ਮੈਂ ਵਿਗਿਆਨ ਕਹਾਣੀਆਂ ਕਿਉਂ ਲਿਖਦਾ ਹਾਂ ?
ਅਜਮੇਰ ਸਿੱਧੂ
ਸੁਖ਼ਨ ਭੋਇੰ 16
ਮੈਂ ਸੰਨ 1986 ਵਿੱਚ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਸਾਨੂੰ ਅੰਗਰੇਜ਼ੀ ਦੇ ਸਿਲੇਬਸ ਵਿੱਚ ਐਚ.ਜੀ. ਵੈੱਲਜ਼ ਦੇ ਨਾਵਲ ‘ਦਿ ਇਨਵਿਜ਼ੀਬਲ ਮੈਨ’ ਦਾ ਕਾਂਡ ‘ਫੁਟਪ੍ਰਿੰਟਸ ਵਿਦਾਊਟ ਫੀਟ’ ਲੱਗਾ ਹੁੰਦਾ ਸੀ। ਹੈੱਡਮਾਸਟਰ ਦਰਸ਼ਨ ਸਿੰਘ ਉਹ ਚੈਪਟਰ ਪਡ਼੍ਹਾਉਂਦੇ ਕਿ ਇੱਕ ਅਦਿੱਖ ਆਦਮੀ (ਜੋ ਕਿਸੇ ਨੂੰ ਦਿਖਾਈ ਨਹੀਂ ਦਿੰਦਾ) ਆਪਣੇ ਮਕਾਨ ਮਾਲਕ ਦੇ ਘਸੁੰਨ ਮਾਰਦਾ ਹੈ। ਮਾਲਕ ਨੂੰ ਲੱਗਦੈ, ਕੋਈ ਭੂਤ ਘਸੁੰਨ ਮਾਰ ਰਿਹਾ ਹੈ। ਉਹ ਮਠਿਆਈ ਦੀ ਦੁਕਾਨ ਤੋਂ ਮਠਿਆਈਆਂ ਖਾ ਜਾਂਦਾ ਹੈ। ਕੱਪਡ਼ੇ ਦੀ ਦੁਕਾਨ ਤੋਂ ਨਵੇਂ ਕੱਪਡ਼ੇ ਚੁੱਕ ਕੇ ਪਾ ਲੈਂਦਾ ਹੈ। ਜਿਸ ਤਰ੍ਹਾਂ ਅਮਿਤਾਬ ਬਚਨ ਦੀ ‘ਭੂਤਨਾਥ’ ਫਿਲਮ ਦੇਖਣ ਵੇਲੇ ਬੱਚੇ ਲੋਟਪੋਟ ਹੁੰਦੇ ਹਨ, ਸਾਨੂੰ ਵੀ ਹੈੱਡਮਾਸਟਰ ਸਾਹਿਬ ਖ਼ੂਬ ਹਸਾਉਂਦੇ। ਫਿਰ ਇਸੇ ਤਰਜ਼ ਦੀ ਅਨਿਲ ਕਪੂਰ ਅਤੇ ਸ੍ਰੀਦੇਵੀ ਦੀ ਹਾਸਰਸ ਫਿਲਮ ‘ਮਿਸਟਰ ਇੰਡੀਆ’ ਆਈ। ਡਾਇਨਾਸੋਰਾਂ ਬਾਰੇ ਫਿਲਮ ‘ਜੁਰਾਸਿਕ ਪਾਰਕ’ ਨੇ ਵੀ ਮੇਰੀ ਰੁਚੀ ਵਿਗਿਆਨਕ ਵਿਸ਼ਿਆਂ ਵਿਚ ਵਧਾਈ।
ਸਾਲ 1997 ਤੋਂ 2017 ਤੱਕ ਮੈਂ ਸਤਿਕਾਰਤ ਸ਼ਖ਼ਸੀਅਤ ਮੇਘ ਰਾਜ ਮਿੱਤਰ ਨਾਲ ਰਲ ਕੇ ਵਿਗਿਆਨ ਦਾ ਦੋ-ਮਾਸਿਕ ਪਰਚਾ ‘ਵਿਗਿਆਨ ਜੋਤ’ 21 ਸਾਲ ਕੱਢਿਆ। ਤਰਕਸ਼ੀਲ ਸੁਸਾਇਟੀ ਭਾਰਤ ਦਾ ਸੂਬਾਈ ਪ੍ਰੈੱਸ ਸਕੱਤਰ ਰਿਹਾ ਤੇ 18 ਸਾਲ ਜਥੇਬੰਦਕ ਸਰਗਰਮੀਅਾਂ ਕੀਤੀਅਾਂ ਹਨ। ਅਸੀਂ ਤਰਕਵਾਦੀ ਵਿਚਾਰਾਂ ਵਾਲੇ ‘ਵਿਗਿਆਨ ਜੋਤ’, ‘ਤਰਕਸ਼ੀਲ’ ਤੇ ‘ਤਰਕਬੋਧ’ ਪਰਚਿਅਾਂ ਅਤੇ ਤਰਕਸ਼ੀਲ ਸੁਸਾਇਟੀ ਰਾਹੀਂ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸ ਖਿਲਾਫ਼ ਲੋਕਾਂ ਵਿੱਚ ਵਿਗਿਆਨਕ ਚੇਤਨਾ ਪੈਦਾ ਕਰਦੇ ਰਹੇ ਹਾਂ। ਸਾਡਾ ਜਥੇਬੰਦਕ ਕਾਰਜ ਪੱਥਰ ਯੁੱਗ ਦੀ ਮਾਨਸਿਕਤਾ ਨੂੰ ਸੱਟ ਮਾਰਨਾ ਤੇ ਇਹ ਪ੍ਰਚਾਰ ਕਰਨਾ ਸੀ ਕਿ ਸਮਾਜ ਦਾ ਵਿਕਾਸ ਵਿਗਿਆਨਕ ਲੀਹਾਂ ’ਤੇ ਹੋਵੇ। ਅਸੀਂ ਪੰਜਾਬ ਦੇ ਮੁੱਠੀ ਭਰ ਲੋਕ ਵਿਗਿਆਨ ਦਾ ਚਾਨਣ ਫੈਲਾਉਣ ਵਿੱਚ ਕਾਮਯਾਬ ਵੀ ਹੋਏ ਹਾਂ। ਅੱਜ ਦਾ ਪੰਜਾਬੀ ਸਮਾਜ ਸਾਲ 2000 ਤੋਂ ਪਹਿਲਾਂ ਵਾਲਾ ਨਹੀਂ ਰਿਹਾ ਸਗੋਂ ਕਾਫ਼ੀ ਤਬਦੀਲੀਅਾਂ ਆਈਅਾਂ ਹਨ। ਇਹ ਵਿਦਿਆ, ਤਰਕ ਤੇ ਵਿਗਿਆਨਕ ਸਾਹਿਤ ਅਤੇ ਜਥੇਬੰਦੀਅਾਂ ਦੀਅਾਂ ਸਰਗਰਮੀਅਾਂ ਕਾਰਨ ਸੰਭਵ ਹੋ ਸਕਿਆ ਹੈ।
ਇਸ ਸਮੇਂ ਦੌਰਾਨ ਅੰਧ-ਵਿਸ਼ਵਾਸ ਖ਼ਿਲਾਫ਼ ਚੇਤਨਾ ਪੈਦਾ ਕਰਨ ਵਾਲੇ ਪਾਤਰ ਜਿਵੇਂ ‘ਨਚੀਕੇਤਾ ਦੀ ਮੌਤ’ ਦਾ ਕੈਲਾ, ‘ਬੰਦ ਦਰਵਾਜ਼ਾ’ ਦਾ ਮਾਸਟਰ, ‘ਉਣੀਂਦੀ ਨਦੀ’ ਦਾ ਰਿਸ਼ੀ ਅਤੇ ‘ਪੁਨਰ ਜਨਮ’ ਦਾ ਡਾਕਟਰ ਮੇਰੀਅਾਂ ਕਹਾਣੀਅਾਂ ਵਿੱਚ ਆ ਗਏ ਸਨ। ‘ਥੇਹ’, ‘ਈਵਾਨ ਇਲੀਚ ਦੀ ਦੂਜੀ ਮੌਤ’ ਅਤੇ ‘ਕੁਰੂਕਸ਼ੇਤਰ ਤੋਂ ਪਾਰ’ ਕਹਾਣੀਅਾਂ ਦੇ ਪਾਤਰ ਏਡਜ਼ ਵਾਇਰਸ ਦੇ ਮਾਰੂ ਪ੍ਰਭਾਵ ਦੀਅਾਂ ਦੁਖਾਂਤਕ ਸਥਿਤੀਅਾਂ ਭੋਗ ਚੁੱਕੇ ਸਨ। ਮੈਂ ‘ਨਸੂਰ’ ਅਤੇ ‘ਪਿੱਠ ਭੂਮੀ’ ਕਹਾਣੀਅਾਂ ਰਾਹੀਂ ਗ੍ਰਹਿ ਚਾਲਾਂ, ਤਾਰਿਅਾਂ, ਜੋਤਿਸ਼ ਤੇ ਮੰਗਲੀਕ ਬਾਰੇ ਗੱਲਾਂ ਕਰ ਲਈਅਾਂ ਸਨ।
ਮੈਂ 1993 ਤੋਂ 1995 ਤੱਕ ਜਲੰਧਰ ਰਿਹਾ ਹਾਂ। ਉਦੋਂ ਜਲੰਧਰ ਸ਼ਹਿਰ ਪੰਜਾਬੀ ਕਹਾਣੀ ਦਾ ਮਜ਼ਬੂਤ ਕੇਂਦਰ ਸੀ। ਇੱਥੇ ਦੋ ਧਡ਼ੇ ਸਨ। ਇੱਕ ਧਡ਼ਾ ਕਿਸਾਨੀ ਜੀਵਨ ਦੀਅਾਂ ਕਹਾਣੀਅਾਂ ਲਿਖਣ ’ਤੇ ਜ਼ੋਰ ਦਿੰਦਾ ਤੇ ਦੂਜਾ ਅੌਰਤ-ਮਰਦ ਦੇ ਰਿਸ਼ਤਿਅਾਂ, ਦੇਹ, ਨਾਰੀ ਤੇ ਦਲਿਤ ਵਿਸ਼ਿਅਾਂ ਨੂੰ ਉਚਿਆਉਂਦਾ। 