ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਂ ਬੇਖ਼ੌਫ਼ ਹੋ ਕੇ ਯਥਾਰਥ ਕਿਉਂ ਲਿਖਦਾ ਹਾਂ ?

08:02 AM Aug 13, 2023 IST

ਮੁਖਤਿਆਰ ਸਿੰਘ

ਮੈਨੂੰ ਕਾਲਜ ਜਾਣ ਤੱਕ ਸਾਹਿਤ ਦਾ ਕੋਈ ਗਿਆਨ ਨਹੀਂ ਸੀ। ਵੱਡਾ ਟੱਬਰ, ਸਾਰੇ ਅਨਪੜ੍ਹ। ਖੇਤੀ ’ਚ ਖੁੱਭੇ ਹੋਏ। ਇੱਕੋ ਇੱਕ ਤਾਇਆ, ਦਸਵੀਂ ਕਰਕੇ ਨੌਕਰੀ ਲੱਗ ਗਿਆ। ਉਸ ਦੇ ਟੱਬਰ ਦਾ ਕਾਫ਼ੀ ਸਾਲ ਸਾਡੇ ਨਾਲ ਕੋਈ ਤਾਲ-ਮੇਲ ਨਾ ਰਿਹਾ। ਮੈਂ ਉਦੋਂ ਕਾਫ਼ੀ ਛੋਟਾ ਸੀ। ਦੂਜੀ ਜਮਾਤ ਵਿਚ ਮੇਰੇ ਢਿੱਡ ’ਚ ਦਰਦ ਅਸਹਿ ਸੀ। ਦਇਆਨੰਦ ਹਸਪਤਾਲ ਲੁਧਿਆਣੇ ਮਹੀਨਾ ਪਿਆ ਰਿਹਾ। ਆਪਰੇਸ਼ਨ ਕਰਨ ਤੋਂ ਇਕ ਦਿਨ ਪਹਿਲਾਂ ਗੋਲੀ ਦਿੱਤੀ ਗਈ। ਉਸ ਨਾਲ ਉਲਟੀ ਆ ਗਈ। ਉਸੇ ਵੇਲੇ ਦਰਦ ਤੋਂ ਆਰਾਮ ਆ ਗਿਆ। ਆਪਰੇਸ਼ਨ ਤੋਂ ਟਲ ਗਏ। ਕਮਜ਼ੋਰੀ ਬਹੁਤ ਆ ਗਈ ਸੀ। ਡਾਕਟਰ ਨੇ ਮਾਪਿਆਂ ਨੂੰ ਛੁੱਟੀ ਦੇ ਕੇ ਕਿਹਾ, ‘‘ਇਹ ਬੱਚਾ ਨਾ ਪੜ੍ਹ ਸਕੇਗਾ, ਨਾ ਕੋਈ ਸਰੀਰਕ ਕੰਮ ਕਰ ਸਕੇਗਾ।’’ ਮੈਨੂੰ ਇਸ ਗੱਲ ਦਾ ਵੱਡੇ ਹੋ ਕੇ ਬੇਬੇ ਤੋਂ ਪਤਾ ਲੱਗਾ। ਇਕ ਸਾਲ ਘਰ ਬੈਠਾ ਰਿਹਾ। ਮਾਪਿਆਂ ਨੇ ਫਿਰ ਸਕੂਲ ਭੇਜ ਦਿੱਤਾ। ਪਤਾ ਨਹੀਂ ਕਿਵੇਂ ਪਾਸ ਹੋਈ ਗਿਆ। ਇਕ ਦੋ ਵਾਰ ਫੇਲ੍ਹ ਵੀ ਹੋਇਆ। ਮਾਪਿਆਂ ਸੋਚਿਆ ਹੋਵੇਗਾ ਕਿ ਖੇਤੀ ਕਰਾਉਣ ਨਾਲੋਂ ਸਕੂਲ ਭੇਜੀ ਜਾਓ। ਮੈਂ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਨੌਕਰੀ ਦੀ ਸੇਵਾਮੁਕਤੀ ਤੋਂ ਬਾਅਦ ਤੇਜ਼ ਚਾਲ ਤੁਰਨ ਬਦਲੇ ਇੰਡੀਆ ਜਿੱਤਾਂਗਾ। ਢੇਰ ਸਾਰੇ ਤਗਮੇ ਤੇ ਸਰਟੀਫਿਕੇਟ ਮਿਲ ਜਾਣਗੇ ਅਤੇ ਪੰਜਾਬੀ ਸਾਹਿਤ ਵਿਚ ਕਹਾਣੀਆਂ, ਨਾਵਲ, ਲੇਖਾਂ ਦੀਆਂ ਤੇਰ੍ਹਾਂ ਪੁਸਤਕਾਂ ਲਿਖ ਲਵਾਂਗਾ। ਡਾਕਟਰ ਦਾ ਕਿਹਾ ਮੈਂ ਝੂਠਾ ਸਾਬਤ ਕਰ ਵਿਖਾਇਆ ਹੈ। ਅਜੇ ਸਫ਼ਰ ਜਾਰੀ ਹੈ।

ਇਹ ਪਿਛਲਝਾਤ ਜ਼ਰੂਰੀ ਸੀ। ਕਾਲਜ ਦੇ ਸਿਲੇਬਸ ਵਿਚ ਸੰਤੋਖ ਸਿੰਘ ਧੀਰ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਸੁਜਾਨ ਸਿੰਘ, ਨੌਰੰਗ ਸਿੰਘ ਵਰਗੇ ਪੇਂਡੂ ਧਰਾਤਲ ਦੇ ਕਹਾਣੀਕਾਰਾਂ ਨੂੰ ਪੜ੍ਹਿਆ। ਮੈਨੂੰ ਲੱਗਾ ਇਹ ਗੱਲਾਂ ਮੈਂ ਹਰ ਰੋਜ਼ ਮਾਪਿਆਂ ਨਾਲ ਅਤੇ ਪਿੰਡ ’ਚ ਵਾਪਰਦੀਆਂ ਵੇਖਦਾ ਮਹਿਸੂਸ ਕਰਦਾ ਹਾਂ। ਕਿਉਂ ਨਾ ਲਿਖ ਕੇ ਵੇਖਾਂ।
ਮੇਰੇ ਕਾਲਜ ਦੇ ਦਿਨਾਂ ਵਿਚ ਹੀ ਪਿੰਡ ਦੇ ਸਕੂਲ ਵਿਚ ਮਾਸਟਰ ਮਹਿੰਦਰ ਸਿੰਘ ਰੂਮੀ ਪੜ੍ਹਾਉਂਦੇ ਸਨ। ਉਹ ਦੂਰ ਦੇ ਹੋਣ ਕਰਕੇ ਪਿੰਡ ਹੀ ਰਹਿੰਦੇ। ਉਨ੍ਹਾਂ ਕੋਲ ਕੇਸਰ ਸਿੰਘ ਨੀਰ ਗ਼ਜ਼ਲਗੋ ਆਉਂਦਾ ਰਹਿੰਦਾ। ਮੈਂ ਵੀ ਉਨ੍ਹਾਂ ਕੋਲ ਕਦੇ ਕਦੇ ਜਾਣ ਲੱਗ ਪਿਆ। ਮੈਨੂੰ ਉਨ੍ਹਾਂ ਦੀਆਂ ਸਾਹਿਤਕ ਗੱਲਾਂ ਚੰਗੀਆਂ ਲੱਗਦੀਆਂ, ਪਰ ਪੱਲੇ ਕੁਝ ਨਹੀਂ ਸੀ ਪੈਂਦਾ। ਮੈਂ ਆਪਣੇ ਬਾਪੂ ਅਤੇ ਚਾਚੇ ਹੋਰਾਂ ਨੂੰ ਕਣਕ, ਫਲਿਆਂ ਨਾਲ ਗਾਉਂਦੇ ਤੇ ਧੜ ਲਾ ਕੇ ਤੰਗਲੀਆਂ ਨਾਲ ਉਡਾਉਂਦੇ ਵੇਖਦਾ। ਇਕ ਦਿਨ ਮੈਂ ਧੜ ਉਡਾਉਂਦਿਆਂ ਦੀ ਨਕਲ ਲਿਖਣ ਲੱਗ ਪਿਆ। ਜਦੋਂ ਹਵਾ ਆਉਂਦੀ, ਉਹ ਉਡਾਉਣ ਲੱਗ ਜਾਂਦੇ। ਹਵਾ ਮਰ ਜਾਂਦੀ ਤਾਂ ਖੜ੍ਹ ਜਾਂਦੇ। ਭੈਣ ਦੁਪਹਿਰ ਦੀ ਰੋਟੀ ਲੈ ਕੇ ਗਈ ਉਡੀਕਦੀ ਰਹਿੰਦੀ। ਉਹ ਥੋੜ੍ਹਾ ਚਿਰ ਹਵਾ ਨੂੰ ਉਡੀਕ ਕੇ ਰੋਟੀ ਖਾਣ ਆ ਬੈਠਦੇ। ਜਦੋਂ ਹਵਾ ਦਾ ਬੁੱਲ੍ਹਾ ਆਉਦਾ, ਰੋਟੀ ਛੱਡ ਧੜ ਉਡਾਉਣ ਆ ਲੱਗਦੇ। ਉਨ੍ਹਾਂ ਨੂੰ ਰੋਟੀ ਖਾਂਦਿਆਂ ਤੀਜਾ ਪਹਿਰ ਹੋ ਜਾਂਦਾ। ਓਧਰ ਭੈਣ ਦੇ ਵਿਆਹ ਦਾ ਵੀ ਤੀਜਾ ਪਹਿਰ ਢਲ ਰਿਹਾ ਸੀ। ਵਾਵਰੋਲਾ ਆਉਂਦਾ। ਸਾਰੀ ਧੜ ਉਡਾ ਕੇ ਲੈ ਜਾਂਦਾ। ਉਨ੍ਹਾਂ ਦੀ ਸਾਹਮਣੇ ਨਿਗਾਹ ਜਾਂਦੀ। ਦੂਰ ਕਿਸੇ ਦੀ ਡਰੰਮੀ ਚੱਲ ਰਹੀ। ਕਣਕ ਅੱਡ ਤੇ ਤੂੜੀ ਅੱਡ ਕਰੀ ਜਾ ਰਹੀ। ਮੈਂ ਇਹ ਸਾਰਾ ਕੁਝ ਕਹਾਣੀ ਵਿਚ ਬਣਾ ਲਿਆ। ਆਪਣੇ ਪ੍ਰੋਫੈਸਰ ਐਚ.ਕੇ. ਰਤਨ ਨੂੰ ਜਾ ਵਿਖਾਈ। ਉਨ੍ਹਾਂ ਨੇ ਕਹਾਣੀ ਕੁਝ ਠੀਕ ਕਰ ਕੇ ਕਾਲਜ ਮੈਗਜ਼ੀਨ ਵਿਚ ਛਾਪ ਦਿੱਤੀ। ਲਿਖਣ ਤੇ ਪੜ੍ਹਨ ਲੱਗ ਪਿਆ। ਉਦੋਂ ਪ੍ਰੀਤਲੜੀ, ਕਵਿਤਾ, ਆਰਸੀ ਖਰੀਦ ਕੇ ਪੜ੍ਹਦਾ। ਕਾਲਜ ਲਾਇਬਰੇਰੀ ਤੋਂ ਕਿਤਾਬ ਲਿਆ ਕੇ ਪੜ੍ਹ ਲੈਂਦਾ।
ਬੀ.ਏ. ਕਰ ਕੇ ਨੌਕਰੀ ਦੀ ਭਾਲ ’ਚ 1970 ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ’ਚ ਕਲਰਕ ਭਰਤੀ ਹੋ ਗਿਆ। ਪੰਜ ਛੇ ਸਾਲਾਂ ਬਾਅਦ ਸ਼ਹਰਯਾਰ, ਸਬਿੰਦਰਜੀਤ ਸਾਗਰ, ਹਰਚੰਦ ਸਿੰਘ ਬੇਦੀ, ਜੋਗਿੰਦਰ ਕੈਰੋਂ, ਸੁਰਜੀਤ ਹਾਂਸ, ਰਾਬਿੰਦਰ ਬਾਠ ਵਰਗਿਆਂ ਦੀ ਸੰਗਤ ਨਾਲ ਫਿਰ ਕਹਾਣੀਆਂ ਲਿਖਣ ਅਤੇ ਪੜ੍ਹਨ ਵੱਲ ਰੁਚਿਤ ਹੋ ਗਿਆ। ਦੋਸਤਾਂ ਦੀ ਸਲਾਹ ਨਾਲ ਕਾਲਜ ਮੈਗਜ਼ੀਨ ਵਿਚ ਛਪੀ ਕਹਾਣੀ ‘ਤੀਜਾ ਪਹਿਰ’ ਦੁਬਾਰਾ ਸੋਧ ਲਈ। ਉਹ ਰਘਬੀਰ ਸਿੰਘ ਸਿਰਜਣਾ ਨੂੰ ਭੇਜ ਦਿੱਤੀ। ਸਿਰਜਣਾ ਦੇ ਅਕਤੂਬਰ-ਦਸੰਬਰ 1977 ਦੇ ਅੰਕ ਵਿਚ ਛਪ ਗਈ। ਬਸ ਫਿਰ ਕਹਾਣੀਕਾਰ ਹੋਣ ਦੀ ਮੋਹਰ ਲੱਗ ਗਈ। ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਡੇ ਦੂਸਰੇ ਪਿੰਡ ਇਕੋ ਸਰਦਾਰ ਦੀ ਸਾਰੀ ਜ਼ਮੀਨ ਸੀ। ਉਹ ਥੋੜ੍ਹੀ ਥੋੜ੍ਹੀ ਕਰ ਕੇ ਵੇਚ ਗਿਆ। ਉਸ ਜ਼ਮੀਨ ’ਚ ਵੱਡੇ ਵੱਡੇ ਖਾਲ਼ ਸਨ। ਸਾਡੇ ਨਾਲ ਚਾਨਣ ਸੀਰੀ ਸੀ। ਖੰਦਕਾਂ ਵਰਗੀਆਂ ਵੱਟਾਂ ਵਿਚ ਝਾੜੀਆਂ, ਕੰਡਿਆਈ, ਸੱਪਾਂ ਦੀਆਂ ਖੱਡਾਂ, ਕੀੜੀਆਂ ਦੇ ਭੌਣ, ਅੱਕ ਢੱਕ ਖੜ੍ਹੇ ਸਨ। ਮੀਂਹ ਪੈਂਦੇ ’ਚ ਚਾਨਣ ਨੇ ਕਹੀ ਨਾਲ ਖਾਲ਼ ਵੱਢਣਾ ਸ਼ੁਰੂ ਕੀਤਾ। ਸੱਪ, ਕੀੜੇ, ਅੱਕ-ਝਾੜੀਆਂ ਨੂੰ ਵੱਢਦਾ, ਉਹ ਪੂਰਾ ਜ਼ੋਰ ਲਾ ਰਿਹਾ ਸੀ। ਚਾਚਾ ਉਸ ਨੂੰ ਰੋਟੀ ਪਾਣੀ ਖੁਆ ਕੇ ਸ਼ਾਬਾਸ਼ ਦੇ ਮੋਟਰ ਦੀ ਕੋਠੜੀ ’ਚ ਬੈਠ ਜਾਂਦਾ। ਚਾਨਣ ਜੂਝਦਾ ਰਿਹਾ। ਆਥਣ ਨੂੰ ਉਸ ਨੂੰ ਦੋ ਪੈੱਗ ਪਿਆ ਦਿੱਤੇ। ਚਾਨਣ ਖ਼ੁਸ਼। ਉਸ ਦੇ ਪੈਰ ’ਤੇ ਕਹੀ ਨਾਲ ਜ਼ਖਮ ਹੋ ਗਿਆ। ਉਸ ਦੀ ਚੀਸ ਦਾਰੂ ਨਾਲ ਹਟ ਗਈ। ਮੈਂ ਵੇਖ ਰਿਹਾ ਸੀ। ਕੁਝ ਸਾਲ ਬਾਅਦ ਚਾਨਣ ਦੇ ਸੰਘਰਸ਼ ਦੀ ਕਹਾਣੀ ‘ਚੀਸ ਦਬ ਗਈ’ ਲਿਖੀ। ਨਾਗਮਣੀ ਵਿਚ ਛਪ ਗਈ।
ਦੋਸਤਾਂ ਮਿੱਤਰਾਂ ਦੀ ਸਲਾਹ ਨਾਲ ਪੜ੍ਹਨ ਲਿਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਿੱਥੇ ਮਾਪਿਆਂ ਨੇ ਜ਼ਮੀਨ ਲਈ, ਉਹ ਬਾਪੂ ਦੇ ਹਿੱਸੇ ਆ ਗਈ। ਉਹ ਗੱਡੇ ਹੇਠਾਂ ਖੇਤ ’ਚ ਰਾਤਾਂ ਕੱਟਦੇ ਰਹੇ। ਫਿਰ ਪਿੰਡ ’ਚ ਕਿਸੇ ਦੀ ਕੱਚੀ ਕੋਠੜੀ ਲੈ ਲਈ। ਉੱਥੇ ਵੀ ਨਾ ਸਰਿਆ। ਅਸੀਂ ਵੱਡੇ ਹੋ ਰਹੇ ਸੀ। ਬਾਪੂ ਤੇ ਛੜਾ ਚਾਚਾ ਖੇਤੀ ਕਰਦੇ, ਪਰ ਗੁਜ਼ਾਰੇ ਜੋਗਾ ਮਕਾਨ ਬਣਾਉਣ ਦਾ ਹੌਸਲਾ ਨਾ ਪੈਂਦਾ। ਅਸੀਂ ਪੜ੍ਹਦੇ ਸੀ। ਇਸ ਧੂਹ-ਘੜੀਸ ਨੂੰ ਮੈਂ ਚੰਗੀ ਤਰ੍ਹਾਂ ਅਨੁਭਵ ਕੀਤਾ। ਕਹਾਣੀ ਲਿਖੀ ‘ਦੋ ਖਣ ਦੋ ਸਿਆੜ’। ਬਾਪੂ ਤੇ ਚਾਚਾ ਖੇਤੀ ’ਚ ਖੁੱਭੇ ਹੋਏ। ਫ਼ਸਲ ਹਲਾਂ ਨਾਲ ਬੀਜਣੀ, ਪਾਣੀ ਦੇਣਾ, ਵੱਢਣੀ, ਗਾਹੁਣੀ, ਉਡਾਉਣੀ, ਤੂੜੀ ਅਤੇ ਦਾਣੇ ਢੋਹਣੇ, ਨਾਲ ਨਾਲ ਬੌਲਦਾਂ, ਮ੍ਹੈਸਾਂ ਨੂੰ ਕੱਖ-ਕੰਡਾ। ਸਵੇਰ ਤੋਂ ਰਾਤ ਤਕ ਵਿਹਲ ਹੀ ਨਹੀਂ ਸੀ ਹੁੰਦੀ। ਮਕਾਨ ਛੱਤਣ ਲਈ ਵਿਹਲ ਕਿੱਥੇ?
