ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਨ ਸੰਤਾਲੀ ਬਾਰੇ ਵਾਰ-ਵਾਰ ਨਾਟਕ ਕਿਉਂ ਕਰਦਾ ਹਾਂ?

08:10 AM Jul 26, 2020 IST

ਕੇਵਲ ਧਾਲੀਵਾਲ

Advertisement

ਹਿੰਦ-ਪਾਕਿ ਦੋਸਤੀ ਤੇ ਅਮਨ ਲਈ ਦੋਵਾਂ ਪਾਸਿਆਂ ਦੇ ਰੰਗਮੰਚ ਨੇ ਵੱਡੀ ਭੂਮਿਕਾ ਨਿਭਾਈ ਹੈ। 1947 ਦੇ ਬਟਵਾਰੇ ਤੇ ਉਜਾੜੇ ਨੇ ਲੱਖਾਂ ਹੀ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ। ਮੇਰੇ ਵੱਡੇ ਵਡੇਰੇ ਵੀ ਉਧਰਲੇ ਪਾਸਿਓਂ ਉੱਜੜ ਕੇ ਇਧਰ ਆਏ ਸੀ। ਮੈਂ ਬਚਪਨ ਤੇ ਜਵਾਨੀ ਵਿਚ ਵੀ ਆਪਣੇ ਬਾਪ ਕੋਲੋਂ 1947 ਦੇ ਉਜਾੜੇ ਦੇ ਕਈ ਕਿੱਸੇ ਸੁਣੇ ਨੇ। ਉਨ੍ਹਾਂ ਕਿੱਸਿਆਂ ਨੂੰ ਸੁਣਦਿਆਂ ਮੈਂ ਹਮੇਸ਼ਾਂ ਆਪਣੇ ਮਾਂ-ਬਾਪ ਦੀਆਂ ਅੱਖਾਂ ਵਿਚ ਉਧਰ ਰਹਿ ਗਏ ਸਾਡੇ ਪਿੰਡ ਤੇ ਘਰ ਦੀ ਤਸਵੀਰ ਵੇਖਦਾ ਸੀ। ਮੇਰੇ ਪਿਤਾ ਜੀ ਹਰ ਰੋਜ਼ ਉਧਰਲੇ ਘਰ ਨੂੰ ਯਾਦ ਕਰਦੇ ਸੀ। ਉਹ ਕਦੀ ਨਹੀਂ ਸੀ ਕਹਿੰਦੇ ਕਿ ਜਦੋਂ ਮੁਲਕ ਆਜ਼ਾਦ ਹੋਇਆ, ਬਟਵਾਰਾ ਹੋਇਆ ਜਾਂ ਪਾਕਿਸਤਾਨ ਬਣਿਆ, ਉਹ ਹਮੇਸ਼ਾਂ ਕਹਿੰਦੇ, ‘‘ਜਦੋਂ ਅਸੀਂ ਓਧਰੋਂ ਉੱਜੜ ਕੇ ਆਏ…।’’ …ਤੇ ਇਹ ਉਜਾੜਾ ਮੈਂ ਨਿੱਤ ਉਨ੍ਹਾਂ ਦੀਆਂ ਸਿਲੀਆਂ ਹੋਈਆਂ ਅੱਖਾਂ ਵਿਚ ਵੇਖਦਾ ਸੀ। ਸ਼ਾਇਦ ਇਸੇ ਲਈ 1947 ਦੀ ਵੰਡ ਨਾਲ ਜੁੜੀ ਹਰ ਕਹਾਣੀ, ਹਰ ਕਵਿਤਾ, ਨਾਵਲ ਜਾਂ ਨਾਟਕ ਮੇਰੇ ਦਿਲ ਦੇ ਨੇੜੇ ਹੈ। ਇਸੇ ਲਈ ਸ਼ਾਇਦ ਮੈਂ ਵਾਰ-ਵਾਰ ਵੰਡ ਨਾਲ ਜੁੜੇ ਇਸ ਉਜਾੜੇ ਬਾਰੇ ਨਾਟਕ ਖੇਡਦਾ। ਮੈਂ ਦੋਵਾਂ ਪੰਜਾਬਾਂ ਵਿਚ ਹਿੰਦ-ਪਾਕਿ ਦੋਸਤੀ ਤੇ ਅਮਨ ਲਈ ਰੰਗਮੰਚ ਉਤਸਵ ਵੀ ਕਰਦਾ। ਥੀਏਟਰ ਵਰਕਸ਼ਾਪਾਂ ਵੀ ਕਰਦਾ। ਮੈਨੂੰ ਹਮੇਸ਼ਾ ਲੱਗਦਾ ਰਹਿੰਦਾ ਏ ਕਿ ਸਾਨੂੰ ਉਨ੍ਹਾਂ ਸਾਂਝੇ ਲੋਕ ਨਾਇਕਾਂ ਅਤੇ ਸੂਫ਼ੀ ਆਗੂਆਂ ਦੀਆਂ ਕਹਾਣੀਆਂ ਅਤੇ ਪੰਜਾਂ ਦਰਿਆਵਾਂ ਦੇ ਨਾਇਕ ਨਾਇਕਾਵਾਂ ਅਤੇ ਹੀਰ ਵਾਰਿਸ ਨੂੰ ਦੋਵਾਂ ਮੁਲਕਾਂ ਵਿਚ ਨਾਟਕਾਂ ਰਾਹੀਂ ਵਾਰ-ਵਾਰ ਪੇਸ਼ ਕਰਨਾ ਚਾਹੀਦਾ ਹੈ। ਦੁੱਲਾ, ਬੁੱਲ੍ਹਾ, ਭਗਤ ਸਿੰਘ, ਦਾਰਾ ਸ਼ਿਕੋਹ, ਮੰਟੋ, ਫੈਜ਼, ਫਰੀਦ, ਸ਼ਾਹ ਹੁਸੈਨ, ਮੀਆਂ ਮੀਰ, ਹੀਰ ਰਾਂਝਾ, ਰਾਜਾ ਪੋਰਸ, ਮਿਰਜਾ ਸਾਹਿਬਾਂ, ਸੱਸੀ ਪੁੰਨੂੰ, ਸੋਹਣੀ ਮਹੀਂਵਾਲ ਤੇ ਅਜਿਹੇ ਹੋਰ ਲੋਕ ਨਾਇਕਾਂ ਦੇ ਕਿੱਸੇ ਰੰਗਮੰਚ ਦਾ ਹਿੱਸਾ ਬਣਾ ਕੇ ਸਾਨੂੰ ਉੱਚੀ ਆਵਾਜ਼ ਵਿਚ ਹਾਕਮਾਂ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਭਾਵੇਂ ਧਰਤੀ ’ਤੇ ਲੀਕ ਪਾ ਕੇ ਇਕ ਮੁਲਕ ਦੇ ਦੋ ਮੁਲਕ ਬਣਾ ਦਿੱਤੇ ਨੇ, ਲੋਕਾਂ ਨੂੰ ਵੰਡ ਦਿੱਤਾ ਹੈ, ਪਰ ਲੋਕ ਨਾਇਕਾਂ ਨੂੰ ਵੰਡਿਆ ਨਹੀਂ ਜਾ ਸਕਦਾ। ਰਫੀ ਪੀਰ ਦੇ 1938 ਵਿਚ ਲਿਖੇ ਨਾਟਕ ‘ਅੱਖੀਆਂ’ ਨੂੰ ਕੀ ਹੁਣ ਅਸੀਂ ਪਾਕਿਸਤਾਨੀ ਨਾਟਕ ਕਹਾਂਗੇ ਜਾਂ ਹਿੰਦੁਸਤਾਨੀ? ਅਜੋਕਾ ਥੀਏਟਰ ਲਾਹੌਰ ਦੇ ਆਗੂ ਮਦੀਹਾ ਗੌਹਰ ਤੇ ਸ਼ਾਹਿਦ ਨਦੀਮ ਨਾਲ ਮੇਰੇ ਥੀਏਟਰ ਗਰੁੱਪ ਦੀ ਸਾਂਝ ਕੋਈ 20 ਸਾਲ ਪੁਰਾਣੀ ਹੈ। ਇਸੇ ਰੰਗਮੰਚ ਦੀ ਸਾਂਝ ਕਾਰਨ ਹੀ ਮੇਰੀ ਪਤਨੀ ਡਾ. ਅਰਵਿੰਦਰ ਕੌਰ ਧਾਲੀਵਾਲ ਨੇ ਅਜੋਕਾ ਥੀਏਟਰ ਦੇ ਲਗਭਗ 15 ਨਾਟਕ ਗੁਰਮੁਖੀ ਵਿਚ ਲਿਪੀਆਂਤਰ ਕੀਤੇ। ਇਹ ਨਾਟਕ ਹੁਣ ਸਾਡੀਆਂ ਚੜ੍ਹਦੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਏ ਜਾਂਦੇ ਨੇ। ਇਧਰਲੇ ਪਾਸੇ ਸ਼ਾਹਿਦ ਨਦੀਮ ਦੇ ਲਿਖੇ ਨਾਟਕ ‘ਝੱਲੀ ਕਿੱਥੇ ਜਾਵੇ’ ਦੇ ਮੇਰੀ ਨਿਰਦੇਸ਼ਨਾ ਹੇਠ 300 ਤੋਂ ਵੱਧ ਸ਼ੋਅ ਹੋ ਚੁੱਕੇ ਨੇ। ਸ਼ਾਹਿਦ ਨਦੀਮ ਦਾ ਹੀ ਨਾਟਕ ‘ਸ਼ਰਮ ਦੀ ਗੱਲ’, ‘ਰਿਹਾਈ’, ‘ਥੱਪੜ’, ‘ਚੁੱਲਾ’, ‘ਤੀਸਰੀ ਦਸਤਕ’, ‘ਧੀ ਰਾਣੀ’, ‘ਬੁੱਲ੍ਹਾ’, ‘ਦੁੱਖ ਦਰਿਆ’, ‘ਮੈਨੂੰ ਕਾਰੀ ਕਰੇਂਦੇ ਨੀ ਮਾਂ’ ਅਤੇ ‘ਬਾਰਡਰ ਬਾਰਡਰ’ ਵੀ ਬਹੁਤ ਵਾਰ ਇਧਰਲੇ ਪਾਸੇ ਖੇਡੇ ਗਏ ਨੇ। ਉਧਰਲੇ ਲਹਿੰਦੇ ਪੰਜਾਬ ਵਿਚ ਵੀ ਮੇਰੀ ਟੀਮ ‘ਮੰਚ-ਰੰਗਮੰਚ’ ਵੱਲੋਂ ‘ਲੂਣਾ’, ‘ਸ਼ਾਇਰੀ’, ‘ਲਾਲ ਬੱਤੀ’, ‘ਇਕ ਸੀ ਮੰਟੋ’, ‘ਝੱਲੀ ਕਿੱਥੇ ਜਾਵੇ’, ‘ਗੱਡੀ ਚੜ੍ਹਨ ਦੀ ਕਾਹਲ ਬੜੀ ਸੀ’, ‘ਯਾਤਰਾ 1947’, ‘ਮੱਸਿਆ ਦੀ ਰਾਤ’, ‘ਧਮਕ ਨਗਾਰੇ ਦੀ’ ਅਤੇ ‘ਬਸੰਤੀ ਚੋਲਾ’ ਬਹੁਤ ਵਾਰ ਖੇਡੇ ਗਏ ਨੇ। ਭੀਸ਼ਮ ਸਾਹਨੀ ਦਾ ਨਾਟਕ ‘ਕਬੀਰਾ ਖੜ੍ਹਾ ਬਾਜ਼ਾਰ ਮੇਂ’ ਅਤੇ ਸਵਾਰਾਜਬੀਰ ਦਾ ਨਾਟਕ ‘ਸ਼ਾਇਰੀ’ ਤੇ ‘ਪੀਰੋ ਪ੍ਰੇਮਣ’ ਮੈਂ ਅਜੋਕਾ ਥੀਏਟਰ ਲਾਹੌਰ ਦੇ ਕਲਾਕਾਰਾਂ ਨਾਲ ਤਿਆਰ ਕਰਵਾਕੇ ਉਧਰ ਸ਼ੋਅ ਕੀਤੇ ਨੇ। ਦੋਵਾਂ ਮੁਲਕਾਂ ਵਿਚ ਅਮਨ ਤੇ ਦੋਸਤੀ ਦਾ ਸੁਨੇਹਾ ਦੇਣ ਲਈ ਅਸੀਂ ਮਿਲ ਕੇ ‘ਆਲ ਪਰਫਾਰਮਿੰਗ ਆਰਟਿਸਟ ਨੈੱਟਵਰਕ’ (ਆਪਾਂ) ਸੰਸਥਾ ਵੀ ਬਣਾਈ ਤੇ ਰੰਗਮੰਚ ਨਾਲ ਜੁੜੇ ਕੰਮ ਥੀਏਟਰ ਵਰਕਸ਼ਾਪਾਂ, ਰੰਗਮੰਚ ਮੇਲੇ, ਰੂਬਰੂ ਪ੍ਰੋਗਰਾਮ ਅਤੇ ਨਾਟਕਾਂ ਦੇ ਆਦਾਨ ਪ੍ਰਦਾਨ ਦਾ ਕੰਮ ਵੀ ਕੀਤਾ ਹੈ। ਅਜੋਕਾ ਥੀਏਟਰ ਲਾਹੌਰ, ਰਫ਼ੀ ਪੀਰ ਥੀਏਟਰ, ਮਾਸ ਥੀਏਟਰ, ਪਤਨ ਲੋਕ ਇਸਲਾਮਾਬਾਦ ਅਤੇ ਹੋਰ ਕਈ ਰੰਗਮੰਚ ਗਰੁੱਪਾਂ ਨੇ ਮਿਲ ਕੇ 1947 ਦੇ ਦਰਦ ਦੀ ਗੱਲ ਆਪਣੇ ਨਾਟਕਾਂ ਰਾਹੀਂ ਕੀਤੀ ਹੈ। ਇਸੇ ਲਈ ਵਾਰ-ਵਾਰ 1947 ਨਾਲ ਸਬੰਧਿਤ ਬਹੁਤ ਸਾਰੇ ਨਾਟਕ ਲਿਖੇ ਤੇ ਖੇਡੇ ਗਏ। 