ਮੈਂ ‘ਅਸਹਿਮਤੀ’ ਦੀ ਸੁਰ ਵਿਚ ਕਿਉਂ ਲਿਖਦਾ ਹਾਂ ?
ਰਮੇਸ਼ ਕੁਮਾਰ
ਸੁਖ਼ਨ ਭੋਇੰ 25
ਨਾਂਹ ਕਹਿਣਾ
ਹਰ ਵਾਰ ਬਗਾਵਤ ਨਹੀਂ ਹੁੰਦਾ।
ਨਾਂਹ ਕਹਿਣਾ
ਬਹੁਤ ਵਾਰ, ਹਾਂ-ਪੱਖੀ ਵੀ ਹੁੰਦਾ ਹੈ।
ਪਰ ਹਾਂ ਕਹਿ ਕੇ
ਹਾਂ ਹਾਂ-ਹਾਂ ਹਾਂ ਕਹਿਣਾ
ਹਰ ਵਾਰ - ਘੋਰ ਨਾਂਹ-ਪੱਖੀ
ਨਾਂਹ ਕਹਿਣ ਲਈ
ਹਾਂ-ਪੱਖੀ ਹੋਣਾ- ਅਤਿ ਜ਼ਰੂਰੀ ਹੁੰਦਾ ਹੈ।
ਕਿਸੇ ਵੀ ਲਿਖਤ ਜਾਂ ਲਿਖਾਰੀ ਦਾ ਕਿਸੇ ਵਿਵਸਥਾ/ ਸੋਚ/ ਸਿਧਾਂਤ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ। ਸਮੇਂ ਦੀ ਸੋਚ ਨੂੰ ਸੇਧ, ਚੁੱਪ ਨੂੰ ਆਵਾਜ਼ ਅਤੇ ਅਣਬੋਲੇ ਬੋਲਾਂ ਨੂੰ ਬੋਲ ਦੇਣ ਲਈ ਉਸ ਦਾ ਧਰਮ ਸਮੇਂ ਦੇ ਸੱਚ, ਦਬੇ ਕੁਚਲੇ ਉਦਗਾਰਾਂ ਨੂੰ ਉਜਾਗਰ ਕਰਨਾ ਹੁੰਦਾ ਹੈ। ਖ਼ੁਦ ਆਵਾਜ਼ ਹੋ ਜਾਣਾ ਹੁੰਦਾ ਹੈ।
ਕਵਿਤਾ ਲਿਖਣਾ ਅਤੇ ਕਵਿਤਾ ਬਾਰੇ ਲਿਖਣਾ ਦੋ ਵੱਖੋ-ਵੱਖਰੀਆਂ ਗੱਲਾਂ ਹਨ। ਕਵਿਤਾ ਦੀ ਵਿਧਾ, ਵਿਧਾਵਾਂ ਅਤੇ ਵਿਦਵਤਾਵਾਂ ਬਾਰੇ ਵਿਦਵਾਨ ਲਿਖ ਸਕਦੇ ਹਨ। ਮੈਂ ਤਾਂ ਕਮਲਾ-ਰਮਲਾ ਸ਼ਾਇਰ ਹਾਂ, ਕਵੀ ਹਾਂ। ਆਪਣੀ ਗੱਲ ਸਿਰਫ਼ ਕਵਿਤਾ ਵਿਚ ਹੀ ਕਰਾਂਗਾ।
ਮਿਹਰਬਾਨ ਵਿਦਵਾਨ ਦੋਸਤ ਮਰਹੂਮ ਡਾ. ਕੁਲਦੀਪ ਸਿੰਘ ਧੀਰ ਨੇ ਆਪਣੀ ਪੁਸਤਕ ‘ਚੇਤੇ ਵਿੱਚ ਉੱਕਰੇ ਸ਼ਿਲਾਲੇਖ’ ਵਿਚ ਕੁਝ ਮਹਾਨ ਸ਼ਖ਼ਸੀਅਤਾਂ ਦੇ ਸਾਹਿਤਕ ਰੇਖਾ ਚਿੱਤਰ ਲਿਖੇ ਹਨ ਜਿਸ ਵਿੱਚ ਸਿਰਦਾਰ ਕਪੂਰ ਸਿੰਘ ਹੁਰਾਂ ਦੇ ਸਿਰਦਾਰ ਲਿਖਣ/ਕਹਾਉਣ ਦਾ ਮਾਣ ਲੈਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਮੇਰੀ ਨਜ਼ਮ ‘ਅਸਹਿਮਤ’ ਦੀਆਂ ਹੇਠਲੀਆਂ ਸਤਰਾਂ ਅੰਕਿਤ ਕੀਤੀਆਂ ਹਨ:
ਪਹਿਲਾਂ ਤਾਂ ਲੋਕ
ਸਿਰ ਛੰਡਿਆ ਵੀ ਕਰਦੇ ਸਨ
ਸਿਰ ਉਠਾਇਆ ਵੀ ਕਰਦੇ ਸਨ
ਅਤੇ
ਸਿਰ ਕਟਵਾਇਆ ਵੀ ਕਰਦੇ ਸਨ।
ਪਰ ਹੁਣ ਤਾਂ ਲੋਕ
ਸਿਰਫ਼ ਸਿਰ ਹਿਲਾਉਂਦੇ ਹੀ ਹਨ
ਹਾਂ ਹਾਂ - ਹਾਂ ਹਾਂ ਕਰਦੇ- ਇੱਕ ਸੁਰ ਭੀੜ ਰੂਪ ਹੋ।
ਹੁਣ ਪਤਾ ਨਹੀਂ
ਕਦ, ਕਦੇ ਕੋਈ ਫਿਰ ਤੋਂ ਸਿਰ ਉਠਾਏਗਾ- ਸੀਸ ਰੂਪ ਹੋ?
ਸਿਰਾਂ ਦੇ ਝੁਕ ਜਾਣ ਦਾ ਸੰਤਾਪ ਸਮਿਆਂ ਦਾ ਦੁਖਾਂਤ ਹੁੰਦਾ ਹੈ ਜੋ ਸਾਡੀ ਕੌਮ ਨੇ ਕਈ ਵਾਰ ਹੰਢਾਇਆ ਹੈ। ਇਤਿਹਾਸ ਦੇ ਪੰਨਿਆਂ ’ਤੇ ਝੁਕੇ ਹੋਏ ਸਿਰਾਂ ਦੀ ਭੀੜ ਸੈਂਕੜੇ ਸਾਲਾਂ ਤੱਕ ਦੇਖੀ ਜਾ ਸਕਦੀ ਹੈ। ਕੱਟਦੇ ਸਿਰ ਸੀਸ ਹੋ ਜਾਂਦੇ ਹਨ... ਪਵਿੱਤਰਤਾ ਦਾ ਸਰੂਪ ਹੋ ਕੇ। ਸਮੇਂ ਦਾ ਇਹੋ ਸੱਚ ਮੈਨੂੰ ਹੀ ਨਹੀਂ ਸਗੋਂ ਮੇਰੀ ਪੀੜ੍ਹੀ ਦੇ ਅਨੇਕਾਂ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਨੂੰ ਉਜਾਗਰ ਕਰਨ ਦੀ ਪੀੜ ਹੰਢਾਉਣੀ ਪੈ ਰਹੀ ਹੈ। ਮਸਲਾ ਸਹਿਮਤ- ਅਸਹਿਮਤ ਦਾ ਨਹੀਂ, ਸੱਚ ਦੀ ਅੱਖ ਵਿਚ ਅੱਖ ਪਾ ਕੇ ਵੇਖਣ ਦਾ ਹੈ।
ਨਾਨਕ ਬਾਣੀ ਵਿਚ ‘ਤੈਂ ਕੀ ਦਰਦੁ ਨ ਆਇਆ/ ਰਾਜੇ ਸੀਹ ਮੁਕਦਮ ਕੁਤੇ’ ਜਿਹੀਆਂ ਅਨੇਕਾਂ ਤੁਕਾਂ ਦਾ ਸੰਕਲਪ ਪੰਜਾਬੀ ਕਵਿਤਾ ਨੂੰ ਗੁੜ੍ਹਤੀ ਸਰੂਪ ਮਿਲਿਆ ਹੈ, ਸਾਡੀ ਸੋਚ ਦੇ ਡੀ.ਐੱਨ.ਏ. ਦਾ ਹਿੱਸਾ ਹੋ ਕੇ। ਅਸੀਂ ਇਸ ਤੋਂ ਪਿੱਛੇ ਕਿਸ ਤਰ੍ਹਾਂ ਹਟ ਸਕਦੇ ਹਾਂ? ਮੇਰੀ ਲਿਖਤ ਹੈ:
ਇਸ ਸਿਰਾਂ ਦੀ ਭੀੜ ਵਿਚ
ਬੰਦੇ ਨੂੰ
ਮਹਿਜ਼ ਇਕ ਮੋਢਾ ਹੀ ਤਾਂ ਚਾਹੀਦਾ ਹੈ
ਮਰਨ ਤੋਂ ਪਹਿਲਾਂ ਵੀ
ਅਤੇ ਮਰਨ ਤੋਂ ਬਾਅਦ ਵੀ।”
ਅੱਜ ਅਸੀਂ ਨਾ ਤਾਂ ਸਿਰ ਹੀ ਹਾਂ, ਨਾ ਮੋਢਾ ਅਤੇ ਨਾ ਸੀਸ ਹੀ ਹੋ ਸਕੇ ਹਾਂ। ਅਸੀਂ ਸਿਰਫ਼ ਸਿਰਾਂ ਦੀ ਭੀੜ ਹਾਂ, ਹਾਂ ਹਾਂ ਦਾ ਰਾਗ ਗਾਉਂਦੀ। ਬਹੁਤ ਸਾਰੇ ਲੋਕ ਹਨ। ਬਸ ਇਸ ਸਭ ਵਿੱਚ ਹੀ ਸਾਡਾ ‘ਲੋਕ’ ਕਿਤੇ ਗੁੰਮ ਗਿਆ ਹੈ ਅਤੇ ਅਸੀਂ ਚੁਰਾਹੇ ਵਿਚ ਖੜ੍ਹੇ ਹਾਂ, ਇੱਕ ਯਤੀਮ, ਨਿਪੁੰਸਕ ਹੋਂਦ।