‘ਖੂਹ ਦੀ ਮੌਣ’ ’ਚ ਪਿੰਡ ਦੇ ਗੋਰੇ ਸੱਥ ਜੁੜਦੀ। ਕਦੇ ਖੁੰਢਾਂ ’ਤੇ, ਕਦੇ ਦਰਵਾਜੇ ’ਚ ਤੇ ਕਦੇ ਖੂਹ ਦੀ ਮੌਣ ’ਤੇ। ਖੂਹ ਅੱਧਾ ਮਿੱਟੀ ਨਾਲ ਭਰ ਗਿਆ ਸੀ। ਇਕ ਪਾਸੇ ਮੌਣ ਟੁੱਟੀ ਹੋਈ। ਉਸ ਉੱਤੇ ਬੈਠੇ ਬੁੱਢੇ ਬਾਬੇ। ਲਾਗੇ ਹੀ ਅੱਧਖੜ ਉਮਰ ਦੇ ਬੰਦੇ। ਇਕ ਬਜ਼ੁਰਗ ਦੇ ਮੁੰਡਿਆਂ ਦਾ ਨਵਾਂ ਟਰੈਕਟਰ-ਟਰਾਲੀ ਕੋਲੋਂ ਗੂੰਜ ਪਾਉਂਦਾ ਲੰਘਿਆ। ਟਰਾਲੀ ਬੰਦੇ ਤੇ ਜ਼ਨਾਨੀਆਂ ਦੀ ਭਰੀ ਹੋਈ। ਉਸ ਬਜ਼ੁਰਗ ਨੂੰ ਇਕ ਜਣੇ ਨੇ ਕਿਹਾ, ‘‘ਬਜ਼ੁਰਗੋ, ਥੋਨੂੰ ਨ੍ਹੀਂ ਲੈ ਕੇ ਗਏ ਮੱਥਾ ਟੇਕਣ?’’ ਬਜ਼ੁਰਗ ਚੁੱਪ ਰਿਹਾ। ਇਕ ਹੋਰ ਜਣੇ ਨੇ ਕਹਿ ਦਿੱਤਾ, ‘‘ਬਜ਼ੁਰਗਾਂ ਨੂੰ ਕੌਣ ਪੁੱਛਦੈ!’’ ਬਜ਼ੁਰਗ ਇਸ ਵਾਰ ਬੋਲ ਪਿਆ, ‘‘ਮੈਂ ਨ੍ਹੀਂ ਮੰਨਦਾ, ਘਰੇ ਸ਼ਾਂਤੀ ਨਾਲ ਰਹੀਦੈ।’’ ਤੀਜਾ ਜਣਾ ਬੋਲ ਪਿਆ, ‘‘ਨਵਾਂ ਟਰੈਕਟਰ ਲਿਆ। ਮੱਥਾ ਟੇਕਣ ਚੱਲੇ ਨੇ।’’
‘‘ਪਏ ਹੋਣ ਮੈਂ ਨ੍ਹੀਂ ਜਾਣਾ।’’ ਉਹ ਖਿਝ ਕੇ ਪਿਆ। ਬਜ਼ੁਰਗ ਤਾਂ ਖੂਹ ਦੀ ਮੌਣ ਹੋ ਗਿਆ। ਖੂਹ ਵੀ ਹੁਣ ਕਿਸੇ ਕੰਮ ਨਹੀਂ। ਬਜ਼ੁਰਗਾਂ ਦੀ ਵੀ ਕਦਰ ਨਹੀਂ। ਇਹ ਹਰੇ ਇਨਕਲਾਬ ਦੀ ਕਹਾਣੀ ਹੈ।
ਮੇਰੇ ਦਫ਼ਤਰੀ ਕੰਮ ’ਚ ਪੰਜ ਸੱਤ ਸਾਲ ਲੰਘ ਗਏ। ਮਹਿਸੂਸ ਹੋਇਆ ਕਿ ਇਸ ਨੌਕਰੀ ਨਾਲੋਂ ਤਾਂ ਪਿੰਡ ਹੀ ਚੰਗੇ ਸੀ। ਮੌਜ ਨਾਲ ਔਲੂ ’ਚ ਗੋਤੇ ਲਾਉਂਦੇ। ਮੂਲੀਆਂ ਗਾਜਰਾਂ ਖਾਂਦੇ। ਗੰਨੇ ਚੂਪਦੇ। ਇਮਾਨਦਾਰ ਮੁਲਾਜ਼ਮ ਦਾ ਖਰਚਾ ਪੂਰਾ ਨਹੀਂ ਹੁੰਦਾ। ਤਨਖ਼ਾਹ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਖਤਮ। ਤੰਗੀ ਹੀ ਤੰਗੀ। ਸ਼ਹਿਰੀ ਮੁਲਾਜ਼ਮ ਗੱਲਾਂ ਕਰਦੇ, ਇਸ ਨਾਲੋਂ ਤਾਂ ਸਬਜ਼ੀ, ਫਰੂਟਾਂ ਦੀ ਰੇਹੜੀ ਲਾ ਲੈਂਦੇ। ਸਾਰੇ ਮੁਲਾਜ਼ਮ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦੇ, ਪਰ ਨੌਕਰੀ ਛੱਡ ਕੇ ਜਾਣ ਲਈ ਵੀ ਤਿਆਰ ਨਹੀਂ ਸਨ। ਇਕ ਦਿਨ ਦਫ਼ਤਰ ਦੇ ਗੇਟ ’ਤੇ ਲੁੱਕ ਨਾਲ ਲਬਿੜੇ ਪੈਰਾਂ ਵਾਲਾ ਕਤੂਰਾ ਪਿਆ ਸੀ। ਉਸ ਤੋਂ ਤੁਰਿਆ ਨਾ ਜਾਵੇ। ਕਦੇ ਚੀਕਾਂ ਮਾਰਦਾ ਕਦੇ ਟਿਕ ਜਾਂਦਾ। ਉਸ ਨੂੰ ਚੁੱਕਦਾ ਕੋਈ ਨਹੀਂ ਸੀ। ਚੌਕੀਦਾਰ ਬਦਲਦਾ ਰਿਹਾ। ਇਕ ਦੂਜੇ ’ਤੇ ਚੁੱਕਣ ਦੀ ਜ਼ਿੰਮੇਵਾਰੀ ਸੁੱਟੀ ਜਾਂਦੇ। ਮੈਨੂੰ ਕਹਾਣੀ ਸੁੱਝ ਗਈ ਕਿ ਜਿਵੇਂ ਕਤੂਰਾ ਬੇਵੱਸ ਚੀਕਦਾ ਹੈ। ਦਫ਼ਤਰ ’ਚ ਅਸੀਂ ਚੀਕਦੇ ਹਾਂ। ਗੱਲਾਂ ਕਰੀ ਜਾਂਦੇ, ਛੱਡ ਕੇ ਕੋਈ ਨਹੀਂ ਜਾਂਦਾ। ਮੈਂ ਮਹਿਸੂਸ ਕੀਤਾ ਕਿ ਅਸੀਂ ਸਾਰੇ ਚਾਹੇ ਕਿਤੇ ਵੀ ਕੰਮ ਕਰਦੇ ਹਾਂ, ਚੀਕਦੇ ਹੀ ਹਾਂ, ਨੌਕਰੀ ਛੱਡ ਨਹੀਂ ਸਕਦੇ। ਇਹ ਕਹਾਣੀ ‘ਲੁੱਕ ਵਿਚ ਫਸੇ ਪੈਰ’ ਨਾਗਮਣੀ ਨੂੰ ਭੇਜ ਦਿੱਤੀ। ਉਸੇ ਮਹੀਨੇ ਛਪ ਗਈ। ਇਸ ਕਹਾਣੀ ਨੇ ਸਾਹਿਤਕ ਹਲਕਿਆਂ ਵਿਚ ਤਰਥੱਲੀ ਮਚਾ ਦਿੱਤੀ। ਹੁਣ ਤੱਕ ਇਸ ਕਹਾਣੀ ਵਾਲੇ ਕਹਾਣੀਕਾਰ ਵਜੋਂ ਜਾਣਿਆ ਜਾਂਦਾ ਹਾਂ। ਪਹਿਲੀ ਕਿਤਾਬ ਇਸੇ ਕਹਾਣੀ ਦੇ ਨਾਂ ਹੇਠ 1982 ਵਿਚ ਛਪੀ। ਭਾ’ਜੀ ਗੁਰਸ਼ਰਨ ਸਿੰਘ ਨੇ ਛਾਪੀ। ਦੋ ਰੁਪਏ ਕੀਮਤ ’ਚ ਗਿਆਰਾਂ ਸੌ ਕਾਪੀ ਵਿਕ ਗਈ।
ਸ਼ਹਿਰ ’ਚ ਰਹਿੰਦਿਆਂ ਮੁਲਾਜ਼ਮ ਗੁਜ਼ਾਰਾ ਔਖਾ ਹੁੰਦਾ ਮਹਿਸੂਸ ਕਰਦੇ। ਉਹ ਪਿੰਡ ਭਰਾਵਾਂ ਕੋਲ ਮਿਲਣ ਜਾਂਦੇ। ਆਉਂਦੇ ਹੋਏ ਉਨ੍ਹਾਂ ਦੀ ਜੇਬ੍ਹ ਵੱਲ ਵੇਖੀ ਜਾਂਦੇ। ਸ਼ਾਇਦ ਕੁਝ ਨਾ ਕੁਝ ਮਦਦ ਹੋਵੇਗੀ। ਸਾਰੀ ਜਾਇਦਾਦ ਦੀ ਕਮਾਈ ਉਨ੍ਹਾਂ ਕੋਲ ਹੀ ਰਹਿੰਦੀ। ਉਹ ਕਦੇ ਪੈਸਾ ਦਿੰਦੇ ਨਾ। ਜਦੋਂ ਭਰਾ ਰੇਲਵੇ ਸਟੇਸ਼ਨ ’ਤੇ ਛੱਡਣ ਆਉਦਾ ਤਾਂ ਉਹ ਇਸੇ ਝਾਕ ਵਿਚ ਰਹਿੰਦੇ। ਮੁਲਾਜ਼ਮ ਗੱਡੀ ਚੜ੍ਹ ਕੇ ਉਸ ਨੂੰ ਖਾਲੀ ਝੋਲਾ ਲਹਿਰਾ ਕੇ ਬਾਏ ਬਾਏ ਕਹਿੰਦਾ ਹੈ। ਓਧਰ ਭਰਾ ਵੀ ਖਾਲੀ ਹੱਥ ਖੜ੍ਹਾ ਹਿਲਾਉਂਦਾ ਹੈ। ਇਹ ਕਹਾਣੀ ਸੀ ‘ਖਾਲੀ ਝੋਲਾ’। ਦੋਵਾਂ ਦੀ ਆਰਥਿਕ ਹਾਲਤ ਮਾੜੀ। ਉਹ ਇਕ ਦੂਜੇ ਦੀ ਮਦਦ ਵੀ ਨਹੀਂ ਕਰ ਸਕਦੇ। ਇੱਥੋਂ ਤਣਾਅ ਪੈਦਾ ਹੁੰਦਾ ਹੈ। ਇਮਾਨਦਾਰੀ ਨਾਲ ਨੌਕਰੀ ਕਰਨ ਵਾਲਾ ਮੁਲਾਜ਼ਮ ਪਿੰੰਡ ਅਤੇ ਸ਼ਹਿਰੀ ਜੀਵਨ ਵਿਚ ਲਟਕਿਆ ਹੋਇਆ ਹੈ। ਆਰਥਿਕ ਸੰਕਟ ਕਾਰਨ ਮੁਲਾਜ਼ਮ ਨੌਕਰੀ ਛੱਡ ਕੇ ਪਿੰਡ ਆਉਣਾ ਚਾਹੁੰਦਾ ਹੈ, ਪਰ ਪਿੰਡ ਆ ਕੇ ਭਰਾਵਾਂ ਦਾ ਬਦਲਿਆ ਰੁਖ਼ ਵੇਖਦਾ ਹੈ। ਉਸ ਦੇ ਭਰਾ ਪਿੰਡ ਵਾਪਸ ਆਉਣ ਲਈ ਹੁੰਗਾਰਾ ਹੀ ਨਹੀਂ ਭਰਦੇ। ਬੋਲਣਾ ਹੀ ਬੰਦ ਕਰ ਦਿੰਦੇ ਹਨ ਕਿ ਨਾ ਆਵੇ। ਮੁਲਾਜ਼ਮ ਦੁਖੀ ਹੋ ਕੇ ਵਾਪਸ ਚਲਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਦੁਬਿਧਾ ਵਾਲੀਆਂ ਕਹਾਣੀਆਂ ਲਿਖੀਆਂ ਜੋ ਹੰਢਾਈਆਂ ਹਨ; ‘ਹਿਜਰਤ’, ‘ਅਜੇ ਵੀ’, ‘ਇਕ ਮੁੱਠੀ ਚੁੱਕ ਲੈ’, ‘ਚਿਹਰੇ’ ਆਦਿ।
ਫਿਰ ਲੰਮਾ ਸਮਾਂ ਖਾੜਕੂਵਾਦ ਤੇ ਸਰਕਾਰੀ ਜਬਰ ਦਾ ਸਮਾਂ ਆਇਆ ਜਿਸ ਦੌਰਾਨ ਅੰਮ੍ਰਿਤਸਰ ਰਹਿੰਦਿਆਂ ਦਹਿਸ਼ਤ ਵਾਲਾ ਮਾਹੌਲ ਰਿਹਾ। ਇਸ ਤੋਂ ਪਹਿਲਾਂ ਨਕਸਲੀ ਲਹਿਰ ਉੱਠੀ। ਉਦੋਂ ਇਕ ਬੇਰੁਜ਼ਗਾਰ ਮੁੰਡਾ ਸ਼ਹਿਰ ਟਾਈਪ ਸਿੱਖਣ ਜਾਂਦਾ ਸੀ। ਰਸਤੇ ’ਚ ਪੁਲੀਸ, ਨਕਸਲਵਾਦੀ ਸਮਝ ਕੇ ਲੈ ਗਈ। ਤਸ਼ੱਦਦ ਹੁੰਦਾ ਰਿਹਾ। ਮੁੰਡੇ ਕੋਲੋਂ ਨਿਕਲਿਆ ਕੁਝ ਨਹੀਂ, ਰਾਤ ਨੂੰ ਛੱਡ ਦਿੱਤਾ। ਉਹ ਬੁਰੇ ਹਾਲੀਂ ਪਿੰਡ ਪਹੁੰਚਿਆ। ਮੁੰਡੇ ਵੱਡੇ ਦਰਵਾਜ਼ੇ ਅੱਗੇ ਲੋਹੜੀ ਨੂੰ ਧੂਣੀ ਸੇਕਦੇ ਹਨ। ਉਹ ਵੇਖ ਕੇ ਹੈਰਾਨ ਰਹਿ ਜਾਂਦੇ ਹਨ। ਘਰ ਪਹੁੰਚਦਾ ਹੈ ਅਤੇ ਆਪਣੇ ਛੋਟੇ ਭਰਾ ਬਾਰੇ ਕਹਿੰਦਾ, ‘‘ਇਸ ਨੂੰ ਲੁਕੋ ਲਵੋ। ਉਹ ਕਹਿੰਦੇ ਸੀ, ਜੰਮਦੀਆਂ ਸੂਲਾਂ ਨੂੰ ਨੱਪਣਾ ਹੈ ਤਾਂ ਕਿ ਨਕਸਲਵਾਦ ਨੱਪਿਆ ਜਾ ਸਕੇ।’’ ਇਸ ਕਹਾਣੀ ਦਾ ਨਾਂ ਸੀ ‘ਸੂਲਾਂ’। ਖਾੜਕੂਵਾਦ ਦੇ ਸਮੇਂ ਵੇਖਿਆ, ਹੰਢਾਇਆ, ਯਥਾਰਥ ਚਿਤਰਣ ਕਰਦੀਆਂ ਕਹਾਣੀਆਂ ‘ਤੂੜੀ ਦਾ ਕੁੱਪ’, ‘ਬੁੱਲ਼ੇ’, ‘ਕੱਚੀ ਖੂਹੀ’, ‘ਲੈਚੀਆਂ’, ‘ਚੜ੍ਹਦੇ ਸੂਰਜ ਦੀ ਲਾਲੀ’ ਲਿਖੀਆਂ। ਉਸ ਵੇਲੇ ਫ਼ੌਜ ਦੀ ਹਰ ਇਕ ’ਤੇ ਸ਼ੱਕੀ ਨਿਗ੍ਹਾ ਹੁੰਦੀ। ਘਰ ਘਰ ਤਲਾਸ਼ੀਆਂ ਹੋਈਆਂ। ਜਿਹੜੇ ਮੁੰਡੇ ਦਾੜ੍ਹੀ ਵਾਲੇ ਤੇ ਪੱਗਾਂ ਬੰਨ੍ਹਦੇ ਹੁੰਦੇ, ਉਨ੍ਹਾਂ ’ਤੇ ਸਖ਼ਤਾਈ ਹੁੰਦੀ। ਜਿਹੜੇ ਡਰਦੇ ਰੂਪੋਸ਼ ਹੋ ਜਾਂਦੇ, ਉਨ੍ਹਾਂ ਦੇ ਖੇਤਾਂ ’ਚ ਹਥਿਆਰ ਲੱਭਦੇ ਫਿਰਦੇ। ‘ਤੂੜੀ ਦੇ ਕੁੱਪ’ ਦਾ ਤੀਲ੍ਹਾ ਤੀਲ੍ਹਾ ਕਰਨਾ। ਹਥਿਆਰ ਫਿਰ ਵੀ ਨਾ ਲੱਭਣਾ। ਕੁਦਰਤੀ ਉਸ ਘਰ ਦਾ ਮੁੰਡਾ ਡਰਦਿਆਂ ਰਾਤ ਨੂੰ ਮੋਟਰ ’ਤੇ ਆ ਲੁਕਦਾ ਹੈ। ਉਹ ਆਪਣੇ ਨਾਲ ਨਿੱਕੇ ਭਤੀਜੇ ਨੂੰ ਲੈ ਆਉਂਦਾ ਹੈ। ਜਦੋਂ ਉਸ ਨੂੰ ਫ਼ੌਜ ਦੇ ਆਉਣ ਦਾ ਪਤਾ ਲੱਗਦਾ ਹੈ ਤਾਂ ਦੂਰ ਜਾ ਕੇ ਖਾਲ਼ ਵਿਚ ਲੰਮਾ ਪੈ ਜਾਂਦਾ ਹੈ। ਛਾਤੀ ਉੱਤੇ ਬੱਚੇ ਨੂੰ ਪਾ ਲਿਆ। ਬੱਚਾ ਸੌਂ ਗਿਆ। ਉਸ ਨੇ ਰਾਤ ਨੂੰ ਜੋ ਮਾਨਸਿਕ ਤਸ਼ੱਦਦ ਝੱਲਿਆ, ਉਸ ਨੂੰ ਹੀ ਪਤਾ ਹੈ। ਬੱਚੇ ਦੇ ਜਾਗ ਕੇ ਰੋਣ ਦਾ ਡਰ। ‘ਬੁੱਲ੍ਹੇ’ ਕਹਾਣੀ ਵਿਚ ਤਖਤੇ ਹਵਾ ਨਾਲ ਜ਼ਰਾ ਕੁ ਵੀ ਖੜਕਦੇ ਤਾਂ ਪੁਲੀਸ, ਫ਼ੌਜ ਦਾ ਡਰ, ਖਾੜਕੂਆਂ ਦੇ ਆ ਜਾਣ ਦਾ ਡਰ ਹੁੰਦਾ। ਅਸੀਂ ਸਾਰੇ ਅੰਦਰ ਪਏ ਦਹਿਲ ਜਾਂਦੇ।
ਉਨ੍ਹੀਂ ਦਿਨੀਂ ਘਰਾਂ ’ਚੋਂ ਅੰਨ੍ਹਾ ਚਾਚਾ ਮੋਟਰ ਦੇ ਬੋਰ ਲਈ ਪੁੱਟੀ ਖੂਹੀ ਵਿਚ ਡਿੱਗ ਪਿਆ ਸੀ। ਉਹ ਆਪ ਹੀ ਉਪਰ ਚੜ੍ਹਨ ਦੀ ਕੋਸ਼ਿਸ਼ ਕਰਦਾ। ਕੋਈ ਪੌੜੀ ਨਹੀਂ, ਨਾ ਉੱਥੇ ਬੰਦਾ। ਉਹ ਮਿੱਟੀ ਨੂੰ ਉਗਲਾਂ ਨਾਲ ਖੁਰਚ ਖੁਰਚ ਕੇ ਚੜ੍ਹਨ ਲਈ ਪੌੜ ਬਣਾਉਣਾ ਚਾਹੁੰਦਾ ਸੀ ਜੋ ਉਸ ਤੋਂ ਬਣ ਨਹੀਂ ਸਨ ਰਹੇ। ਮਿੱਟੀ ਭੁਰ ਕੇ ਡਿੱਗਦੀ। ਉਸ ਦੇ ਸਿਰ ਉਪਰੋਂ ਫ਼ੌਜ ਦਾ ਹੈਲੀਕਾਪਟਰ ਗਸ਼ਤ ਕਰਦਾ ਵਾਰ ਵਾਰ ਲੰਘਦਾ ਰਿਹਾ। ਫ਼ੌਜ ਮੁੰਡਿਆਂ ਨੂੰ ਲੁਕਿਆ ਵੇਖਦੀ ਫਿਰ ਰਹੀ ਸੀ। ਚਾਚੇ ਨੂੰ ਸਾਰੇ ਮਾਹੌਲ ਦਾ ਪਤਾ ਸੀ। ਜਦੋਂ ਉਸ ਤੋਂ ਨਿਕਲਿਆ ਨਾ ਗਿਆ ਤਾਂ ਹੈਲੀਕਾਪਟਰ ਆਏ ਤੋਂ ਉਪਰ ਬਾਹਾਂ ਕਰ ਕੇ ਚੀਕਿਆ, ‘‘ਮਾਰੋ ਏਧਰ ਖੜ੍ਹੇ ਥੋਡਾ ਪਿਓ... ਰੜੇ ਮੈਦਾਨ ਚ।’’ ਇਹ ਕਹਾਣੀ ਸੀ ‘ਕੱਚੀ ਖੂਹੀ’।
‘ਲੈਚੀਆਂ’ ਕਹਾਣੀ ਇਕ ਬਹੁਤ ਹੀ ਸ਼ਰੀਫ ਗਿਆਨੀ ਦੀ ਸੀ। ਉਹ ਆਪਣੀ ਬਰਾਂਚ ਦੀ ਤਨਖ਼ਾਹ ਕੈਸ਼ੀਅਰ ਤੋਂ ਲੈ ਕੇ ਆ ਰਿਹਾ ਸੀ। ਵੱਡੇ ਵਿਦਿਅਕ ਅਦਾਰੇ ਦਾ ਕੈਂਪਸ ਭਰਿਆ ਹੋਇਆ। ਦੋ ਮੁੰਡੇ ਆਏ। ਉਸ ਤੋਂ ਪੈਸਿਆਂ ਵਾਲਾ ਬੈਗ ਖੋਹਣ ਲੱਗੇ। ਉਸ ਨੇ ਛੱਡਿਆ ਨਹੀਂ। ਛਾਤੀ ਨਾਲ ਘੁੱਟ ਲਿਆ। ਮੁੰਡਿਆਂ ਨੇ ਹੱਥੋ-ਪਾਈ ਕੀਤੀ। ਬੈਗ ਲੈ ਨਹੀਂ ਸਕੇ। ਉਹ ਗੋਲੀਆਂ ਮਾਰ ਕੇ ਪੈਸੇ ਲੈ ਗਏ। ਸ਼ਰ੍ਹੇਆਮ ਕੈਂਪਸ ਦਾ ਮੇਨ ਗੇਟ ਲੰਘ ਗਏ। ਡਰਦਾ ਕੋਈ ਰੋਕ ਨਹੀਂ ਸਕਿਆ। ਕੈਂਪਸ ਵਿਚ ਦਹਿਸ਼ਤ ਫੈਲ ਗਈ। ਹਵਾ ਤੋਂ ਵੀ ਡਰਦੇ। ਉਹ ਪਾਤਰ ਬੇਹੱਦ ਸ਼ਰੀਫ। ਹਰ ਰੋਜ਼ ਸਵੇਰੇ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਦਾ। ਉਹ ਬਾਜ਼ਾਰੋਂ ਲੈਚੀਆਂ ਲੈ ਕੇ ਜਾਂਦਾ। ਉਸ ਦਾ ਮੱਤ ਸੀ ਕਿ ਇਹ ਦਰਬਾਰ ਸਾਹਿਬ ਤੋਂ ਹੋ ਕੇ ਆਇਆਂ ਦਾ ਪ੍ਰਸ਼ਾਦ ਹੈ। ਸਾਰੇ ਮੁਲਾਜ਼ਮ ਉਸ ਨੂੰ ਬਾਬਾ ਜੀ ਕਹਿੰਦੇ। ਉਹ ਝੱਟ ਜੇਬ੍ਹ ਵਿਚੋਂ ਥੈਲੀ ਕੱਢ ਕੇ ਹੱਸਦਿਆਂ ਲੈਚੀ ਅਗਲੇ ਦੇ ਹੱਥ ’ਤੇ ਰੱਖ ਦਿੰਦਾ। ਜਦੋਂ ਮੁੰਡਿਆਂ ਅੱਗੇ ਉਸ ਦੀ ਪੇਸ਼ ਨਾ ਗਈ। ਉਸ ਨੇ ਥੈਲੀ ਕੱਢ ਕੇ ਕਿਹਾ, ‘‘ਲੈਚੀਆਂ ਤਾਂ ਲੈ ਜੋ...।’’ ਲੈਚੀਆਂ ਉਸ ਦੇ ਖ਼ੂਨ ਵਿਚ ਰੰਗੀਆਂ ਗਈਆਂ।
