For the best experience, open
https://m.punjabitribuneonline.com
on your mobile browser.
Advertisement

ਕੌਮਾਂ ਕਿਉਂ ਫੇਲ੍ਹ ਹੁੰਦੀਆਂ ਨੇ ?

10:57 AM Dec 15, 2024 IST
ਕੌਮਾਂ ਕਿਉਂ ਫੇਲ੍ਹ ਹੁੰਦੀਆਂ ਨੇ
ਪੁਸਤਕ ‘ਵਾਏ ਨੇਸ਼ਨਜ਼ ਫੇਲ’
Advertisement

ਮਨਮੋਹਨ

ਅੰਤਰਕੌਮੀ ਵਿਕਾਸ ਦੇ ਖੇਤਰ ਵਿੱਚ ‘Why Nations Fail: The Origin of Power, Prosperity and Poverty’ ਮਹੱਤਵਪੂਰਨ ਕਿਤਾਬ ਹੈ ਜੋ ਡੈਰਨ ਐਜੇਮੋਲੂ ਅਤੇ ਜੇਮਸ ਏ. ਰੌਬਿਨਸਨ ਨੇ ਲਿਖੀ ਹੈ। ਇਹ ਕਿਤਾਬ ਇਸ ਮਸਲੇ ਬਾਰੇ ਗੱਲਬਾਤ ਕਰਦੀ ਹੈ ਕਿ ਕੁਝ ਕੌਮਾਂ ਤਾਂ ਖ਼ੁਸ਼ਹਾਲ ਅਤੇ ਜਮਹੂਰੀ ਹਨ ਜਦੋਂਕਿ ਕੁਝ ਗ਼ਰੀਬੀ ਅਤੇ ਤਾਨਾਸ਼ਾਹੀ ਨਾਲ ਗ੍ਰਸਤ। ਐਜੇਮੋਲੂ, ਮੈਸਾਚੂਸੈਟਸ ਇੰਸਟੀਚਿਊਟ ਵਿੱਚ ਅਰਥ ਸ਼ਾਸਤਰ ਦਾ ਪ੍ਰੋਫੈਸਰ ਹੈ ਤੇ ਰੌਬਿਨਸਨ, ਸ਼ਿਕਾਗੋ ਯੂਨੀਵਰਸਿਟੀ ਦੇ ਹੈਰਿਸ ਸਕੂਲ ਆਫ ਪਬਲਿਕ ਪਾਲਿਸੀ ਵਿੱਚ ਪੜ੍ਹਾਉਂਦਾ ਹੈ। ਦੋਵੇਂ ਜਣੇ ਨਵ-ਸੰਸਥਾਈ ਅਰਥਸ਼ਾਸਤਰੀ ਵਿਚਾਰਧਾਰਾ ਨਾਲ ਜੁੜੇ ਹੋਣ ਕਾਰਨ ਵਿਕਾਸਮੂਲਕ ਆਰਥਿਕਤਾ ਤੇ ਰਾਜਨੀਤੀ ਨੂੰ ਸਰੂਪਿਤ ਕਰਨ ਵਾਲੀਆਂ ਸੰਸਥਾਵਾਂ ਦੀ ਭੂਮਿਕਾਵਾਂ ਉੱਤੇ ਬਲ ਦਿੰਦੇ ਹਨ। ਇਸ ਕਿਤਾਬ ਨੂੰ ਪੜ੍ਹਦਿਆਂ ਕਿਤੇ ਕਿਤੇ ਵਿਕਾਸਵਾਦੀ ਅਰਥ ਸ਼ਾਸਤਰੀ ਡਗਲਸ ਨੌਰਥ ਦੀ ਨਵੀਂ ਅਰਥਵਿਵਸਥਾ ਦੀ ਸਮਝ ਦਾ ਝਉਲਾ ਪੈਂਦਾ ਹੈ।
