For the best experience, open
https://m.punjabitribuneonline.com
on your mobile browser.
Advertisement

ਕੁੜਮਾ ਕੱਲੜਾ ਕਿਉਂ ਆਇਆ...

07:37 PM Jun 23, 2023 IST
ਕੁੜਮਾ ਕੱਲੜਾ ਕਿਉਂ ਆਇਆ
Advertisement

ਬਹਾਦਰ ਸਿੰਘ ਗੋਸਲ

Advertisement

ਪੁਰਾਣੇ ਪੰਜਾਬ ਵਿੱਚ ਜਦੋਂ ਪਿੰਡ ਵਿੱਚ ਕਿਸੇ ਮੁੰਡੇ ਜਾਂ ਕੁੜੀ ਦਾ ਵਿਆਹ ਹੋਣਾ ਤਾਂ ਸਾਰਾ ਪਿੰਡ ਹੀ ਖੁਸ਼ ਹੁੰਦਾ ਸੀ। ਕੀ ਬੁੱਢੇ ਕੀ ਬੱਚੇ ਇੰਝ ਸਮਝਦੇ ਕਿ ਵਿਆਹ ਦੇ ਆਉਣ ਨਾਲ ਉਨ੍ਹਾਂ ਲਈ ਵੀ ਬਹਾਰਾਂ ਦੇ ਦਿਨ ਆ ਗਏ ਹਨ। ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆਉਂਦੇ ਪਿੰਡ ਦੇ ਸਭ ਲੋਕ ਇਕੱਠੇ ਮਿਲ ਕੇ ਵਿਆਹ ਦੀਆਂ ਤਿਆਰੀਆਂ ਕਰਦੇ, ਨਵੇਂ-ਨਵੇਂ ਗੀਤ ਘੜਦੇ ਅਤੇ ਇੱਕ ਦੂਜੇ ਦਾ ਸਾਥ ਦਿੰਦੇ ਪੂਰੇ ਪਿੰਡ ਵਿੱਚ ਹੀ ਇੱਕ ਵਿਲੱਖਣ ਜਿਹਾ ਵਾਤਾਵਰਨ ਸਿਰਜਣ ਵਿੱਚ ਜੁਟ ਜਾਂਦੇ।