‘ਚੜ੍ਹਦੇ ਸੂਰਜ ਦੀ ਲਾਲੀ’ ਕਹਾਣੀ ਦਾ ਪਾਤਰ ਆਪਰੇਸ਼ਨ ਬਲੂ ਸਟਾਰ ਵੇਲੇ ਅੰਦਰ ਲੜਿਆ ਤੇ ਬਾਅਦ ’ਚ ਫੜਿਆ ਗਿਆ। ਬਹੁਤ ਤਸ਼ੱਦਦ ਹੋਇਆ। ਕਾਫ਼ੀ ਸਾਲਾਂ ਬਾਅਦ ਛੁੱਟ ਕੇ ਆਇਆ ਤਾਂ ਉਸ ਨੇ ਹਮਲੇ ਦੌਰਾਨ ਅੰਦਰ ਦੀ ਸਾਰੀ ਜਾਣਕਾਰੀ ਦਿੱਤੀ। ਆਪ ਨਕਾਰਾ ਹੋਇਆ ਪਿਆ ਸੀ। ਉਸ ਦੇ ਬੱਚੇ ਉਸ ਪਾਸੇ ਨਹੀਂ ਗਏ। ਉਹ ਵਿਦੇਸ਼ ਵੀ ਨਹੀਂ ਜਾਣਾ ਚਾਹੁੰਦੇ। ਇੱਥੇ ਰਹਿ ਕੇ ਪੰਜਾਬ ਵਿਚ ਹੀ ਰਹਿਣ ਦਾ ਫ਼ੈਸਲਾ ਕਰਦੇ ਹਨ। ਉਹ ਧਾਰਮਿਕ ਵੀ ਨਹੀਂ। ਪੰਜਾਬੀ ਸੱਭਿਆਚਾਰ ਦੇ ਹਾਮੀ ਬਣੇ। ਕਹਾਣੀ ਉਨ੍ਹਾਂ ਨੂੰ ਪੰਜਾਬ ’ਚ ਰਹਿ ਕੇ ਹੀ ਕੰਮ ਕਰਨ ਵੱਲ ਮੋੜਦੀ ਹੈ।
ਜਦੋਂ ਮੈਨੂੰ ਕਿਤੇ ਵੀ ਆਰਥਿਕ ਯਥਾਰਥ ਨਾਲ ਲਬਰੇਜ਼ ਮਨੁੱਖਤਾ ਦਿਸਦੀ, ਉਹ ਆਪਣੇ ਨਾਲ ਸਬੰਧਿਤ ਮਹਿਸੂਸ ਹੁੰਦੀ। ਕਹਾਣੀ ਸ਼ੁਰੂ ਹੋ ਜਾਂਦੀ। ਮੈਂ ਕੋਈ ਜ਼ਾਤ ਨਹੀਂ ਵੇਖੀ। ‘ਚੀਸ’ ਕਹਾਣੀ ਮੈਂ ਪਾਤਰ ਨੂੰ ਦਲਿਤ ਸਮਝ ਕੇ ਨਹੀਂ ਲਿਖੀ। ਦਰਅਸਲ, ਉਸ ਦਾ ਸੰਘਰਸ਼ ਵੇਖ ਨਹੀਂ ਸਕਿਆ। ਇਸੇ ਤਰ੍ਹਾਂ ‘ਅਜੇ ਪੰਡ ਨਹੀਂ ਹੋਈ’, ‘ਜੁੜਦੀ ਤੇ ਖਿੰਡਦੀ ਭੀੜ’, ‘ਬੂ’, ‘ਖਾਲੀ ਸਲੰਡਰ’, ‘ਗੋਂਗਲੂ’, ‘ਛੋਕਰੇ’, ‘ਭੁਕਾਨੇ’ ਵਰਗੀਆਂ ਕਹਾਣੀਆਂ ਹਨ। ਮੈਂ ਉਨ੍ਹਾਂ ਪਾਤਰਾਂ ਦੀ ਆਰਥਿਕ ਪੀੜ ਮਹਿਸੂਸ ਕੀਤੀ। ‘ਅਜੇ ਪੰਡ ਨਹੀਂ ਹੋਈ’ ਵਿਚ ਦਲਿਤ ਭੈਣ ਭਰਾ ਪਹੇ-ਪਹੀਆਂ ਵਿਚ ਘਾਹ ਖੋਤਣ ਜਾਂਦੇ ਹਨ। ਸਕੂਲ ਵੀ ਜਾਂਦੇ ਹਨ। ਉਹ ਥਾਂ ਥਾਂ ਤੋਂ ਲੈਰਾ ਲੈਰਾ ਘਾਹ ਖੋਤਦੇ। ਅੱਧੀ ਕੁ ਪੰਡ ਹੋ ਜਾਂਦੀ। ਜੱਟਾਂ ਦਾ ਮੁੰਡਾ ਉਨ੍ਹਾਂ ਨੂੰ ਮਾੜੀ ਨਿਗਾਹ ਨਾਲ ਵੇਖਦਾ। ਉਹ ਬੌਲਦਾਂ ਨੂੰ ਬੰਨ੍ਹ ਦਿੰਦਾ ਹੈ। ਇਕ ਬੌਲਦ ਖੁੱਲ੍ਹ ਕੇ ਪੰਡ ’ਚੋਂ ਘਾਹ ਖਾਣ ਲੱਗ ਪਿਆ। ਉਨ੍ਹਾਂ ਨੇ ਮਸਾਂ ਪੰਡ ਪਰ੍ਹੇ ਕੀਤੀ। ਉਨ੍ਹਾਂ ਭੈਣ ਭਰਾ ਨੇ ਪੌਣੀ ਕੁ ਪੰਡ ਕਰ ਲਈ। ਅੱਕ ਕੇ ਮੁੰਡਾ ਕਹਿੰਦਾ, ‘‘ਹੁਣ ਘਾਹ ਖੋਤਣ ਨਹੀਂ ਆਉਣਾ।’’ ਉਹ ਗੁੱਸੇ ’ਚ ਜ਼ੋਰ ਨਾਲ ਖੁਰਪਾ ਚਲਾ ਕੇ ਮੱਕੀ ਵਿਚ ਮਾਰਦਾ ਹੈ। ਮੱਕੀ ਦੇ ਟਾਂਡੇ ਖੁਰਪੇ ਨਾਲ ਕੱਟੇ ਜਾਂਦੇ ਹਨ। ਉਸ ਦੇ ਵਿਦਰੋਹ ਦੀ ਝਲਕ ਆਉਂਦੀ ਹੈ। ‘ਜੁੜਦੀ ਤੇ ਖਿੰਡਦੀ ਭੀੜ’ ਦਾ ਬਾਬਾ ਚਮੜੇ ਦੀਆਂ ਜੁੱਤੀਆਂ ਸ਼ਹਿਰੀ ਚੌਕ ਵਿਚ ਆ ਕੇ ਵੇਚਦਾ ਹੈ। ਉੱਥੋਂ ਮਿੰਨੀ ਬੱਸਾਂ, ਟੈਂਪੂ ਵੀ ਪਿੰਡਾਂ ਨੂੰ ਚਲਦੇ ਹਨ। ਉਸ ਤੋਂ ਕੋਈ ਵੀ ਜੁੱਤੀ ਨਹੀਂ ਖਰੀਦਦਾ। ਭੀੜ ਆਉਂਦੀ ਜਾਂਦੀ ਰਹੀ। ਸਾਰੇ ਟਿੱਚਰਾਂ ਕਰਦੇ ਹਨ ਕਿ ਅੱਜ ਪੁਰਾਣੇ ਜ਼ਮਾਨੇ ਦੀਆਂ ਕੌਣ ਪਾਉਂਦਾ ਹੈ। ਉਹ ਹਾਰ ਕੇ ਸ਼ਾਮ ਨੂੰ ਪਿੰਡ ਜਾਣ ਲੱਗਦਾ ਹੈ। ਇਕ ਕਾਰ ਜੁੱਤੀਆਂ ਦੀ ਗੱਠੜੀ ਨੂੰ ਫੇਟ ਮਾਰ ਕੇ ਮਿੱਧ ਜਾਂਦੀ ਹੈ। ਬਾਬੇ ਦੀ ਕਮਾਈ ਹੋਈ ਨਹੀਂ ਸਗੋਂ ਨੁਕਸਾਨ ਹੋ ਗਿਆ। ‘ਖਾਲੀ ਸਲੰਡਰ’ ’ਚ ਸਿਲੰਡਰ ਲੈ ਕੇ ਆਉਣ ਵਾਲਾ ਮੁੰਡਾ ਆਪਣੇ ਦੁੱਖੜੇ ਦੱਸਦਾ ਹੈ। ਉਹ ਸਿਲੰਡਰ ਦੀ ਤਰ੍ਹਾਂ ਕਦੇ ਦੁੱਖਾਂ ਨਾਲ ਭਰਿਆ ਅਤੇ ਕਦੇ ਖ਼ੁਸ਼ ਹੋ ਜਾਂਦਾ। ਉਹ ਅੰਦਰੋਂ ਖਾਲੀ ਹੈ।
ਜਦੋਂ ਰਾਵੀ ਵਿਚ 1988 ’ਚ ਹੜ੍ਹ ਆਏ ਤਾਂ ਅਸੀਂ ਯੂਨੀਵਰਸਿਟੀ ਵਾਲੇ ਸਰਹੱਦੀ ਪਿੰਡਾਂ ਲਈ ਰਾਹਤ ਵੰਡਣ ਗਏ। ਪਾਣੀ ਹੀ ਪਾਣੀ ਫਿਰਦਾ ਸੀ। ਫ਼ਸਲ ਨਾ ਬਚੀ। ਮਕਾਨ ਤਬਾਹ ਹੋ ਗਏ। ਬੰਨ੍ਹ ’ਚ ਪਾੜ ਪੈ ਕੇ ਸਰਹੱਦ ਪਾਰੋਂ ਵੀ ਇਧਰ ਵਰਗੇ ਹਾਲਾਤ ਦਿਸ ਰਹੇ ਸਨ। ਦੋਵੇਂ ਪਾਸੇ ਆਮ ਜਨਤਾ ਪੀੜਾ ਸਹਿ ਰਹੀ ਸੀ। ਫਿਰ ਸਰਹੱਦ ਕਿਸ ਲਈ? ਇਉਂ ਕਹਾਣੀ ‘ਰਾਵੀ ਦੇ ਆਰ ਪਾਰ’ ਬਣ ਗਈ।