1947 ਨਾਲ ਸਬੰਧਿਤ ਉਨ੍ਹਾਂ ਸਾਰੇ ਨਾਟਕਾਂ ਦੀ ਗੱਲ ਕਰ ਰਿਹਾ ਹਾਂ ਜਨਿ੍ਹਾਂ ਨੇ 1947 ਦੇ ਦਰਦ ਨੂੰ ਪੇਸ਼ ਕੀਤਾ ਅਤੇ ਮਾਨਵੀ ਸੰਵੇਦਨਾ ਦੀ ਗੱਲ ਕੀਤੀ।

‘ਯਾਤਰਾ 1947’: ਮੇਰਾ ਇਹ ਨਾਟਕ 1947 ਦੀ ਵੰਡ ਦੀਆਂ ਸੱਚੀਆਂ ਘਟਨਾਵਾਂ ਉੱਤੇ ਆਧਾਰਿਤ ਹੈ। ਇਸ ਨਾਟਕ ਵਿਚ ਦੋਵਾਂ ਮੁਲਕਾਂ ਦੇ ਲਗਭਗ 40 ਕਵੀਆਂ ਦੀਆਂ ਕਵਿਤਾਵਾਂ ਵੀ ਸ਼ਾਮਿਲ ਹਨ। ਇਸ ਨਾਟਕ ਦੀ ਪੇਸ਼ਕਾਰੀ ਵੇਲੇ ਵੀ ਦੋਵਾਂ ਮੁਲਕਾਂ ਵਿਚੋਂ ਮੈਂ 40 ਦੇ ਕਰੀਬ ਕਲਾਕਾਰ ਲੈ ਕੇ ਅੰਮ੍ਰਿਤਸਰ ਵਿਖੇ ਇਕ ਥੀਏਟਰ ਵਰਕਸ਼ਾਪ ਦੌਰਾਨ ਇਹ ਨਾਟਕ ਤਿਆਰ ਕੀਤਾ ਸੀ। ਨਾਟਕ ‘ਯਾਤਰਾ 1947’ ਮੈਂ ਵਾਹਗਾ ਬਾਰਡਰ ਉੱਤੇ ਪਾਕਿਸਤਾਨ ਵਾਲੀ ਸਾਈਡ ਗੇਟ ਤੋਂ ਪਰ੍ਹੇ ਲਹਿੰਦੇ ਵਾਲੇ ਪਾਸੇ ਸਿਰਫ਼ 100 ਗਜ਼ ਦੀ ਦੂਰੀ ’ਤੇ ਖੇਡਿਆ ਸੀ, ਤੇ ਨਾਟਕ ‘ਪਿੰਜਰ’ ਮੈਂ ਵਾਹਗਾ ਬਾਰਡਰ ਤੋਂ ਭਾਰਤ ਵਾਲੇ ਪਾਸੇ ਗੇਟ ਤੋਂ 100 ਗਜ਼ ਦੀ ਦੂਰੀ ’ਤੇ ਚੜ੍ਹਦੇ ਵਾਲੇ ਪਾਸੇ ਖੇਡਿਆ ਸੀ। ਜਦੋਂ ਮੈਂ ਦਿੱਲੀ ਵਿਖੇ ਅੰਤਰਰਾਸ਼ਟਰੀ ਥੀਏਟਰ ਫੈਸਟੀਵਲ ਦੌਰਾਨ ਨਾਟਕ ‘ਯਾਤਰਾ 1947’ ਖੇਡਿਆ ਤਾਂ ਨਾਟਕ ਖ਼ਤਮ ਹੋਣ ’ਤੇ ਮੈਂ ਕਲਾਕਾਰਾਂ ਦੀ ਜਾਣ-ਪਛਾਣ ਕਰਵਾਉਣ ਵੇਲੇ ਦਰਸ਼ਕਾਂ ਨੂੰ ਦੱਸਿਆ ਕਿ ਇਸ ਨਾਟਕ ਵਿਚ ਅੱਧੇ ਕਲਾਕਾਰ ਭਾਰਤ ਤੇ ਅੱਧੇ ਪਾਕਿਸਤਾਨ ਤੋਂ ਹਿੱਸਾ ਲੈ ਰਹੇ ਨੇ ਤਾਂ ਉਸ ਵੇਲੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਕਲਾਕਾਰਾਂ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ। ਫੇਰ ਜਦੋਂ ਮੈਂ ਕਿਹਾ ਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਿਹੜੇ ਕਲਾਕਾਰ ਪਾਕਿਸਤਾਨ ਤੋਂ ਤੇ ਕਿਹੜੇ ਭਾਰਤ ਤੋਂ ਨੇ ਤਾਂ ਦਰਸ਼ਕਾਂ ਨੇ ਇਕ ਆਵਾਜ਼ ਵਿਚ ਕਿਹਾ, ਅਸੀਂ ਨਹੀਂ ਜਾਨਣਾ ਚਾਹੁੰਦੇ, ਸਾਡੇ ਲਈ ਇਹ ਸਾਰੇ ਕਲਾਕਾਰ ਨੇ, ਇਹ ਭਾਰਤੀ ਜਾਂ ਪਾਕਿਸਤਾਨੀ ਨਹੀਂ। ਡਾ. ਸਾਹਿਬ ਸਿੰਘ ਵੱਲੋਂ ਅੰਮ੍ਰਿਤਾ ਪ੍ਰੀਤਮ ਦੇ ਨਾਵਲ ‘ਪਿੰਜਰ’ ਦਾ ਨਾਟਕੀ ਰੂਪਾਂਤਰਣ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਬਹੁਤ ਵਾਰ ਮੇਰੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਮੈਂ ‘ਰੁੱਤ ਮਲ੍ਹਮਾਂ ਦੀ ਆਈ ਏ’ ਨਾਟਕ ਬਲਦੇਵ ਸਿੰਘ (ਕੋਈ ਜਗਰਾਵਾਂ ਤੋਂ ਆਇਆ ਜੇ) ਅਤੇ ਸਾਂਵਲ ਧਾਮੀ (ਮਲ੍ਹਮ) ਦੀਆਂ ਦੋ ਕਹਾਣੀਆਂ ਉੱਤੇ ਆਧਾਰਿਤ ਕਰਕੇ ਲਿਖਿਆ ਤੇ ਖੇਡਿਆ ਹੈ। ਇਸ ਵਿਚ ਪਾਕਿਸਤਾਨ ਤੋਂ ਆਇਆ ਇਕ ਬਜ਼ੁਰਗ ਆਪਣਾ ਪਿੰਡ ਲੱਭਦਾ ਹੈ ਤੇ ਫੇਰ ਪਿੰਡ ਵਾਲੇ ਉਸਦਾ ਸਵਾਗਤ ਕਰਦੇ ਨੇ। ਉਰਦੂ ਅਫ਼ਸਾਨਾਨਿਗ਼ਾਰ ਸਆਦਤ ਹਸਨ ਮੰਟੋ ਦੀ ਜ਼ਿੰਦਗੀ ਅਤੇ ਉਸ ਦੀਆਂ ਉਨ੍ਹਾਂ ਕਹਾਣੀਆਂ, ਜਨਿ੍ਹਾਂ ਉੱਤੇ ਮੁਕੱਦਮੇ ਚੱਲੇ ਅਤੇ 1947 ਦੀ ਵੰਡ ਨਾਲ ਸਬੰਧਤ ਸੀ, ਉਨ੍ਹਾਂ ਨੂੰ ਮੈਂ ਆਪਣੇ ਨਾਟਕ ‘ਇਕ ਸੀ ਮੰਟੋ’ ਰਾਹੀਂ ਪੇਸ਼ ਕੀਤਾ ਹੈ। ਇਸ ਨਾਟਕ ਵਿਚ ਮੈਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਬੇਸ਼ੱਕ ਅਸੀਂ ਮੁਲਕ ਵੰਡ ਲਏ, ਪਰ ਮੰਟੋ ਨੂੰ ਵੰਡਿਆ ਨਹੀਂ ਜਾ ਸਕਦਾ।

Advertisement

ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ’ਤੇ ਕਈ ਨਾਟਕ ਲਿਖੇ ਤੇ ਖੇਡੇ ਗਏ। ਊਸ਼ਾ ਗਾਂਗੂਲੀ ਨੇ ਮੰਟੋ ਦੀਆਂ ਕਹਾਣੀਆਂ, ਜੋ ਵੰਡ ਬਾਰੇ ਸਨ, ਨੂੰ ਆਧਾਰ ਬਣਾ ਕੇ ਨਾਟਕ ‘ਸਰਹੱਦ ਪਾਰ ਮੰਟੋ’ ਲਿਖਿਆ ਤੇ ਖੇਡਿਆ। ਇਸੇ ਤਰ੍ਹਾਂ ਸ਼ਾਇਰ ਪ੍ਰਮਿੰਦਰਜੀਤ ਨੇ ਮੰਟੋ ਦੀ ਜੀਵਨੀ ਤੇ ਕਹਾਣੀਆਂ ਉਪਰ ਨਾਟਕ ‘ਅੰਦਰ-ਬਾਹਰ ਮੰਟੋ’ ਲਿਖਿਆ ਜਿਸ ਨੂੰ ਮੇਰੀ ਨਿਰਦੇਸ਼ਨਾ ਵਿਚ ‘ਮੰਚ-ਰੰਗਮੰਚ’ ਅੰਮ੍ਰਿਤਸਰ ਦੇ ਕਲਾਕਾਰਾਂ ਨੇ ਖੇਡਿਆ। ਸ਼ਾਹਿਦ ਨਦੀਮ ਨੇ ਆਪਣੇ ਨਾਟਕ ‘ਕੌਨ ਹੈ ਯੇ ਗੁਸਤਾਖ਼’ ਵਿਚ ਮੰਟੋ ਦੀ ਜੀਵਨੀ, ਕਹਾਣੀਆਂ ਦੇ ਪਾਤਰ ਤੇ ਵੰਡ ਦੇ ਸੰਤਾਪ ਨੂੰ ਪੇਸ਼ ਕੀਤਾ ਹੈ। ਸ਼ਾਹਿਦ ਨਦੀਮ ਨੇ ਹੀ ‘ਟੋਬਾ ਟੇਕ ਸਿੰਘ’ ਉੱਤੇ ਆਧਾਰਿਤ ਨਾਟਕ ਸਕਰਿਪਟ ਲਿਖੀ। ਇਹ ਵੀ ਦੋਵਾਂ ਮੁਲਕਾਂ ਵਿਚ ਖੇਡਿਆ ਗਿਆ। ਇਸੇ ਕਹਾਣੀ ’ਤੇ ਆਧਾਰਿਤ ਡਾ. ਆਤਮਜੀਤ ਨੇ ਬਹੁਤ ਖ਼ੂਬਸੂਰਤ ਨਾਟਕ ‘ਰਿਸ਼ਤਿਆਂ ਦਾ ਕੀ ਰਖੀਏ ਨਾਂ’ ਲਿਖਿਆ ਤੇ ਖੇਡਿਆ। ਇਸ ਨਾਟਕ ਰਾਹੀਂ ਨਾਟਕਕਾਰ ਨੇ ਮਾਨਵੀ ਕਦਰਾਂ ਦੀਆਂ ਸਿਖਰਾਂ ਛੋਹੀਆਂ ਨੇ। ਡਾ. ਸਵਰਾਜਬੀਰ ਦਾ ਲਿਖਿਆ ਨਾਟਕ ‘ਪੁਲ-ਸਿਰਾਤ’ 1947 ਤੋਂ 1984 ਤੱਕ ਦੇ ਸਮੇਂ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਇਹ ਨਾਟਕ ਜਬਰੀ ਮੁਸਲਿਮ ਤੋਂ ਸਿੱਖ ਬਣਾਈ ਔਰਤ ਦੇ ਪਾਗਲਪਣ ਨੂੰ ਸਮਿਆਂ ਦੀ ਵਹਿਸ਼ਤ ਦੇ ਪਾਗਲਪਣ ਨਾਲ ਜੋੜਦਾ ਹੈ। ਨਾਟਕ ਦੀ ਡਿਜ਼ਾਈਨਿੰਗ ਮੈਂ ਸੈੱਟ ਵਿਚ ਨਾ ਕਰਕੇ ਨਾਟਕ ਅੰਦਰਲੀ ਨਿਰਦੇਸ਼ਕ ਦੇ ਹਿੱਸੇ ਆਉਂਦੀ ਸਪੇਸ ਵਿਚ ਕੀਤੀ ਹੈ।

