For the best experience, open
https://m.punjabitribuneonline.com
on your mobile browser.
Advertisement

ਮੈਂ ਗੀਤ ਕਿਉਂ ਲਿਖਦਾ ਹਾਂ?

08:55 AM Aug 02, 2023 IST
ਮੈਂ ਗੀਤ ਕਿਉਂ ਲਿਖਦਾ ਹਾਂ
Advertisement

ਸੁਹਿੰਦਰ ਬੀਰ

ਮੈਂ ਅੱਠਵੀਂ ਜਮਾਤ ਵਿੱਚ ਖਾਲਸਾ ਹਾਇਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਪੜ੍ਹਦਾ ਸਾਂ। ਮੇਰੇ ਪੰਜਾਬੀ ਦੇ ਅਧਿਆਪਕ ਧਰਮ ਸਿੰਘ ਬੀਰ ਸਨ। ਪੜ੍ਹਾਉਂਦਿਆਂ ਪੜ੍ਹਾਉਂਦਿਆਂ ਉਹ ਪੰਜਾਬੀ ਦੇ ਸੂਫ਼ੀ ਅਤੇ ਕਿੱਸਾ-ਕਵੀਆਂ ਦੀਆਂ ਅਕਸਰ ਉਦਾਹਰਨਾਂ ਦਿਆ ਕਰਦੇ ਸਨ। ਸੂਫ਼ੀ ਸ਼ਾਇਰਾਂ ਦੀਆਂ ਲੈਅ-ਤੋਲਵੀਆਂ ਅਤੇ ਰਮਜ਼ ਭਰੀਆਂ ਸਤਰਾਂ ਮੇਰੇ ਮਨ ਨੂੰ ਬੜਾ ਟੁੰਬਦੀਆਂ ਸਨ। ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਇਨ੍ਹਾਂ ਸੂਫ਼ੀ ਸ਼ਾਇਰਾਂ ਦੀਆਂ ਕਾਵਿ-ਸਤਰਾਂ ਨੇ ਮੇਰੇ ਮਨ ਵਿੱਚੋਂ ਗੀਤਾਂ ਦੀਆਂ ਸਤਰਾਂ ਦੇ ਜਨਮ ਲੈਣ ਲਈ ਭਾਵਨਾਤਮਕ ਕਾਰਜ ਕਰ ਦਿੱਤਾ।
ਮੈਂ ਟੁੱਟਵੀਆਂ ਜਿਹੀਆਂ ਲੈਅ-ਬੱਧ ਸਤਰਾਂ ਕਾਗਜ਼ ’ਤੇ ਉਲੀਕ ਕੇ ਮਾਸਟਰ ਧਰਮ ਸਿੰਘ ਹੋਰਾਂ ਨੂੰ ਝਕਦਿਆਂ ਝਕਦਿਆਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਮੇਰੀਆਂ ਮੁੱਢਲੀਆਂ ਰਚਨਾਵਾਂ ਕੱਚੇ-ਪੱਕੇ ਰੂਪ ਵਿੱਚ ਕਾਪੀ ’ਤੇ ਉਤਰਦੀਆਂ ਰਹੀਆਂ। ਮੈਨੂੰ ਇਹ ਕਵਿਤਾਵਾਂ ਕਿਸੇ ਮੈਗਜ਼ੀਨ ਜਾਂ ਅਖ਼ਬਾਰ ਵਿੱਚ ਛਪਾਉਣ ਦੀ ਕੋਈ ਕਾਹਲ ਨਹੀਂ ਸੀ ਹੁੰਦੀ। ਉਦੋਂ ਇਸ ਦਾ ਕੋਈ ਜ਼ਿਆਦਾ ਇਲਮ ਵੀ ਨਹੀਂ ਸੀ। ਲਿਖਣਾ ਤਾਂ ਭਾਵੇਂ ਮੈਂ 14-15 ਸਾਲ ਦੀ ਉਮਰ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ, ਪਰ ਮੇਰੀਆਂ ਕਵਿਤਾਵਾਂ ਦੇ ਛਪਣ ਦਾ ਕਾਰਜ ਉਦੋਂ ਸ਼ੁਰੂ ਹੋਇਆ ਜਦੋਂ ਮੈਂ ਕਾਲਜ ਵਿੱਚ ਪਹੁੰਚਿਆ ਤਾਂ ਕਾਲਜ ਮੈਗਜ਼ੀਨਾਂ ਵਿੱਚ ਕਵਿਤਾਵਾਂ ਛਪਾਉਣ ਦਾ ਯਤਨ ਕੀਤਾ। ਫਿਰ ਹੌਲੀ ਹੌਲੀ ਮੈਂ ਰੇਡੀਓ, ਟੀ.ਵੀ., ਅਖ਼ਬਾਰਾਂ, ਸਾਹਿਤਕ ਰਸਾਲਿਆਂ ਨਾਲ ਰਾਬਤਾ ਰੱਖਣ ਦੇ ਨਾਲ ਨਾਲ ਦੋਸਤਾਂ ਨਾਲ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨ ਲੱਗਾ।
ਮੈਂ ਪਿੰਡ ਦਾ ਰਹਿਣ ਵਾਲਾ ਸਾਂ, ਅਕਸਰ ਆਪਣੇ ਖੇਤਾਂ ਵਿੱਚ ਚਲੇ ਜਾਂਦਾ ਸਾਂ। ਮੈਂ ਆਪਣੇ ਬਚਪਨ ਵਿੱਚ ਟਿੰਡਾਂ ਵਾਲੇ ਖੂਹ ਦੇਖੇ ਹਨ, ਫਲਿਆਂ ਨਾਲ ਕਣਕ ਵਾਹੀ ਜਾਂਦੀ ਵੇਖੀ ਹੈ, ਕਪਾਹ ਚੁਗਦੀਆਂ ਮੁਟਿਆਰਾਂ ਅਤੇ ਭੱਤਾਂ ਲੈ ਕੇ ਜਾਂਦੀਆਂ ਨੱਢੀਆਂ ਰਾਹੀਂ ਪਿੰਡ ਦੀ ਅਤਿ ਸਾਧਾਰਨ ਅਤੇ ਸਰਲ-ਸਹਿਜ ਸੁਭਾਅ ਵਾਲੀ ਜ਼ਿੰਦਗੀ ਨੂੰ ਨੇੜਿਓਂ ਵੇਖਿਆ ਹੈ। ਪੇਂਡੂ ਜੀਵਨ ਦੇ ਇਹ ਸਰਲ-ਸਾਧਾਰਨ ਬਿੰਬ ਮੇਰੇ ਅਵਚੇਤਨ ਵਿੱਚ ਵੱਸੇ ਹੋਏ ਹਨ। ਜਿਉਂ ਜਿਉਂ ਇਹ ਸਰਲ ਅਤੇ ਪੁਰਾਤਨ ਚਿਹਨ ਬਾਹਰੀ ਜ਼ਿੰਦਗੀ ਵਿੱਚੋਂ ਗਾਇਬ ਹੁੰਦੇ ਗਏ, ਇਹ ਮੇਰੀ ਮਾਨਸਿਕਤਾ ਦਾ ਅਨਿੱਖੜ ਅੰਗ ਬਣਦੇ ਰਹੇ।