Advertisement

ਇੱਕ ਪਾਸੇ ਵਿਆਹ ਦਾ ਚਾਅ, ਦੂਜੇ ਪਾਸੇ ਵਿਆਹ ਦੇ ਪਕਵਾਨਾਂ ਵੱਲ ਧਿਆਨ, ਇਹ ਹਰ ਇੱਕ ਨੂੰ ਵਿਆਹ ਦੇ ਕਿੰਨੇ ਕੁ ਦਿਨ ਬਾਕੀ ਹਨ? ਗਿਣਨ ਲਈ ਮਜਬੂਰ ਕਰ ਦਿੰਦੇ। ਵਿਆਹ ਤੋਂ ਕਿੰਨੇ ਦਿਨ ਪਹਿਲਾਂ ਹੀ ਪਿੰਡ ਦੀਆਂ ਔਰਤਾਂ ਮਿਲ ਕੇ ਸੁਹਾਗ, ਘੋੜੀਆਂ, ਸਿੱਠਣੀਆਂ ਦੀਆਂ ਮਾਲਾ ਪ੍ਰੋਣ ਲੱਗਦੀਆਂ। ਇਕੱਲੇ ਵਿਆਹ ਵਾਲੇ ਘਰ ਹੀ ਨਹੀਂ ਸਗੋਂ ਪਿੰਡ ਦੇ ਘਰ ਘਰ ਵਿੱਚ ਖੂਬ ਰੌਣਕਾਂ ਲੱਗਦੀਆਂ। ਪਿੰਡ ਦੀਆਂ ਔਰਤਾਂ ਜਿਹੜੀਆਂ ਘਰਾਂ ਵਿੱਚੋਂ ਘੱਟ ਹੀ ਬਾਹਰ ਨਿਕਲਦੀਆਂ ਸਨ, ਹੁਣ ਵਿਆਹ ਦੇ ਬਹਾਨੇ ਖੂਬ ਦੂਜੀਆਂ ਔਰਤਾਂ ਨੂੰ ਮਿਲਦੀਆਂ, ਇਕੱਠੇ ਗੀਤ ਗਾਉਂਦੀਆਂ ਅਤੇ ਵਿਆਹ ਲਈ ਦਾਲਾਂ, ਆਟਾ ਅਤੇ ਦੂਜੀਆਂ ਜ਼ਰੂਰੀ ਵਸਤਾਂ ਇਕੱਤਰ ਕਰਨ ਵਿੱਚ ਲੱਗ ਜਾਂਦੀਆਂ। ਪਰ ਜੇ ਪਿੰਡ ਵਿੱਚ ਕਿਸੇ ਕੁੜੀ ਦਾ ਵਿਆਹ ਆਉਂਦਾ ਤਾਂ ਉਨ੍ਹਾਂ ਔਰਤਾਂ ਲਈ ਇਹ ਇੱਕ ਹੋਰ ਵੀ ਖੁਸ਼ਗਵਾਰ ਮੌਕਾ ਹੁੰਦਾ, ਕਿਉਂਕਿ ਉਨ੍ਹਾਂ ਨੇ ਜੰਝ ਆਉਣ ‘ਤੇ ਜੰਝ ਦੇ ਸਵਾਗਤੀ ਗੀਤਾਂ ਦੇ ਨਾਲ-ਨਾਲ ਸਿੱਠਣੀਆਂ ਦਾ ਮੀਂਹ ਵੀ ਵਰਸਾਉਣਾ ਹੁੰਦਾ ਸੀ। ਜਿਨ੍ਹਾਂ ਲੋਕਾਂ ਨੇ ਪਿੰਡਾਂ ਦਾ ਉਹ ਮਾਹੌਲ ਜਾਣਿਆ ਅਤੇ ਦੇਖਿਆ ਹੈ, ਉਹ ਤਾਂ ਅੱਜ ਵੀ ਉਸ ਨੂੰ ਦਿਲੋਂ-ਦਿਮਾਗ਼ ‘ਚੋਂ ਕੱਢ ਨਹੀਂ ਸਕੇ।

ਕਿਸੇ ਵੀ ਕੁੜੀ ਦੇ ਵਿਆਹ ਸਮੇਂ ਜਦੋਂ ਉਸ ਕੁੜੀ ਦੀ ਜੰਝ ਦਰਵਾਜ਼ੇ ਪਹੁੰਚਦੀ ਜਾਂ ਪਿੰਡ ਦੇ ਖੇੜੇ ਵਿੱਚ ਵੱਡੇ-ਵੱਡੇ ਬੋਹੜਾਂ ਜਾਂ ਪਿੱਪਲਾਂ ਦੇ ਰੁੱਖਾਂ ਹੇਠਾਂ ਬਰਾਤੀ ਪਹੁੰਚਦੇ ਤਾਂ ਪਿੰਡ ਦੀਆਂ ਔਰਤਾਂ ਵੀ ਇਕੱਠੀਆਂ ਹੋ ਕੇ ਪਿੰਡ ਦੇ ਘਰਾਂ ਦੇ ਬਨੇਰਿਆਂ ‘ਤੇ ਰੌਣਕਾਂ ਲਾ ਦਿੰਦੀਆਂ। ਕੋਠਿਆਂ ‘ਤੇ ਬੈਠੀਆਂ ਔਰਤਾਂ ਦੇ ਵੱਡੇ ਇਕੱਠ ਨੂੰ ਦੇਖ ਬਰਾਤੀ ਵੀ ਆਪਣੀ ਠਾਠ ਦਾ ਪ੍ਰਦਰਸ਼ਨ ਕਰਨ ਲਈ ਪੈਸਿਆਂ ਦੀਆਂ ਵੱਡੀਆਂ-ਵੱਡੀਆਂ ਮੁੱਠੀਆਂ ਭਰ ਔਰਤਾਂ ਵੱਲ ਸੁੱਟਦੇ ਅਤੇ ਇੱਕ ਤਰ੍ਹਾਂ ਨਾਲ ਢਕਾਓ ਕਰਦੇ ਹੋਏ ਪੈਸਿਆਂ ਦਾ ਮੀਂਹ ਵਰਸਾ ਦਿੰਦੇ। ਉੱਧਰ ਔਰਤਾਂ ਵੀ ਇਸ ਦਾ ਢੁੱਕਵਾਂ ਜੁਆਬ ਦਿੰਦੀਆਂ ਹੋਈਆਂ, ਉੱਚੀ-ਉੱਚੀ ਗਾਉਣ ਲੱਗਦੀਆਂ:

