ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਂ ਆਪਣੇ ਇਲਾਕੇ ਬਾਰੇ ਕਿਉਂ ਲਿਖਦਾ ਹਾਂ?

09:57 PM Jun 29, 2023 IST

ਸਵਾਮੀ ਅੰਤਰ ਨੀਰਵ

Advertisement

”ਮੇਰੀ ਤਾਕਤ ਤਾਂ ਮੇਰੀ ਵਸੇਬ ਹੀ ਹੈ। ਸਾਡੇ ਪੇਂਡੂ ਭਾਈਚਾਰੇ ਵਿਚ ਭਾਵੇਂ ਖ਼ੁਸ਼ੀ ਦਾ ਮੌਕਾ ਹੋਵੇ ਜਾਂ ਗ਼ਮੀ ਦਾ। ਸਿਆਣੇ ਕਿਤਾਬ ਪੜ੍ਹਨ ਦੀ ਸਲਾਹ ਹੀ ਦਿੰਦੇ ਸਨ। ਅਤੇ ਕਿਤਾਬ ਦਾ ਮਤਲਬ ਵੀ ਮੀਆਂ ਮੁਹੰਮਦ ਬਖ਼ਸ਼ ਦਾ ਲਿਖਿਆ ਕਿੱਸਾ ‘ਸੈਫ਼-ਉਲ-ਮਲੂਕ’ ਹੀ ਹੁੰਦਾ ਸੀ।”

ਸਾਡੇ ਮਿੱਥ ਹੈ ਕਿ ਖ਼ਵਾਜਾ ਖ਼ਿਜ਼ਰ ਜੀਹਨੂੰ ਸਾਹਮਣੇ ਵੱਲੋਂ ਦੇਖਦਾ ਹੈ; ਉਹ ਵਲੀ ਹੋ ਜਾਂਦਾ ਹੈ। ਜੀਹਨੂੰ ਪਿਛਾਂਹ ਵੱਲੋਂ ਦੇਖਦਾ ਹੈ, ਉਹ ਸ਼ਾਇਰ ਹੋ ਜਾਂਦਾ ਹੈ। ਜਿਸ ‘ਤੇ ਸਾਹਮਣੇ ਅਤੇ ਪਿਛਾਂਹ ਦੋਹਾਂ ਪਾਸਿਓਂ ਨਜ਼ਰ ਧਰਦਾ ਹੈ; ਉਹ ਬਾਬੇ ਨਾਨਕ ਵਾਂਗ ਵਲੀ ਸ਼ਾਇਰ ਹੋ ਜਾਂਦਾ ਹੈ।

Advertisement

ਸਾਡੇ ਪਹਾੜ ਵਿਚ ਇਸ ਵਲੀ ਸ਼ਾਇਰ ਜਾਂ ਉਹਦੀ ਭੋਇੰ ਦੀ ਜ਼ਿਆਰਤ ਕਰਨੀ ਵੱਡਾ ਸਵਾਬ ਸਮਝਿਆ ਜਾਂਦਾ ਹੈ। ਇੱਥੋਂ ਤੀਕ ਕਿ ਜੁੱਤੀਆਂ ਨਾਲ ਲੱਗੀ ਪੰਜਾਬ ਦੇ ਖੇਤਾਂ ਦੀ ਮਿੱਟੀ ਵੀ ਕਿਸੇ ਵੇਲ਼ੇ ਲਿਆ ਕੇ ਆਪਣੇ ਖੇਤਾਂ ਵਿਚ ਝਾੜਨ ਦਾ ਰਿਵਾਜ ਸੀ; ਕਿ ਇਹ ਬਾਬੇ ਨਾਨਕ ਦੀ ਛੁਹ ਵਾਲ਼ੀ ਉਪਜਾਊ ਮਿੱਟੀ ਹੈ, ਸਾਡੇ ਗੁਜ਼ਾਰੇ ਨਾਲੋਂ ਕਿਤੇ ਘੱਟ ਪੈਦਾ ਕਰਦੇ ਖੇਤਾਂ ਵਿਚ ਵੀ ਬਰਕਤ ਪਵੇਗੀ। ਸੰਤਾਲੀ ਤੋਂ ਪਹਿਲਾਂ ਸਾਡੇ ਵਡੇਰੇ ਮਜੂਰੀ ਕਰਨ ਰਾਵਲਪਿੰਡੀ ਜਾਂ ਲਾਹੌਰ ਜਾਂਦੇ ਸਨ। ਤੇ ਪਾੜ੍ਹੇ ਸਰਗੋਧੇ ਜਾਂ ਲਾਹੌਰ।

ਪੰਜਾਬ ਦਾ ਬਹੁਤ ਕੁਝ ਸਾਡੇ ਕੋਲ ਹੈ। ਸਾਡੇ ਇੱਥੇ ਗੀਤਾਂ ਦਾ ਮਤਲਬ ਹੀ ਪੰਜਾਬੀ ਗੀਤ ਹੈ। ਗੋਜਰੀ ਬੈਂਤ ਜਾਂ ਡੋਗਰੀ ਭਾਖ ਸੁਣਦੇ ਹਾਂ ਅਤੇ ਅਪਣੇ ਪੋਠੋਹਾਰੀ ਗੀਤਾਂ ਨੂੰ ਅਸੀਂ ਗਾਲ਼ੀ ਆਖਦੇ ਹਾਂ। ਅੱਗੇ ਪਿੱਛੇ ਪੋਠੋਹਾਰੀ; ਪਰ ਗੁਰਦੁਆਰਿਆਂ ਵਿਚ ਪੰਜਾਬੀ ਹੀ ਬੋਲਦੇ ਹਾਂ। ਭਾਵੇਂ ਟੁੱਟੀਭੱਜੀ ਹੀ ਸਹੀ। ਸਿੱਖਦੇ-ਸਿੱਖਦੇ ਸਿੱਖ ਵੀ ਜਾਂਦੇ ਹਾਂ। ਅਸੀਂ ਸ਼ਾਇਰੀ ਉਰਦੂ ਜਾਂ ਪੰਜਾਬੀ ਵਿਚ ਜਾਂ ਤਾਂ ਸ਼ੁਰੂ ਕਰਦੇ ਹਾਂ, ਜਾਂ ਉਸ ‘ਤੇ ਆ ਕੇ ਖ਼ਤਮ। ਮੀਆਂ ਮੁਹੰਮਦ ਬਖ਼ਸ਼ ਤੇ ਸਾਈਂ ਫ਼ੱਕਰਦੀਨ ਸਾਡੇ ਵਿੱਚੋਂ ਹੀ ਹਨ। ਚਿਰਾਗ਼ ਹਸਨ ਹਸਰਤ ਵੀ, ਕ੍ਰਿਸ਼ਨ ਚੰਦਰ ਵੀ ਤੇ ਠਾਕੁਰ ਪੁਣਛੀ ਵੀ।

ਡੋਗਰੀ, ਗੋਜਰੀ ਜਾਂ ਪੋਠੋਹਾਰੀ ਬੋਲਣ ਵਾਲਾ ਕੋਈ ਬੰਦਾ ਵੀ ਪੰਜਾਬੀ ਆਸਾਨੀ ਨਾਲ ਸਮਝ ਸਕਦਾ ਹੈ; ਅਤੇ ਥੋੜ੍ਹੀ ਕੋਸ਼ਿਸ਼ ਕਰਕੇ ਬੋਲ ਵੀ ਸਕਦਾ ਹੈ। ਸਮਝਾਉਣ ਜੋਗੀ ਤਾਂ ਬੋਲ ਹੀ ਸਕਦਾ ਹੈ। ਮੇਰਾ ਨਾਨਾ ਆਖਦਾ ਹੁੰਦਾ ਸੀ: ”ਡੋਗਰੀ, ਗੋਜਰੀ ਤੇ ਪੰਜਾਬੀ ਨਾਲ ਸਾਡਾ ਗਾਲ੍ਹਾਂ ਦਾ ਰਿਸ਼ਤਾ ਹੈ: ਸਾਡੀਆਂ ਗਾਲ੍ਹਾਂ ਇੱਕੋ-ਜਿਹੀਆਂ ਹਨ; ਬਲਕਿ ਇੱਕੋ ਹਨ।”