ਕਵਿਤਾ ਦੀ ਰਚਨਾ ਕਰਨਾ ਅਤੇ ਵਿੱਦਿਆ ਦੀ ਪ੍ਰਾਪਤੀ ਲਈ ਨਿਰੰਤਰ ਤੁਰੇ ਰਹਿਣਾ ਮੇਰੀ ਜ਼ਿੰਦਗੀ ਦੇ ਮੁੱਢਲੇ ਦੋ ਲਕਸ਼ ਸਨ। ਜਦੋਂ ਮੈਂ ਯੂਨੀਵਰਸਿਟੀ ਵਿਖੇ ਪੀਐੱਚ. ਡੀ. ਕਰ ਰਿਹਾ ਸਾਂ ਤੇ ਮੇਰੇ ਨਾਲ ਮਾਣਯੋਗ ਅਧਿਆਪਕਾਂ ਨੇ ਮੈਨੂੰ ਨਸੀਹਤ ਕੀਤੀ ਕਿ ਪਹਿਲਾਂ ਆਪਣੀ ਪੜ੍ਹਾਈ ਅਤੇ ਰੋਟੀ-ਰੋਜ਼ੀ ਦਾ ਪ੍ਰਬੰਧ ਕਰੋ, ਕਵਿਤਾ ਦੀ ਸਿਰਜਣਾ ਅਤੇ ਇਸ ਨਾਲ ਲਗਾਵ ਪਿੱਠਭੂਮੀ ਵਿੱਚ ਹੀ ਰਹਿਣ ਦਿਓ। ਸੋ ਮੈਂ ਆਪਣੀ ਪੜ੍ਹਾਈ ਨੂੰ ਪਹਿਲ ਦਿੱਤੀ ਅਤੇ ਕਾਵਿ-ਰਚਨਾਵਾਂ ਦੀ ਪ੍ਰਕਾਸ਼ਨਾ ਨੂੰ ਹਾਸ਼ੀਏ ਉੱਪਰ ਰੱਖ ਦਿੱਤਾ। ਉਂਜ ਇੱਕ ਤੱਥ ਕਹਿਣ ਵਾਲਾ ਹੈ ਕਿ ਜਦੋਂ ਕਵਿਤਾ ਕਵੀ ਪਾਸ ਆਉਂਦੀ ਹੈ ਉਦੋਂ ਇਸ ਦਾ ਵੇਗ ਤੂਫ਼ਾਨੀ ਹੁੰਦਾ ਹੈ। ਇਹ ਕਾਗ਼ਜ਼ ਦੇ ਸਫਿਆਂ ਉਤੇ ਝੱਟ-ਪੱਟ ਹੀ ਉਲੀਕੀ ਜਾਂਦੀ ਹੈ। ਮੈਂ ਵੀ ਕਵਿਤਾ ਲਿਖ ਕੇ ਠੰਢੇ ਬਸਤੇ ਵਿੱਚ ਰੱਖ ਦਿੰਦਾ ਸੀ। ਪਿੰਡ ਵਿੱਚ ਰਹਿੰਦਿਆਂ ਜਦੋਂ ਮੈਂ ਆਪਣੇ ਆਲੇ ਦੁਆਲੇ ਦੀਆਂ ਬਸਤੀਆਂ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ ਨਿਮਨ ਵਰਗ ਦੇ ਵਾਸੀਆਂ ਦੀ ਹਾਲਤ ਵੇਖਦਾ ਸਾਂ ਤਾਂ ਮਨ ਉਦਾਸ ਹੋ ਜਾਂਦਾ ਸੀ, ਕਲਮ ਆਪਣੇ ਆਪ ਹੀ ਦੁਖੀ ਚਿਹਰੀਆਂ ਦੇ ਦਰਦ ਨੂੰ ਲਿਖਤ ਰੂਪ ਦੇ ਦਿੰਦੀ ਸੀ:
ਬਸਤੀਆਂ ਵਿੱਚ ਰਹਿਣ ਵਾਲੇ ਲੋਕ ਕੱਦ ਮੁਸਕਾਣਗੇ?
ਕਿ ਖੁਸ਼ੀ ਨੂੰ ਤਰਸਦੇ ਹੀ ਤਰਸਦੇ ਮਰ ਜਾਣਗੇ।
ਇਹ ਸਿਤਾਰੇ ਰੁਲ ਰਹੇ ਨੇ ਖੰਡਰੀ ਵੀਰਾਨ ਥਾਂ,
ਕੀ ਸ਼ਿਲਾਲੇਖਾਂ ਦੇ ਵਾਂਗੂੰ ਇਹ ਜੰਗਾਲੇ ਜਾਣਗੇ?
ਮੇਰੇ ਪਿੰਡ ਵਿੱਚ ਰਹਿਣ ਵਾਲੇ ਸਿੱਧੇ-ਸਾਧੇ ਅਤੇ ਛੋਟੇ-ਮੋਟੇ ਆਦਰਸ਼ਾਂ ਵਾਲੇ ਬੰਦੇ ਮੇਰੀ ਕਵਿਤਾ ਲਈ ਪ੍ਰੇਰਨਾ ਬਣਦੇ ਸਨ। ਇਹ ਬੰਦੇ ਮੇਰੇ ਹੀ ਆਦਰਸ਼ ਨਹੀਂ ਸਨ ਸਗੋਂ ਸਾਡੇ ਸਾਰੇ ਸਮਾਜ ਦੇ ਹੀ ਆਦਰਸ਼ ਸਨ, ਪਰ ਅਫ਼ਸੋਸ ਕਿ ਹੁਣ ਉਨ੍ਹਾਂ ਬੰਦਿਆਂ ਦੀ ਲਗਾਤਾਰ ਘਾਟ ਮਹਿਸੂਸ ਹੋ ਰਹੀ ਹੈ। ਹੁਣ ਜਦੋਂ ਮੈਂ ਉਨ੍ਹਾਂ ਪੁਰਾਣੇ ਮਹਾਂ-ਪੁਰਖਾਂ ਨੂੰ ਚਿਤਵਦਾ ਹਾਂ ਤਾਂ ਆਪਣੇ ਆਪ ਹੀ ਮੇਰੇ ਗੀਤ ਦੇ ਬੋਲ ਬਣ ਜਾਂਦੇ ਹਨ:
ਮੇਰੇ ਪਿੰਡ ਦੇ ਬਿਰਖਾਂ ਦੀਆਂ ਮਿੱਠੀਆਂ ਮਿੱਠੀਆਂ ਛਾਵਾਂ।
ਸਾਰੀ ਉਮਰ ਇਹ ਛਾਵਾਂ ਵੰਡ ਕੇ ਝੱਲ ਕੇ ਗਰਮ ਹਵਾਵਾਂ।
ਮੌਸਮ ਆਉਂਦੇ, ਮੌਸਮ ਜਾਂਦੇ ਮੌਸਮ ਰੰਗ ਵਟਾਉਂਦੇ,
ਖੁਸ਼ੀਆਂ-ਖੇੜੇ ਗਮੀਆਂ ਲੈ ਕੇ ਸਭ ਦਾ ਸਾਥ ਨਿਭਾਉਂਦੇ।
ਪੀੜ ਹੋਵੇ ਤਾਂ ਜਰ ਲੈਂਦੇ ਨੇ ਦਿਲ ਜੀਕਣ ਦਰਿਆਵਾਂ ...
ਸਾਦ-ਮੁਰਾਦੀ ਦਿੱਖ ਇਨ੍ਹਾਂ ਦੀ ਦਰਵੇਸ਼ਾਂ ਦਾ ਜੀਣਾ।
ਨਿੱਕੇ ਨਿੱਕੇ ਸਿਰ ’ਤੇ ਅੰਬਰ ਸਬਰ ਪਿਆਲਾ ਪੀਣਾ।
ਝੱਖੜ-ਝਾਂਭੇ ਧੁੱਪਾਂ-ਤਪਸ਼ਾਂ ਰੁੱਖਾਂ ਵਾਂਗ ਹੰਢਾਵਾਂ...
ਕਦੇ ਕਦਾਈਂ ਪੰਛੀ ਕੋਈ ਆ ਕੇ ਆਲ੍ਹਣਾ ਪਾਵੇ
ਪਿਆਰ ਭਰੇ ਮਹਿਕਾਂ ਦੇ ਸਾਏ ਉਸ ਲਈ ਭਰਦੇ ਹਾਵੇ।
ਆਪਣੇ ਜਾਇਆਂ ਤੋਂ ਵੀ ਵੱਧ ਕੇ ਉਸ ਲਈ ਕਰਨ ਦੁਆਵਾਂ...
ਜਿਸ ਧਰਤੀ ’ਤੇ ਜਨਮੇ ਮੌਲੇ ਉਸ ਦੀ ਖ਼ੈਰ ਮਨਾਉਂਦੇ।
ਪੋਟਾ ਪੋਟਾ ਮਿੱਟੀ ਦੇ ਵਿੱਚ ਆਪਣਾ ਆਪ ਰਚਾਉਂਦੇ।
ਮੈਂ ਨਿਰਮੋਹੇ ਸਮਿਆਂ ਅੰਦਰ ਚਾਹਾਂ ਰੁੱਖ ਬਣ ਜਾਵਾਂ...
ਮੈਂ ਨਾ ਕੇਵਲ ਪਿੰਡ ਦੇ ਸਿੱਧੇ-ਸਾਧੇ ਬੰੰਦਿਆਂ ਦੀ ਸਰਲ-ਸਾਧਾਰਨ ਜ਼ਿੰਦਗੀ ਨੂੰ ਚਿਤਰਿਆ, ਖ਼ੁਦ ਆਪਣੀ ਜ਼ਿੰਦਗੀ ਵਿੱਚ ਵੀ ਇਸ ਰਹਿਣੀ-ਬਹਿਣੀ ਨੂੰ ਅਪਣਾਉਣ ਦਾ ਯਤਨ ਕੀਤਾ ਹੈ। ਜਦੋਂ ਵੀ ਕਿਤੇ ਮੈਨੂੰ ਕਿਸੇ ਸੰਕਟ ਵਿੱਚ ਪਏ ਬੰਦੇ ਦੀ ਮਦਦ ਕਰਨ ਦਾ ਮੌਕਾ ਮਿਲਿਆ ਹੈ ਤਾਂ ਮੈਂ ਪਿੱਛੇ ਨਹੀਂ ਹਟਿਆ। ਸਾਡੇ ਸਮਾਜ ਵਿੱਚ ਲੱਤਾਂ ਖਿੱਚਣ ਵਾਲੇ ਬਹੁਤ ਹਨ, ਪਰ ਮੈਂ ਹਮੇਸ਼ਾਂ ਡੰਗੋਰੀ ਬਣਨ ਨੂੰ ਹੀ ਪਹਿਲ ਦਿੱਤੀ ਹੈ।
ਯੂਨੀਵਰਸਿਟੀ ਵਿੱਚ ਪੜ੍ਹਦਿਆਂ ਮੈਂ ਕਈ ਵਾਰ ਆਤਮਵਰਤੀ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਵੀ ਗੀਤ-ਰਚਨਾਵਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚ ਸੁਹਜ, ਲੈਅ, ਜਜ਼ਬਾ, ਭਾਸ਼ਾ ਆਦਿ ਦਾ ਖ਼ਾਸ ਖ਼ਿਆਲ ਰੱਖਿਆ ਗਿਆ। ਮੈਂ ਖ਼ੁਦ ਵੀ ਸਾਹਿਤ-ਸਭਾਵਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਆਪਣੇ ਬੋਲ ਤਰੁਨੁਮ ਵਿੱਚ ਕਹਿੰਦਾ ਸਾਂ। ਮੇਰੇ ਗੀਤ ਕੇਵਲ ਆਤਮਪਰਕੀ ਭਾਵਾਂ ਤੀਕ ਸੀਮਤ ਨਹੀਂ ਰਹੇ। ਮੈਂ ਆਤਮ ਅਤੇ ਅਨਾਤਮ ਜਗਤ ਨੂੰ ਮਸਤਕ ਵਿੱਚ ਟਿਕਾ ਕੇ ਸ਼ਬਦਾਂ ਦੀ ਘਾੜਤ ਕਰਦਾ ਹਾਂ। ਮਾਨਵਤਾ ਦੀ ਸੋਚ ਨੂੰ ਕਦੇ ਵੀ ਮਨਫ਼ੀ ਨਹੀਂ ਹੋਣ ਦਿੰਦਾ। ਆਤਮਭਾਵੀ ਗੀਤਾਂ ਦੀਆਂ ਕੁਝ ਮਿਸਾਲਾਂ ਹਨ:
* ਇੱਕ ਰਿਸ਼ਮ ਉਧਾਰੀ ਦੇ ਦੇ ਵੇ,
ਚੰਨ ਮੈਂ ਮੱਸਿਆ ਦੀ ਰਾਤ ਵੇ।
ਇੱਕ ਵੇਰ ਹੁੰਗਾਰਾ ਭਰ ਦੇ ਵੇ,
ਮੈਂ ਮੁੱਕਦੀ ਜਾਂਦੀ ਬਾਤ ਵੇ।
* ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ
ਸੱਜਣ ਇੱਕ ਪੰਛੀ ਉਡੇ,
ਤੈਨੂੰ ਖ਼ਬਰ ਕਰੇ
* ਕਦੇ ਬਾਜ਼ੀ ਜਿੱਤ ਲਈਏ ਕਦੇ ਹਾਰ ਜਾਈਦਾ।
ਹਾਰ ਵਾਲੀ ਗੱਲ ਨੂੰ ਨਹੀਂ ਦਿਲ ਉਤੇ ਲਾਈਦਾ।
ਜ਼ਿੰਦਗੀ ਦਾ ਪੈਂਡਾ ਸਦਾ ਆਸ ’ਚ ਮੁਕਾਈਦਾ।
