For the best experience, open
https://m.punjabitribuneonline.com
on your mobile browser.
Advertisement

ਮੈਂ ਮਨੁੱਖ ਅੰਦਰਲੇ ਅਣਕਿਆਸੇ ਯੁੱਧਾਂ ਬਾਰੇ ਹੀ ਕਿਉਂ ਲਿਖਦਾ ਹਾਂ?

07:21 AM Dec 31, 2023 IST
ਮੈਂ ਮਨੁੱਖ ਅੰਦਰਲੇ ਅਣਕਿਆਸੇ ਯੁੱਧਾਂ ਬਾਰੇ ਹੀ ਕਿਉਂ ਲਿਖਦਾ ਹਾਂ
Advertisement

ਦੀਪ ਦੇਵਿੰਦਰ ਸਿੰਘ

Advertisement

ਸੁਖ਼ਨ ਭੋਇੰ 41

ਜਦੋਂ ਕੁ ਜਿਹੇ ਹੋਸ਼ ਸੰਭਾਲੀ ਘਰ ’ਚ ਗੁਰਬਤ ਸੀ। ਬਾਪ ਸ਼ਹਿਰ ਰਾਜ ਮਿਸਤਰੀ ਦਾ ਕੰਮ ਕਰਨ ਜਾਂਦਾ ਸੀ। ਘਰ ’ਚ ਬਹੁਤੀ ਵਾਰੀ ਰਾਤ ਦੀ ਰੋਟੀ ਬਾਪ ਦੇ ਆਇਆਂ ਪੱਕਦੀ ਸੀ। ਮਾਂ ਸਾਨੂੰ ਡੂੰਘੇ ਖਾਓ-ਪੀਏ ਬਾਪ ਦਾ ਰਾਹ ਵੇਖਣ ਭੇਜਦੀ। ਅਸੀਂ ਟੇਸ਼ਨ ਵੱਲੋਂ ਪਿੰਡ ਨੂੰ ਆਉਂਦੇ ਕੱਚੇ ਪਹੇ ਵੱਲ ਅੱਡੀਆਂ ਚੁੱਕ-ਚੁੱਕ ਦੂਰ ਤੀਕ ਝਾਕਣ ਦੀ ਕੋਸ਼ਿਸ਼ ਕਰਦੇ। ਹਨੇਰੇ ਦੇ ਸੰਘਣੇ ਹੁੰਦੇ ਜਾ ਰਹੇ ਖਲਾਅ ’ਚੋਂ ਕੁਝ ਵੀ ਨਜ਼ਰੀਂ ਨਾ ਪੈਂਦਾ। ਹਨੇਰੇ ਵੱਲ ਝਾਕਦਿਆਂ ਸਾਨੂੰ ਖ਼ੌਫ਼ ਆਉਣ ਲੱਗਦਾ। ਸਹਿਜ-ਸਹਿਜ ਖਿਸਕਦੇ ਅਸੀਂ ਇੱਕ-ਦੂਜੇ ਦੇ ਨੇੜੇ ਹੋਣ ਲੱਗਦੇ ਤਾਂ ਡਰ ਅਤੇ ਸਹਿਮ ਨਾਲ ਸਾਡੀਆਂ ਅੱਖਾਂ ਮਿਟਣ ਲੱਗਦੀਆਂ ਤੇ ਫਿਰ ਬਿਨਾਂ ਕਿਸੇ ਨੂੰ ਉਡੀਕਿਆਂ ਪਿੰਡ ਵੱਲ ਸ਼ੂਟ ਵੱਟ ਲੈਂਦੇ ਸਾਂ। ਘਰ ਆ ਕੇ ਵੀ ਸਾਰੇ ਟੱਬਰ ਦਾ ਧਿਆਨ ਸ਼ਹਿਰ ਗਏ ਕਮਾਊ ਦੇ ਸਾਈਕਲ ਦੀ ਗਲੀ ’ਚੋਂ ਆਉਂਦੀ ਬਿੜਕ ਵੱਲ ਹੀ ਰਹਿੰਦਾ ਸੀ।
ਘਰ ਦੀ ਤੰਗੀ-ਤੁਰਸ਼ੀ ਕਰਕੇ ਕਈ ਵਾਰੀ ਮਾਂ ਪਿੰਡ ’ਚ ਫੇਰੀ ਲਾਉਣ ਆਉਂਦੇ ਕਿਸੇ ਭਾਈ ਕੋਲੋਂ ਉਧਾਰ-ਸੁਧਾਰ ਕੱਪੜਾ-ਲੱਤਾ ਲੈ ਲੈਂਦੀ। ਫੇਰੀ ਵਾਲਾ ਅੱਠੀਂ-ਦਸੀਂ ਦਿਨੀਂ ਫਿਰ ਗੇੜਾ ਮਾਰਦਾ ਤਾਂ ਮਾਂ ਪਿਛਲੇ ਅੰਦਰ ਲੁਕ ਕੇ ਬੈਠ ਜਾਂਦੀ ਅਤੇ ਕਹਿੰਦੀ ‘ਭਾਈ ਨੂੰ ਕਿਹੋ ਬੀਬੀ ਘਰ ਨਹੀਂ ਐ’। ਅਸੀਂ ਹੈਰਾਨ ਹੁੰਦੇ। ਬੀਬੀ ਚੰਗੀ ਭਲੀ ਤਾਂ ਘਰ ਹੈ। ਇੰਝ ਝੂਠ ਕਿਉਂ ਬੋਲਦੀ ਹੈ।
ਯਾਰ ਦੋਸਤ ਅਕਸਰ ਪੁੱਛਦੇ ਹਨ, ਤੇਰੀਆਂ ਕਹਾਣੀਆਂ ’ਚ ਅੱਲ੍ਹੜ ਜਿਹੀ ਉਮਰ ਦਾ ਬੱਚਾ ਕਿੰਝ ਅਛੋਪਲੇ ਜਿਹੇ ਆਣ ਵੜਦਾ ਜਿਹੜਾ ਘਰ ਦੀਆਂ ਲੋੜਾਂ-ਥੁੜ੍ਹਾਂ ਦੀਆਂ ਗੱਲਾਂ ਕਰਦਾ; ਮਾਂ-ਬਾਪ ਦੇ ਓਹਲੇ ਵਾਲੀਆਂ ਗੱਲਾਂ ਛੇੜਦਿਆਂ ਘਰ ਅੰਦਰਲੀਆਂ ਛੋਟੀਆਂ ਮੋਟੀਆਂ ਲੜਾਈਆਂ-ਭੜਾਈਆਂ ਬਿਆਨਦਾ ਹੈ। ਮੈਂ ਕਹਿੰਦਾ ਹਾਂ, ‘‘ਯਾਰ, ਬੰਦਾ ਜੋ ਮਰਜ਼ੀ ਕਹੇ ਬਿਆਨ ਤਾਂ ਉਹ ਆਪਣਾ ਜਾਂ ਆਪਣਿਆਂ ਦਾ ਹੀ ਕਰ ਰਿਹਾ ਹੁੰਦਾ ਏ।’’