ਮੇਰੇ ਵਾਂਗ ਯੂਨੀਵਰਸਿਟੀ ਦੇ ਮੁਲਾਜ਼ਮ ਦਫ਼ਤਰੀ ਕੰਮ ਦੇ ਬੋਝ ਕਰਕੇ ਅਫ਼ਸਰਾਂ ਦੀਆਂ ਝਿੜਕਾਂ ਸੁਣਦੇ। ਆਰਥਿਕ ਤੰਗੀ ਸਤਾਉਂਦੀ। ਅਜਿਹੀਆਂ ਕਹਾਣੀਆਂ ’ਚ ਸੱਚ ਉਭਰਦਾ ਤਾਂ ਮੁਲਾਜ਼ਮ ਤੇ ਅਫ਼ਸਰ ਨਾਰਾਜ਼ ਵੀ ਹੁੰਦੇ। ਉਹ ਕਹਿਣ ਲੱਗ ਪਏ ਸੀ, ‘‘ਬਚ ਕੇ ਰਹੋ। ਇਸ ਨੇ ਕਹਾਣੀ ਲਿਖ ਦੇਣੀ ਹੈ।’’ ਅਧਿਆਪਕਾਂ ਦੀ ਆਪਸੀ ਖਹਬਿਾਜ਼ੀ ’ਚ ਈਰਖਾ ਤੇ ਹਉਮੈਂ ਆਮ ਨਜ਼ਰ ਆਉਂਦੀ ਹੈ। ਉਸ ਨੂੰ ਆਪਣੇ ਢੰਗ ਨਾਲ ਕਹਾਣੀ ਰਾਹੀਂ ਉਘਾੜਦਾ। ਇਹ ਕਹਾਣੀ ਸੀ ‘ਓਏ ਮੈਂ ਵਿਦ...ਵਾਨ...’। ਕਹਾਣੀ ’ਚ ਇਕ ਅਧਿਆਪਕ ਨੂੰ ਮੀਟਿੰਗ ’ਚ ਆਉਂਦੇ ਨੂੰ ਹੀ ਦੂਜਾ ਅਧਿਆਪਕ ਬੋਲੀ ਮਾਰਦਾ ਹੈ, ‘‘ਲੈ ਇਹ ਆ ਗਿਆ ਵੱਡਾ ਵਿਦਵਾਨ...।’’ ਆਉਣ ਵਾਲਾ ਉਸੇ ਵੇਲੇ ਜੁਆਬ ਦਿੰਦਾ ਹੈ, ‘‘ਤੁਸੀਂ ਇਕ ਕਿਤਾਬ ਲਿਖ ਕੇ ਕਿਧਰਲੇ ਵੱਡੇ ਵਿਦਵਾਨ ਬਣ ਗਏ ਜੀ? ਜੇ ਉਸ ਵਿਚੋਂ ਫਲਾਣੇ ਵਿਦਵਾਨ ਦੀਆਂ ਕੁਟੇਸ਼ਨਜ਼ ਕੱਢ ਦਿੱਤੀਆਂ ਜਾਣ। ਤੁਹਾਡਾ ਉਸ ਵਿਚ ਕੀ ਰਹਿ ਗਿਆ? ਗਲਤੀਆਂ ਕਿੰਨੀਆਂ ਨੇ? ਵੇਖੀਆਂ...?’’ ਪਹਿਲਾਂ ਕਹਿਣ ਵਾਲਾ ਅਧਿਆਪਕ ਸ਼ਰਮਿੰਦਾ ਹੋੋਕ ਕੇ ਚੁੱਪ। ਜੁਆਬ ਦੇਣ ਵਾਲੇ ਨੇ ਠੀਕ ਕਿਹਾ ਸੀ। ਇਸੇ ਗੱਲ ਦਾ ਝੋਰਾ ਖਾਣ ਲੱਗ ਪਿਆ ਕਿ ਉਸ ਨੇ ਹੱਤਕ ਕੀਤੀ। ਦਿਨ-ਬ-ਦਿਨ ਉਹ ਝੋਰੇ ਨਾਲ ਬਿਮਾਰ ਹੋ ਕੇ ਮਰ ਜਾਂਦਾ ਹੈ। ਇਸ ਹਉਮੈਂ ਦੇ ਸ਼ਿਕਾਰ ਬਹੁਤ ਸਾਰੇ ਅਧਿਆਪਕ ਹਨ ਕਿ ਉਨ੍ਹਾਂ ਨਾਲੋਂ ਵੱਡਾ ਵਿਦਵਾਨ ਕੋਈ ਨਹੀਂ। ਇਹ ਹੈ ਮੇਰੀਆਂ ਬੇਬਾਕ ਕਹਾਣੀਆਂ ਦਾ ਯਥਾਰਥ।
ਮੈਂ ਇਕ ਕਹਾਣੀ ਲਿਖੀ ‘ਤਾਇਆ ਰੱਬ’। ਉਹ ਪਾਤਰ ਬਹੁਤ ਸ਼ਰੀਫ, ਕਾਮਾ, ਹਰ ਇਕ ਨਾਲ ਹੱਸ ਕੇ ਗੱਲ ਕਰਦਾ। ਛੜਾ ਹੋਣ ਕਰਕੇ ਉਸ ਤੋਂ ਖੇਤੀ ਦਾ ਸਾਰਾ ਕੰਮ ਲੈਂਦੇ। ਉਹ ਹੱਸ ਕੇ ਕਰਦਾ। ਬੀਹੀ ’ਚੋਂ ਲੰਘਦਾ ਨਿਆਣੇ ਸਿਆਣੇ ਨੂੰ ਬੁਲਾਉਂਦਾ। ਨਿਆਣੇ ਉਸ ਨੂੰ ਛੇੜਦੇ ਤੇ ਉਹ ਕਦੇ ਖਿਝਦਾ ਨਹੀਂ ਸੀ। ਬੀਹੀ ’ਚ ਤਾਈ, ਚਾਚੀ ਕਹਿ ਕੇ ਬੁਲਾ ਕੇ ਲੰਘਦਾ। ਸੰਤਾਲੀ ਵੇਲੇ ਉਹ ਬਹੁਤ ਦੁਖੀ ਹੋਇਆ। ਪਿੰਡ ’ਚ ਕਿਸੇ ਦਾ ਨੁਕਸਾਨ ਨਹੀਂ ਹੋਇਆ। ਉਸ ਨੇ ਪਾਕਿਸਤਾਨ ਨੂੰ ਜਾਣ ਵਾਲੇ ਮੁਸਲਮਾਨ ਭਰਾਵਾਂ ਨੂੰ ਬਹੁਤ ਰੋਕਿਆ। ਮਿਲਟਰੀ ਲਿਜਾ ਰਹੀ ਸੀ। ਤਾਇਆ ਟਰੱਕ ਦੇ ਅੱਗੇ ਪੈ ਜਾਂਦਾ। ਫ਼ੌਜੀ ਚੁੱਕ ਕੇ ਪਾਸੇ ਕਰ ਗਏ ਤੇ ਟਰੱਕ ਭਜਾ ਲਿਆ। ਨਿਆਣੇ ਖਿੱਦੋ ਖੂੰਡੀ ਖੇਡ ਕੇ ਖਿੱਦੋ ਨੂੰ ਲੀਰੋ ਲੀਰ ਕਰ ਦਿੰਦੇ। ਖਿੱਦੋ ਦੀ ਤਰ੍ਹਾਂ ਹੱਸਦਾ ਵਸਦਾ ਭਾਈਚਾਰਾ ਖਿੰਡ ਗਿਆ। ਫਿਰ ਇਸ ਕਹਾਣੀ ਤੋਂ ਪੂਰਾ ਨਾਵਲ ਬਣ ਗਿਆ ‘ਤਾਇਆ ਰੱਬ’।