* * *
ਵੱਛਿਆਂ-ਕੱਟਿਆਂ ਦੀਆਂ ਪੂਛਾਂ ਮਰੋੜਦੇ ਰਮੇਸ਼ ਕੁਮਾਰ ਨੂੰ ਕੀ ਪਤਾ ਸੀ ਕਿ ਕਵਿਤਾ ਕਿਸ ਬਲ਼ਾ ਦਾ ਨਾਮ ਹੁੰਦਾ ਹੈ। ਫ਼ਰੀਦਕੋਟ ਸ਼ਹਿਰ ਦੀਆਂ ਪੁਰਾਣੀਆਂ ਗਲੀਆਂ ’ਚ ਛੋਟੇ-ਛੋਟੇ ਮਕਾਨ, ਵੱਡੇ ਵੱਡੇ ਟੱਬਰ, ਪੜ੍ਹਨ ਲਿਖਣ ਦੀਆਂ ਨਿਵੇਕਲੀਆਂ ਥਾਵਾਂ ਨਹੀਂ ਸਨ ਹੁੰਦੀਆਂ ਉਦੋਂ। ਸੰਨ 1966 ਵਿੱਚ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀ.ਏ. ਕਰਦਿਆਂ ਅਸੀਂ ਚਾਰ-ਪੰਜ ਦੋਸਤ ਮਿਲ ਕੇ ਸ਼ਹਿਰ ਦੇ ਬਾਹਰਵਾਰ ਬਣੇ ਪੁਰਾਣੇ ਰਿਆਸਤੀ ਬਾਗ਼ਾਂ ਵਿਚ ਪੜ੍ਹਨ ਚਲੇ ਜਾਂਦੇ। ਇਕ-ਦੂਜੇ ਤੋਂ ਦੂਰ ਦੂਰ ਦਰੱਖਤਾਂ ਦੇ ਤਣਿਆਂ ਨਾਲ ਢੋਅ ਲਗਾ ਕੇ ਬੈਠ ਜਾਂਦੇ, ਰੱਟੇ-ਘੋਟੇ ਮਾਰਦੇ, ਅੱਖੜ ਅੰਗਰੇਜ਼ੀ ਨੂੰ ਕਾਬੂ ਕਰਦੇ। ਥੱਕ ਜਾਂਦੇ ਤਾਂ ਪਰ੍ਹੇ ਰੇਲਵੇ ਸਟੇਸ਼ਨ ਦੀ ਕਨਟੀਨ ’ਤੇ ਚਾਹ ਪੀਣ ਚਲੇ ਜਾਂਦੇ- ਹਾਸਾ ਠੱਠਾ ਕਰ ਕੇ ਘਰਾਂ ਨੂੰ ਪਰਤ ਆਉਂਦੇ।
ਇੰਜ ਹੀ ਇਕ ਦਿਨ ਥਾਉਂ-ਥਾਈਂ ਬੈਠੇ ਪੜ੍ਹਦਿਆਂ ਮੈਂ ਵੇਖਿਆ ਕਿ ਇਕ ਵੱਛੀ ਬਾਗ਼ ਦੀ ਟੁੱਟੀ ਹੋਈ ਪੱਕੀ ਲੰਙ ਤੋਂ ਛਲਾਂਗ ਮਾਰ ਕੇ ਬਾਗ਼ ਦੇ ਅੰਦਰ ਆਣ ਵੜੀ- ਮਾਰਚ ਅਪ੍ਰੈਲ ਦਾ ਹਰਾ ਹਰਾ ਘਾਹ ਚਰਨ ਲਈ। ਉਹ ਚਾਈਂ ਚਾਈਂ ਘਾਹ ਨੂੰ ਮੂੰਹ ਮਾਰਦੀ ਅੱਗੇ-ਅੱਗੇ ਪੈਰ ਪੁੱਟ ਰਹੀ ਸੀ, ਕੰਨ ਫ਼ਰਕਾਉਂਦੀ-ਪੂਛਲ ਨਚਾਉਂਦੀ, ਘਾਹ ਦਾ ਸਵਾਦ ਮਾਣਦੀ- ਦੂਰੋਂ ਆਉਂਦੇ ਮਾਲੀ ਦੇ ਹੋਕਰਿਆਂ ਅਤੇ ਉਸ ਦੇ ਟੰਬਿਆਂ ਦੀ ਮਾਰ ਤੋਂ ਬਿਲਕੁਲ ਬੇਖ਼ਬਰ। ਕੂੜੇ-ਕਚਰੇ ਦੇ ਢੇਰਾਂ ਤੋਂ ਲੀਰ-ਪਤੀਰਾਂ ਚੱਬਦੀ ਇਕ ਗਰੀਬੜੀ ਜਿਹੀ ਵੱਛੀ ਨੂੰ ਹਰਾ ਕਚੂਰ ਘਾਹ ਚਰਦਿਆਂ ਦੇਖ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ।
ਉਹ ਕੁਝ ਕਦਮ ਹੋਰ ਅੱਗੇ ਵਧੀ ਤਾਂ ਉਸ ਨੂੰ ਅੱਗੇ ਇੱਕ ਟੁੱਟਾ-ਸੁੱਕਿਆ ਛਿੱਤਰ ਪਿਆ ਮਿਲ ਗਿਆ। ਘਾਹ ਛੱਡ ਉਸ ਛਿੱਤਰ ਸੁੰਘਿਆ, ਚੁੱਕ ਕੇ ਚੱਬਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਿੱਥੇ ਚੱਬਿਆ ਜਾਣਾ ਸੀ। ਮੈਂ ਸੋਚਿਆ, ਉਹ ਉਸ ਨੂੰ ਛੱਡ ਦੇਵੇਗੀ ਅਤੇ ਫਿਰ ਘਾਹ ਖਾਣ ਲੱਗ ਪਵੇਗੀ, ਪਰ ਇੰਝ ਹੋਇਆ ਨਹੀਂ।
ਉਹ ਵੱਛੀ ਛਿੱਤਰ ਛੱਡ ਹੀ ਨਹੀਂ ਸੀ ਰਹੀ। ਚੱਬਦਿਆਂ-ਚੱਬਦਿਆਂ ਉਸ ਦੀਆਂ ਰਾਲ਼ਾਂ ਨਾਲ ਛਿੱਤਰ ਗਿੱਲਾ ਹੋ ਗਿਆ ਸੀ। ਛਿੱਤਰ ਡਿੱਗ ਪਵੇ, ਉਹ ਫਿਰ ਚੁੱਕ ਲਵੇ। ਵਾਰ-ਵਾਰ ਚੁੱਕਣ ਚੱਬਣ ਦਾ ਯਤਨ ਕਰਦੀ ਰਹੀ ਉਹ। ਮੇਰੀ ਉਤਸੁਕਤਾ ਵਧ ਗਈ ਕਿ ਇਹ ਵੱਛੀ ਭਲਾ ਛਿੱਤਰ ਨਾਲ ਵਿਅਰਥ ਕਿਉਂ ਘੁਲ ਰਹੀ ਸੀ। ਮੈਂ ਸੋਚ ਰਿਹਾ ਸਾਂ ਕਿ ਮਾਲੀ ਕਦੇ ਵੀ ਆ ਸਕਦਾ ਸੀ - ਜੇ ਆ ਗਿਆ ਤਾਂ ਉਹ ਇਸ ਨੂੰ ਡਾਂਗੀਂ ਪਵੇਗਾ ਅਤੇ ਭੱਜਦੀ-ਭੱਜਦੀ ਇਹ ਘਾਹ ਤਾਂ ਗੁਆਏਗੀ ਹੀ, ਪਰ ਲੰਙ ਤੋਂ ਟੱਪਦਿਆਂ ਸੱਟ-ਫੇਟ ਵੀ ਖਾਵੇਗੀ। ਮੈਂ ਚਾਹੁੰਦਾ ਸਾਂ ਕਿ ਉਹ ਘਾਹ ਖਾ ਸਕੇ, ਪਰ ਵੱਛੀ ਇਕਸੁਰ ਛਿੱਤਰ ਚੱਬਣ ਦੇ ਆਹਰ ਵਿਚ ਹੀ ਲੱਗੀ ਰਹੀ।