ਘਰ ਦੀਆਂ ਮਜਬੂਰੀਆਂ ਕਰਕੇ ਮੈਂ ਪੜ੍ਹਨ ਲਿਖਣ ਦੀ ਉਮਰੇ ਬਾਪ ਨਾਲ ਕੰਮ ’ਤੇ ਪੈ ਗਿਆ ਸਾਂ। ਉਸ ਵੇਲੇ ਮੇਰੇ ਕੋਲੋਂ ਦੋ ਹੱਥਾਂ ਨਾਲ ਵੀ ਇੱਟ ਨਾ ਚੁੱਕੀ ਜਾਂਦੀ। ਮੈਨੂੰ ਚੇਤੇ ਹੈ, ਜੂਨ ਦਾ ਮਹੀਨਾ ਸੀ ਤੇ ਗਰਮੀ ਵੀ ਉਸ ਵਰ੍ਹੇ ਅਤਿ ਦੀ ਪਈ ਸੀ। ਬਾਪ ਨਾਲ ਕੰਮ ਕਰਦਿਆਂ ਸਿਖ਼ਰ ਦੁਪਹਿਰੇ ਗਰਮੀ ਹੱਥੋਂ ਮੇਰੀ ਹਾਰ ਹੋ ਜਾਂਦੀ। ਬਾਪ ਆਪ ਧੁੱਪ ਵੱਲ ਹੋ ਜਾਂਦਾ, ਮੈਨੂੰ ਛਾਂ ਵਾਲੇ ਪਾਸੇ ਕਰਦਾ। ਉਹ ਕਈ ਵਾਰ ਮੇਰੇ ਹਿੱਸੇ ਦੀਆਂ ਇੱਟਾਂ ਲਾਉਂਦਾ ਤੇ ਮੈਨੂੰ ਮੁੜ-ਮੁੜ ਸਹਿਜ ਰਹਿਣ ਲਈ ਕਹਿੰਦਾ ਹੁੰਦਾ ਸੀ। ਉਹੋ ਸਹਿਜਤਾ ਹਮੇਸ਼ਾਂ ਮੇਰੇ ਅੰਗ-ਸੰਗ ਰਹੀ ਹੈ। ਬੋਲਣ ਚਾਲਣ ਵੇਲੇ, ਲਿਖਣ ਵੇਲੇ ਅਤੇ ਛਪਣ ਵੇਲੇ ਮੈਂ ਹਮੇਸ਼ਾਂ ਸਹਿਜ ਰਹਿਣ ਦੀ ਕੋਸ਼ਿਸ਼ ਕਰਦਾ ਹਾਂ।
ਉਦੋਂ ਕਿਤੇ ਤੀਜੀ-ਚੌਥੀ ਜਮਾਤ ’ਚ ਪੜ੍ਹਦਾ ਸਾਂ ਮੈਂ, ਜਦੋਂ ਸਾਡਾ ਮਾਮਾ ਰੋਜ਼ੀ-ਰੋਟੀ ਦੀ ਭਾਲ ’ਚ ਵਿਦੇਸ਼ ਚਲਾ ਗਿਆ। ਉਹਦੀ ਕਿਤੇ ਵਰ੍ਹੇ ਛਿਮਾਹੀ ਚਿੱਠੀ ਆਉਂਦੀ ਸੀ ਜਿਹਦੀ ਮਾਂ ਨੂੰ ਬਹੁਤ ਉਡੀਕ ਰਹਿੰਦੀ ਸੀ। ਜਦੋਂ ਕਦੇ ਚਿੱਠੀ ਆਉਂਦੀ, ਉਹਦਾ ਚਾਅ ਸਾਂਭਿਆ ਨਾ ਜਾਂਦਾ। ਉਹ ਹੁੱਬ-ਹੁੱਬ ਕੇ ਆਂਢ-ਗੁਆਂਢ ਦੀਆਂ ਔਰਤਾਂ ਨੂੰ ਭਰਾ ਦੀ ਰਾਜ਼ੀ-ਖ਼ੁਸ਼ੀ ਦੱਸਦੀ। ਫਿਰ ਉਹ ਜਵਾਬ ਦੇਣ ਲਈ ਮੇਰੇ ਤੋਂ ਚਿੱਠੀ ਲਿਖਵਾਉਂਦੀ। ਉਹਦੀਆਂ ਲਿਖਣ ਵਾਲੀਆਂ ਖਿੰਡਰੀਆਂ-ਪੁੰਡਰੀਆਂ ਕਈ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਮੈਂ ਹਰਫ਼-ਹਰਫ਼ ਇਕੱਠਾ ਕਰਦਿਆਂ ਛੋਟੇ-ਛੋਟੇ ਵਾਕਾਂ ’ਚ ਸਮੇਟਣ ਦੀ ਕੋਸ਼ਿਸ਼ ਕਰਦਾ। ਚਿੱਠੀ ਦਾ ਵਰਕਾ ਮੁੱਕ ਜਾਂਦਾ, ਪਰ ਬੀਬੀ ਦੀਆਂ ਕਹੀਆਂ ਅਣਕਹੀਆਂ ਗੱਲਾਂ ਹਰ ਵਾਰੀ ਰਹਿ ਜਾਂਦੀਆਂ ਜਿਨ੍ਹਾਂ ਨੂੰ ਮੈਂ ਆਪਣੀਆਂ ਸੋਚਾਂ ਦੇ ਕਲਾਵੇ ’ਚ ਭਰਨ ਦੀ ਕੋਸ਼ਿਸ਼ ਕਰਦਾ। ਉਹੀ ਗੱਲਾਂ ਮੇਰੇ ਦਿਮਾਗ਼ ਦੇ ਕਿਸੇ ਖੂੰਜੇ ’ਚ ਜਮ੍ਹਾਂ ਹੁੰਦੀਆਂ ਗਈਆਂ ਤੇ ਇਨ੍ਹਾਂ ਗੱਲਾਂ ਨੇ ਹੀ ਕਾਗਜ਼-ਕਲਮ ਨਾਲ ਮੇਰੇ ਅਦਬੀ ਰਿਸ਼ਤੇ ਦਾ ਮੁੱਢ ਬੰਨ੍ਹਦਿਆਂ ਮੈਨੂੰ ਕਹਾਣੀ ਦੇ ਲੜ ਲਾਇਆ।
ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿੱਚ ਇੱਕ ਵੇਰਾਂ ਡਾ. ਪਰਮਿੰਦਰ ਨੇ ਕਹਾਣੀ ਗੋਸ਼ਟੀ ਸਮੇਂ ਬੋਲਦਿਆਂ ਕਿਹਾ ਸੀ ਕਿ ‘ਮੈਨੂੰ ਪਤੈ ਕਿ ਦੀਪ ਨੇ ਕਹਾਣੀ-ਸ਼ਾਸਤਰ ਨਹੀਂ ਪੜ੍ਹਿਆ। ਮੇਰੀ ਸਲਾਹ ਹੈ ਕਿ ਇਹਨੂੰ ਹੁਣ ਪੜ੍ਹਨਾ ਵੀ ਨਹੀਂ ਚਾਹੀਦਾ ਕਿਉਂਕਿ ਇਹਦੀਆਂ ਕਹਾਣੀਆਂ ਦੇ ਜਿਹੜੇ ਪਾਤਰ ਆਰਥਿਕ-ਮੰਦਹਾਲੀ ਹੰਢਾਉਂਦੇ ਮਾਨਵੀ ਜੀਵਨ ਦੇ ਕੱਚ-ਸੱਚ ਨੂੰ ਬਿਆਨਦੇ ਹਨ, ਉਨ੍ਹਾਂ ਨੂੰ ਕਹਾਣੀ ਸ਼ਾਸਤਰ ਦੇ ਘੇਰੇ ’ਚ ਨਹੀਂ ਬੰਨ੍ਹਿਆ ਜਾ ਸਕਦਾ।’