ਮੇਰੀ ਕਾਵਿ ਯਾਤਰਾ ਹਿੰਦਵੀ ਤੋਂ ਸ਼ੁਰੂ ਹੁੰਦੀ ਹੈ। ਉਨ੍ਹੀਂ ਦਿਨੀਂ ਪੁਣਛ ਵਿਚ ਕਵਿਤਾ ਦਾ ਡੁੱਲ੍ਹਵਾਂ ਮਾਹੌਲ ਸੀ। ਕਵੀ ਦਰਬਾਰ ਤਾਂ ਹੁੰਦੇ ਹੀ ਰਹਿੰਦੇ ਸਨ। ਬਸ਼ੀਰ ਬਦਰ ਤੇ ਨਿਦਾ ਫ਼ਾਜ਼ਲੀ ਜਿਹੇ ਨਾਮਵਰ ਸ਼ਾਇਰ ਵੀ ਉਸ ਦੂਰ-ਦੁਰਾਡੇ ਇਲਾਕੇ ਵਿਚ ਅਸੀਂ ਕਵਿਤਾ ਸੁਣਾਉਣ ਹੀ ਬੁਲਾਏ ਸਨ। ਫੇਰ ਮੈਂ ਪੋਠੋਹਾਰੀ ਵਿਚ ਕਹਿਣ ਲੱਗ ਪਿਆ। ਪਹਿਲੀ ਪੋਠੋਹਾਰੀ ਕਵਿਤਾ ‘ਲਗਨਾਂ ਤੂੰ ਆਇਐਂ’ ਲਿਖੀ ਸੀ। ਸਿਲਸਿਲਾ ਤੁਰ ਪਿਆ ਸੀ। ਨਾਂ ਬਣਦੇ ਬਹੁਤੀ ਦੇਰ ਨਹੀਂ ਲੱਗੀ। ਲਕੀਰ ਦੇ ਦੋਵੇਂ ਪਾਸੇ ਮੇਰੀ ਕਵਿਤਾ ਨੂੰ ਪਿਆਰਦੇ ਮੇਰੇ ਦੋਸਤ ਮੌਜੂਦ ਹਨ। ਸਾਡੇ ਪੁਣਛ ਵਾਲੇ ਘਰ ਤੋਂ ਸਾਡਾ ਜੱਦੀ ਪਿੰਡ ਮਲਸਾਈ ਕੋਟ ਬੱਤੀਆਂ ਮੀਲਾਂ ਦੀ ਵਿੱਥ ‘ਤੇ ਸੀ। ਵਿਚ ਕੰਡਿਆਲੀ ਤਾਰ ਵੀ ਆਉਂਦੀ ਹੈ। ਬਾਰਡਰ ਵੀ ਹਮੇਸ਼ਾ ਹਿੱਲਿਆ ਹੀ ਰਹਿੰਦਾ ਸੀ। ਫਿਰ ਅਤਿਵਾਦ ਦਾ ਦੌਰ ਵੀ ਰਿਹਾ। ਮੇਰੇ ਨਾਨੇ ਦਾ ਘਰ ਐਨ ਬਾਰਡਰ ਲਾਗੇ ਸੀ; ਪਾਰੋਂ ਆਏ ਮੋਰਟਾਰ ਜਾਂ ਰਾਕਟ ਉਹਦੇ ਖੇਤਾਂ ਵਿਚ ਡਿੱਗਦੇ ਹੀ ਰਹਿੰਦੇ ਸਨ। ਬਰਫ਼, ਦਰਿਆ, ਕੱਸ, ਪਹਾੜ, ਚਰਾਂਦ, ਜੰਗਲ, ਬੰਦੂਕ, ਸ਼ਿਕਾਰ, ਸ਼ਿਕਾਰੀ: ਮੇਰੀ ਕਵਿਤਾ ਮੇਰੇ ਇਲਾਕੇ ਦੀ ਕਵਿਤਾ ਹੈ। ਜੇ ਕੋਈ ਮੈਨੂੰ ਕਹੇ ਕਿ ਤੂੰ ਆਪਣੇ ਪਿੰਡ ਜਾਂ ਮੁਹੱਲੇ ਦਾ ਕਵੀ ਹੈਂ; ਤਾਂ ਮੈਂ ਬਿਲਕੁਲ ਹਾਂ। ਮੈਂ ਆਪਣੇ ਵਿਹੜੇ ‘ਚ ਲੱਗੇ ਨਿੰਮ ਨੂੰ ਗੁਆਂਢੀ ਦੇ ਵਿਹੜੇ ‘ਚ ਲੱਗੇ ਨਿੰਮ ਨਾਲੋਂ ਵੱਧ ਜਾਣਦਾ ਹਾਂ। ਮੈਨੂੰ ਪਤਾ ਹੈ ਮੇਰੇ ਗ਼ੁਸਲਖ਼ਾਨੇ ਦੀ ਨਾਲ਼ੀ ਵਿੱਚੋਂ ਨਹਾਉਣ ਵੇਲ਼ੇ ਬਾਹਰ-ਜਾਂਦਾ ਪਾਣੀ ਕਿਸ ਤਰ੍ਹਾਂ ਦੀ ਆਵਾਜ਼ ਕਰਦਾ ਹੈ, ਅਤੇ ਸਾਬਣ ਲਾ ਕੇ ਨਹਾਉਣ ਵੇਲ਼ੇ ਕਿਸ ਤਰ੍ਹਾਂ ਦੀ।

ਮੈਨੂੰ ਪੰਜਾਬੀ ਵਿਚ ਕਵਿਤਾ ਲਿਖਣ ਲਈ ਸਾਹਿਤਕਾਰ ਦੋਸਤਾਂ ਅਤੇ ਵਡੇਰਿਆਂ ਨੇ ਹਲੂਣਿਆ। ਪਹਿਲਾਂ ਮੈਂ ਪੰਜਾਬੀ ਵੀ ਨਾਗਰੀ ਵਿਚ ਹੀ ਲਿਖਦਾ ਹੁੰਦਾ ਸੀ। ਥੋੜ੍ਹੇ ਜਿਹੇ ਉੱਦਮ ਨਾਲ ਹੀ ਗੁਰਮੁਖੀ ਲਿਖਣੀ, ਬਲਕਿ ਫ਼ੋਨ ‘ਤੇ ਟਾਈਪ ਕਰਨੀ ਆ ਗਈ। ਅਪਣੀ ਦੂਜੀ ਕਿਤਾਬ ਮੈਂ ਫ਼ੋਨ ‘ਤੇ ਹੀ ਟਾਈਪ ਕੀਤੀ ਸੀ।

ਮੇਰੀ ਪੋਠੋਹਾਰੀ ਵਿਰਾਸਤ ਮੈਨੂੰ ਲਿਖਣ ਲੱਗੇ ਕਿਤੇ ਵੀ ਔਖਾ ਨਹੀਂ ਹੋਣ ਦਿੰਦੀ। ਸ਼ਬਦ ਵੇਲ਼ੇ ਸਿਰ ਅਹੁੜ ਜਾਂਦੇ ਨੇ। ਕਵਿਤਾ ਜ਼ਿਆਦਾਤਰ ਅੰਮ੍ਰਿਤ ਵੇਲ਼ੇ ਹੀ ਅਹੁੜਦੀ ਹੈ। ਲਿਖਣ ਵੇਲ਼ੇ ਹੀ ਕਵੀ ਹੁੰਦਾ ਹਾਂ; ਅੱਗੇ ਪਿੱਛੇ ਪਾਠਕ; ਅਪਣੀ ਕਵਿਤਾ ਦਾ ਵੀ।