1995 ਵਿੱਚ ਮੇਰੀਅਾਂ ਪਹਿਲੀਅਾਂ ਦੋ ਕਹਾਣੀਅਾਂ ‘ਨਚੀਕੇਤਾ ਦੀ ਮੌਤ’ ਅਤੇ ‘ਗੌਰਜਾਂ’ ਛਪੀਅਾਂ ਸਨ। ਮੈਂ ਇਨ੍ਹਾਂ ਧਡ਼ਿਅਾਂ ਦੇ ਮੁਕਾਬਲੇ ਕਈ ਨਵੇਂ ਵਿਸ਼ਿਅਾਂ ’ਤੇ ਲਿਖਣ ਦਾ ਮਨ ਬਣਾਇਆ। ਇਨ੍ਹਾਂ ਵਿੱਚੋਂ ਇੱਕ ਵਿਸ਼ਾ ਸੀ ਵਿਗਿਆਨ ਗਲਪ (Science Fiction) ਦੀਅਾਂ ਕਹਾਣੀਅਾਂ। ਜਦੋਂ ਮੈਂ ‘ਵਿਗਿਆਨ ਜੋਤ’ ਵਿੱਚ ਵਿਗਿਆਨ ਦੀਅਾਂ ਖੋਜਾਂ ਅਤੇ ਕਹਾਣੀਅਾਂ ਅਨੁਵਾਦ ਕਰਵਾ ਕੇ ਛਾਪਦਾ ਤਾਂ ਮਨ ਕਰਦਾ, ਮੈਂ ਵੀ ਇਹ ਕਹਾਣੀਅਾਂ ਲਿਖਾਂ ਪਰ ਵਿਗਿਆਨਕ ਕਹਾਣੀਅਾਂ ਲਿਖਣ ਲਈ ਵਿਗਿਆਨਕ ਭਾਸ਼ਾ, ਸ਼ੈਲੀ, ਬਿਰਤਾਂਤ, ਘਟਨਾਵਾਂ ਅਤੇ ਤੱਤਾਂ ਵਾਲਾ ਵਰਣਨ ਚਾਹੀਦਾ ਹੁੰਦਾ ਹੈ। ਇਹ ਮੇਰੇ ਕੋਲ ਨਹੀਂ ਸੀ। ਭਾਵੇਂ ਮੈਂ ਸਾਇੰਸ ਦਾ ਵਿਦਿਆਰਥੀ ਰਿਹਾ ਸੀ ਤੇ ਸਾਇੰਸ ਦਾ ਅਧਿਆਪਕ ਵੀ ਲੱਗ ਚੁੱਕਾ ਸੀ ਪਰ ‘ਵਿਗਿਆਨ ਜੋਤ’ ਦੀ ਸੰਪਾਦਨਾ ਨੇ ਮੈਨੂੰ ਇਸ ਸਭ ਕਾਸੇ ਨਾਲ ਜੋਡ਼ ਦਿੱਤਾ ਸੀ। ਮੈਂ ਵੱਖ-ਵੱਖ ਦੇਸ਼ਾਂ ਦੀਅਾਂ ਵਿਗਿਆਨ ਖੋਜ ਏਜੰਸੀਅਾਂ/ ਸੰਸਥਾਵਾਂ ਨਾਲ ਜੁਡ਼ ਗਿਆ ਸੀ। ਦੂਜੀਅਾਂ ਭਾਸ਼ਾਵਾਂ ਦਾ ਵਿਗਿਆਨ ਗਲਪ ਪਡ਼੍ਹਨ ਲੱਗ ਪਿਆ ਸੀ।
ਅਜੋਕੇ ਵਿਗਿਆਨ ਦਾ ਮੁੱਢ 1550 ਤੋਂ 1700 ਈਸਵੀ ਦੌਰਾਨ ਯੂਰਪ ’ਚ ਬੱਝਿਆ। ਇਸ ਦੌਰ ਵਿੱਚ ਜਗੀਰੂ ਆਰਥਿਕ ਪ੍ਰਬੰਧ ਦੀ ਜਗ੍ਹਾ ਸਰਮਾਏਦਾਰੀ ਦੇ ਨਵੇਂ ਪ੍ਰਬੰਧ ਨੇ ਲੈ ਲਈ ਸੀ। ਇਸ ਦੌਰ ਵਿੱਚ ਹੀ ਨਵੀਅਾਂ ਸਿਰਜਣਾਤਮਕ ਸ਼ਕਤੀਅਾਂ ਉਭਰੀਅਾਂ ਜਿਨ੍ਹਾਂ ਅਜੋਕੇ ਵਿਗਿਆਨ ਦੀ ਨੀਂਹ ਰੱਖੀ। 19ਵੀਂ ਸਦੀ ਦੇ ਅੱਧ ਤੋਂ ਬਾਅਦ ਵਿਗਿਆਨ ਗਲਪ ਦਾ ਜਨਮ ਹੁੰਦਾ ਹੈ।