ਮੇਰੇ ਕਹਾਣੀ ਘੜਨ ਦੇ ਸਰੋਤ ਆਮ ਲੋਕ ਹੁੰਦੇ ਹਨ। ਮੈਂ ਜਦੋਂ ਵੀ ਨਵੀਂ ਕਹਾਣੀ ਬਾਰੇ ਸੋਚ ਰਿਹਾ ਹੁੰਦਾ ਹਾਂ ਤਾਂ ਮੈਂ ਆਪਣੇ ਜਾਣਕਾਰਾਂ ਨਾਲ ਉਸ ਵਿਸ਼ੇ ਬਾਰੇ ਢੇਰ ਗੱਲਾਂ ਕਰਦਾ ਹਾਂ। ਉਹੋ ਜਿਹੇ ਵਰਤਾਰਿਆਂ ਨੂੰ ਨੇੜਿਉਂ ਫੜਨ ਦੀ ਕੋਸ਼ਿਸ਼ ਵੀ ਕਰਦਾ ਹਾਂ। ਮਿਸਾਲ ਦੇ ਤੌਰ ’ਤੇ ‘ਪਰਿਕਰਮਾ’ ਕਹਾਣੀ ਵੇਲੇ ਮੈਂ ਬੈਂਡ ਵਾਜਿਆਂ ਵਾਲਿਆਂ ਦੀ ਜੀਵਨ ਸ਼ੈਲੀ ਨੂੰ ਨੇੜਿਉਂ ਸਮਝਣ ਲਈ ਉਨ੍ਹਾਂ ਦੇ ਚੁਬਾਰੇ ਗਾਹੁੰਦਾ ਰਿਹਾ। ਸੜਕੇ-ਸੜਕੇ ਜਾ ਰਹੀ ਬਰਾਤ ਦੇ ਨਾਲ-ਨਾਲ ਤੁਰਦਾ ਸਾਂ। ਛੁਣਛੁਣੇ ਵਜਾਉਂਦੇ ਮੁੰਡਿਆਂ ਦੀਆਂ ਬਾਹਾਂ ਦਾ ਤਾਲ ਤੇ ਚਿਹਰੇ ਦੇ ਹਾਵ-ਭਾਵ ਨੂੰ ਨੇੜਿਉਂ ਤੱਕਦਾ ਸਾਂ। ਜਿਨ੍ਹਾਂ ਦਿਨਾਂ ਵਿੱਚ ਮੈਂ ‘ਰੁੱਤ ਫਿਰੀ ਵਣ ਕੰਬਿਆ’ ਕਹਾਣੀ ਦੀ ਸਿਰਜਣ ਪ੍ਰਕਿਰਿਆ ਦੇ ਆਹਰ ਵਿੱਚ ਸਾਂ ਤਾਂ ਮੈਂ ਗੂੰਗੀ ਔਰਤ ਦੇ ਪਾਤਰ ਨੂੰ ਪੂਰੀ ਤਰ੍ਹਾਂ ਸਮਝਣ ਲਈ ਜ਼ੁਬਾਨੋਂ ਆਹਰੀ ਅੱਧਖੜ ਉਮਰ ਦੀਆਂ ਔਰਤਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਕਿ ਅਜਿਹੀਆਂ ਔਰਤਾਂ ਆਪਣੇ ਘਰ ਪਰਿਵਾਰ, ਗਲੀ-ਗੁਆਂਢ ਅਤੇ ਕੁੜਮਾਚਾਰੀ ’ਚ ਕਿਵੇਂ ਵਿਚਰਦੀਆਂ ਹਨ।