* ਤੇਰੇ ਕੋੋਲ ਸਦਾ ਨਹੀਂ ਰਹਿਣਾ।
ਮੰਨ ਲੈ ਫੱਕਰਾਂ ਦਾ ਕਹਿਣਾ।
ਸਾਡੇ ਪਲ ਦੋ ਪਲ ਦੇ ਮੇਲੇ,
ਅਸਾਂ ਫੇਰ ਵਿੱਛੜਿਆ ਰਹਿਣਾ।
* ਫੁੱਲਾਂ ਵਰਗੇ ਯਾਰ ਜਦੋਂ ਤੁਰ ਜਾਂਦੇ ਨੇ।
ਪੱਥਰ ਵਰਗੇ ਜਿਗਰੇ ਵੀ ਭੁਰ ਜਾਂਦੇ ਨੇ
ਸਾਲ 1978 ਤੋਂ 1992 ਤੱਕ ਦਾ ਸਮਾਂ ਪੰਜਾਬ ਲਈ ਮੰਦਭਾਗਾ ਸੀ। ਮੈਂ ਪਿੰਡ ਦਾ ਵਸਨੀਕ ਹਾਂ, ਪਿੰਡਾਂ ਵਿੱਚ ਇਸ ਦਾ ਅਸਰ ਵਧੇਰੇ ਮਾਰੂ ਸੀ। ਇਹ ਉੁਹ ਸਮਾਂ ਸੀ ਜਦੋਂ ਸਿਰਜਕਾਂ ਨੂੰ ਬਾਹਰੀ ਯਥਾਰਥ ਨਾਲ ਸੰਵਾਦ ਰਚਾਉਣਾ ਪੈਂਦਾ ਸੀ। ਸੋ ਮੈਂ ਆਤਮਪਰਕੀ ਰੁਝਾਵਾਂ ਨੂੰ ਛੱਡ ਕੇ ਬਾਹਰਮੁਖੀ ਵਰਤਾਰਿਆਂ ਨਾਲ ਜੁੜ ਕੇ ਕਲਮ ਦੀ ਵਰਤੋਂ ਕੀਤੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹੋ ਕੇ ਮੈਂ ਸ਼ੁਭ-ਇੱਛਾ ਅਤੇ ਸਦਭਾਵਨਾ ਵਾਲੇ ਗੀਤਾਂ ਦੀ ਰਚਨਾ ਕੀਤੀ ਅਤੇ ਜਿੱਥੇ ਜਿੱਥੇ ਪੰਜਾਬੀ ਵੀਰ ਵੱਸਦੇ ਨੇ, ਉੱਥੇ ਉੱਥੇ ਜਾ ਕੇ ਉਨ੍ਹਾਂ ਦੇ ਮਨਾਂ ਵਿਚਲੀ ਇਨਸਾਨੀਅਤ ਦੀ ਤੜਪ ਨੂੰ ਉਤੇਜਿਤ ਕੀਤਾ। ਮੇਰੇ ਗੀਤ ਕੇਵਲ ਮੇਰੀ ਸੋਚ ਹੀ ਨਹੀਂ ਸਨ ਬਲਕਿ ਮੇਰੇ ਸਮਿਆਂ ਦੀ ਸੋਚ ਸੀ। ਉਦਾਹਰਨ ਵਜੋਂ :
* ਕਾਹਨੂੰ ਰੋਲਦੈਂ ਪੰਜਾਬ ਦੇ ਨਸੀਬ ਹਾਣੀਆਂ।
ਕਾਹਨੂੰ ਟੰਗਦੈਂ ਪੰਜਾਬ ਨੂੰ ਸਲੀਬ ਹਾਣੀਆਂ।
* ਪਿੱਪਲਾਂ ਦੇ ਰੁੱਖਾਂ ਹੇਠ ਉੱਗੀਆਂ ਉਦਾਸੀਆਂ।
ਲੰਘ ਜਾਣ ਰੁੱਤਾਂ ਜੋ ਨੇ ਲਹੂ ’ਚ ਨਹਾਤੀਆਂ।
ਜਦੋਂ ਪੰਜਾਬ ਉਪਰੋਕਤ ਸੰਕਟਸ਼ੀਲ ਸਥਿਤੀਆਂ ਤੋਂ ਮੁਕਤ ਹੋਇਆ ਤਾਂ ਪੰਜਾਬੀਆਂ ਨੇ ਭਰੂਣ ਹੱਤਿਆ ਵਿੱਚ ਕੰਜਕਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਇਸ ਨੇ ਪੰਜਾਬੀ ਚਰਿੱਤਰ ਦੇ ਇਤਿਹਾਸਕ ਗੌਰਵ ਨੂੰ ਵੱਡੀ ਠੇਸ ਪਹੁੰਚਾਈ। ਅਜਿਹੇ ਸਮੇਂ ਵੀ ਮੈਂ ਸੁਹਿਰਦਤਾ ਸਹਿਤ ਕੁਝ ਗੀਤਾਂ ਦੀ ਰਚਨਾ ਕੀਤੀ, ਉਦਾਹਰਨ ਵਜੋਂ :
ਜੇ ਧੀਆਂ ਨੂੰ ਕੁੱਖ ਵਿੱਚ ਮਾਰ ਮੁਕਾਓਗੇ!