ਬਾਬਾ ਨਾਨਕ ਮੇਰਾ ਮਹਾਂਕਵੀ ਹੈ। ਪੂਰਬਲੇ ਮੋਂਹਦੇ ਹਨ। ਸਮਕਾਲੀ ਚੰਗੇ ਲੱਗਦੇ ਹਨ। ਨਵੀਂ ਨਸਲ ਹੈਰਾਨ ਕਰਦੀ ਹੈ।

ਸ਼ਬਦ ਦਾ ਜਾਦੂ ਹਰ ਕਿਸੇ ‘ਤੇ ਚਲਦਾ ਹੈ। ਮੈਂ ਟਰੱਕਾਂ ਪਿੱਛੇ ਸ਼ਿਅਰਾਂ ਜਿਹੀਆਂ ਲਿਖੀਆਂ ਇਬਾਰਤਾਂ ਵੀ ਪੂਰੇ ਚਾਅ ਨਾਲ ਪੜ੍ਹਦਾ ਹਾਂ। ਮੈਨੂੰ ਲੋਕ ਗੀਤ ਜ਼ਿਆਦਾ ਖਰੇ ਤੇ ਸੁੱਚੇ ਲੱਗਦੇ ਹਨ। ਸਾਡੇ ਪੇਂਡੂ ਭਾਈਚਾਰੇ ਵਿਚ ਭਾਵੇਂ ਖ਼ੁਸ਼ੀ ਦਾ ਮੌਕਾ ਹੋਵੇ ਜਾਂ ਗ਼ਮੀ ਦਾ। ਸਿਆਣੇ ਕਿਤਾਬ ਪੜ੍ਹਨ ਦੀ ਸਲਾਹ ਹੀ ਦਿੰਦੇ ਸਨ। ਅਤੇ ਕਿਤਾਬ ਦਾ ਮਤਲਬ ਵੀ ਮੀਆਂ ਮੁਹੰਮਦ ਬਖ਼ਸ਼ ਦਾ ਲਿਖਿਆ ਕਿੱਸਾ ‘ਸੈਫ਼ ਉਲ ਮਲੂਕ’ ਹੀ ਹੁੰਦਾ ਸੀ। ਮੇਰੀ ਤਾਕਤ ਤਾਂ ਮੇਰੀ ਵਸੇਬ ਹੀ ਹੈ।