ਮੇਰਾ ਕੋਈ ਮਰਿਆ ਨਹੀਂ ਹੁੰਦਾ। ਮੈਂ ਫਿਰ ਵੀ ਆਪਣੇ ਸ਼ਹਿਰ ਵਿਚਲੇ ਮਸਾਣਾਂ ਵਿੱਚ ਅਕਸਰ ਜਾ ਵੜਦਾ ਹਾਂ। ਵੱਖ-ਵੱਖ ਥੜ੍ਹਿਆਂ ’ਤੇ ਲਟ-ਲਟ ਮੱਚਦੇ ਸਿਵਿਆਂ ਨੂੰ ਵੇਖਦਾ ਹਾਂ। ਬਲਦੀਆਂ ਚਿਖ਼ਾਵਾਂ ਵਿੱਚੋਂ ਉੱਠਦਾ ਘਸਮੈਲਾ ਜਿਹਾ ਧੂੰਆਂ ਵਿੰਗੇ-ਟੇਢੇ ਰਾਹ ਬਣਾਉਂਦਿਆਂ ਦੂਰ ਉੱਚੇ ਅੰਬਰਾਂ ਦੇ ਖਲਾਅ ’ਚ ਕਿਧਰੇ ਗੁੰਮ ਗਵਾਚ ਰਿਹਾ ਹੁੰਦਾ। ਅਮੀਰ-ਗ਼ਰੀਬ, ਊਚ-ਨੀਚ, ਜਾਤ-ਬਿਰਾਦਰੀ, ਵੱਡੇ-ਛੋਟੇ ਸਭ ਇਸ ਧੂੰਏ ਦੇ ਬੱਦਲਾਂ ’ਚ ਸਾਂਝੇ ਤੌਰ ’ਤੇ ਸਿਮਟਦੇ ਵਿਖਾਈ ਦਿੰਦੇ ਹਨ। ਥੜ੍ਹਿਆਂ ਦੇ ਆਸ-ਪਾਸ ਸਿਰਾਂ ’ਤੇ ਲਏ ਚਿੱਟੇ ਲੀੜਿਆਂ ਵਾਲੀਆਂ ਦੇ ਕੀਰਨੇ ਤੇ ਰੋਣ-ਧੋਣ ਵਿੱਚੋਂ ਮੈਨੂੰ ਕਦੇ ਆਪਣੀ ਕਹਾਣੀ ‘ਗੰਢਾਂ’ ਵਿਚਲੇ ਫ਼ੌਜੀ ਰਤਨ ਸਿਹੁੰ ਤੇ ਕਦੇ ‘ਵੇਲਾ-ਕੁਵੇਲਾ ਵਾਲੇ ਬਾਪੂ ਚਰਨ ਸਿਹੁੰ ਦੀ ਤੇ ਕਦੇ ‘ਓੜਕਿ ਸਚਿ ਰਹੀ’ ਵਾਲੇ ਭਾਪੇ ਦੀ ਮੱਚਦੀ ਚਿਖ਼ਾ ਵਿਖਾਈ ਦਿੰਦੀ ਹੈ।
ਕਹਾਣੀਕਾਰ ਜਿੰਦਰ ਫੋਨ ਉੱਤੇ ਲੰਮੀਆਂ ਗੱਲਾਂ ਕਰਦਿਆਂ ਕਈ ਵਾਰ ਕਹਿਣ ਲੱਗ ਜਾਊ, ‘‘ਬੱਲਿਆ, ਮੈਨੂੰ ਇਕ ਸਮਝ ਨਹੀਂ ਆਈ, ਆਹ ਤੇਰੀਆਂ ਬਹੁਤੀਆਂ ਕਹਾਣੀਆਂ ’ਚ ਮਾਂ, ਬਾਪ ਤੇ ਪੁੱਤਰ ਦੀ ਤਿਕੋਣ ਜਿਹੀ ਬੱਝਦੀ ਐ, ਤੈਥੋਂ ਇਹ ਤਿੰਨ ਨੁੱਕਰੀ ਵਲਗਣ ਪਾਰ ਕਿਉਂ ਨਹੀਂ ਹੁੰਦੀ?’’