ਕਹਾਣੀਕਾਰ ਦੀਪ ਦੇਵਿੰਦਰ ਦੀ ਬਿਹਤਰੀਨ ਕਹਾਣੀ ‘ਰੁੱਤ ਫਿਰੀ ਵਣ ਕੰਬਿਆ’ ਨੂੰ ਮੈਂ ਅੰਮ੍ਰਿਤਸਰ ਵਿਖੇ 2018 ਦੀ ਥੀਏਟਰ ਵਰਕਸ਼ਾਪ ਦੌਰਾਨ ਤਿਆਰ ਕਰਵਾਇਆ ਤੇ ਖੇਡਿਆ। 1947 ਵਿਚ ਗੂੰਗੀ ਹੋਈ ਇਨਸਾਨੀਅਤ ਦੇ ਇਸ ਨਾਟਕ ਨੂੰ ਪੇਸ਼ ਕਰਦਿਆਂ ਮੈਂ ਨਾਟਕ ਵਿਚ ਪ੍ਰਸਿੱਧ ਸ਼ਾਇਰ ਦੇਵ ਦਰਦ ਦੀ ਕਵਿਤਾ ‘ਵੰਡਾਂ-ਵੰਡਾਂ-ਵੰਡਾਂ’ ਨੂੰ ਵੀ ਨਾਟਕ ਦਾ ਹਿੱਸਾ ਬਣਾਇਆ ਸੀ। ਨਵਤੇਜ ਸਿੰਘ ਦੀਆਂ ਦੋ ਕਹਾਣੀਆਂ ‘ਦੇਸ਼ ਵਾਪਸੀ’ ਅਤੇ ‘ਦਾਈ’ ਦਾ ਮੰਚਨ ਵੀ ਮੈਂ ਪ੍ਰੀਤਨਗਰ ਵਿਖੇ ਲਗਾਈ ਇਕ ਵਰਕਸ਼ਾਪ ਦੌਰਾਨ ਕੀਤਾ ਸੀ। ਇਹ ਵੰਡ ਵੇਲੇ ਹੋਈ ਵੱਢ-ਟੁੱਕ ਅਤੇ ਸਾਂਝੀਵਾਲਤਾ ਦੇ ਹੋਏ ਕਤਲ ਦੀ ਪੇਸ਼ਕਾਰੀ ਸੀ। ਮਹਿੰਦਰ ਸਿੰਘ ਸਰਨਾ ਦੀ ਵੰਡ ਬਾਰੇ ਕਹਾਣੀ ‘ਜਥੇਦਾਰ ਮੁਕੰਦ ਸਿੰਘ’ ਨੂੰ ਮੈਂ 2001 ਵਿਚ ਕਹਾਣੀ ਦਾ ਰੰਗਮੰਚ ਦੇ ਰੂਪ ਵਿਚ ਇਕ ਵਰਕਸ਼ਾਪ ਦੌਰਾਨ ਤਿਆਰ ਕਰਵਾਇਆ ਤੇ ਖੇਡਿਆ। ਇਸੇ ਤਰ੍ਹਾਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ 1947 ਬਾਰੇ ਦੋ ਕਹਾਣੀਆਂ ‘ਮੁਬੀਨਾ ਕਿ ਸੁਕੀਨਾ’ ਅਤੇ ‘ਸੱਚਾ ਝੂਠ’ ਨੂੰ ਉਨ੍ਹਾਂ ਦੀ 100ਵੀਂ ਵਰ੍ਹੇਗੰਢ ਮੌਕੇ 1994 ਵਿਚ ਨਾਟਕ ‘ਅਜੇ ਤਾਂ ਸੁਪਨੇ ਸੁਲਗਦੇ’ ਰਾਹੀਂ ਪੇਸ਼ ਕੀਤਾ। 1947 ਬਾਰੇ ਹੋਰ ਵੀ ਕਈ ਕਹਾਣੀਆਂ ’ਤੇ ਆਧਾਰਿਤ ਨਾਟਕ ਖੇਡੇ ਗਏ ਜਨਿ੍ਹਾਂ ਵਿਚ ‘ਟ੍ਰੇਨ ਟੂ ਪਾਕਿਸਤਾਨ’ (ਨਾਵਲਕਾਰ ਖੁਸ਼ਵੰਤ ਸਿੰਘ, ਸਕਰਿਪਟ ਡਾ. ਜਗਦੀਸ਼ ਸਚਦੇਵਾ), ‘ਆ ਭੈਣ ਫਾਤਿਮਾ’ (ਕਹਾਣੀ ਬਲਦੇਵ ਸਿੰਘ, ਨਿਰਦੇਸ਼ਕ ਸੁਖਵਿੰਦਰ ਪਿੰਟੂ), ‘ਛਵੀਆਂ ਦੀ ਰੁੱਤ’ (ਕਹਾਣੀ ਮਹਿੰਦਰ ਸਿੰਘ ਸਰਨਾ, ਨਿਰਦੇਸ਼ਕ ਮਾ. ਤਰਲੋਚਨ ਸਿੰਘ), ‘ਪੰਜੋ ਰਿਫਊਜ਼ਣ’ (ਕਵਿਤਾ ਮਹਿੰਦਰ ਪਾਲ ਭੱਠਲ, ਨਿਰਦੇਸ਼ਕ/ਲੇਖਕ ਹੰਸਾ ਸਿੰਘ)। ਕਪੂਰ ਸਿੰਘ ਘੁੰਮਣ ਨੇ ਆਪਣਾ ਪਹਿਲਾ ਨਾਟਕ ਹੀ 1952 ਵਿਚ ਮੁਲਕ ਦੀ ਵੰਡ ਬਾਰੇ ਲਿਖਿਆ ਤੇ ਫਿਰ ਇਕ ਹੋਰ ਨਾਟਕ ‘ਉਧਾਲੀ ਹੋਈ ਕੁੜੀ’ ਵੰਡ ਦੌਰਾਨ ਰੁਲਦੀਆਂ ਲਾਸ਼ਾਂ ਤੇ ਜ਼ਬਰਦਸਤੀ ਚੁੱਕੀਆਂ ਤੇ ਰੱਖੀਆਂ ਧੀਆਂ ਦੀ ਕਹਾਣੀ ਹੈ। ਇਸੇ ਤਰ੍ਹਾਂ ਵੰਡ ਬਾਰੇ ਨਾਟਕਕਾਰ ਗੁਰਦਿਆਲ ਸਿੰਘ ਖੋਸਲਾ ਨੇ ‘ਮਰ ਮਿਟਣ ਵਾਲੇ’, ‘ਬਾਕੀ ਫੇਰ’ ਅਤੇ ‘ਬੇਘਰੇ’ ਨਾਟਕ ਲਿਖੇ ਨੇ। ਡਾ. ਰੌਸ਼ਨ ਲਾਲ ਅਹੂਜਾ ਨੇ ‘ਪਾਕਿਸਤਾਨੀ ਰਾਜ’, ‘ਪਾਕਿਸਤਾਨ ਜਾਂ ਪਰਲੋ’, ‘ਹਾਏ ਮੇਰੀ ਧੀ’, ‘ਜੌਹਰ’, ‘ਖਾਕਸਤਾਨ ਜ਼ਿੰਦਾਬਾਦ’, ‘ਬਲਵੰਤ ਕੌਰ’, ‘ਅਬਲਾ’ ਅਤੇ ‘ਸ਼ਰਨਾਰਥੀ’ ਨਾਟਕਾਂ ਵਿਚ 1947 ਦੇ ਉਜਾੜੇ, ਬੇਵਿਸਾਹੀ, ਸ਼ਰਨਾਰਥੀ ਕੈਂਪ ਅਤੇ ਔਰਤਾਂ ਦੀ ਹੋਈ ਬੇਪਤੀ ਨੂੰ ਬਹੁਤ ਹੀ ਸੰਵੇਦਨਾ ਨਾਲ ਪੇਸ਼ ਕੀਤਾ ਹੈ। ਕਰਤਾਰ ਸਿੰਘ ਦੁੱਗਲ 1947 ਬਾਰੇ ਲਿਖੇ ਆਪਣੇ ਦੋ ਨਾਟਕਾਂ ‘ਦੀਵਾ ਬੁਝ ਗਿਆ’, ‘ਮਿੱਠਾ ਪਾਣੀ’, ‘ਸ਼ਰਨਾਰਥੀ’ ਅਤੇ ‘ਪੰਦਰਾਂ ਅਗਸਤ’ ਵਿਚ ਉਜਾੜੇ ਦੀ ਗੱਲ ਕਰਦਾ ਹੈ ਅਤੇ ਇਧਰਲੇ ਕਸ਼ਮੀਰ ਅਤੇ ਲੋਕਾਂ ਦੇ ਸ਼ਰਨਾਰਥੀ ਕੈਂਪਾਂ ਵਿਚ ਰੁਲਣ ਦੀ ਗੱਲ ਵੀ ਕਰਦਾ ਹੈ। ਭਾ’ਜੀ ਗੁਰਸ਼ਰਨ ਸਿੰਘ ਨੇ 1947 ਦੇ ਵੰਡ ਬਾਰੇ ਬਹੁਤ ਸਾਰੇ ਨਾਟਕ ਲਿਖੇ ਤੇ ਖੇਡੇ ਜਨਿ੍ਹਾਂ ਵਿਚ ‘ਤੂਤਾਂ ਵਾਲਾ ਖੂਹ’ (ਨਾਵਲ ਸੋਹਣ ਸਿੰਘ ਸੀਤਲ), ‘ਕਿਹਰੂ ਦਸ ਨੰਬਰੀਆ’ (ਕਹਾਣੀ ਗੁਰਬਖ਼ਸ਼ ਸਿੰਘ ਪ੍ਰੀਤਲੜੀ), ‘ਤਿੰਨ ਟਰੰਕਾਂ ਦੀ ਦਾਸਤਾਨ’ (ਸੁਖਵੰਤ ਕੌਰ ਮਾਨ ਦੀ ਕਹਾਣੀ), ‘ਰੱਬ ਦਾ ਕੁੱਤਾ’ (ਮੋਹਨ ਰਕੇਸ਼ ਦੀ ਕਹਾਣੀ) ਅਤੇ ‘ਮੁਨਸ਼ੀ ਖਾਨ’ (ਜੋਗਾ ਸਿੰਘ ਦਾ ਕਾਵਿ ਸਕੈਚ) ਸੈਂਕੜੇ ਵਾਰ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਖੇਡੇ ਗਏ।

‘ਪਰਿੰਦੇ ਜਾਣ ਹੁਣ ਕਿੱਥੇ’: ਇਹ ਨਾਟਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਪ੍ਰਸਿੱਧ ਕਹਾਣੀ ‘ਕੇਹਰੂ ਦਸ ਨੰਬਰੀਆ’ ਦਾ ਨਾਟਕੀ ਰੂਪਾਂਤਰਣ ਡਾ. ਸਾਹਿਬ ਸਿੰਘ ਨੇ ਕੀਤਾ ਹੈ। ਅਸਗਰ ਵਜਾਹਤ ਦਾ ਨਾਟਕ ‘ਜਿਸ ਲਾਹੌਰ ਨਹੀਂ ਦੇਖਿਆ’ 1947 ਦੇ ਉਜਾੜੇ ਦੀ ਦਾਸਤਾਨ ਇਕ ਬੁੱਢੀ ਮਾਈ ਦੇ ਲਾਹੌਰ ਨਾ ਛੱਡਣ ਦੀ ਕਹਾਣੀ ਹੈ। ਇਹ ਕਹਾਣੀ ਜਜ਼ਬਾਤਾਂ, ਮਨੁੱਖੀ ਰਿਸ਼ਤਿਆਂ ਅਤੇ ਇਨਸਾਨ ਵਿਚ ਇਨਸਾਨ ਦੇ ਜ਼ਿੰਦਾ ਹੋਣ ਦੀ ਕਹਾਣੀ ਹੈ।

‘ਕਿਤਨੇ ਟੁਕੜੇ ਔਰ’: ਪ੍ਰੋ: ਕੀਰਤੀ ਜੌਨ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਇਸ ਨਾਟਕ ਵਿਚ 1947 ਦੀ ਵੰਡ ਦੀਆਂ ਵੱਖ-ਵੱਖ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ। ਇਹ ਕਹਾਣੀਆਂ ਉਜਾੜੇ ਵੇਲੇ ਔਰਤ ਦੇ ਦਰਦ ਨੂੰ ਬਿਆਨ ਕਰਦੀਆਂ ਨੇ। ਕਸ਼ਮੀਰੀ ਲਾਲ ਜ਼ਾਕਿਰ ਦੇ ਨਾਵਲ ’ਤੇ ਅਧਾਰਿਤ ‘ਕਰਮਾਂਵਾਲੀ’ ਨਾਟਕ ਨੂੰ ਸਭ ਤੋਂ ਪਹਿਲਾਂ ਐਨ.ਐਸ.ਡੀ. ਰਿਪੈਟਰੀ ਵੱਲੋਂ ਸ੍ਰੀ ਐਮ.