ਸੋਹਣਾ ਜਿਹਾ ਸੰਸਾਰ ਇਹ ਕਵਿੇਂ ਵਸਾਓਗੇ ?
ਹੁਣ ਸਾਡੇ ਨਿਕਟ ਅਤੀਤ ਵਿੱਚ ਕਰੋਨਾ ਕਾਲ ਅਤੇ ਕਿਸਾਨ ਸੰਘਰਸ਼ ਦਾ ਅਰਸਾ ਬੀਤਿਆ ਹੈ। ਇਨ੍ਹਾਂ ਦੋਵਾਂ ਸੰਕਟਾਂ ਨਾਲ ਸੰਵਾਦੀ ਅਤੇ ਸਿਰਜਨਾਤਮਕ ਪੱਧਰ ’ਤੇ ਗੀਤਾਤਮਕ ਰਚਨਾ ਕਰਦਾ ਰਿਹਾ ਹਾਂ। ਸਿਰਜਕ ਨੂੰ ਆਪਣੇ ਸਮੇਂ ਦੀਆਂ ਜੂਝ ਰਹੀਆਂ ਤਾਕਤਾਂ ਨਾਲ ਕਦਮ ਮਿਲਾ ਕੇ ਤੁਰਨਾ ਚਾਹੀਦਾ ਹੈ ਅਤੇ ਦੁਖਿਆਰੇ ਮਨੁੱਖ ਨਾਲ ਹਮਦਰਦੀ ਦਰਸਾਉਣੀ ਚਾਹੀਦੀ ਹੈ। ਇਹ ਸਾਰੇ ਭਾਵ ਕਲਾ ਦੀ ਸਮਾਜਿਕ-ਪ੍ਰਕਿਰਤੀ ਤਹਿਤ ਆਉਂਦੇ ਹਨ। ਉਦਾਹਰਨ ਦੇ ਤੌਰ ’ਤੇ ਹੇਠ ਲਿਖੇ ਗੀਤਾਂ ਵਿੱਚ ਇਹ ਸਾਰੇ ਭਾਵ ਸੰਵੇਦਨਮਈ ਰੂਪ ਵਿੱਚ ਪ੍ਰਗਟ ਹੋਏ ਹਨ। ਸਮੇਂ ਦੀ ਚੇਤਨਾ ਤੋਂ ਬੇਮੁੱਖ ਹੋ ਕੇ ਕੋਈ ਸਾਹਿਤਕਾਰ ਪਾਠਕਾਂ ਦੀਆਂ ਯਾਦਾਂ ਵਿੱਚ ਟਿਕਿਆ ਨਹੀਂ ਰਹਿ ਸਕਦਾ, ਉਹ ਨਜ਼ਰਾਂ ਵਿੱਚੋਂ ਗਿਰ ਜਾਂਦਾ ਹੈ। ਮੈਂ ਹਮੇਸ਼ਾਂ ਸਮੇਂ ਨਾਲ ਕਦਮ-ਦਰ-ਕਦਮ ਮਿਲਾ ਕੇ ਤੁਰਨ ਦਾ ਯਤਨ ਕੀਤਾ ਹੈ:
* ਧਰਤ ਨੂੰ ਵੀ ਸਹਿਜ ਦੇ ਵਿੱਚ ਰਹਿਣ ਦੇ
ਪੰਛੀਆਂ ਨੂੰ ਬੋਲ ਆਪਣੇ ਕਹਿਣ ਦੇ
* ਤੂੰ ਦੇਸ਼ ਮੇਰੇ ਦਾ ਹਾਕਮ ਏ
ਪਰ ਹੁਣ ਤੂੰ ਹਾਕਮ ਨਹੀਂ ਰਹਿਣਾ
* ਕਣਕਾਂ ਦੇ ਦਾਣੇ ਸਾਡੇ ਰੁੜ-ਪੁੜ ਜਾਣੇ।
ਬੱਦਲਾਂ ਦੀ ਚਾਲ ਰੱਬਾ! ਕੌਣ ਜੋ ਪਛਾਣੇ ?