ਮੈਂ ਆਪਣੇ ਦੋਸਤਾਂ ਨੂੰ ਬੁਲਾ ਕੇ ਵੱਛੀ ਦਾ ਮੰਜ਼ਰ ਦਿਖਾਇਆ ਅਤੇ ਪੁੱਛਿਆ, “ਭਲਾ ਇਹ ਵੱਛੀ ਘਾਹ ਛੱਡ ਕੇ ਛਿੱਤਰ ਕਿਉਂ ਚੱਬ ਰਹੀ ਹੈ?” ਉਹ ਕੁਝ ਦੇਰ ਦੇਖਦੇ ਰਹੇ ਪਰ ਉੱਤਰ ਕੋਈ ਨਾ ਦੇ ਸਕੇ- “ਕਮਲੀ ਐ ਸਹੁਰੀ, ਹੋਰ ਕੀ।” ਇਕ ਨੇ ਕਿਹਾ। ਮੈਂ ਕਿਹਾ, ਇਹ ਵੀ ਤਾਂ ਹੋ ਸਕਦਾ ਹੈ ਕਿ:
ਇੱਕ ਵੱਛੀ, ਟੁੱਟਾ ਛਿੱਤਰ ਖਾਂਦੀ
ਚੱਬ-ਚੱਬ ਕੇ ਸੁੱਟੀ ਜਾਂਦੀ
ਚੁੰਮੀਂ ਜਾਂਦੀ ਚੱਟੀ ਜਾਂਦੀ
ਸ਼ਾਇਦ
ਇਹ ਉਸ ਦੀ ਆਪਣੀ ਹੀ ਮਾਂ ਦੀ ਮਾਂ ਦੇ
ਢਿੱਡ ਦਾ ਚੰਮ ਹੈ
ਜਿਸ ਨੂੰ ਇਹ ਵੱਛੀ
ਚੱਬੀ ਚੱਟੀ ਅਤੇ ਸੁੰਘੀ ਜਾਂਦੀ
...ਮਾਂ ਦੀ ਮਾਂ ਦਾ ਮੋਹ ਹੰਢਾਉਂਦੀ।
ਇਹ ਸਤਰਾਂ ਮੈਂ ਇਕੋ ਸਾਹੇ ਕਹਿ ਗਿਆ ਅਤੇ ਸਾਰੇ ਦੋਸਤ ਮੇਰੇ ਮੂੰਹ ਵੱਲ ਤੱਕਦੇ ਰਹੇ। ਇਕ ਬੋਲਿਆ, “ਬਹੁਤ ਅੱਛੇ ਬਾਈ, ਕਿਆ ਬਾਤ ਹੈ, ਇਹ ਤਾਂ ਕਰਮਜੀਤ ਦੀ ਕਵਿਤਾ ਹੋ ਗਈ ਬਾਈ ਸਿਆਂ- ਫਿਰ ਸੁਣਾ।”
ਅਸੀਂ ਦਰਅਸਲ ਸਥਾਨਕ ਕਵੀ ਸੰਪੂਰਨ ਸਿੰਘ ‘ਝੱਲੇ’ ਦੀ ਕਵਿਤਾ ਨੂੰ ਹੀ ਕਵਿਤਾ ਸਮਝਦੇ ਸਾਂ ਜੋ ਸ਼ਮਲੇ ਵਾਲੀ ਪੱਗ ਬੰਨ੍ਹ ਕੇ ਸਟੇਜ ਹਿਲਾ ਕੇ ਰੱਖ ਦਿੰਦਾ ਸੀ ਆਪਣੀ ਸਟੇਜੀ ਕਵਿਤਾ ਨਾਲ। ਜਾਂ ਫਿਰ ਗੁਰਪੁਰਬ ’ਤੇ ਗੁਰਦੁਆਰੇ ਦੀ ਸਟੇਜ ਹੀ ਸਾਡੇ ਲਈ ਕਵਿਤਾ ਦੀ ਦੁਨੀਆਂ ਸੀ।