ਕਿਤਾਬ ‘ਕੌਮਾਂ ਕਿਉਂ ਫੇਲ੍ਹ ਹੁੰਦੀਆਂ ਨੇ’ ਮਹੱਤਵਪੂਰਨ ਮੁੱਦਾ ਉਠਾਉਂਦੀ ਹੈ ਕਿ ਅੱਜ ਦੀ ਦੁਨੀਆ ਦੇ ਸੱਤ ਅਰਬ ਬਾਸ਼ਿੰਦਿਆਂ ਅੱਗੇ ਇਹ ਸਵਾਲ ਖੜ੍ਹਾ ਹੈ ਕਿ ਇਸ ਧਰਤ ’ਤੇ ਕਈ ਦੇਸ਼ ਦੂਜਿਆਂ ਨਾਲੋਂ ਜ਼ਿਆਦਾ ਅਮੀਰ ਤੇ ਵੱਧ ਖ਼ੁਸ਼ਹਾਲ ਕਿਉਂ ਹਨ? ਇਸ ਪ੍ਰਸ਼ਨ ਦੀ ਇਤਿਹਾਸਕ ਵਿਆਖਿਆ ਨਸਲਮੁਖਤਾ (ਜਣਨਿਕ ਵਖਰੇਵਿਆਂ ਜਾਂ ਪ੍ਰੋਟੈਸਟੈਂਟ ਕਾਰ-ਵਿਹਾਰੀ ਨੈਤਿਕਤਾ) ਤੋਂ ਮਾਰਕਸਵਾਦੀ (ਸਾਮਰਾਜਵਾਦੀ) ਸ਼ੋਸ਼ਣ ਤੱਕ ਨਿਰਣਾਤਮਕ ਢੰਗ ਨਾਲ ਫੈਲਦੀ ਹੈ। ਇਸ ਵਿੱਚ ਭਾਵੇਂ ਕਾਫ਼ੀ ਹੱਦ ਤੱਕ ਸੱਚ ਹੈ ਪਰ ਐਜੇਮੋਲੂ ਅਤੇ ਰੌਬਿਨਸਨ ਦਾ ਤਰਕ ਹੈ ਕਿ ਸਥਾਈ ਆਰਥਿਕ ਵਿਕਾਸ ਨੂੰ ਚਲਾਉਣ ਵਾਲੀਆਂ ਅਸਲ ’ਚ ਚੰਗੀਆਂ ਕਾਰਗਰ ਸੰਸਥਾਵਾਂ ਹੁੰਦੀਆਂ ਹਨ ਜਿਵੇਂ ਕਿ ਨਿਆਂ ਪ੍ਰਣਾਲੀ; ਜਿਸ ’ਚ ਦੇਸ਼ ਵਾਸੀ ਨੂੰ ਉਸ ਦੀ ਦੀ ਅਮੀਰੀ ਅਤੇ ਗ਼ਰੀਬੀ ਨੂੰ ਪਰ੍ਹਾਂ ਰੱਖ ਸਬੂਤਾਂ ਦੇ ਆਧਾਰ ’ਤੇ ਇਨਸਾਫ਼ ਮਿਲਦਾ ਹੈ।
ਦੋਹਾਂ ਲੇਖਕਾਂ ਦਾ ਮੰਨਣਾ ਹੈ ਕਿ ਇਤਿਹਾਸਕ ਤੌਰ ਉੱਤੇ ਬਰਾਬਰੀ ਦੀ ਸੂਝ ਬੜੀ ਵਿਰਲੀ ਅਤੇ ਘੱਟ ਵਿਆਪਕ ਹੈ। ਜ਼ਿਆਦਾਤਰ ਦੇਸ਼ਾਂ ਵਿੱਚ ਘਟਾਓਵਾਦੀ/ ਗ਼ੈਰ-ਸ਼ਮੂਲੀਅਤੀ ਨੀਤੀਆਂ ਇਸ ਢੰਗ ਨਾਲ ਘੜੀਆਂ ਜਾਂਦੀਆਂ ਹਨ ਤਾਂ ਜੋ ਰਵਾਇਤੀ ਕੁਲੀਨਤਾ ਨੂੰ ਅਮੀਰ ਅਤੇ ਤਾਕਤਵਰ ਬਣਾਈ ਰੱਖਿਆ ਜਾਵੇ ਤੇ ਗ਼ਰੀਬ ਬਹੁਗਿਣਤੀ ਦਾ ਸ਼ੋਸ਼ਣ ਅਤੇ ਦੋਹਣ ਕੀਤਾ ਜਾਵੇ। ਇਸ ਦੇ ਨਾਲ ਹੀ ਇਨ੍ਹਾਂ ਨੀਤੀਆਂ ਨੇ ਤਕਨੀਕੀ ਖੋਜਾਂ ਅਤੇ ਕਾਢਾਂ ਨੂੰ ਰੋਕੀ ਰੱਖਿਆ ਕਿਉਂਕਿ ਕੁਲੀਨ ਅਮੀਰਾਂ ਨੇ ਗ਼ਰੀਬਾਂ ਦੇ ਉਸ ਹਰ ਹੀਲੇ ਨਾਲ ਗਲ਼ ਵੱਢਵੀਂ ਲੜਾਈ ਵਿੱਢੀ ਜਿਨ੍ਹਾਂ ਕਾਰਨ ਉਨ੍ਹਾਂ ਦੇ ਮੁਫ਼ਾਦਾਂ ਅਤੇ ਹਿੱਤਾਂ ਨੂੰ ਖ਼ਤਰਾ ਪੈਦਾ ਹੁੰਦਾ ਸੀ।