ਮੇਰੇ ਇਲਾਕੇ ਦੇ ਲੋਕ

ਮੇਰੇ ਇਲਾਕੇ ਦੇ ਲੋਕ

ਮੰਦਰ ਨਹੀਂ ਜਾਂਦੇ

ਗੁਰਦੁਆਰੇ ਨਹੀਂ ਜਾਂਦੇ

ਰੱਬ ਉੱਤੇ ਭਰੋਸਾ ਰੱਖਦੇ

ਭੁੱਖ ਰੱਖ ਕੇ ਖਾਂਦੇ

ਕਦੀ ਬਿਮਾਰ ਨਹੀਂ ਹੁੰਦੇ

ਡਾਕਟਰ ਕੋਲ ਨਹੀਂ ਜਾਂਦੇ

ਹਸਪਤਾਲ ਨਹੀਂ ਜਾਂਦੇ

ਦਵਾਈ ਲੈਣ ਨਹੀਂ ਜਾਂਦੇ

ਮਰਨ ਵੇਲੇ, ਮਰ ਜਾਂਦੇ

ਤੋਪ ਦਾ ਮੁਕਾਬਲਾ

ਤਲਵਾਰ ਨਾਲ ਕਰਦੇ

ਤਲਵਾਰ ਦਾ ਸੋਟੀ ਨਾਲ

ਸੋਟੀ ਵਾਲੇ ਦਾ ਨਿਹੱਥੇ

ਨਿਹੱਥੇ ਬੰਦੇ ਦਾ ਮੁਕਾਬਲਾ

ਚੁੱਪ ਨਾਲ ਕਰਦੇ ਹਨ

ਚੁੱਪ ਅੱਗੇ

ਹਮੇਸ਼ਾ ਹਾਰਦੇ ਰਹੇ ਹਨ

ਮੇਰੇ ਇਲਾਕੇ ਦੇ ਲੋਕ।

ਦਿਦ ਕਸ਼ਮੀਰੀ ਵਿਚ ਮਾਂ ਨੂੰ ਸੱਦਦੇ ਹਨ। ਕਸ਼ਮੀਰੀ ਮੇਰੀ ਭਾਸ਼ਾ ਨਹੀਂ ਹੈ। ਮੈਂ ਕੁਝ ਵਰ੍ਹਿਆਂ ਤੋਂ ਕਸ਼ਮੀਰੀ ਦੀ ਯੋਗਿਨੀ ਸ਼ਾਇਰਾ ਲੱਲ-ਦਿਦ ਬਾਰੇ ਕਵਿਤਾ ਲਿਖਣੀ ਚਾਹੁੰਦਾ ਸੀ। ਗੱਲ ਬਣ ਨਹੀਂ ਸੀ ਰਹੀ। ਫੇਰ ਇਕ ਦਿਨ ਲੱਲ-ਦਿਦ ਨੂੰ ਲੱਲ-ਮਾਈ ਕਰਕੇ ਲਿਖ ਦਿੱਤਾ; ਗੱਲ ਬਣ ਗਈ।

ਲੱਲ-ਦਿਦ

ਉਸ ਕਮਲ਼ੀ ਨੇ

ਡਲ ਨੂੰ ਪੀ ਲਿਆ ਹੈ

ਵੇਹੰਦਿਆਂ ਵੇਹੰਦਿਆਂ

ਅਪਣੇ ਦੁੱਧ ਨਾਲ਼, ਮੁੜ

ਖਾਲੀ ਝੀਲ ਨੂੰ ਭਰ ਦਿੱਤਾ ਹੈ।

ਔਖੇ ਸ਼ਬਦਾਂ ਦੇ ਅਰਥ: ਲੱਲ: ਲੱਲੇਸ਼ਵਰੀ/ ਲੱਲਾ ਆਰਿਫ਼ਾ/ਕਸ਼ਮੀਰ ਦੀ ਸੰਤ ਕਵੀ; ਡਲ: ਝੀਲ।

ਸੰਤਾਲੀ ਵੇਲ਼ੇ ਮੇਰੇ ਵਡੇਰੇ ਪਨਾਹਗੀਰ ਹੋ ਕੇ ਇਧਰਲੇ ਪਾਸੇ ਆਏ ਸਨ। ਮੈਨੂੰ ਲੱਗਦੈ ਮੈਂ ਹਿਜਰਤ ਉਨ੍ਹਾਂ ਤੋਂ ਹੀ ਸਿੱਖੀ ਹੈ। ਅਗਲੇ ਪਲ ਲੱਗਦੈ ਕਿ ਨਹੀਂ, ਇਹ ਮੈਂ ਮਾਂ ਦੇ ਪੇਟ ‘ਚੋਂ ਹੀ ਨਾਲ ਲੈ ਕੇ ਪੈਦਾ ਹੋਇਆ ਹਾਂ। ਕਿੰਨੀ ਹੀ ਵਾਰ ਸੋਚਦਾ ਹਾਂ ਕਿ ਹੁਣ ਹਿਜਰਤ ‘ਤੇ ਕੋਈ ਗੱਲ ਨਹੀਂ ਕਰਨੀ, ਨਾ ਲਿਖਣੀ ਹੈ। ਪਤਾ ਨਹੀਂ ਫੇਰ ਵੀ ਕਿਵੇਂ ਲਿਖੀ ਜਾਂਦੀ ਹੈ।

ਕਾਫ਼ਲਾ

ਬਰਫ਼ੋਂ ਸਿੰਮਦੇ ਸੀਰ ਨੂੰ

ਹੱਥ ਲਾਉਣਾ ਚਾਹੁੰਦੇ ਸਨ ਬੱਚੇ

ਕਾਫ਼ਲਾ ਰੁਕਿਆ ਨਹੀਂ ਸੀ

ਆਉਂਦਾ ਬੱਦਲ਼ ਦੇਖ ਪਹਾੜੀ ਉੱਤੇ

ਡਰ ਗਿਆ ਸੀ ਕਾਫ਼ਲਾ

ਬੱਚੇ ਨਹੀਂ ਸਨ ਡਰੇ

ਬੱਦਲ਼ ਲੰਘ ਜਾਣ ‘ਤੇ

ਕਾਫ਼ਲੇ ਨੂੰ ਸ਼ਹਿਰ ਵਿਚ,

ਲੱਗੀ ਅੱਗ, ਨਿਕਲਦਾ ਧੂੰਆਂ ਦਿਸਿਆ ਸੀ

ਬੱਚੇ ਨਹੀਂ ਸੀ ਡਰੇ

ਜੱਥੇਦਾਰ ਕਿਹਾ:

ਨੱਬੇ ਅੜੇ, ਪੰਦਰਾਂ ਝੜੇ

ਪਿੱਛੇ ਰਹਿ ਗਈਆਂ ਨੌਂ ਕਾਲਸਿਰੀਆਂ

ਬੱਚੇ ਤਾਂ ਵੀ ਨਹੀਂ ਸਨ ਡਰੇ

ਖਾਉਣ ਤਾਈਂ,

ਰਾਹ ਵਿਚ ਕਾਫ਼ਲੇ ਨੇ ਜਦ ਭੇਡ ਭੁੰਨੀ, ਤਾਂ

ਦੇਖ ਕੇ ਡਰ ਗਏ ਸੀ

ਚੁੱਪ ਕਰ ਗਏ ਸੀ ਬੱਚੇ।

ਔਖੇ ਸ਼ਬਦਾਂ ਦੇ ਅਰਥ: ਸੀਰ: ਦਰਿਆ ਵਿਚ ਮਿਲ ਜਾਣ ਵਾਲ਼ੀ ਛੋਟੀ ਧਾਰਾ; ਕਾਲਸਿਰੀਆਂ: ਜਵਾਨ ਔਰਤਾਂ।

ਮੈਨੂੰ ਕਿਸੇ ਪੁੱਛਿਆ ਕਿ ਮੇਰੇ ਪਰਿਵਾਰ ਜਾਂ ਖ਼ਾਨਦਾਨ ਵਿਚ ਹੋਰ ਵੀ ਕੋਈ ਕਵਿਤਾ ਲਿਖਦਾ ਹੈ ਜਾਂ ਲਿਖਦਾ ਰਿਹਾ ਹੈ। ਜਦੋਂ ਗ਼ੌਰ ਕਰਕੇ ਵੀ ਕੁਝ ਨਹੀਂ ਅਹੁੜਿਆ। ਜਿਵੇਂ ਬੱਤੀ ਬਲ਼ ਗਈ ਹੋਵੇ; ਹਾਂ ਮੈਂ ਉਸ ਸਭਿਆਚਾਰ ਵਿਚ ਪੈਦਾ ਹੋਇਆ ਹਾਂ, ਜਿੱਥੇ ਕਵਿਤਾ ਪੜ੍ਹਨ ਦੀ ਤਮੀਜ਼ ਸਿਖਾਈ ਜਾਂਦੀ ਹੈ; ਜਿਹਨੂੰ ਸੰਥਿਆ ਆਖਦੇ ਹਨ।

ਸੰਪਰਕ: 94191-10232

Advertisement
Tags :
ਆਪਣੇਇਲਾਕੇਕਿਉਂਬਾਰੇਲਿਖਦਾ
Advertisement