ਫ਼ੈਸਲਾ ਇਹ ਹੋਇਆ ਕਿ ਇਸ ਨੂੰ ਪ੍ਰੋਫੈਸਰ ਕਰਮਜੀਤ ਦੀ ਕਲਾਸ ਵਿਚ ਪੇਸ਼ ਕੀਤਾ ਜਾਵੇ। ਮੈਂ ਸਾਰੀ ਰਾਤ ਕਵਿਤਾ ਬਾਰੇ ਸੋਚਦਾ ਰਿਹਾ- ਉੱਠ ਉੱਠ ਕੇ ਕੱਟਦਾ ਰਿਹਾ, ਲਿਖਦਾ ਰਿਹਾ। ਅਗਲੇ ਦਿਨ ਪੰਜਾਬੀ ਦੇ ਪੀਰੀਅਡ ਵਿਚ ਹਾਜ਼ਰੀ ਤੋਂ ਬਾਅਦ ਮੈਂ ਉਨ੍ਹਾਂ ਦੀ ਕੁਰਸੀ ਕੋਲ ਜਾ ਖੜ੍ਹਾ ਹੋਇਆ। ਝਕਦੇ-ਝਕਦੇ ਕਵਿਤਾ ਵਾਲਾ ਕਾਗਜ਼ ਪੇਸ਼ ਕੀਤਾ।
ਉਨ੍ਹਾਂ ਗਹੁ ਨਾਲ ਕਵਿਤਾ ਪੜ੍ਹੀ। ਦੂਜੀ ਵਾਰ ਪੜ੍ਹਨ ਲੱਗਿਆਂ ਜੇਬ੍ਹ ਵਿਚੋਂ ਆਪਣਾ ਖ਼ੂਬਸੂਰਤ ਪੈੱਨ ਕੱਢਿਆ, ਸੁਨਹਿਰੀ ਕੈਪ ਵਾਲਾ ਅਤੇ ਬੜੀ ਹੀ ਨਜ਼ਾਕਤ ਨਾਲ ਇਕ ਅੱਧ ਥਾਂ ’ਤੇ ਇੱਕ ਅੱਧ ਅੱਖਰ ਕੱਟਿਆ- ਇੱਕ ਅੱਧ ਜੋੜਿਆ ਅਤੇ ਮੇਰੇ ਮੋਢੇ ’ਤੇ ਹੱਥ ਰੱਖ ਬੋਲੇ, “ਬਹੁਤ ਅੱਛੀ ਕਵਿਤਾ ਲਿਖੀ ਹੈ, ਇਸ ਨੂੰ ‘ਫੇਅਰ’ ਕਰ ਕੇ ਲਿਆਈਂ- ਆਪਾਂ ਕਾਲਜ ਦੇ ਮੈਗਜ਼ੀਨ ’ਚ ਛਾਪਾਂਗੇ।”
* * *
“...ਅਤੇ ਅੱਜ ਸਿਰਫ਼ ਇਕ ਭੈਅ ਦਾ ਅਹਿਸਾਸ ਹੈ - ਅਸੀਂ ਮਾਤਰ ਮੂਕ ਦਰਸ਼ਕ ਹਾਂ- ਇੱਕ ਨਿਪੁੰਸਕ ਹੋਂਦ। ਇਹ ਕੇਹੀ ਲੀਲਾ ਹੈ- ਸਰ੍ਹੋਂ ਦੇ ਫੁੱਲਾਂ ਦੀ ਆਬ ਤੇ ਤੁਰਦੇ ਤੁਰਦੇ ਅਸੀਂ ਅੰਗਿਆਰਾਂ ਵਿੱਚ ਆਣ ਲੱਥੇ ਹਾਂ।” ਇਹ ਪੰਜਾਬ ਸੰਕਟ ਸੀ ਜਿਸ ਨੂੰ ਮੈਂ 1986 ਵਿਚ ਆਪਣੀ ਪੁਸਤਕ ‘ਧੌਲ ਧਰਮ ਦਇਆ ਕਾ ਪੂਤ’ ਵਿਚ ਪੇਸ਼ ਕੀਤਾ। ਜਿਵੇਂ:
- ਨਿੰਮ ਤੇ ਬੈਠੇ ਸਭ ਪੰਛੀ
ਇਕਾਇਕ ਕੁਰਲਾ ਕੇ ਉੱਠੇ ਹਨ
ਕਿਸੇ ਨੇ ਗੋਲੀ ਚਲਾਈ ਹੈ
ਜਾਂ ਵਿਹੜੇ ਮੇਰੇ ਸਵੇਰ ਦੀ ਅਖਬਾਰ ਡਿੱਗੀ ਹੈ। - ਕਿੱਥੇ
ਉਹ ਕੋਰੀਆਂ-ਦੁਖੱਲੀਆਂ ਜੁੱਤੀਆਂ ਦੀ ਚੂੰ-ਚੂੰ
ਅਤੇ ਕਿੱਥੇ ਸਾਡੀਆਂ ਗਲੀਆਂ ਵਿੱਚ
ਬੇਸੁਰੇ ਫ਼ੌਜੀ ਬੂਟਾਂ ਦਾ ਖੜਕਾਰ।