ਕੇ. ਰੈਨਾ ਤੇ ਫੇਰ ਡਾ. ਨਵਨਿੰਦਰਾ ਬਹਿਲ ਤੇ ਸੁਨੀਤਾ ਧੀਰ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਸ਼ਾਹਿਦ ਨਦੀਮ ਦਾ ਲਿਖਿਆ ਨਾਟਕ ‘ਅੰਨ੍ਹੀ ਮਾਈ ਦਾ ਸੁਪਨਾ’ ਵੰਡ ਤੋਂ ਬਾਅਦ ਦੀਆਂ ਸੱਚੀਆਂ ਕਹਾਣੀਆਂ ਉੱਤੇ ਆਧਾਰਿਤ ਹੈ। ਉਹ ਲੋਕ ਜਨਿ੍ਹਾਂ ਦੇ ਸੁਪਨੇ 1947 ਦੇ ਦੁਖਾਂਤ ਨੇ ਗੁਆ ਦਿੱਤੇ ਪਰ ਉਹ ਸੁਪਨੇ ਮਰੇ ਨਹੀਂ, ਜ਼ਿੰਦਾ ਨੇ ਤੇ ਇਹ ਨਾਟਕ ਜਿਉਂਦੇ ਜਾਗਦੇ ਉਨ੍ਹਾਂ ਲੋਕਾਂ ਦੀ ਗੱਲ ਕਰਦਾ ਹੈ ਜਨਿ੍ਹਾਂ ਨੇ ਆਪਣੇ ਸੁਪਨੇ ਮਰਨ ਨਹੀਂ ਦਿੱਤੇ ਅਤੇ ਜੋ ਪਿੱਛੇ ਰਹਿ ਗਏ ਆਪਣਿਆਂ ਨੂੰ ਮਿਲਣ ਲਈ ਤਰਸਦੇ ਨੇ। ‘ਸੁਰਖ਼ ਗੁਲਾਬਾਂ ਦਾ ਮੌਸਮ’ ਨਾਟਕ ਵੀ 1947 ਦੇ ਉਜਾੜੇ ਦੀਆਂ ਯਾਦਾਂ ਦੀ ਕਹਾਣੀ ਹੈ ਜੋ 1947 ਤੋਂ ਤੁਰ ਕੇ ਅੱਜ ਦੇ ਸਮਿਆਂ ਤੱਕ ਇਕ ਨਵੀਂ ਆਸ ਲੈ ਕੇ ਪਹੁੰਚਦੀ ਹੈ।

‘ਮਸੀਹਾ’: ਸਾਗਰ ਸਰਹੱਦੀ ਦਾ ਲਿਖਿਆ ਇਹ ਨਾਟਕ 1947 ਦੇ ਉਜਾੜੇ ਦੀ ਬਹੁਤ ਹੀ ਦਿਲ ਕੰਬਾਊ ਕਹਾਣੀ ਕਹਿੰਦਾ ਹੈ। ਗੁਰਪ੍ਰੀਤ ਸਿੰਘ ਰਟੌਲ ਦਾ ਨਾਟਕ ‘ਧਰਾਬੀ (1947)’ 2017 ਵਿਚ ਲਿਖਿਆ ਤੇ ਖੇਡਿਆ ਗਿਆ। ਇਹ ਨਾਟਕ ਸਰਬਜਿੰਦਰ ਸਿੰਘ ਦੀ ਰਚਨਾ ‘ਦੀਜੈ ਬੁਧਿ ਬਬਿੇਕਾ’ ਉੱਤੇ ਆਧਾਰਿਤ ਹੈ। ਇਹ ਨਾਟਕ ਪੰਜਾ ਸਾਹਿਬ ਲਾਗੇ ਵੱਸੇ ਤੇ ਫੇਰ 47 ਵਿਚ ਉੱਜੜੇ ਪਿੰਡ ਧਰਾਬੀ ਦੀ ਕਹਾਣੀ ਹੈ।

‘ਸ਼ਰਨਾਰਥੀ’: ਪੰਜਾਬੀ ਨਾਟਕ ਦੀ ਨਕੜਦਾਦੀ ਨੋਰਾ ਰਿਚਰਡਜ਼ ਨੇ ਇਹ ਨਾਟਕ 1947 ਵਿਚ ਹੀ ਲਿਖਿਆ, ਜਦੋਂ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਲੋਕ ਦਿੱਲੀ ਵਿਖੇ ਬਣੇ ਰਾਹਤ ਕੈਂਪਾਂ ਵਿਚ ਸ਼ਰਨਾਰਥੀ ਬਣ ਕੇ ਰਹਿ ਰਹੇ ਸਨ। ਡਾ. ਸਾਹਿਬ ਸਿੰਘ ਦੁਆਰਾ ਲਿਖਿਆ ਨਾਟਕ ‘ਅਮਰ ਕਥਾ’ ਪ੍ਰਸਿੱਧ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਦੀਆਂ ਕਹਾਣੀਆਂ ਉੱਤੇ ਆਧਾਰਿਤ ਹੈ। ਨਾਟਕ ‘ਪ੍ਰਮੇਸ਼ਵਰ ਸਿੰਘ’ ਅਹਿਮਦ ਨਦੀਮ ਕਾਸਮੀ ਦੀ ਇਸੇ ਨਾਮ ਦੀ ਕਹਾਣੀ ਉੱਤੇ ਆਧਾਰਿਤ ਹੈ ਜੋ ਮਾਸ ਥੀਏਟਰ ਲਾਹੌਰ ਵੱਲੋਂ ਆਮਿਰ ਨਵਾਜ਼ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਦਵਿੰਦਰ ਦਮਨ ਦਾ ਨਾਟਕ ‘ਕਾਲਾ ਲਹੂ’, ਜਗਦੀਸ਼ ਸਿੰਘ ਵੋਹਰਾ ਦਾ ਨਾਟਕ ‘ਅੱਖੀਆਂ ਬਦਲ ਗਈਆਂ’, ਗੁਰਦਿਆਲ ਸਿੰਘ ਫੁੱਲ ਦਾ ਨਾਟਕ ‘ਕਬਰਸਤਾਨ’, ਪਿਆਰਾ ਸਿੰਘ ਭੋਗਲ ਦਾ ਨਾਟਕ ‘ਘਰ-ਘਰ ਏਹੋ ਅੱਗ’, ਹਰਸਰਨ ਸਿੰਘ ਦਾ ਨਾਟਕ ‘ਇਕ ਵਿਚਾਰੀ ਮਾਂ’, ਪ੍ਰੋ. ਅਜਮੇਰ ਔਲਖ ਦਾ ਨਾਟਕ ‘ਅੰਨ੍ਹੇ ਨਿਸ਼ਾਨਚੀ’, ਪ੍ਰੋ. ਪਾਲੀ ਭੁਪਿੰਦਰ ਸਿੰਘ ਦਾ ਨਾਟਕ ‘ਜਦੋਂ ਮੈਂ ਸਿਰਫ਼ ਔਰਤ ਹੁੰਦੀ ਹਾਂ’, ਅਮਰੀਕ ਸਿੰਘ ਦਾ ਨਾਟਕ ‘ਆਂਦਰਾਂ’, ਬਲਬੀਰ ਸਿੰਘ ਦਾ ਨਾਟਕ ‘ਪੰਦਰਾਂ ਅਗਸਤ’, ‘ਬੁੱਸੀ ਰੋਟੀ’, ‘ਮ੍ਰਿਗਨੈਣੀ ਤੇ ਅਰਵਿੰਦ’ ਅਤੇ ਡਾ. ਹਰਚਰਨ ਸਿੰਘ ਨੇ ਵੀ ਆਪਣੇ ਨਾਟਕਾਂ ‘ਤੇਰਾ ਘਰ ਸੋ ਮੇਰਾ ਘਰ’, ‘ਚੌਧਰੀ’, ‘ਹੇਠਲੇ ਉੱਤੇ’ ਵਿਚ ਵੀ ਮੁਲਕ ਦੀ ਵੰਡ ਸਮੇਂ ਉਜੜੇ ਪਰਿਵਾਰਾਂ ਦਾ ਮਾਰਮਿਕ ਚਿਤਰਣ ਕੀਤਾ ਹੈ।

ਇਸ ਲੇਖ ਵਿਚ ਮੈਂ ਲਗਭਗ ਉਨ੍ਹਾਂ 60 ਨਾਟਕਾਂ ਦਾ ਜ਼ਿਕਰ ਕੀਤਾ ਹੈ ਜਨਿ੍ਹਾਂ ਵਿਚ 1947 ਦੇ ਉਜਾੜੇ ਦੀ ਦਾਸਤਾਨ ਦਾ ਜ਼ਿਕਰ ਵੀ ਹੈ ਤੇ ਦੋਵਾਂ ਮੁਲਕਾਂ ਦੀ ਸਾਂਝੀ ਧਰਾਤਲ ਉੱਤੇ ਅਮਨ ਤੇ ਦੋਸਤੀ ਦੀ ਬਾਤ ਪਾਉਂਦੇ ਅਤੇ ਨਵੀਂ ਸੋਚ ਦੇ ਸੁਪਨੇ ਲੈਂਦੇ ਮਨੁੱਖਾਂ ਦੀ ਹੋਣੀ ਦਾ ਵੀ ਜ਼ਿਕਰ ਹੈ। ਇਨ੍ਹਾਂ ਸਾਰੇ ਨਾਟਕਾਂ ਵਿਚ ਸਾਡੇ ਨਾਟਕਕਾਰਾਂ ਦੀ ਹਰ ਪੀੜ੍ਹੀ ਨੇ 1947 ਦੀ ਵੰਡ ਨੂੰ ਸਮਿਆਂ ਅਨੁਸਾਰ ਪੇਸ਼ ਕੀਤਾ ਹੈ। ਪਹਿਲੀ ਪੀੜ੍ਹੀ ਸ਼ਰਨਾਰਥੀਆਂ, ਲੁਟੇ ਘਰਾਂ, ਜਬਰੀ ਖੋਹੀਆਂ ਤੇ ਵਸਾਈਆਂ ਔਰਤ ਦੇ ਸੰਤਾਪ ਦੀ ਗੱਲ ਕਰਦੀ ਹੈ। ਅਗਲੀ ਪੀੜ੍ਹੀ ਇਸ ਉਜਾੜੇ ’ਤੇ ਸਵਾਲ ਵੀ ਕਰਦੀ ਹੈ ਤੇ ਸਾਡੇ ਤੱਕ ਪਹੁੰਚਦਿਆਂ ਨਾਟਕ 1947 ਦੀ ਯਾਤਰਾ ਤੋਂ ਤੁਰ ਕੇ ਸੁਰਖ਼ ਗੁਲਾਬਾਂ ਦੇ ਮੌਸਮ ਤੱਕ ਪਹੁੰਚਦੇ ਨੇ। ਇਹ ਸਾਰੇ ਨਾਟਕ ਤੇ ਉਨ੍ਹਾਂ ਦੀਆਂ ਕਹਾਣੀਆਂ ਦਾ ਜ਼ਿਕਰ ਇਸ ਲਈ ਕੀਤਾ ਹੈ ਕਿ ਉਜਾੜੇ ਦੀ ਜੋ ਕਹਾਣੀ ਇਸ ਧਰਤੀ ਦੇ ਲੋਕਾਂ ਨਾਲ ਵਾਪਰੀ ਹੈ, ਫੇਰ ਕਦੇ ਵੀ ਕਿਸੇ ਹੋਰ ਧਰਤੀ ਉੱਤੇ ਨਾ ਵਾਪਰੇ। ਉਜਾੜੇ ਦੇ 74ਵੇਂ ਸਾਲ ਵਿਚ ਅਸੀਂ ਪ੍ਰਵੇਸ਼ ਕਰਨ ਜਾ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਉੱਚੀ ਤੇ ਸੁੱਚੀ ਕਲਾ ਰਾਹੀਂ ਹੋਰ ਵੀ ਬੁਲੰਦ ਆਵਾਜ਼ ਵਿਚ ਦੋਵਾਂ ਮੁਲਕਾਂ ਦੇ ਹਾਕਮਾਂ ਨੂੰ ਕਹਿਣਾ ਚਾਹੀਦਾ ਹੈ ਕਿ ਲੋਕਾਂ ਨੂੰ ਜੀਣ ਦਿਓ, ਜਿਹੜਾ ਪੈਸਾ ਹਥਿਆਰਾਂ ਉੱਤੇ ਬਰਬਾਦ ਕਰਦੇ ਓ ਉਹ ਮੁਲਕ ਦੀ ਗ਼ਰੀਬੀ ਦੂਰ ਕਰਨ ਉੱਤੇ ਲਾਓ, ਸਿੱਖਿਆ ਉੱਤੇ ਲਾਓ ਤਾਂ ਜੋ ਦੋਵਾਂ ਮੁਲਕਾਂ ਦੇ ਲੋਕ ਅਮਨ-ਸ਼ਾਂਤੀ ਨਾਲ ਰਹਿ ਸਕਣ, ਦੋਸਤੀ ਦੀ ਗੱਲਵਕੜੀ ਪਾ ਸਕਣ। ਰੰਗਮੰਚ ਹਰ ਦੌਰ ਵਿਚ ਨਾਟ-ਕਲਾ ਰਾਹੀਂ ਅਮਨ ਤੇ ਦੋਸਤੀ ਦੀ ਆਵਾਜ਼ ਬੁਲੰਦ ਕਰਦਾ ਰਿਹਾ ਹੈ। ਹੁਣ ਫੇਰ ਸਮਾਂ ਆ ਗਿਆ ਹੈ ਕਿ ਅਸੀਂ ਹਿੰਦ-ਪਾਕਿ ਮਿੱਤਰਤਾ ਦੇ ਰੰਗਮੰਚ ਮੇਲੇ ਲਾਈਏ ਤੇ ਅਮਨ ਦੀ ਆਵਾਜ਼ ਬੁਲੰਦ ਕਰੀਏ।

Advertisement
Tags :
ਸੰਤਾਲੀਕਰਦਾਕਿਉਂਨਾਟਕਬਾਰੇਵਾਰ-ਵਾਰ