ਕੁਝ ਕੌਮਾਂ ਨੇ ਇਸ ਕੁਲੀਨੀ ਸਿਥਲਤਾ ਨੂੰ ਬਹੁਤ ਪਹਿਲਾਂ ਹੀ ਨੱਥ ਪਾ ਲਈ ਸੀ। 1688 ’ਚ ਇੰਗਲੈਂਡ ਦੇ ਮਹਾਨ ਇਨਕਲਾਬ ਤੋਂ ਸ਼ੁਰੂ ਹੋਇਆ ਇਹ ਬਦਲਾਅ 1979 ਮਗਰੋਂ ਡੈਂਗ ਜ਼ਿਆਪਿੰਗ ਵੱਲੋਂ ਚੀਨ ਨੂੰ ਖੁੱਲ੍ਹੇ ਬਾਜ਼ਾਰ ਵੱਲ ਖੋਲ੍ਹਣ ਤੱਕ ਵਾਪਰਿਆ ਅਤੇ ਅੱਜ ਵੀ ਜ਼ਾਹਰਾ ਤੇ ਲੁਕਵੇਂ ਰੂਪ ’ਚ ਕਈ ਦੇਸ਼ਾਂ ’ਚ ਚੱਲ ਰਿਹਾ ਹੈ। ਇਸ ਤਰਕ ਦੇ ਰਾਜਨੀਤਕ ਪਾਸਾਰਾਂ ਬਾਰੇ ਪੂਰਾ ਜਾਣੂ ਹੋਣਾ ਜ਼ਰੂਰੀ ਹੈ, ਪਰ ਪਤਾ ਨਹੀਂ ਕਿਉਂ ਪੂਰਬੀ ਏਸ਼ੀਆ ਦੇ ਕਈ ਤਾਨਾਸ਼ਾਹੀ ਸੱਤਾ ਅਧੀਨ ਮੁਲਕਾਂ ਦੇ ਅਮੀਰ ਆਰਥਿਕ ਵਿਕਾਸ ਅਤੇ ਸਥਿਰਤਾ ਬਾਰੇ ਗੱਲ ਨਹੀਂ ਕਰਦੇ। ਇਸ ਕਿਤਾਬ ’ਚ ਕੌਮਾਂ ਦੀ ਸਫਲਤਾ ਅਤੇ ਅਸਫਲਤਾ ਨੂੰ ਸਮਝਣ ਲਈ ਅੰਤਰ-ਅਨੁਸ਼ਾਸਨੀ ਪਹੁੰਚ ਅਖ਼ਤਿਆਰ ਕੀਤੀ ਗਈ ਹੈ।
ਕੌਮਾਂ ਦੀ ਸਫਲਤਾ ਉਨ੍ਹਾਂ ਦੀਆਂ ਸੰਸਥਾਵਾਂ ਦੇ ਸੰਮਲਿਤੀ ਸੁਭਾਅ ’ਤੇ ਨਿਰਭਰ ਹੁੰਦੀ ਹੈ। ਸੰਮਿਲਤੀ/ਸਮਾਵੇਸ਼ੀ ਰਾਜਨੀਤਕ ਅਤੇ ਆਰਥਿਕ ਸੰਸਥਾਵਾਂ ਮਾਨਵੀ ਤੇ ਜਾਇਦਾਦੀ ਅਧਿਕਾਰਾਂ ਦੀ ਸੁਰੱਖਿਆ ਰਾਹੀਂ ਪੂੰਜੀ ਨਿਵੇਸ਼ ਅਤੇ ਖੋਜਾਂ ਨੂੰ ਉਤਸ਼ਾਹਿਤ ਕਰਦੀਆਂ ਹਨ, ਉਹੀ ਕੌਮਾਂ ਤੇ ਦੇਸ਼ਾਂ ਨੂੰ ਸਫਲ ਬਣਾਉਂਦੀਆਂ ਹਨ। ਚੰਗੀਆਂ ਸੰਮਿਲਤੀ ਸੰਸਥਾਵਾਂ ਹੀ ਨਿਵੇਸ਼ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਦੀਆਂ ਹਨ ਨਾ ਕਿ ਬੁਰੀਆਂ ਸਾਰਤੱਤਵੀ ਤੇ ਨਿਸ਼ਕਰਸ਼ੀ ਸੰਸਥਾਵਾਂ। ਖੋਜਾਂ ਅਤੇ ਕਾਢਾਂ, ਵਿਸਤਾਰ ਅਤੇ ਅਮਨ ਚੈਨ ਦਾ ਗੁਣਤਾਮਕ ਚੱਕਰ ਇਨ੍ਹਾਂ ਸੰਮਿਲਤੀ ਸੰਸਥਾਵਾਂ ਰਾਹੀਂ ਉਸਰਦਾ ਹੈ ਜੋ ਅੱਗੋਂ ਖ਼ੁਸ਼ਹਾਲੀ ਅਤੇ ਵਿਕਾਸ ਦਾ ਚੱਕਰ-ਦਰ-ਚੱਕਰ ਚਲਾਉਂਦਾ ਹੈ।