ਇਹ ਗਲਪ ਦੀ ਇੱਕ ਸ਼ੈਲੀ ਹੈ ਜਿਸ ਵਿੱਚ ਕਹਾਣੀਅਾਂ ਅਕਸਰ ਭਵਿੱਖ ਦੇ ਸਮਾਜ, ਵਰਤਾਰਿਅਾਂ, ਵਿਗਿਆਨ ਅਤੇ ਤਕਨਾਲੋਜੀ ਬਾਰੇ ਦੱਸ ਪਾਉਂਦੀਅਾਂ ਹਨ। ਅੱਜ ਦੇ ਕੰਪਿਊਟਰ, ਲੇਜ਼ਰ, ਪਣਡੁੱਬੀਅਾਂ, ਰਾਡਾਰ, ਰੋਬੋਟ, ਜਹਾਜ਼, ਕਲੋਨ, ਮੋਬਾਈਲ... ਆਦਿ ਕਿਸੇ ਸਮੇਂ ਨਾਵਲਾਂ, ਕਹਾਣੀਅਾਂ ਤੇ ਫਿਲਮਾਂ ਵਿਚ ਪਡ਼੍ਹੇ, ਦੇਖੇ ਜਾਂ ਸੁਣੇ ਗਏ ਸਨ।
ਵਿਗਿਆਨ ਗਲਪ ਦੇ ਸਿਰਜਣਹਾਰਿਅਾਂ ਕੋਲ ਦੂਹਰੀ ਯੋਗਤਾ ਹੁੰਦੀ ਹੈ। ਉਨ੍ਹਾਂ ਕੋਲ ਕਿਸੇ ਘਟਨਾ, ਦੁਖਾਂਤ, ਸੁਖਾਂਤ ਜਾਂ ਵਿਚਾਰ ਨੂੰ ਆਪਣੀ ਸੰਵੇਦਨਾ ਦਾ ਹਿੱਸਾ ਬਣਾਉਣ ਦਾ ਮਨ ਅਤੇ ਅਨੁਭਵ ਹੋਣਾ ਚਾਹੀਦਾ ਹੈ। ਦੂਸਰਾ ਲੇਖਕ ਕੋਲ ਵਿਗਿਆਨ ਦਾ ਮੁੱਢਲਾ ਗਿਆਨ, ਉਦੇਸ਼, ਵਾਤਾਵਰਣ, ਭਾਸ਼ਾ, ਸ਼ੈਲੀ, ਬਿਰਤਾਂਤ ਅਤੇ ਵਿਗਿਆਨ ਦੀ ਉਚਿਤ ਤੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਭਾਰਤੀ ਲੇਖਕਾਂ ਕੋਲ ਇਸ ਦੀ ਹਮੇਸ਼ਾ ਘਾਟ ਰਹੀ ਹੈ ਕਿਉਂਕਿ ਭਾਰਤ ਧਰਮ, ਫ਼ਿਰਕਾਪ੍ਰਸਤੀ, ਚਮਤਕਾਰਾਂ ਅਤੇ ਵਰਣ ਵਿਵਸਥਾ ਦੀਅਾਂ ਨੀਂਹਾਂ ’ਤੇ ਖਡ਼੍ਹਾ ਦੇਸ਼ ਹੈ ਅਤੇ ਵਿਗਿਆਨਕ ਖੋਜਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਇਸ ਕਾਰਨ ਲੇਖਕਾਂ ਅਤੇ ਲੋਕਾਂ ਕੋਲ ਸਰਲ, ਰੌਚਕ ਤੇ ਮਾਤ ਭਾਸ਼ਾ ਵਿਚ ਵਿਗਿਆਨ ਦੇ ਸਿਧਾਂਤਾਂ, ਖੋਜਾਂ ਅਤੇ ਘਟਨਾਵਾਂ ਦੀ ਜਾਣਕਾਰੀ ਨਹੀਂ ਹੈ। ਮੈਂ ਵਿਗਿਆਨ ਕਹਾਣੀਅਾਂ ਦਾ ਸਿਰਜਕ ਬਣਨ ਲਈ ਇਸ ਸਭ ਕੁਝ ਨਾਲ ਜੁਡ਼ ਗਿਆ ਸੀ।
ਮੈਂ ਸ਼ੁਰੂ ਵਿਚ ‘ਡਾਇਨਾਸੋਰ’ ਅਤੇ ‘ਖੂਹ ਗਿਡ਼ਦਾ ਹੈ’ ਵਿਗਿਆਨਕ ਚਿੰਨ੍ਹਵਾਦ ਵਾਲੀਅਾਂ ਕਹਾਣੀਅਾਂ ਲਿਖੀਅਾਂ। ਉਦੋਂ ਕਾਰਗਿਲ ਯੁੱਧ ਦੇ ਨਾਂ ’ਤੇ ਭਾਰਤ-ਪਾਕਿਸਤਾਨ ਦੀਅਾਂ ਹਕੂਮਤਾਂ ਵੱਲੋਂ ਆਪੋ ਆਪਣੇ ਮੁਲਕ ਵਿੱਚ ਦਹਿਸ਼ਤ, ਨਫ਼ਰਤ ਅਤੇ ਜ਼ਹਿਰ ਫੈਲਾਈ ਜਾ ਰਹੀ ਸੀ। ਡਾਇਨਾਸੋਰੀ ਸੋਚ ਰਾਹੀਂ ਦੇਸ਼ ਦੇ ਮਿਹਨਤਕਸ਼ ਅਤੇ ਨੌਜਵਾਨਾਂ ਨੂੰ ਨਿਗਲਿਆ ਜਾ ਰਿਹਾ ਸੀ। ਮੈਂ ਅਜੋਕੇ ਸਮਾਜ, ਇਲੈਕਟ੍ਰੋਨਿਕ ਮੀਡੀਆ, ਫਿਲਮੀ ਅਤੇ ਸਿਆਸੀ ਖੇਤਰ ਵਿਚ ਫੈਲੇ ਪਾਖੰਡ ਅਤੇ ਫ਼ਿਰਕਾਪ੍ਰਸਤੀ ਉੱਤੇ ਤਿੱਖਾ ਵਿਅੰਗ ਕਰਨਾ ਚਾਹੁੰਦਾ ਸੀ। ਇਸ ਲਈ ਮੈਨੂੰ ‘ਡਾਇਨਾਸੋਰ’ ਕਹਾਣੀ ਦੀ ਸਿਰਜਣਾ ਕਰਨੀ ਪਈ। ਮੇਰੇ ਪਿਤਾ ਜੀ ਬਾਤ ਸੁਣਾਉਂਦੇ ਹੁੰਦੇ ਸਨ। ਇੱਕ ਬਾਦਸ਼ਾਹ ਪੰਜ ਪੀਰਾਂ ਨੂੰ ਧਿਆ ਕੇ ਉਨ੍ਹਾਂ ਕੋਲੋਂ ਪਊਏ ਲੈ ਕੇ ਉੱਡ ਪੈਂਦਾ ਹੈ ਤੇ ਟੋਪੀ ਨਾਲ ਅਦ੍ਰਿਸ਼ ਹੋ ਜਾਂਦਾ ਹੈ। ਉਹ ਦੂਜੇ ਰਾਜ ਵਿੱਚੋਂ ਸ਼ਹਿਜ਼ਾਦੀ ਨੂੰ ਲੈ ਆਉਂਦਾ ਹੈ। ਮੇਰੀ ਕਹਾਣੀ ‘ਖੂਹ ਗਿਡ਼ਦਾ ਹੈ’ ਦਾ ਪਾਤਰ ਏ.ਪੀ. ਸਿੰਘ ਇਸੇ ਬਾਤ ਦੇ ਪ੍ਰਾਜੈਕਟ ’ਤੇ ਚਿੱਪ ਅਤੇ ਕੈਪ ਦੀ ਖੋਜ ’ਤੇ ਲੱਗਾ ਹੋਇਆ ਹੈ। ਮੇਰੀ ਇਸ ਕਹਾਣੀ ਦਾ ਮੁੱਖ ਪਾਤਰ ਰੀਪੂਦਮਨ ਸਿੰਘ ਸ਼ੇਰਗਿੱਲ ਨਵ ਬਸਤੀਵਾਦ ਜਾਂ ਨਵ ਪੂੰਜੀਵਾਦ ਦੀ ਮਾਰ ਹੇਠ ਆਇਆ ਹੋਇਆ ਨਸ਼ਿਅਾਂ ਅਤੇ ਸੈਕਸ ਦਾ ਸ਼ਿਕਾਰ ਹੋਇਆ ਚਿੱਪ ਅਤੇ ਕੈਪ ਦੇ ਸੁਪਨਿਆਂ ਵਿੱਚ ਹੀ ਗੁਆਚ ਜਾਂਦਾ ਹੈ।
ਮੈਂ ‘ਕਿੳੂਟਾ-ਕਿੳੂਟਾ ਤਾਰੇ-ਤਾਰੇ,’ ‘ਅੰਨ੍ਹੇ-ਸੁਜਾਖੇ, ‘ਮੈਂ ਮਾਂ...’ ਅਤੇ ‘ਕੌਣ ਮਰਨਾ ਚਾਹੁੰਦੈ’ ਵਿਗਿਆਨ ਸੂਚਨਾਤਮਕ ਕਹਾਣੀਆਂ ਲਿਖੀਆਂ ਹਨ। ਇੰਗਲੈਂਡ ਦੇ ਜੀਵ ਭੌਤਿਕ ਵਿਗਿਆਨੀ ਡਾ. ਰੋਮਨ ਸਟਾਕਰ ਦੀ ਪਾਲਤੂ ਬਿੱਲੀ ਦੁੱਧ ਪੀਂਦੇ ਸਮੇਂ ਨਾ ਦੁੱਧ ਡੋਲ੍ਹ ਰਹੀ ਸੀ, ਨਾ ਖਿਲਾਰ ਰਹੀ ਸੀ ਤੇ ਨਾ ਮੁੱਛਾਂ ਗਿੱਲੀਆਂ ਕਰ ਰਹੀ ਸੀ। ਉਸ ਨੇ ਇਸ ਘਟਨਾ ’ਤੇ ਖੋਜ ਕਰ ਕੇ ਇਸ ਨੂੰ ਜਡ਼੍ਹਤਾ ਦੇ ਸਿਧਾਂਤ ਨਾਲ ਜੋਡ਼ਿਆ ਸੀ। ਮੈਂ ਬਿੱਲੀ ਕਿੳੂਟਾ ਤੇ ਕੁੱਤੇ ਟਫ਼ੀ (ਕੁੱਤਾ ਦੁੱਧ ਡੋਲ੍ਹਦਾ ਵੀ ਹੈ, ਖਿਲਾਰਦਾ ਵੀ ਹੈ ਤੇ ਲਿਬਡ਼ਦਾ ਵੀ ਹੈ) ਰਾਹੀਂ ੲਿਸ ਸਿਧਾਂਤ ਨੂੰ ਸਿੱਧ ਕਰਨ ਲਈ ‘ਕਿੳੂਟਾ-ਕਿੳੂਟਾ ਤਾਰੇ-ਤਾਰੇ’ ਕਹਾਣੀ ਜੋਡ਼ੀ ਸੀ। ਉਦੋਂ ਕਲੋਨ ਦੀ ਨਵੀਂ ਖੋਜ ਹੋਈ ਸੀ। ਮੈਂ ਇੰਗਲੈਂਡ ਤੋਂ ਆਏ ਇੱਕ ਰਿਸ਼ਤੇਦਾਰ ਨੂੰ ਮਿਲਣ ਗਿਆ। ਉਸ ‘ਵਿਗਿਆਨ ਜੋਤ’ ਦਾ ਕਲੋਨ ਵਾਲਾ ਅੰਕ ਦੇਖ ਕੇ ਪੁੱਛਿਆ, ‘‘ਇਹ ਪਰਚਾ ਕਿਉਂ ਸ਼ੁਰੂ ਕੀਤਾ?’’ ਮੈਂ ਕਿਹਾ, ‘‘ਵਿਗਿਆਨ ਨੂੰ ਘਰ-ਘਰ ਪਹੁੰਚਾਉਣਾ ਚਾਹੁੰਦੇ ਹਾਂ।’’ ੳੁਹ ਹੱਸ ਕੇ ਬੋਲਿਆ, ‘‘1960 ਤੋਂ ਪਹਿਲਾਂ ਸਾਡੇ ਪਿੰਡ ਵਾਲਿਆਂ ਨੇ ਕੋਈ ਔਰਤ ਸਾਈਕਲ ਚਲਾਉਂਦੀ ਨਹੀਂ ਦੇਖੀ ਸੀ। ਇੱਕ ਦਿਨ ਪਿੰਡ ਵਿੱਚ ਰੌਲਾ ਪੈ ਗਿਆ ਕਿ ਸਾਡੀ ਸਕੂਲ ਵਾਲੀ ਭੈਣਜੀ ਸਾਈਕਲ ’ਤੇ ਪਡ਼੍ਹਾਉਣ ਆਈ ਹੈ। ਛੁੱਟੀ ਵੇਲੇ ਸਾਰਾ ਪਿੰਡ ਸਾਈਕਲ ਚਲਾਉਂਦੀ ਭੈਣਜੀ ਨੂੰ ਦੇਖਣ ਗਿਆ। ਦਰਵਾਜ਼ੇ ਕੋਲ ਸਾਡਾ ਇੱਕ ਸੌ ਦੋ ਸਾਲ ਦਾ ਬਾਬਾ ਜੋ ਨਜ਼ਰ ਤੋਂ ਵਿਹੂਣਾ ਸੀ, ਬੈਠਾ ਸੀ। ਉਹ ਮੰਨਿਆ ਹੀ ਨਹੀਂ ਕਿ ਔਰਤ ਸਾਈਕਲ ਚਲਾ ਸਕਦੀ ਹੈ। ਇਸ ਦੇਸ਼ ਦੇ ਲੋਕਾਂ ਤੋਂ ਤੁਸੀਂ ਵਿਗਿਆਨ ਦੀ ਆਸ ਨ੍ਹੀਂ ਰੱਖ ਸਕਦੇ।’’ ਇਹੀ ਕਹਾਣੀ ਮੈਂ ਕਲੋਨ ਨੂੰ ਲੈ ਕੇ ‘ਅੰਨ੍ਹੇ-ਸੁਜਾਖੇ’ ਲਿਖੀ।
ਵਿਦੇਸ਼ ਵਿੱਚ ਮੇਰੇ ਇੱਕ ਮਿੱਤਰ ਦੇ ਬੇਟੇ ਦੀ ਬਰੇਨ ਡੈੱਥ ਹੋਈ ਸੀ। ਮੈਂ ਅੰਗ ਟਰਾਂਸਪਲਾਂਟ ਅਤੇ ਦਾਨ ਕਰਨ ਨੂੰ ਲੈ ਕੇੇ ‘ਕੌਣ ਮਰਨਾ ਚਾਹੁੰਦੈ’ ਕਹਾਣੀ ਸਿਰਜੀ ਸੀ। ਇਨ ਵਿਟਰੋ ਫਰਟੇਲਾਈਜੇਸ਼ਨ ਤਕਨੀਕ ਨਾਲ ਬੱਚੇ ਦੀ ਪੈਦਾਇਸ਼ ਅਤੇ ਸਰੋਗੇਸੀ ਬਾਰੇ ‘ਮੈਂ ਮਾਂ...’ ਕਹਾਣੀ ਲਿਖੀ ਸੀ। ਦਰਅਸਲ, ਮੈਂ ਮਮਤਾ, ਸਿਹਤ, ਪ੍ਰੈਗਨੈਂਸੀ ਤੇ ਸਰੋਗੇਸੀ ਦੇ ਨਾਂ ’ਤੇ ਲੁੱਟ ਕਰ ਰਹੀਆਂ ਕੰਪਨੀਆਂ ਅਤੇ ਮੈਡੀਕਲ ਖੇਤਰ ਦੀ ਗੈਰ-ਸੰਵੇਦਨਸ਼ੀਲਤਾ ਨੂੰ ਫਡ਼ਨਾ ਚਾਹੁੰਦਾ ਸੀ।