ਗੀਤਾਤਮਕ ਰਚਨਾ ਵਿੱਚ ਆਤਮ-ਅਨਾਤਮ-ਆਤਮ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਗੀਤ ਵਿੱਚ ਜ਼ਿਹਨੀ ਭਾਵ ਤਾਂ ਪ੍ਰਗਟ ਹੁੰਦੇ ਹੀ ਹਨ, ਕਈ ਵਾਰ ਅਨਾਤਮ ਦੇ ਭਾਵਾਂ ਨੂੰ ਵੀ ਸ਼ਾਇਰ ਆਤਮਮਈ ਬਣਾ ਕੇ ਪੇਸ਼ ਕਰ ਦਿੰਦਾ ਹੈ। ਪੜ੍ਹਨ ਵਾਲੇ ਪਾਠਕ ਨੂੰ ਗੀਤ ਵਿੱਚ ਪੇਸ਼ ਹੋਏ ਅਹਿਸਾਸਾਂ ਦਾ ਟੁੰਬਣਾ ਲਾਜ਼ਮੀ ਹੈ। ਗੀਤ ਦੀ ਕੋਈ ਇੱਕ ਅੱਧ/ਸਤਰ ਜ਼ਿਹਨ ਵਿੱਚ ਉਤਰ ਆਉਂਦੀ ਹੈ, ਫਿਰ ਉਸੇ ਸਤਰ ਮੁਤਾਬਿਕ ਸ਼ਬਦ-ਰਚਨਾ ਦੀ ਘਾੜਤ ਹੁੰਦੀ ਹੈ, ਸਾਧਨਾ ਦਾ ਇਹ ਕਾਰਜ ਅਨੂਠੀ ਕਲਾਤਮਕਤਾ ਵਾਲਾ ਹੈ :
* ਉਹ ਸਾਡੇ ਪਿਆਰ ਦੀ ਦੁਨੀਆ।
ਬੜੀ ਅਨਮੋਲ ਸੀ ਦੁਨੀਆ।
* ਉਹਨੂੰ ਬੋਲ ਕਬੋਲ ਨਾ ਬੋਲਿਆ ਕਰ
ਜੋ ਤੇਰੇ ਦਿਲ ਨੂੰ ਤੋੜ ਗਿਆ।
ਉਹਨੂੰ ਲੱਖ ਮਜਬੂਰੀਆਂ ਹੋਣੀਆਂ ਨੇ
ਜੋ ਤੇਰਾ ਦਾਮਨ ਛੋੜ ਗਿਆ।
* ਅੱਖੀਆਂ ਵਿੱਚ ਖ਼ਾਬ ਸਜਾਉਂਦਾ ਰਹੀ।
ਦੁਨੀਆ ਨੂੰ ਹਸੀਨ ਬਣਾਉਂਦਾ ਰਹੀ।
ਪੱਤਿਆਂ ਵਿੱਚ ਪਿਆਰ ਸਲਾਮਤ ਰਹੇ,
ਸਦਾ ਏਹੀ ਖ਼ੈਰ ਮਨਾਉਂਦਾ ਰਹੀ।
* ਧੁੱਪਾਂ ਛਾਵਾਂ ਦੇ ਵਿੱਚ ਪੌਣਾਂ
ਬਣ ਕੇ ਮੈਂ ਲੰਘ ਜਾਵਾਂ।
ਵੰਨ-ਸਵੰਨੇ ਨਕਸ਼ ਉਮਰ ਦੇ
ਵੱਖੋ ਵੱਖ ਅਦਾਵਾਂ।
ਸ਼ਾਇਰ ਜੋ ਜੀਵਨ ਦੇ ਰੰਗਾਂ ਨੂੰ ਆਪਣੀ ਦੇਹੀ ਉੱਪਰ ਹੰਢਾਉਂਦਾ ਹੈ, ਉਨ੍ਹਾਂ ਰੰਗਾਂ ਨੂੰ ਕਲਾਤਮਕ ਅਤੇ ਸੁਹਜਾਤਮਕ ਰੂਪ ਦੇ ਕੇ ਨਵਾਂ ਸ਼ਾਬਦਿਕ ਸੰਸਾਰ ਉਸਾਰ ਦਿੰਦਾ ਹੈ, ਇਹ ਮਨੁੱਖ ਨੂੰ ਭਾਵਿਤ ਵੀ ਕਰਦਾ ਹੈ ਅਤੇ ਪ੍ਰਭਾਵਿਤ ਵੀ।
ਸੰਪਰਕ: 98552-04102

Advertisement

Advertisement
Author Image

joginder kumar

View all posts

Advertisement
Advertisement
×