ਬੌਲਦ ਅਤੇ ਬੋਤੇ ਸਭ ਹੈਰਾਨ ਹਨ, ਪ੍ਰੇਸ਼ਾਨ ਹਨ। - ਆਓ, ਕਿ ਇਸ ਬਨਵਾਸ ਦੇ ਸਰਾਪ ਨੂੰ
ਇਕ ਉਦਾਸੀ ਦਾ ਨਾਮ ਦੇ ਕੇ
ਮੁੜ ਘਰਾਂ ਨੂੰ ਪਰਤ ਚੱਲੀਏ।
1966 ਵਿਚ ਪਹਿਲੀ ਨਜ਼ਮ ਅਤੇ ਫਿਰ 1976 ਵਿਚ ਪਹਿਲੀ ਪੁਸਤਕ ਤੋਂ ਬਾਅਦ ਮੈਂ ਅੱਧੀ ਸਦੀ ਤੋਂ ਵੀ ਲੰਮਾ ਸਾਹਿਤਕ ਸਫ਼ਰ ਕੀਤਾ ਹੈ। ਪੁਸਤਕਾਂ ‘ਬੱਦਲਾਂ ਦੇ ਹਾਸ਼ੀਏ’, ‘ਆਵਾਜ਼ ਦੇ ਆਕਾਰ’, ‘ਧਨੁਸ਼ ਜੂਨ’, ‘ਬਤੁਕ-ਬੇਲਗਾਮ’, ‘ਖੂਹਾਂ ਦੇ ਖ਼ਲਾਅ’, ‘ਆਵਾਜ਼ ਦੀ ਵਿੱਥ ਤੋਂ’, ‘ਅਸਹਿਮਤ’, ‘ਬਹਿਸ ਵਿਹੂਣ’ ਅਤੇ ਹੁਣ ‘ਪਾਤਾਲ ‘ਚੋਂ’ ਪ੍ਰਕਾਸ਼ਨ ਦਾ ਬੂਹਾ ਖੜਕਾ ਰਹੀ ਹੈ। ‘ਸ਼ਹਿਰਨਾਮਾ ਫ਼ਰੀਦਕੋਟ’ ਅਤੇ ਕਹਾਣੀ ਸੰਗ੍ਰਹਿ ‘ਜੈ ਖਾਣੇ ਦੇ’ ਵੱਖਰੀ ਵਿਧਾ ਦੇ ਸਵਾਦ ਦਾ ਅਹਿਸਾਸ ਹਨ।
ਅੱਜ ਹਰ ਪਲ ਲੋਕਤੰਤਰ ‘ਭੀੜਤੰਤਰ’ ਵਿਚ ਬਦਲ ਰਿਹਾ ਹੈ। ਅਸੀਂ ਚੁੱਪ ਦੇ ਪਰਛਾਵਿਆਂ ਵਿਚ ਤੁਰਦੇ-ਤੁਰਦੇ ਸਟਿਲ ਹੋ ਚੁੱਕੇ ਹਾਂ। ਭੀੜ, ਭੈਅ ਵਿਚ ਬਦਲ ਰਹੀ ਹੈ ਹੌਲੀ ਹੌਲੀ ਢਲਦੇ ਪਰਛਾਵਿਆਂ ਦੇ ਵਾਂਗ:
- ਭੈਅ, ਜਦ ਵੀ
ਕਿਸੇ ਵਿਹੜੇ ਦੀ ਦੀਵਾਰ ਉੱਪਰ
ਉੱਤਰ ਆਉਂਦਾ ਹੈ
ਲੌਢੇ ਵੇਲੇ ਦੇ ਪਰਛਾਵਿਆਂ ਦੇ ਵਾਂਗ
ਉਸ ਵਿਹੜੇ ਦੀਆਂ ਸ਼ਾਮਾਂ - ਰਾਤਾਂ ਦੇ ਅਰਥ
ਸਦਾ ਲਈ ਬਦਲ ਜਾਂਦੇ ਹਨ।
... ... ... - ਭੀੜ ਦੇ, ਕਦੇ ਵੀ
ਕੋਈ ਮੂੰਹ-ਮੱਥਾ ਨੱਕ ਜਾਂ ਕੰਨ ਨਹੀਂ ਹੁੰਦੇ
ਭੀੜ ਦੇ
ਸਿਰਫ਼ ਪੈਰ ਹੁੰਦੇ ਹਨ- ਪੈਰ ਹੀ ਪੈਰ-
ਦਗੜ ਦਗੜ ਕਰਦੇ ਪੈਰ