ਉਹਦੀਆਂ ਗੱਲਾਂ ਨੂੰ ਮੈਂ ਹੰਗਾਲਦਾ ਹਾਂ। ਮਾਂ ਮੁੜ ਮੇਰੀਆਂ ਸੋਚਾਂ ’ਚ ਉਭਰਦੀ ਹੈ। ਦੱਸਦੀ ਹੁੰਦੀ ਸੀ ਕਿ ਉਹ ਉਦੋਂ ਕਿਤੇ ਪੰਜਾਂ ਛੇਆਂ ਵਰ੍ਹਿਆਂ ਦੀ ਸੀ ਤੇ ਮਾਮਾ ਸਾਡਾ ਮਸਾਂ ਤਿੰਨ ਕੁ ਵਰ੍ਹਿਆਂ ਦਾ, ਜਦੋਂ ਸਾਡੀ ਨਾਨੀ ਦੀ ਮੌਤ ਹੋ ਗਈ। ਭਰ ਸਿਆਲਾਂ ਦੀ ਇਕ ਠੰਢੀ ਯਖ ਰਾਤ ਨੂੰ ਮਾਂ ਤੇ ਮਾਮੇ ਨੂੰ ਸੁੱਤਿਆਂ ਛੱਡ ਸਾਡਾ ਨਾਨਾ ਪਤਾ ਨਹੀਂ ਕਿਸ ਪਾਸੇ ਨੂੰ ਨਿਕਲ ਗਿਆ। ਸਾਡੀ ਮਾਂ ਤੇ ਮਾਮੇ ਨੂੰ ਰੱਬ-ਤਰਸੀ ਸ਼ਰੀਕੇ ’ਚੋਂ ਲੱਗਦੀਆਂ ਤਾਈਆਂ- ਚਾਚੀਆਂ ਨੇ ਪਾਲਿਆ। ਵੱਡਿਆਂ ਕੀਤਾ। ਜਦੋਂ ਕਦੇ ਉਨ੍ਹਾਂ ਰਲ ਮਿਲ ਕੇ ਮਾਂ ਸਾਡੀ ਦਾ ਵਿਆਹ ਧਰਿਆ ਸੀ ਤਾਂ ਉਧਰੋਂ ਸਾਡਾ ਨਾਨਾ ਸਾਡੀ ਮਾਂ ਦੀ ਉਮਰ ਦੀ ਇਕ ਹੋਰ ਨਾਨੀ ਲੈ ਕੇ ਆਣ ਹਾਜ਼ਰ ਹੋਇਆ। ਉਹ ਪਿੱਛੋਂ ਕਿਤੇ ਉੜੀਸਾ ਦੀ ਸੀ ਤੇ ਉਹਦੇ ਕੁੱਛੜ ਸਾਲ ਕੁ ਦਾ ਸਾਡਾ ਇਕ ਹੋਰ ਮਾਮਾ। ਸਾਡੀ ਮਾਂ ਤੇ ਸਾਡੀ ਉਹ ਨਾਨੀ ਰਲ-ਮਿਲ ਕੇ ਇਕ ਦੂਜੀ ਦੇ ਜਣੇਪੇ ਕਟਵਾਉਂਦੀਆਂ ਰਹੀਆਂ।
ਜਿੰਦਰ ਭਾ ਸੱਚ ਹੀ ਕਹਿੰਦਾ ਏ। ਮੈਥੋਂ ਨਾ ਤਾਂ ਸਕੂਲ ਪੜ੍ਹਦਿਆਂ ਕਾਗਜ਼ ’ਤੇ ਆਪੇ ਵਾਹੀ ਤਿਕੋਣ ਦਾ ਖੇਤਰਫਲ ਕੱਢ ਹੋਇਆ ਤੇ ਨਾ ਹੀ ਆਪਣੀਆਂ ਕਹਾਣੀਆਂ ਵਿਚ ਉਸਰੀ ਰਿਸ਼ਤਿਆਂ ਦੀ ਇਹ ਤਿੰਨ ਕੋਣੀ ਦੀਵਾਰ ਟੱਪ ਹੁੰਦੀ ਹੈ।