ਦੂਸਰੇ ਨਾਵਲ ਦੇ ਪਾਤਰ ਹੈਪੀ ਨੂੰ ਕੰਮ ਕਰਦਾ ਦੇਖਦਾ ਰਹਿੰਦਾ। ਉਸ ਨੇ ਕਈ ਕੰਮ ਕੀਤੇ। ਉਸ ਦੀ ਮਾਂ ਗ਼ਰੀਬੀ ਕਰਕੇ ਘਰ ਛੱਡ ਕੇ ਕਿਸੇ ਜੱਟ ਦੇ ਘਰ ਵਸ ਗਈ। ਪਿਓ ਟਰੈਕਟਰ ਚਲਾਉਂਦਾ, ਪਰ ਸ਼ਰਾਬੀ। ਘਰ ਕੁਝ ਨਹੀਂ ਦਿੰਦਾ ਸੀ। ਉਹ ਵੀ ਇਕ ਡੇਰੇ ’ਚ ਜਾ ਕੇ ਸਾਧ ਬਣ ਗਿਆ। ਹੈਪੀ ਤੇ ਉਸ ਦੀ ਛੋਟੀ ਭੈਣ ਇਕੱਲੇ ਰਹਿ ਗਏ। ਉਹ ਲੋਕਾਂ ਦੇ ਘਰਾਂ ’ਚ ਕੰਮ ਕਰ ਕੇ ਮਸਾਂ ਗੁਜ਼ਾਰਾ ਕਰਦੇ। ਉਨ੍ਹਾਂ ਦਾ ਘਰ ਬੇਹੱਦ ਗ਼ਰੀਬ ਦਲਿਤ ਮੁਹੱਲੇ ਵਿਚ। ਕੋਈ ਸਹੂਲਤ ਨਹੀਂ। ਹੈਪੀ ਆਪ ਸਕੂਲ ਤੋਂ ਹਟ ਗਿਆ। ਭੈਣ ਨੂੰ ਸਕੂਲ ਪੜ੍ਹਾਉਣ ਲੱਗ ਪਿਆ। ਉਸ ਨੇ ਗੁਜ਼ਾਰਾ ਕਰਨ ਲਈ ਰਿਕਸ਼ਾ ਰੇਹੜੀ ਚਲਾਉਣ ਤੋਂ ਲੈ ਕੇ ਮਜ਼ਦੂਰੀ ਦਾ ਹਰ ਕੰਮ ਕੀਤਾ, ਪਰ ਨਿਆਣਾ ਹੋਣ ਕਰਕੇ ਜ਼ੋਰ ਲੱਗਣ ਤੋਂ ਬਿਮਾਰ ਹੋ ਗਿਆ। ਉਸ ਨੇ ਬਹੁਤ ਸੰਘਰਸ਼ ਕੀਤਾ, ਹਾਰ ਜਾਂਦਾ। ਉਸ ਦੀ ਦੋਸਤੀ ਲਾਚੀ ਝੂੰਗੀ ਵਾਲਿਆਂ ਦੀ ਕੁੜੀ ਨਾਲ ਸੀ। ਉਹ ਚਾਚੀ ਨਾਲ ਉਸ ਨੂੰ ਹਸਪਤਾਲ ਲੈ ਕੇ ਜਾਂਦੀਆਂ ਹਨ। ਉਹ ਛੋਟੀ ਭੈਣ ਅਤੇ ਉਨ੍ਹਾਂ ਨੂੰ ਤਸੱਲੀ ਦਿੰਦਾ ਕਿ ਨਿੱਕੀ ਤੂੰ ਪੜ੍ਹੀਂ। ਮੈਂ ਠੀਕ ਹੋ ਜਾਣਾ ਏ। ਮੇਰੇ ਤੋਂ ਹੈਪੀ ਦੀ ਹਾਲਤ ਵੇਖੀ ਨਹੀਂ ਗਈ। ਮੈਂ ਲਿਖੇ ਬਿਨਾ ਰਹਿ ਨਾ ਸਕਿਆ। ਇਹ ਨਾਵਲ ‘ਤੈਂ ਕੀ ਦਰਦ ਨਾ ਆਇਆ’ ਕਾਫ਼ੀ ਚਰਚਾ ’ਚ ਰਿਹਾ। ਇਕ ਹੋਰ ਨਾਵਲ ‘ਰੁਲਦੂ ਦੀ ਆਕਾਸ਼ ਗੰਗਾ’ ਲਿਖਿਆ। ਇਸ ਵਿਚ ਪਾਤਰ ਸੰਘਰਸ਼ ਕਰ ਕੇ ਹੇਠਾਂ ਤੋਂ ਉੱਠ ਕੇ ਮਜ਼ਦੂਰਾਂ ਦਾ ਵੱਡਾ ਲੀਡਰ ਬਣ ਜਾਂਦਾ ਹੈ। ਪਰ ਸਰਕਾਰ ਉਨ੍ਹਾਂ ਦੇ ਇਕੱਠ, ਹੱਕੀ ਮੰਗਾਂ ਤੋਂ ਦੁਖੀ ਹੋ ਕੇ ਉਸ ਨੂੰ ਮਰਵਾ ਦਿੰਦੀ ਹੈ। ਉਨ੍ਹਾਂ ਨੂੰ ਰਾਜ ਪਲਟੇ ਦਾ ਡਰ ਹੋ ਗਿਆ। ਯਾਦਾਂ ਦੇ ਰੂਪ ’ਚ ਮੇਰੇ ਲਿਖੇ ਲੇਖ ਪੁਸਤਕ ‘ਕੜ੍ਹਦਾ ਦੁੱਧ’ ਵਿਚ ਹਨ।
ਮੈਂ ਸ਼ੁਰੂ ਤੋਂ ਹੀ ਸਰੀਰਕ ਫਿਟਨਸ ਲਈ ਸੈਰ ਤੇ ਵਰਜ਼ਿਸ਼ ਕਰਦਾ ਆ ਰਿਹਾ ਹਾਂ। ਸੇਵਾਮੁਕਤੀ ਤੋਂ ਮੈਦਾਨ ੦ਚ ਜਾਣ ਲੱਗ ਪਿਆ। ਮੇਰੇ ਦੋਸਤ ਤੇ ਰਿਸ਼ਤੇਦਾਰ ਵੀ ਜਾਂਦੇ ਸਨ। ਉਹ ‘ਵੈਟਰਨ ਅਥਲੈਟਿਕਸ’ ਵਿਚ ਹਿੱਸਾ ਲੈਣ ਜਾਂਦੇ। ਮੈਨੂੰ ਵੀ ਜਾਗ ਲੱਗ ਗਈ। ਕੌਮੀ ਅਤੇ ਕੌਮਾਂਤਰੀ ਪੱਧਰ ਦੀ ਐਸੋਸੀਏਸ਼ਨ ਬਣੀ ਹੋਈ ਹੈ। ਅੱਡ ਅੱਡ ਸੂਬਿਆਂ ਦੀਆਂ ਆਪੋ-ਆਪਣੀਆਂ ਐਸੋਸੀਏਸ਼ਨਾਂ ਹਨ। ਇਨ੍ਹਾਂ ਦੇ ਵੱਖਰੇ ਵੱਖਰੇ ਮੁਕਾਬਲੇ ਹੋ ਕੇ ਇਨ੍ਹਾਂ ਦੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਹਨ। ਤੀਹ ਸਾਲ ਦੀ ਉਮਰ ਤੋਂ ਉਪਰ ਆਪਣੀ ਉਮਰ ਦੇ ਗਰੁੱਪ ਵਿਚ ਹਿੱਸਾ ਲੈ ਸਕਦੇ ਹਨ। ਅਥਲੈਟਿਕਸ ਦੀਆਂ ਹਰ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਹਨ। ਮੈਂ 60 ਤੋਂ 65 ਸਾਲ ਦੀ ਉਮਰ ਵਾਲੇ ਗਰੁੱਪ ’ਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਪੰਜ ਕਿਲੋਮੀਟਰ ਤੇਜ਼ ਤੁਰਨ ਦੇ ਮੁਕਾਬਲੇ ’ਚ ਹਿੱਸਾ ਲਿਆ। ਅਸੀਂ ਤਕਰੀਬਨ ਸਾਰੇ ਦੱਖਣ ਦੇ ਸ਼ਹਿਰਾਂ ਵਿਚ ਜਾ ਆਏ। ਆਪਣੇ ਗਰੁੱਪ ਵਿਚੋਂ ਇੰਡੀਆ ਜਿੱਤਿਆ। ਸਿਲਸਿਲਾ ਜਾਰੀ ਹੈ। ਇਨ੍ਹਾਂ ਸਾਰੇ ਸਾਲਾਂ ਦਾ ਅਨੁਭਵ ਪੁਸਤਕ ‘ਵੈਟਰਨ ਅਥਲੈਟਿਕਸ ਰਾਹੀਂ ਦੱਖਣ ਯਾਤਰਾ’ ਵਿਚ ਹੈ ਜੋ ਪੰਜਾਬੀ ਸਾਹਿਤ ਵਿਚ ਵੈਟਰਨ ਅਥਲੈਟਿਕਸ ਬਾਰੇ ਪਹਿਲੀ ਪੁਸਤਕ ਹੈ। ਇਸ ਦਾ ਉਦੇਸ਼ ਆਖ਼ਰੀ ਉਮਰ ਤੱਕ ਸਰੀਰ ਨੂੰ ਤੰਦਰੁਸਤ ਰੱਖਣਾ ਹੈ।
ਸੰਪਰਕ: 98728-23511
Advertisement

Advertisement