ਪੂਰੀ ਦੁਨੀਆ ਵਿੱਚ ਹੋਏ ਬਹੁਤੇ ਵਿਕਾਸ ਦੀ ਵਿਆਖਿਆ ਲਈ ਅੰਤਰਕੌਮੀ ਵਿਕਾਸ ਵਿੱਚ ਤਿੰਨ ਪ੍ਰਬਲ ਪਹੁੰਚਾਂ ਸ਼ਾਮਿਲ ਹਨ: ਭੂਗੋਲ, ਸੱਭਿਆਚਾਰ ਅਤੇ ਅੰਤ ’ਚ ਸੰਸਥਾਮੂਲਕ ਸਿਧਾਂਤ। ਇਸ ਵਿੱਚ ਕਿਤੇ ਕਿਤੇ ਜਲਵਾਯੂ, ਫਲਸਫ਼ਾ ਅਤੇ ਇਤਿਹਾਸ ਵੀ ਆਪਣੀ ਹਾਜ਼ਰੀ ਲੁਆਉਂਦਾ ਦਿਖਾਈ ਦਿੰਦਾ ਹੈ। ਇਸ ਕਿਤਾਬ ਦੇ ਲੇਖਕਾਂ ਦਾ ਵਿਚਾਰ ਹੈ ਕਿ ਭੂਗੋਲਿਕ ਅਤੇ ਸੱਭਿਆਚਾਰਕ ਵਿਆਖਿਆਵਾਂ ਵਿਕਾਸੀ ਵਖਰੇਵਿਆਂ ਨੂੰ ਦਰਸਾਉਣ ਵਾਸਤੇ ਕਾਰਗਰ ਸਾਬਿਤ ਨਹੀਂ ਹੁੰਦੀਆਂ। ਇਸ ਵਾਸਤੇ ਉਹ ਦੱਖਣੀ ਤੇ ਉੱਤਰੀ ਕੋਰੀਆ ਤੇ ਪੱਛਮੀ ਤੇ ਪੂਰਬੀ ਜਰਮਨੀ ਦੀਆਂ ਉਦਾਹਰਣਾਂ ਦਿੰਦਾ ਹੈ। ਨਵੀਂ ਦੁਨੀਆ ਦੇ ਵਰਤਮਾਨ ਦੌਰ ਦੇ ਅਮਰੀਕਾ ਦੀ ਵਿਕਾਸੀ ਵੰਡ ਦੀ ਤੁਲਨਾ ’ਚ ਇੰਕਾ ਅਤੇ ਅਜ਼ਟੇਕ ਸਭਿਅਤਾਵਾਂ ਦੇ ਰਾਜਾਂ ਦੀਆਂ ਉਦਾਹਰਣਾਂ ਆ ਜਾਂਦੀਆਂ ਹਨ। ਇਸ ’ਚ ਪਿਛਲੇ ਦੋ ਸੌ ਸਾਲਾਂ ’ਚ ਬਸਤੀਵਾਦ ਤੇ ਜਗੀਰੂਵਾਦ ਦੇ ਪੱਛਮੀ ਯੂਰਪ, ਅਮਰੀਕਾ, ਅਫਰੀਕਾ ਦੇ ਵਿਕਸਿਤ, ਵਿਕਾਸਸ਼ੀਲ ਅਤੇ ਅਵਿਕਸਿਤ ਦੇਸ਼ਾਂ ’ਚ ਗ਼ਰੀਬੀ ਅਤੇ ਨਾਬਰਾਬਰੀ ਦੇ ਵਰਤਾਰਿਆਂ ਦੀਆਂ ਬਹੁਤ ਉਦਾਹਰਣਾਂ ਦਿੱਤੀਆਂ ਗਈਆਂ ਹਨ; ਜਿਵੇਂ ਉੱਤਰੀ ਤੇ ਦੱਖਣੀ ਨੋਗਾਲੇਸ ਨਾਮੀ ਸ਼ਹਿਰਾਂ ਨੂੰ ਮੈਕਸਿਕੋ ਤੇ ਅਮਰੀਕਾ ਦੀ ਸਰਹੱਦ ਵੰਡਦੀ ਹੈ। ਇਨ੍ਹਾਂ ਦੋਹਾਂ ਪਾਸਿਆਂ ਦਾ ਇੱਕੋ ਜਿਹਾ ਇਤਿਹਾਸ ਹੈ, ਤਕਰੀਬਨ ਸਮਰੂਪੀ ਭੂਗੋਲ ਹੈ, ਲੋਕਾਂ ਦੀ ਨਸਲੀ ਪਛਾਣ ਵੀ ਇੱਕੋ ਜਿਹੀ ਹੈ ਅਤੇ ਸੱਭਿਆਚਾਰ ਤੇ ਭਾਸ਼ਾ ਵੀ ਇੱਕ ਹੀ ਹੈ, ਪਰ ਫਿਰ ਵੀ ਉੱਤਰੀ ਪਾਸਾ ਦੱਖਣੀ ਪਾਸੇ ਤੋਂ ਕਿਤੇ ਵੱਧ ਅਮੀਰ ਤੇ ਖ਼ੁਸ਼ਹਾਲ ਹੈ। ਇਹੋ ਗੱਲ ਕਾਫ਼ੀ ਹੱਦ ਤੱਕ ਭਾਰਤ ਅਤੇ ਪਾਕਿਸਤਾਨ ’ਤੇ ਵੀ ਢੁੱਕਦੀ ਹੈ। ਭਾਰਤ ਪਾਕਿਸਤਾਨ ਤੋਂ ਇਸ ਗੱਲੋਂ ਬਿਹਤਰ ਹੈ ਕਿਉਂਕਿ ਭਾਰਤ ’ਚ ਜਮਹੂਰੀ ਅਤੇ ਸੰਵਿਧਾਨਕ ਸੰਸਥਾਵਾਂ ਜ਼ਿਆਦਾ ਕਾਰਗਰ ਤੇ ਸੁਰੱਖਿਅਤ ਰਹੀਆਂ, ਪਰ ਵਰਤਮਾਨ ਦੌਰ ਵਿੱਚ ਸੰਸਥਾਵਾਂ ਨਾਲ ਜਿਸ ਤਰ੍ਹਾਂ ਦੀ ਛੇੜਛਾੜ ਸ਼ੁਰੂ ਹੋ ਗਈ ਹੈ ਉਹ ਦਿਨ ਬਹੁਤੇ ਦੂਰ ਨਹੀਂ ਜਾਪਦੇ ਕਿ ਸਾਨੂੰ ਵੀ ਕਿਧਰੇ ਆਪਣੇ ਕਈ ਗੁਆਂਢੀ ਦੇਸ਼ਾਂ ਸ੍ਰੀਲੰਕਾ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਦਿਨ ਦੇਖਣੇ ਪੈਣ।
ਇਸ ਕਿਤਾਬ ਦਾ ਕੇਂਦਰੀ ਦਾਅਵਾ ਹੈ ਕਿ ਅਲੱਗ ਅਲੱਗ ਕੌਮਾਂ ਦੀਆਂ ਸੰਸਥਾਵਾਂ ਦੇ ਮੂਲ ਵਖਰੇਵੇਂ ਹੀ ਵਿਸ਼ਵੀ ਨਾਬਰਾਬਰੀ ਦੇ ਮੁੱਖ ਕਾਰਨ ਹਨ। ਸੰਮਿਲਤੀ ਅਤੇ ਸਮਾਵੇਸ਼ੀ ਸੰਸਥਾਵਾਂ ਲੋਕਾਂ ਨੂੰ ਚੋਣ ਦੀ ਆਜ਼ਾਦੀ, ਬਹੁ-ਵੰਨਤਾ ਦਾ ਵਾਤਾਵਰਣ ਤੇ ਆਪਣੇ ਗੁਣਾਂ ਨੂੰ ਖੁੱਲ੍ਹੇ ਰੂਪ ’ਚ ਪ੍ਰਗਟਾਉਣ ਦਾ ਮਾਹੌਲ ਪ੍ਰਦਾਨ ਕਰਦੀਆਂ ਹਨ। ਦੂਜੇ ਪਾਸੇ ਗ਼ੈਰ-ਸੰਮਿਲਤੀ ਅਤੇ ਸਾਰਤੱਤਵੀ ਸੰਸਥਾਵਾਂ ਬਹੁਗਿਣਤੀ ਲੋਕਾਂ ਦਾ ਹੱਕ ਮਾਰ ਕੇ ਪਰਜੀਵੀ ਸੁਭਾਅ ਵਾਲੀ ਕੁਲੀਨਤਾ ਤਿਆਰ ਕਰਦੀਆਂ ਹਨ। ਰਾਜਨੀਤਕ ਅਤੇ ਆਰਥਿਕ ਸੰਸਥਾਵਾਂ ਆਪਸ ਵਿੱਚ ਇੱਕ ਦੂਜੇ ਦੀਆਂ ਪੂਰਕ ਅਤੇ ਮੁਸ਼ਤਰਕਾ (ਸਾਂਝੇ) ਢੰਗ ਨਾਲ ਇੱਕ ਦੂਜੇ ਨੂੰ ਲਾਗੂ ਕਰਦੀਆਂ ਹਨ। ਇਸ ਬਾਰੇ ਯੂਰਪ ’ਚ ਫੈਲੀ ਪਲੇਗ ਅਤੇ ਇਸ ਚੁਣੌਤੀ ਨੂੰ ਨਜਿੱਠਣ ਲਈ ਯੂਰਪ ’ਚ ਕਈ ਕੌਮੀਅਤਾਂ ਦੀਆਂ ਸੰਸਥਾਵਾਂ ਦੀ ਅਲੱਗ ਅਲੱਗ ਕਾਰਗੁਜ਼ਾਰੀ ਦੀ ਪਹੁੰਚ ਧਿਆਨ ਦੀ ਮੰਗ ਕਰਦੀ ਹੈ।
ਭੂਗੋਲਿਕਤਾ ਬਾਰੇ ਵੀ ਇਸ ਕਿਤਾਬ ਦਾ ਤਰਕ ਹੈ ਜਿਵੇਂ ਜ਼ਮੀਨੀ ਤੌਰ ’ਤੇ ਬੰਦ ਕਈ ਦੇਸ਼ ਹਨ ਜਿਨ੍ਹਾਂ ਨੂੰ ਕੋਈ ਬੰਦਰਗਾਹ ਨਹੀਂ ਲੱਗਦੀ। ਉਨ੍ਹਾਂ ਦੀ ਖ਼ੁਸ਼ਹਾਲੀ ਅਤੇ ਅਮੀਰੀ ਦਾ ਪੱਧਰ ਉਨ੍ਹਾਂ ਦੇਸ਼ਾਂ ਦੇ ਮੁਕਾਬਲੇ ਨੀਵਾਂ ਹੈ ਜੋ ਸਮੁੰਦਰ ਕਿਨਾਰੇ ਵੱਸੇ ਹਨ। ਇਹੋ ਗੱਲ ਪੰਜਾਬ ਤੇ ਬਿਹਾਰ ਜਿਹੇ ਜ਼ਮੀਨ ਬੰਦ ਸੂਬਿਆਂ ਤੇ ਗੁਜਰਾਤ ਜਾਂ ਮਹਾਰਾਸ਼ਟਰ ਆਦਿ ਜਿਹੇ ਸਮੁੰਦਰ ਕਿਨਾਰੇ ਦੇ ਸੂਬਿਆਂ ਉੱਤੇ ਲਾਗੂ ਹੁੰਦੀ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਵੀ ਪੂਰਵ-ਇਤਿਹਾਸਕ ਕਾਲ ਤੋਂ ਆਧੁਨਿਕਤਾ ਦੇ ਦੌਰ ਨੂੰ ਦੇਖਿਆ ਜਾਵੇ ਤਾਂ ਯੂਰਪ ਦੇ ਪੁਨਰਜਾਗਰਤੀ ਅਤੇ ਪ੍ਰਬੁੱਧਤਾ ਕਾਲ ਦੀਆਂ ਖੋਜਾਂ ਤੇ ਕਾਢਾਂ ਨੇ ਉਦਯੋਗੀਕਰਨ ਦਾ ਰਾਹ ਖੋਲ੍ਹਿਆ ਜਿਸ ਪਿੱਛੇ ਸੰਸਥਾਵਾਂ ਦੀ ਭੂਮਿਕਾ ਸੀ ਪਰ ਅਵਿਕਸਿਤ ਅਤੇ ਤੀਜੀ ਦੁਨੀਆ ਦੇ ਦੇਸ਼ਾਂ ਦੀ ਲੋਕਾਈ ਨੂੰ ਗ਼ੁਰਬਤ ਅਤੇ ਪੱਛੜੇਪਣ ਕਾਰਨ ਉਹ ਮਾਹੌਲ ਨਹੀਂ ਮਿਲ ਸਕਿਆ ਜਿਸ ਨਾਲ ਉਹ ਖ਼ੁਸ਼ਹਾਲ ਅਤੇ ਅਮੀਰ ਹੋ ਸਕਦੇ।
ਕਿਹਾ ਜਾ ਸਕਦਾ ਹੈ ਕਿ ਸੰਮਿਲਤੀ ਤੇ ਸਮਾਵੇਸ਼ੀ ਆਰਥਿਕ ਸੰਸਥਾਵਾਂ ਖ਼ੁਸ਼ਹਾਲੀ, ਤਕਨਾਲੋਜੀ ਤੇ ਸਿੱਖਿਆ ਦਾ ਰਾਹ ਮੋਕਲਾ ਕਰਦੀਆਂ ਹਨ। ਰਾਜਨੀਤਕ ਤੇ ਆਰਥਿਕ ਸੰਸਥਾਵਾਂ ਦੀ ਗੁੰਝਲਦਾਰ ਅੰਤਰਕ੍ਰੀੜਾ ਹੀ ਕੌਮਾਂ ਦੀ ਖ਼ੁਸ਼ਹਾਲੀ ’ਤੇ ਪ੍ਰਭਾਵ ਪਾਉਂਦੀ ਹੈ। ਸੰਮਲਿਤੀ ਅਤੇ ਸਮਾਵੇਸ਼ੀ ਸੰਸਥਾਵਾਂ ਭਾਗੀਦਾਰੀ, ਜਾਇਦਾਦੀ ਹੱਕਾਂ ਦੀ ਸੁਰੱਖਿਆ ਅਤੇ ਖੋਜਾਂ ਤੇ ਕਾਢਾਂ ਨੂੰ ਉਤਸ਼ਾਹਿਤ ਕਰਦੀਆਂ ਹਨ। ਇਹ ਸਾਰੇ ਗੁਣ ਆਰਥਿਕ ਸਫਲਤਾ ਦਾ ਭੇਤ ਲੁਕੋਈ ਬੈਠੇ ਹਨ। ਇਸ ਦੇ ਉਲਟ ਸਾਰਤੱਤਵੀ ਤੇ ਨਿਸ਼ਕਰਸ਼ੀ ਸੰਸਥਾਵਾਂ ਸੱਤਾ ਅਤੇ ਦੌਲਤ ਨੂੰ ਕੁਝ ਕੁ ਹੱਥਾਂ ਵਿੱਚ ਕੇਂਦ੍ਰਿਤ ਕਰਦੀਆਂ ਹਨ ਜਿਸ ਨਾਲ ਖੜੋਤ ਅਤੇ ਗ਼ੁਰਬਤ ਪੈਦਾ ਹੁੰਦੀ ਹੈ। ਆਰਥਿਕ ਨਤੀਜਿਆਂ ਪਿੱਛੇ ਰਾਜਨੀਤਕ ਅਤੇ ਸੰਵਿਧਾਨਕ ਸੰਸਥਾਵਾਂ ਕਾਰਜ ਕਰਦੀਆਂ ਹਨ। ਜਿਨ੍ਹਾਂ ਕੌਮਾਂ ਵਿੱਚ ਸੰਮਿਲਤੀ ਰਾਜਨੀਤਕ ਪ੍ਰਣਾਲੀਆਂ ਕਾਰਜਸ਼ੀਲ ਹੁੰਦੀਆਂ ਹਨ ਉਨ੍ਹਾਂ ਵਿੱਚ ਸੰਮਿਲਤੀ ਆਰਥਿਕ ਪ੍ਰਣਾਲੀਆਂ ਕੰਮ ਕਰਦੀਆਂ ਹਨ ਜਦੋਂਕਿ ਤਾਨਾਸ਼ਾਹ ਰਾਜ ਅਕਸਰ ਭ੍ਰਿਸ਼ਟਾਚਾਰ ਅਤੇ ਗ਼ੈਰ-ਜਵਾਬਦੇਹੀ ਕਾਰਨ ਆਰਥਿਕ ਨਿਘਾਰਾਂ ’ਚ ਫਸ ਜਾਂਦੇ ਹਨ।
