈ ਸੀ।
ਪੂਤਿਨ ਦਸੰਬਰ 2021 ਵਿੱਚ ਦਿੱਲੀ ਆਏ ਸਨ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਮਾਸਕੋ ਨਹੀਂ ਗਏ ਜਿਸ ਕਰ ਕੇ ਉਨ੍ਹਾਂ ਦਾ ਇਹ ਦੌਰਾ ਕਰਨਾ ਬਣਦਾ ਹੈ ਅਤੇ ਖ਼ਾਸਕਰ ਇਸ ਗੱਲੋਂ ਵੀ ਕਿ ਉਹ ਜੁਲਾਈ ਮਹੀਨੇ ਕਜ਼ਾਖ਼ਸਤਾਨ ਦੀ ਰਾਜਧਾਨੀ ਅਸਤਾਨਾ ਵਿੱਚ ਚੀਨ ਦੀ ਅਗਵਾਈ ਵਾਲੇ ਸ਼ੰਘਾਈ ਸਹਿਯੋਗ ਸੰਘ (ਐੱਸਸੀਓ) ਦੇ ਸਿਖਰ ਸੰਮੇਲਨ ਵਿੱਚ ਨਹੀਂ ਜਾ ਰਹੇ। ਬਿਨਾਂ ਸ਼ੱਕ, ਪੂਤਿਨ ਅਸਤਾਨਾ ਜਾਣਗੇ ਕਿਉਂਕਿ ਕਿਸੇ ਵੇਲੇ ਕਜ਼ਾਖ਼ਸਤਾਨ ਰੂਸ ਦਾ ਕਰੀਬੀ ਹਿੱਸਾ ਰਿਹਾ ਹੈ ਅਤੇ ਇਵੇਂ ਹੀ ਸ਼ੀ ਜਿਨਪਿੰਗ ਵੀ ਉੱਥੇ ਪਹੁੰਚਣਗੇ ਪਰ ਕਿਉਂਕਿ ਭਾਰਤ ਨਾਲ ਲਗਦੀ ਕੰਟਰੋਲ ਰੇਖਾ ਉੱਪਰ ਚੀਨੀ ਫ਼ੌਜੀ ਦਸਤੇ ਅਜੇ ਵੀ ਕਾਬਿਜ਼ ਹਨ ਜਿਸ ਕਰ ਕੇ ਮੋਦੀ ਸ਼ਾਇਦ ਸੋਚ ਰਹੇ ਹੋਣਗੇ ਕਿ ਸ਼ੀ ਨਾਲ ਜੱਫੀਆਂ ਪਾਉਣ ਤੋਂ ਪ੍ਰਹੇਜ ਰੱਖਣ ਵਿੱਚ ਹੀ ਭਲਾ ਹੈ।
ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਜ਼ਾਨ ਜਾਣਗੇ ਤਾਂ ਅੰਦਾਜ਼ਾ ਲਾਓ ਕਿ ਉਨ੍ਹਾਂ ਦੀ ਪੈੜ ਚਾਲ ’ਤੇ ਕਿਨ੍ਹਾਂ ਦੀਆਂ ਨਜ਼ਰਾਂ ਲੱਗੀਆਂ ਹੋਣਗੀਆਂ? ਵਾਸ਼ਿੰਗਟਨ ਡੀਸੀ ਤੋਂ ਲੈ ਕੇ ਦਿੱਲੀ, ਵਾਇਆ ਮਾਸਕੋ ਤੇ ਪੇਈਚਿੰਗ, ਇਹ ਅੱਛੀ ਖਾਸੀ ਮਹਾਂ ਖੇਡ ਚੱਲ ਰਹੀ ਹੈ।

Advertisement

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement
Author Image

sukhwinder singh

View all posts

Advertisement
Advertisement
×