ਕੁੜਮਾਂ ਕਰਦੇ ਤੂੰ ਪੈਸਾ-ਪੈਸਾ

ਪੈਸਾ ਤੇਰਾ ਨਹੀਂ ਚੁੱਕਣਾ

ਭਾਵੇਂ ਜ਼ੋਰੋ ਨੂੰ ਮਾਰ ਵਗਾਹ ਵੇ

ਜ਼ੋਰੋ ਤੇਰੀ ਨਹੀਂ ਚੁੱਕਣੀ।

ਜਦੋਂ ਇਹ ਗਰਮਾ-ਗਰਮੀ ਦਾ ਮਾਹੌਲ ਥੋੜ੍ਹਾ ਸ਼ਾਂਤ ਹੁੰਦਾ ਤਾਂ ਔਰਤਾਂ ਵੀ ਬਰਾਤੀਆਂ ਲਈ ਸਵਾਗਤੀ ਗੀਤ ਗਾਉਣੇ ਸ਼ੁਰੂ ਕਰ ਦਿੰਦੀਆਂ ਅਤੇ ਜਾਂਝੀਆਂ ਦੇ ਸਤਿਕਾਰ ਵਿੱਚ ਕਹਿੰਦੀਆਂ:

ਸਾਡੇ ਨਵੇਂ ਨੀਂ ਸੱਜਣ ਘਰ ਆਏ,

ਸਲਾਮੀ ਦੇ ਨੈਣ ਭਰੇ।

ਪਰ ਕਈ ਜਾਂਝੀ ਆਪਣੇ ਬਰਾਤੀ ਹੋਣ ਦੇ ਟੌਹਰ ਵਿੱਚ ਮੁੱਛਾਂ ਨੂੰ ਵੱਟ ਦੇਣ ਲੱਗਦੇ ਤਾਂ ਕਈ ਔਰਤਾਂ ਵੀ ਆਪਣਾ ਸਵਾਗਤੀ ਗੀਤ ਤਬਦੀਲ ਕਰਦੀਆਂ ਹੋਈਆਂ ਉੱਚੀ-ਉੱਚੀ ਮਖੌਲ ਕਰਨ ਲੱਗਦੀਆਂ:

ਸਾਡੇ ਨਵੇਂ ਨੀਂ ਸੱਜਣ ਘਰ ਆਏ,

ਝਲਾਨੀ ਦੇ ਕੋਲ ਖੜ੍ਹੇ।

ਜਦੋਂ ਪਿੰਡ ਦੇ ਵਿਅਕਤੀ ਚਿੱਟੇ ਲੱਠੇ ਦੇ ਚਮਕਦੇ ਟਾਟਾਂ ‘ਤੇ ਬੈਠੇ ਬਰਾਤੀਆਂ ਨੂੰ ਥਾਲ ਵਰਤਾ ਕੇ ਚਾਹ-ਪਾਣੀ ਲਈ ਥਾਲਾਂ ਵਿੱਚ ਜਲੇਬੀਆਂ ਜਾਂ ਲੱਡੂਆਂ ਦੇ ਜੋੜੇ ਵਰਤਾਉਣ ਲੱਗਦੇ ਤਾਂ ਬਨ੍ਹੇਰਿਆਂ ‘ਤੇ ਬੈਠੀਆਂ ਔਰਤਾਂ ਵੀ ਲਾੜੇ ਅਤੇ ਕੁੜਮ ਨੂੰ ਸੁਣਾਉਂਦੀਆਂ ਹੋਈਆਂ ਸਿੱਠਣੀਆਂ ਦੇ ਰੂਪ ਵਿੱਚ ਗਾਉਣ ਲੱਗਦੀਆਂ ਅਤੇ ਕਹਿੰਦੀਆਂ:

ਦੇਖ ਬਾਪੂ ਲੱਡੂ ਆਇਆ

ਤਾਂ ਉਸ ਦੇ ਉੱਤਰ ਵਿੱਚ ਲਾੜੇ ਦੇ ਪਿਓ ਦਾ ਜੁਆਬ ਦੇਣ ਲਈ ਕਹਿੰਦੀਆਂ:

ਚੁੱਪ ਕਰ ਬੱਚਾ ਮਸਾਂ ਥਿਆਇਆ

ਇਸੇ ਤਰ੍ਹਾਂ ਲਾੜੇ ਨੂੰ ਸਿੱਠਣੀਆਂ ਦਿੰਦੀਆਂ ਹੋਈਆਂ ਉਹ ਔਰਤਾਂ ਵਿਆਹ ਕਰਵਾਉਣ ਵਾਲੇ ਵਿਚੋਲੇ ਨੂੰ ਵੀ ਵਿੱਚ ਘਸੀਟ ਲੈਂਦੀਆਂ:

ਸੁਣ ਭਾਈ, ਵਿਚੋਲਿਆ ਵੇ,

ਲਾੜਾ ਪਸੰਦ ਨਾ ਆਇਆ,

ਚਿਪਕਣ ਅੱਖੀਆਂ, ਭਿਣਕਣ ਮੱਖੀਆਂ,

ਸਾਨੂੰ ਲਾੜਾ ਪਸੰਦ ਨਾ ਆਇਆ।

ਕਈ ਵਾਰ ਤਾਂ ਲਾੜੇ ਦਾ ਕਾਲਾ ਰੰਗ ਦੇਖ ਕੇ ਸਿੱਠਣੀਆਂ ਦਾ ਜ਼ੋਰ ਲਾੜੇ ਦੇ ਕਾਲੇ ਰੰਗ ਵੱਲ ਮੋੜ ਦਿੰਦੀਆਂ ਅਤੇ ਲਾੜੇ ਨੂੰ ਸੁਣਾਉਂਦੀਆਂ ਹੋਈਆਂ ਕਹਿੰਦੀਆਂ:

ਲਾੜਾ ਕਾਲਾ, ਕਾਲਾ ਕੱਟ

ਸਹੁਰੀ ਦਿਆ, ਕਿਉਂ ਜੰਮਿਆ ਸੀ?

ਇਸ ਦੇ ਨਾਲ ਹੀ ਅੱਗੇ ਤੋਰਨ ਲਈ ਔਰਤਾਂ ਦੀ ਦੂਜੀ ਟੋਲੀ ਤਿਆਰ ਹੁੰਦੀ ਅਤੇ ਜੋ ਜੁਆਬ ਵਿੱਚ ਕਹਿਣਾ ਸ਼ੁਰੂ ਕਰ ਦਿੰਦੀ:

ਬੇਬੇ ਗਈ ਸੀ ਅੰਬਾਂ ਦੇ ਹੇਠ

ਮਹੀਨਾ ਸੀ ਜੇਠ,

ਉੱਤੋਂ ਪੈ ਗਿਆ ਰੇਤ,

ਕਾਲਾ ਕੱਟ ਤਾਂ ਜੰਮਿਆ।

ਭਾਵੇਂ ਇਨ੍ਹਾਂ ਸਿੱਠਣੀਆਂ ਵਿੱਚ ਲਾੜਾ ਅਤੇ ਉਸ ਦਾ ਪਿਓ ਭਾਵ ਕੁੜਮ ਹੀ ਸਿੱਧੇ ਤੌਰ ‘ਤੇ ਨਿਸ਼ਾਨੇ ‘ਤੇ ਹੁੰਦੇ ਸਨ ਅਤੇ ਲਾੜੇ ਦੇ ਨਾਲ-ਨਾਲ ਉਸ ਦੇ ਪਿਓ ਦੀ ਵੀ ਖੂਬ ਗਤੀ ਕੀਤੀ ਜਾਂਦੀ:

ਕੁੜਮਾ ਕੱਲੜਾ ਕਿਉਂ ਆਇਆ ਵੇ

ਅੱਜ ਦੀ ਘੜੀ

ਨਾਲ ਜ਼ੋਰੋ ਨੂੰ ਨਾ ਲਿਆਇਆ ਵੇ

ਅੱਜ ਦੀ ਘੜੀ

ਇਸ ਤੋਂ ਪਹਿਲਾਂ ਬਰਾਤੀਆਂ ਅਤੇ ਕੁੜਮਾਂ ਨਾਲ ਮਿਲਣੀ ਵੀ ਅਹਿਮ ਹੁੰਦੀ ਸੀ, ਪਰ ਇਸ ਸਮੇਂ ਵੀ ਸਿੱੱਠਣੀਆਂ ਮੌਕਾ ਜ਼ਰੂਰ ਸੰਭਾਲ ਲੈਂਦੀਆਂ:

ਸਾਡੇ ਕੱਲ੍ਹ ਦਿਆ ਵੇ ਵੀਰਾ

ਬੁੱਢੜੇ ਨਾਲ ਨਾ ਮਿਲ ਵੇ,

ਇਹਦੇ ਨੌਂ ਮਣ ਜੂੰਆਂ

ਧੱਕਾ ਦੇ ਕੇ ਸੁੱਟ ਵੇ।

ਇਸ ਦੇ ਨਾਲ ਹੀ ਉਹ ਪੇਂਡੂ ਔਰਤਾਂ ਆਪਣੇ ਰੰਗ ਵਿੱਚ ਸਿੱਠਣੀਆਂ ਦਿੰਦੀਆਂ ਹੋਈਆਂ ਆਪਣੀ ਵਿਆਂਦੜ ਧੀ-ਭੈਣ ਦੀ ਤਾਰੀਫ਼ ਜਾਂ ਸੁੰਦਰਤਾ ਦੱਸਣਾ ਨਾ ਭੁੱਲਦੀਆਂ ਅਤੇ ਬਰਾਤੀਆਂ ਨੂੰ ਸੁਣਾਉਂਦੀਆਂ ਹੋਈਆਂ ਕਹਿੰਦੀਆਂ:

ਮੈਂ ਲਾਜ ਪਰੀ, ਮੈਂ ਲਾਜ ਪਰੀ

ਇਹ ਬੁੱਢੜੇ ਕਾਹਣੂ ਆਏ

ਪਰ ਕਿਉਂਕਿ ਵਿਆਹ ਵਿੱਚ ਤਾਂ ਵਿਆਹ ਦਾ ਰੰਗ ਹਰ ਬਰਾਤੀ ਨੂੰ ਚੜਿ੍ਹਆ ਹੋਇਆ ਹੁੰਦਾ ਸੀ ਅਤੇ ਉਹ ਵੀ ਬਿਨਾਂ ਰੁਕੇ ਮਸਕਰੀਆਂ ਕਰਦੇ ਤਾਂ ਸਿੱਠਣੀਆਂ ਦੇਣ ਵਾਲੀਆਂ ਔਰਤਾਂ ਵੀ ਸੂਈ ਉਸ ਤਰਫ਼ ਘੁੰਮਾਉਂਦੀਆਂ ਹੋਈਆਂ ਕਹਿਦੀਆਂ:

ਪਾਰਾ ਤੋਂ ਦੋ ਗੜਵੇ ਆਏ,

ਵਿੱਚ ਗੜਵਿਆਂ ਦੇ ਭੂਕਾਂ।

ਵਿਆਹੇ, ਵਿਆਹੇ ਜੰਝ ਚੜ੍ਹ ਆਏ,

ਛੜੇ ਮਾਰਦੇ ਕੂਕਾਂ।

ਜਾਂਝੀਆਂ ਉੱਤੇ ਸਿੱਠਣੀਆਂ ਦੀ ਹੋਰ ਟਕੋਰ ਕਰਦੀਆਂ ਹੋਈਆਂ ਬਨੇਰੇ ਬੈਠੀਆਂ ਔਰਤਾਂ ਥੋੜ੍ਹੀ ਗੰਭੀਰਤਾ ਨਾਲ ਇਹ ਵੀ ਕਹਿ ਜਾਂਦੀਆਂ:

ਬਰਾਤੀ ਉਸ ਦੇ ‘ਚੋਂ ਆਏ,

ਜਿੱਥੇ ਤੂਤ ਵੀ ਨਾ

ਉਨ੍ਹਾਂ ਦੀ ਬਾਂਦਰ ਵਰਗੀ ਬੂਥੀ

ਉਤੇ ਰੂਪ ਵੀ ਨਾ।

ਪਰ ਬਰਾਤ ਵਿੱਚ ਭੱਜੇ-ਨੱਠੇ ਫਿਰਦੇ ਵਿਚੋਲੇ ਨੂੰ ਦੇਖ ਉਹ ਔਰਤਾਂ ਵਿਚੋਲੇ ਨੂੰ ਫਿਰ ਘੇਰਨ ਦਾ ਯਤਨ ਕਰਦੀਆਂ:

ਦੁਰ ਪਰੇ ਵਿਚੋਲਿਆ ਵੇ,

ਤੇਰੀਆਂ ਮਿੱਠੀਆਂ ਗੱਲਾਂ ਨੇ ਡੋਬੀ,

ਦੁਰ ਪਰੇ ਵਿਚੋਲਿਆ ਵੇ

ਤੇਰੇ ਨਿੱਤ ਦੇ ਆਉਣ ਨੇ ਡੋਬੀ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਸਮਿਆਂ ਵਿੱਚ ਪਿੰਡਾਂ ਦੇ ਵਿਆਹਾਂ ਵਿੱਚ ਬਹੁਤ ਦਿਲਚਸਪ ਸੱਭਿਆਚਾਰਕ ਮਾਹੌਲ ਹੁੰਦਾ ਸੀ। ਬਨੇਰਿਆਂ ਦੀਆਂ ਉਹ ਰੌਣਕਾਂ ਕਿਸੇ ਕੁਦਰਤੀ ਵਰਦਾਨ ਤੋਂ ਘੱਟ ਨਹੀਂ ਸਨ ਹੁੰਦੀਆਂ ਅਤੇ ਨਾ ਹੀ ਕੋਈ ਇਨ੍ਹਾਂ ਮਿਠਾਸ ਭਰੀਆਂ ਸੂਲਾਂ ਵਰਗੀਆਂ ਤਿੱਖੀਆਂ ਸਿੱਠਣੀਆਂ ਦਾ ਗੁੱਸਾ ਕਰਦਾ ਸੀ ਕਿਉਂਕਿ ਸਮਾਂ ਹੀ ਮਿਲਵਰਤਨ, ਹਾਸੀ, ਮਖੌਲ ਅਤੇ ਅਨੰਦਮਈ ਹੁੰਦਾ ਸੀ, ਪਰ ਸਮੇਂ ਦੀ ਚਾਲ ਨੇ ਸਾਡੇ ਕੋਲੋਂ ਉਹ ਸਭ ਕੁਝ ਖੋਹ ਲਿਆ ਹੈ ਅਤੇ ਅਸੀਂ ਅਜਿਹੇ ਸੱਭਿਆਚਾਰਕ ਪਲ ਦੇਖਣ ਨੂੰ ਤਰਸ ਰਹੇ ਹਾਂ।

ਵਿਆਹਾਂ ਨੇ ਹੁਣ ਨਵਾਂ ਹੀ ਰੰਗ ਅਪਣਾ ਲਿਆ ਹੈ। ਲੋਕਾਂ ਕੋਲ ਸਮੇਂ ਦੀ ਘਾਟ ਹੋ ਗਈ ਹੈ, ਬਰਾਤੀਆਂ ਕੋਲ ਇਹ ਸਭ ਕੁਝ ਸੁਣਨ ਅਤੇ ਮਾਣਨ ਦਾ ਸਮਾਂ ਹੀ ਨਹੀਂ। ਵੱਡੇ-ਵੱਡੇ ਮੈਰਿਜ ਪੈਲੇਸਾਂ ਵਿੱਚ ਇੱਕ ਮਿੰਟ ਵੀ ਬੰਦ ਨਾ ਹੋਣ ਵਾਲਾ ਡੀਜੇ ਕਿਸੇ ਨੂੰ ਦੋ ਪਲ ਆਪਸ ਵਿੱਚ ਗੱਲਾਂ ਕਰਨ ਦਾ ਸਮਾਂ ਵੀ ਨਹੀਂ ਦਿੰਦਾ। ਫਿਰ ਕਿਸ ਨੇ ਸੁਣਾਉਣੀਆਂ ਹਨ ਸਿੱਠਣੀਆਂ ਅਤੇ ਕਿਸ ਨੇ ਸੁਣਨੀਆਂ ਹਨ ਉਹ ਪਿਆਰੀਆਂ, ਮਿਠਾਸ ਘੋਲਦੀਆਂ ਸਿੱਠਣੀਆਂ। ਵਿਆਹ ਵਾਲੇ ਦਿਨ ਤਾਂ ਪਿੰਡ ਵਿੱਚ ਪਿੰਡ ਦੇ ਬਨੇਰਿਆਂ ‘ਤੇ ਕਾਂ ਬੋਲਦੇ ਹਨ ਕਿਉਂਕਿ ਸਾਰਾ ਪਿੰਡ ਤਾਂ ਮੈਰਿਜ ਪੈਲੇਸ ਪਹੁੰਚਿਆ ਹੁੰਦਾ ਹੈ। ਪਰ ਇਹ ਗੱਲ ਸੱਚ ਹੈ ਕਿ ਅੱਜ ਦੇ ਬਜ਼ੁਰਗ ਉਨ੍ਹਾਂ ਆਪਣੇ ਸਮਿਆਂ ਦੇ ਵਿਆਹਾਂ ਨੂੰ ਯਾਦ ਕਰਕੇ ਔਰਤਾਂ ਦੀਆਂ ਸਿੱਠਣੀਆਂ ਨੂੰ ਮਨ ਹੀ ਮਨ ਗੁਣਗੁਣਾਉਂਦੇ ਹੋਏ ਨਵੇਂ ਵਿਆਹਾਂ ਦੇ ਨਵੇਂ ਰੰਗ ਦੀਆਂ ਗੱਲਾਂ ਕਰਦੇ ਹਨ ਜਿੱਥੇ ਖਰਚਾ ਤਾਂ ਭਾਵੇਂ ਵੱਧ ਹੁੰਦਾ ਹੈ, ਪਰ ਵਿਆਹ ਦਾ ਆਨੰਦ ਘੱਟ ਆਉਂਦਾ ਹੈ।
ਸੰਪਰਕ: 98764-52223

Advertisement
Advertisement