ਇਸ ਸਾਰੇ ਕੁਝ ਪਿੱਛੇ ਇਤਿਹਾਸਕ ਨਿਰਣੇ, ਸਹੀ ਫ਼ੈਸਲੇ ਅਤੇ ਘਟਨਾਕ੍ਰਮ ਅਹਿਮ ਭੂਮਿਕਾ ਨਿਭਾਉਂਦੇ ਹਨ ਜਿਨ੍ਹਾਂ ਵਿਕਾਸ ਦੀਆਂ ਸੰਸਥਾਵਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ। ਇਸ ਲਈ ਕੌਮਾਂ ਦੇ ਮੌਜੂਦਾ ਰਾਜਨੀਤਕ ਅਤੇ ਆਰਥਿਕ ਦ੍ਰਿਸ਼ਾਂ ਨੂੰ ਸਮਝਣ ਲਈ ਉਨ੍ਹਾਂ ਦੇ ਇਤਿਹਾਸ ਦੇ ਪਸਮੰਜ਼ਰ ਅਤੇ ਸੱਭਿਆਚਾਰਕ ਵਿਰਸੇ ਤੋਂ ਜਾਣੂੰ ਹੋਣਾ ਬਹੁਤ ਜ਼ਰੂਰੀ ਹੈ। ਖੋਜਾਂ ਅਤੇ ਕਾਢਾਂ ਦੀ ਆਰਥਿਕ ਵਿਕਾਸ ’ਚ ਵੱਡੀ ਭੂਮਿਕਾ ਹੁੰਦੀ ਹੈ। ਸੰਮਿਲਤੀ ਸੰਸਥਾਵੀ ਸਮਾਜ ਅਜਿਹਾ ਮਾਹੌਲ ਪੈਦਾ ਕਰਦੇ ਹਨ ਜਿੱਥੇ ਬਾਸ਼ਿੰਦੇ ਆਪਣੇ ਆਪ ਨੂੰ ਕਿਸੇ ਖੋਜ ਕਾਰਜ ਕਰਨ, ਵਿਚਾਰਾਂ ਦਾ ਨਿਵੇਸ਼ ਕਰਨ ਲਈ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਉਨ੍ਹਾਂ ਦੇ ਇਨ੍ਹਾਂ ਯਤਨਾਂ ਨਾਲ ਹੀ ਕੌਮਾਂ ਤਕਨੀਕੀ ਤੌਰ ’ਤੇ ਉੱਨਤ ਤੇ ਆਰਥਿਕ ਤੌਰ ’ਤੇ ਖ਼ੁਸ਼ਹਾਲ ਮਹਿਸੂਸ ਕਰਦੀਆਂ ਹਨ। ਸਮਾਜਾਂ ਵਿੱਚ ਕਈ ਕਠਿਨ ਹਾਲਾਤ ਆਉਂਦੇ ਹਨ ਜੋ ਕੌਮਾਂ ਦੀਆਂ ਸੰਸਥਾਵਾਂ ਦੀ ਚੜ੍ਹਾਈ ’ਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਹ ਪਲ ਉਨ੍ਹਾਂ ਕੌਮਾਂ ’ਚ ਸਾਕਾਰਾਤਮਕ ਅਤੇ ਨਾਕਾਰਾਤਮਕ ਪਰਿਵਰਤਨ ਲਿਆਉਣ ’ਚ ਰੋਲ ਅਦਾ ਕਰਦੇ ਹਨ, ਬਸ਼ਰਤੇ ਕਿ ਇਨ੍ਹਾਂ ਨੂੰ ਕਿਵੇਂ ਨਜਿੱਠਿਆ ਜਾਂਦਾ ਹੈ।