‘ਦਿੱਲੀ ਦੇ ਕਿੰਗਰੇ’, ‘ਕਬਰ ’ਚ ਦਫ਼ਨ ਹਜ਼ਾਰ ਵਰ੍ਹੇ’ ਅਤੇ ‘ਦਿ ਲੈਨਿਨਜ਼ ਫਰੌਮ ਕਲੋਨ ਵੈਲੀ’ ਜਿਹੀਆਂ ਵਿਗਿਆਨ ਗਲਪ ਦੀਆਂ ਕਹਾਣੀਆਂ ਦੀ ਸਿਰਜਣਾ ਮੇਰੇ ਕੋਲੋਂ ਸਹਿਜ ਸੁਭਾਅ ਹੋ ਗਈ। ਮੈਂਂ ਗ਼ਦਰੀ ਬਾਬਾ ਬੂਝਾ ਸਿੰਘ ਅਤੇ ਕ੍ਰਾਂਤੀਕਾਰੀ ਯੋਧੇ ਦਰਸ਼ਨ ਦੁਸਾਂਝ ਦੀਆਂ ਜੀਵਨੀਆਂ ਲਿਖੀਆਂ। ਇਹ ਕੁਰਬਾਨੀ ਵਾਲੇ ਸ਼ਖ਼ਸ ਸਨ। ਮੈਂ ਇਨ੍ਹਾਂ ’ਤੇ ਕਹਾਣੀ ਵੀ ਲਿਖਣੀ ਚਾਹੁੰਦਾ ਸੀ। ਪੁਲੀਸ ਦੁਸਾਂਝ ਕੋਲੋਂ ਖ਼ੁਫ਼ੀਆ ਜਾਣਕਾਰੀ ਲੈਣ ਲਈ ਉਸ ਨੂੰ ਕੁੱਟ-ਕੁੱਟ ਕੇ ਅਧਮੋਇਆ ਕਰ ਦਿੰਦੀ ਹੈ। ਫੇਰ ‘ਨਾਸਾ’ ਦੀ ਟੀਮ ਉਸ ਦੇ ਦਿਮਾਗ਼ ਦੇ ਚੇਤਾ ਸਾਂਭਣ ਵਾਲੇ ਹਿੱਸੇ ਵਿੱਚੋਂ ਆਰਐੱਨੲੇ ਕੱਢ ਕੇ ਪੁਲੀਸ ਦੇ ਵਲੰਟੀਅਰ ਦੇ ਦਿਮਾਗ਼ ਵਿੱਚ ਪਾਉਂਦੀ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਰਸਾਇਣੀ ਭਾਸ਼ਾ ਦਾ ਅਨੁਵਾਦ ਹੋ ਜਾਵੇਗਾ ਤੇ ਕ੍ਰਾਂਤੀਕਾਰੀਆਂ ਦੀ ਜਾਣਕਾਰੀ ਲੈ ਲਈ ਜਾਵੇਗੀ। ਦਰਅਸਲ, ਇਹ ਕਹਾਣੀ ਮੈਂ ਇਨਕਲਾਬੀਆਂ ਦੇ ਅਕੀਦੇ, ਨਾ ਲਿਫਣ ਵਾਲੀ ਭਾਵਨਾ ਤੇ ਕੁਰਬਾਨੀ ਨੂੰ ਕੇਂਦਰ ਵਿੱਚ ਰੱਖ ਕੇ ਲਿਖੀ ਹੈ।
ਮੈਂ ‘ਵਿਗਿਆਨ ਜੋਤ’ ਵਿੱਚ ਇੱਕ ਖ਼ਬਰ ਲਾਈ ਸੀ ਕਿ ਭਵਿੱਖ ਵਿੱਚ ਵਿਗਿਆਨੀ ਮਨੁੱਖ ਦੀ ਉਮਰ ਹਜ਼ਾਰ ਵਰ੍ਹੇ ਕਰ ਦੇਣਗੇ। ਕਈ ਵਰ੍ਹੇ ਪਹਿਲਾਂ ਫ਼ਿਰਕੂ ਟੋਲੇ ਦੇ ਕਾਰਕੁੰਨ ਨੇ ਉਡ਼ੀਸਾ ਵਿੱਚ ਇੱਕ ਇਸਾਈ ਮਿਸ਼ਨਰੀ ਤੇ ਉਸ ਦੇ ਪੁੱਤਰ ਨੂੰ ਅੱਗ ਲਾ ਕੇ ਸਾਡ਼ ਦਿੱਤਾ ਸੀ। ਮੈਂ ਇਸ ਅਮਾਨਵੀ ਕਾਰੇ ’ਤੇ ਕਹਾਣੀ ਲਿਖਣਾ ਚਾਹੁੰਦਾ ਸੀ। ਜਦੋਂ ਅਸੀਂ ਹਜ਼ਾਰ ਵਰ੍ਹੇ ਉਮਰ ਕਰਨ ਦੀ ਖ਼ਬਰ ਛਾਪੀ, ਮੈਂ ਇਸਾਈ ਮਿਸ਼ਨਰੀ ਦੀ ਜਗ੍ਹਾ ਪਰੀਆਂ ਵਰਗੀ ਖ਼ੂਬਸੂਰਤ ਮੁਸਲਿਮ ਲਡ਼ਕੀ ਆਰਸੀ ਸ਼ਾਹ ਲਈ ਸੀ। ‘ਕਬਰ ’ਚ ਕਫ਼ਨ ਹਜ਼ਾਰ ਵਰ੍ਹੇ’ ਮਨੁੱਖ ਦੀ ਚਿਰ ਕਾਲ ਤੋਂ ਜ਼ਿੰਦਾ ਰਹਿ ਸਕਣ ਦੀ ਖ਼ੁਆਹਿਸ਼ ਪਰ ਫ਼ਿਰਕੂ ਜਨੂੰਨੀਆਂ ਵੱਲੋਂ ਹਮੇਸ਼ਾਂ ਵਿਗਿਆਨ ਦੇ ਰਾਹ ਵਿੱਚ ਰੋਡ਼ਾ ਬਣਨ ਦੀ ਕਹਾਣੀ ਲਿਖ ਸਕਿਆਂ ਹਾਂ।
ਅਸੀਂ ਲਗਾਤਾਰ ਕਲੋਨ ’ਤੇ ਖ਼ਬਰਾਂ ਛਾਪ ਰਹੇ ਸਾਂ। ਮੈਂ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਵਰਿੰਦਰ ਸਰੀਨ ਅਤੇ ਵਿਦਿਆਰਥੀ ਆਗੂ ਰੁਪਿੰਦਰ ਸਿੰਘ ਮਾਹਿਲ ਨੂੰ ‘ਵਿਗਿਆਨ ਜੋਤ’ ਦੀਆਂ ਕਾਪੀਆਂ ਭੇਟ ਕੀਤੀਆਂ। ਪੱਤਰਕਾਰ ਸਰੀਨ ਵਿਦਿਆਰਥੀ ਆਗੂ ਨੂੰ ਕਹਿਣ ਲੱਗਾ, ‘‘ਕਾਮਰੇਡੋ, ਹੁਣ ਤੁਹਾਡੇ ਤੋਂ ਭਾਰਤ ਵਿੱਚ ਇਨਕਲਾਬ ਨਹੀਂ ਹੋਣਾ। ਲੈਨਿਨ ਤੇ ਮਾਓ ਦੇ ਕੱਦ ਕਾਠ ਦਾ ਤੁਹਾਡੇ ਕੋਲ ਕੋਈ ਲੀਡਰ ਨਹੀਂ ਹੈ। ਮਾਸਕੋ ਵਿੱਚ ਲੈਨਿਨ ਦੀ ਡੈੱਡ ਬੌਡੀ ਪੲੀ ਹੈ, ੳੁਸ ਤੋਂ ਸੈਂਪਲ ਲੈ ਕੇ ਲੈਨਿਨ ਦਾ ਕਲੋਨ ਬਣਾ ਲਵੋ। ਫਿਰ ਕਲੋਨ ਤੋਂ ਇਨਕਲਾਬ ਕਰਵਾ ਲੈਣਾ।’’ ਮੇਰੀ ਕਹਾਣੀ ‘ਦਿ ਲੈਨਿਨਜ਼ ਫਰੌਮ ਕਲੋਨ ਵੈਲੀ’ ਦੇ ਵਿਗਿਆਨੀ ਡਾ. ਸਮਰੱਥ ਤੇ ਡਾ. ਦਾਅਰੀਨ ਲੈਨਿਨ ਦੇ ਮਡ਼ੰਗੇ ਤੇ ਕੱਦ ਕਾਠ ਵਾਲੇ ਤਿੰਨ ਕਲੋਨ ਤਿਆਰ ਕਰ ਲੈਂਦੇ ਹਨ। ਦਰਅਸਲ, ਇਹ ਕਹਾਣੀ ਕਲੋਨਿੰਗ ਤੇ ਜੈਨੇਟਿਕ ਜੋਡ਼ ਤੋਡ਼ ਦੇ ਚੰਗੇ ਮੰਦੇ ਪ੍ਰਭਾਵਾਂ ਅਤੇ ਚਿਰ ਕਾਲ ਤੋਂ ਇਨਕਲਾਬ ਕਰਨ ਦੀ ਤਾਂਘ ਨੂੰ ਦਰਸਾਉਂਦੀ ਹੈ। ਅਜੇ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਕਹਾਣੀਆਂ ਦਾ ਰਚਨਾਤਮਕ ਅਤੇ ਪਡ਼੍ਹਾਈ ਦਾ ਕੰਮ ਮੁੱਢਲੇ ਪਡ਼ਾਅ ਉੱਤੇ ਹੈ। ਉਮੀਦ ਹੈ ਪੰਜਾਬੀ ਵਿਗਿਆਨ ਗਲਪ ਦਾ ਭਵਿੱਖ ਚੰਗੇਰਾ ਹੀ ਹੋਵੇਗਾ।
ਸੰਪਰਕ: 94630-63990