ਭਾਵੇਂ ‘ਧੁੱਪ ਛਾਂ ਤੇ ਰੁੱਖ’ ਦਾ ਤੇਜੂ ਹੋਵੇ ਜਾਂ ‘ਘਰ’ ਕਹਾਣੀ ਵਾਲਾ ਬਲਬੀਰ, ‘ਰੁੱਤ ਫਿਰੀ ਵਣ ਕੰਬਿਆ’ ਦਾ ਮੰਗਲ ਸਿਹੁੰ, ਜਾਂ ‘ਵੇਲੇ ਕੁਵੇਲੇ’ ਦਾ ਮੰਗਾ, ‘ਪਰਿਕਰਮਾ’ ਦਾ ਰਾਜਾ ਤੇ ਭਾਵੇਂ ‘ਓੜਿਕ ਸਚਿ ਰਹੀ’ ਦਾ ਰੂਪਾ, ਮਾਨਵੀ ਰਿਸ਼ਤਿਆਂ ਦੇ ਕੱਚ-ਸੱਚ ਨੂੰ ਬਿਆਨਦਿਆਂ ਇਹ ਮੇਰੇ ਵਾਂਗ ਹੀ ਉਮਰ ਭਰ ਉਲਝੇ ਰਹਿੰਦੇ ਹਨ ਤੇ ਮੈਂ ਇਨ੍ਹਾਂ ਅੰਦਰਲੇ ਅਣਕਿਆਸੇ ਯੁੱਧਾਂ ਦੀ ਕਥਾਕਾਰੀ ਦੇ ਆਹਰ ਵਿਚ ਰਹਿੰਦਾ ਹਾਂ।
ਮੇਰੇ ਕੋਲੋਂ ਕਦੇ ਵੀ ਮਿੱਥ ਕੇ ਕਹਾਣੀ ਨਹੀਂ ਲਿਖੀ ਜਾਂਦੀ। ਮੈਂ ਜੋ ਸੋਚ ਕੇ ਤੁਰਦਾ ਹਾਂ, ਮੇਰੇ ਹੱਥੀਂ ਸਿਰਜੇ ਪਾਤਰ ਅਮੋੜ ਧੀ-ਪੁੱਤ ਵਾਂਗ ਮੇਰੇ ਤੋਂ ਬਾਹਰੀ ਹੋ ਜਾਂਦੇ ਹਨ। ਬਹੁਤੀ ਵਾਰੀ ਮੈਂ ਉਨ੍ਹਾਂ ਦਾ ਕਿਹਾ ਮੰਨਿਆ। ਫਿਰ ਉਹ ਮੇਰੇ ਤੋਂ ਥੋੜ੍ਹਾ ਅੱਗੇ ਹੋ ਕੇ ਤੁਰਦੇ ਹਨ। ਮੈਂ ਪਿੱਛੇ-ਪਿੱਛੇ ਖਿੰਡਰੀਆਂ ਘਟਨਾਵਾਂ ਇਕੱਠੀਆਂ ਕਰਦਾ ਤੇ ਫਿਰ ਉਨ੍ਹਾਂ ਨੂੰ ਤਰਤੀਬ ’ਚ ਲਾਉਂਦਾ ਹਾਂ। ਮੇਰੇ ਪਾਤਰ ਸਾਊਪੁਣਾ ਵੀ ਵਿਖਾਉਂਦੇ ਹਨ, ਬਾਹਲੀ ਜ਼ਿੱਦ ਨਹੀਂ ਕਰਦੇ, ਗੁਰਬਤ ਜ਼ਰੂਰ ਹੰਢਾਉਂਦੇ ਹਨ, ਪਰ ਹਾਰ ਨਹੀਂ ਮੰਨਦੇ। ਨਾ ਹੀ ਟੁੱਟਦੇ ਖਿਲਰਦੇ ਹਨ ਸਗੋਂ ਮੇਰੇ ਮਾਂ-ਬਾਪ ਵਾਂਗ ਹੀ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਦੇ ਹਨ।
ਸੰਪਰਕ: 98721-65707

Advertisement

Advertisement
Author Image

Advertisement