ਰਾਜਨੀਤਕ ਅਤੇ ਆਰਿਥਕ ਸੰਸਥਾਵਾਂ ਵਿਚਾਲੇ ਫੀਡਬੈਕ ਲੂਪ (ਇੱਕ-ਦੂਜੀ ਨੂੰ ਹੁੰਗਾਰਾ/ਪ੍ਰਤੀਕਿਰਿਆ ਦਾ ਆਦਾਨ-ਪ੍ਰਦਾਨ) ਹੁੰਦਾ ਹੈ। ਇਹ ਉਹ ਪ੍ਰਕਿਰਿਆ ਹੈ ਜਿਸ ’ਚ ਕਿਸੇ ਵਿਵਸਥਾ ਦੇ ਆਊਟਪੁਟ ਨੂੰ ਵਾਪਸ ਲਈ ਇਨਪੁਟ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਸੁਦ੍ਰਿੜ੍ਹ ਆਰਥਿਕ ਨਿਭਾਅ ਨਾਲ ਹੀ ਸੰਮਿਲਤੀ ਰਾਜਨੀਤਕ ਸੰਸਥਾਵਾਂ ਉਸਰਦੀਆਂ ਹਨ ਜਦੋਂਕਿ ਕਮਜ਼ੋਰ ਆਰਥਿਕ ਨਿਭਾਵਾਂ ਕਾਰਨ ਸਾਰਤੱਤਵੀ ਅਤੇ ਨਿਸ਼ਕਰਸ਼ੀ ਸੰਸਥਾਵਾਂ ਅਜਿਹਾ ਪਾੜਾ ਪੈਦਾ ਕਰਦੀਆਂ ਹਨ ਜਿਨ੍ਹਾਂ ਨੂੰ ਪੂਰਨਾ ਕਠਿਨ ਹੀ ਨਹੀਂ ਸਗੋਂ ਕਈ ਵਾਰ ਅਸੰਭਵ ਪ੍ਰਤੀਤ ਹੋਣ ਲੱਗਦਾ ਹੈ। ਪੰਜਾਬ ਦਾ ਵਰਤਮਾਨ ਦੌਰ ਕੁਝ ਅਜਿਹੇ ਹੀ ਮਰਹਲੇ ਵਿੱਚੋਂ ਗ਼ੁਜ਼ਰਦਾ ਦਿਖਾਈ ਦੇ ਰਿਹਾ ਹੈ। ਕੌਮੀ ਸੰਸਥਾਵਾਂ ’ਤੇ ਵਿਸ਼ਵੀਕਰਨ ਦਾ ਪ੍ਰਭਾਵ ਵੀ ਪੈਂਦਾ ਹੈ। ਵਿਸ਼ਵੀਕਰਨ ਪੈਦਾਵਾਰੀ ਵਾਧੇ ਦੇ ਮੌਕੇ ਦਿੰਦਾ ਹੈ, ਪਰ ਇਸ ਦੇ ਲਾਭ ਤੇ ਮੁਨਾਫ਼ੇ ਅਕਸਰ ਗ਼ੈਰਬਰਾਬਰ ਤਰੀਕੇ ਨਾਲ ਕੁਲੀਨਤਾ ਵਿੱਚ ਅੰਤ ਨੂੰ ਵਰਤ ਵੰਡ ਜਾਂਦੇ ਹਨ ਜਿਸ ਕਾਰਨ ਸਾਰਤੱਤਵੀ ਤੇ ਨਿਸ਼ਕਰਸ਼ੀ ਸੰਸਥਾਵਾਂ ਵਿਸ਼ਵੀ ਆਰਥਿਕਤਾ ਸੰਗ ਕਦਮ ਨਾਲ ਕਦਮ ਨਾ ਮਿਲਾ ਸਕਣ ਕਰਕੇ ਪਿਛਾਖੜ ਰਹਿ ਜਾਂਦੀਆਂ ਹਨ।
ਕੌਮਾਂ ਦੇ ਫੇਲ੍ਹ ਹੋਣ ਕਾਰਨ ਪੈਦਾ ਹੋਏ ਆਰਥਿਕ ਪਾੜੇ ਅਤੇ ਗ਼ੈਰਬਰਾਬਰੀ ਪਿੱਛੇ ਕਾਰਜਸ਼ੀਲ ਵਿਕਾਸੀ ਸੰਸਥਾਵਾਂ ਦੀ ਕਾਰਗਰਦੀ ਦੀ ਭੂਮਿਕਾ ਨੂੰ ਸਮੁੱਚੇ ਰੂਪ ਵਿੱਚ ਸਮਝਣ ਲਈ ਇਹ ਕਿਤਾਬ ਕੁਝ ਸਬਕਾਂ ਦਾ ਇੱਕ ਬੌਧਿਕ ਚੌਖਟਾ ਪ੍ਰਦਾਨ ਕਰਦੀ ਹੈ।
ਸੰਪਰਕ: 82839-48811

Advertisement

Advertisement
Advertisement
Author Image

sukhwinder singh

View all posts

Advertisement