ਭੀੜ ਦੀ, ਭੈਅ ਦੀ, ਕੋਈ ਉਮਰ ਨਹੀਂ ਹੁੰਦੀ-
ਮਜ਼ਹਬ ਨਹੀਂ ਹੁੰਦਾ
ਭੀੜ ਦਾ, ਸਿਰਫ਼ ਇਤਿਹਾਸ ਹੁੰਦਾ ਹੈ - ਘੋੜਿਆਂ ਦੀਆਂ ਟਾਪਾਂ ਦੇ
ਪਦ ਚਿੰਨ੍ਹਾਂ ਜਿਹਾ ਇਤਿਹਾਸ।
ਇਹ ਜ਼ਰੂਰੀ ਨਹੀਂ ਕਿ ਸਮੇਂ ਦੀ ਚੁੱਪ ਕੋਲ
ਹਰ ਸਵਾਲ ਦਾ ਜਵਾਬ ਹੋਵੇ
ਤੁਸੀਂ ਬਸ
ਆਵਾਜ਼ ਦਿਉ ਅਤੇ ਦਿੰਦੇ ਹੀ ਰਹੋ
ਪ੍ਰਸ਼ਨ ਕਰੋ, ਅਤੇ ਕਰਦੇ ਹੀ ਰਹੋ
ਹਨੇਰਿਆਂ ਨੂੰ ਤਾਂ ਕਿ ਅਹਿਸਾਸ ਰਹੇ
ਕਿ ਕੋਈ ਤਾਂ ਜ਼ਿੰਦਾ ਹੈ।
ਸਿੰਘਾਸਣ ਦੀ ਜੂਨ ਵਿਚ ਆਇਆ
ਹਰ ਮੁਕਟਧਾਰੀ ਹਰ ਰੋਜ਼ ਪੁੱਛਦਾ ਹੈ
ਅਤੇ ਪੁੱਛਦਾ ਹੀ ਰਹੇਗਾ- ‘ਔਰ ਕੌਣ ਬਚਾ ਹੈ’?
ਆਪਣੇ ਹੀ ਮਿੱਤਰਾਂ-ਪਿੱਤਰਾਂ ਵਰਗੇ ਦਰੱਖਤਾਂ ਦੇ ਪੱਤਿਆਂ ਵਿਚੋਂ ਕਿਰਦੇ ਭੈਅ ਨੂੰ ਜਰਦਿਆਂ ਚੁੱਪ ਨੂੰ ਸੁਣਨ ਦੀ ਆਦਤ ਹੋ ਗਈ ਹੈ। ਫਿਰ ਵੀ ਘੁਟਣ ਜਦ ਹੱਦਾਂ ਬੰਨੇ ਪਾਰ ਕਰਦੀ ਹੈ ਤਾਂ ਮੇਰੇ ਸ਼ਬਦ ਆਖਦੇ ਹਨ:
ਮੈਂ
ਕਿਸੇ ਦੀਵਾਰ ’ਤੇ ਲਿਖਿਆ
ਕੋਈ ਮੌਸਮੀ ਨਾਅਰਾ ਨਹੀਂ
ਜੋ ਕਿਸੇ
ਬੇਮੌਸਮੀ ਬਰਸਾਤ ਨਾਲ ਧੁਲ ਜਾਵੇਗਾ
ਮੈਂ ਤਾਂ ਸ਼ਬਦ ਹਾਂ, ਬੋਲ ਹਾਂ ਅਤੇ ਗੀਤ ਹਾਂ ਇਕ
ਜੋ ਸਾਰੀ ਫਿਜ਼ਾ ਵਿਚ ਫੈਲ ਜਾਵਾਂਗਾ
ਕਿਸੇ ਸ਼ੰਖ ਦੀ ਆਵਾਜ਼ ਵਾਂਗ।
ਮੈਂ ਤੇ ਮੇਰੇ ਸਾਰੇ ਕਲਮਬਰਦਾਰ ਮਿੱਤਰ ਇਨ੍ਹਾਂ ਸਰਾਪੇ ਸਮਿਆਂ ਵਿਚ ਹੱਥਾਂ ਦੀਆਂ ਤਲੀਆਂ ’ਤੇ ਸ਼ਬਦਾਂ ਦੇ ਦੀਪ ਜਲਾ ਕੇ ਹਨੇਰਿਆਂ ਨੂੰ ਪਾਰ ਕਰ ਸਕੀਏ- ਯਤਨ ਵੀ ਰਹੇਗਾ ਅਤੇ ਕਾਮਨਾ ਵੀ।
ਸੰਪਰਕ: 94160-61061
ਈ-ਮੇਲ: kumar.rameshdr@gmail.com