For the best experience, open
https://m.punjabitribuneonline.com
on your mobile browser.
Advertisement

ਜਿ਼ੰਮੇਵਾਰੀ ਕਿਸ ਦੀ?

08:35 AM Oct 12, 2024 IST
ਜਿ਼ੰਮੇਵਾਰੀ ਕਿਸ ਦੀ
Advertisement

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਦੀ ਸੱਟ ਨੂੰ ਝੱਲ ਸਕਣਾ ਪਾਰਟੀ ਲਈ ਕਾਫ਼ੀ ਔਖਾ ਹੋ ਰਿਹਾ ਹੈ। ਪਾਰਟੀ ਨੇ ਆਪਣੀ ਉਹ ਪੈਂਠ ਗੁਆ ਲਈ ਜਾਪਦੀ ਹੈ ਜਿਸ ਕਰ ਕੇ ਇਹ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਣੀ ਆਪਣੀ ਚੜ੍ਹਤ ਨੂੰ ਬਰਕਰਾਰ ਨਾ ਰੱਖ ਸਕੀ। ਕਾਂਗਰਸ ਦੀਆਂ ਕੁਝ ਕਮਜ਼ੋਰੀਆਂ ਲੰਮੇ ਸਮੇਂ ਤੋਂ ਇਸ ਦੀ ਚੁਣਾਵੀ ਹਾਰ ਦਾ ਕਾਰਨ ਬਣੀਆਂ ਹੋਈਆਂ ਹਨ ਜਿਨ੍ਹਾਂ ਨੂੰ ਪਾਰਟੀ ਨੇ ਅਜੇ ਤੱਕ ਮੁਖ਼ਾਤਿਬ ਹੋਣ ਦਾ ਰਾਹ ਨਹੀਂ ਫਡਿ਼ਆ ਜਿਸ ਕਰ ਕੇ ਹਰ ਹਾਰ ਤੋਂ ਬਾਅਦ ਇਹ ਕਦੇ ਨਿਰਾਸ਼ਾ ਵਿੱਚ ਚਲੀ ਜਾਂਦੀ ਹੈ ਜਾਂ ਫਿਰ ਕਈ ਵਾਰ ਦੂਸ਼ਣਬਾਜ਼ੀ ਵਿੱਚ ਉਲਝ ਜਾਂਦੀ ਹੈ। ਚੋਣ ਕਮਿਸ਼ਨ ਦੀ ਨਿਰਪੱਖਤਾ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਧਿਰਾਂ ਸਵਾਲ ਉਠਾਉਂਦੀਆਂ ਆ ਰਹੀਆਂ ਹਨ ਜਿਨ੍ਹਾਂ ਦੇ ਅਜੇ ਤੱਕ ਤਸੱਲੀਬਖ਼ਸ਼ ਜਵਾਬ ਨਹੀਂ ਮਿਲ ਸਕੇ ਪਰ ਇਸ ਦੇ ਨਾਲ ਹੀ ਪਾਰਟੀ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਵੀ ਫੇਰਨ ਦੀ ਲੋੜ ਹੈ।
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਈਵੀਐੱਮਜ਼ ਵਿੱਚ ਗੜਬੜ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਪਾਰਟੀ ਨੇ ਚੋਣ ਕਮਿਸ਼ਨ ਕੋਲ ਅਧਿਕਾਰਤ ਤੌਰ ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਂਝ, ਗਨੀਮਤ ਇਹ ਰਹੀ ਕਿ ਪਾਰਟੀ ਨੇ ਇਸ ਮੁੱਦੇ ਨੂੰ ਉਦੋਂ ਤੱਕ ਬਹੁਤਾ ਤੂਲ ਨਾ ਦੇਣ ਦਾ ਫ਼ੈਸਲਾ ਕੀਤਾ ਹੈ ਜਦੋਂ ਤੱਕ ਦੋਸ਼ਾਂ ਦੇ ਹੋਰ ਜਿ਼ਆਦਾ ਪੁਖਤਾ ਸਬੂਤ ਇਕੱਤਰ ਨਹੀਂ ਕਰ ਲਏ ਜਾਂਦੇ। ਇਹ ਤੱਥ ਉੱਭਰ ਕੇ ਸਾਹਮਣੇ ਆਏ ਹਨ ਕਿ ਪਾਰਟੀ ਦੀ ਹਰਿਆਣਾ ਇਕਾਈ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ ਸੀ ਅਤੇ ਇਸ ਦੇ ਆਗੂਆਂ ਵਿਚਕਾਰ ਕੋਈ ਤਾਲਮੇਲ ਨਹੀਂ ਬੈਠ ਰਿਹਾ ਸੀ। ਸਭ ਤੋਂ ਚਿੰਤਾ ਵਾਲੀ ਗੱਲ ਇਹ ਸੀ ਕਿ ਪਾਰਟੀ ਦੇ ਕੇਂਦਰੀ ਆਗੂਆਂ ਨੇ ਵੀ ਇਸ ਵੱਲ ਵੇਲੇ ਸਿਰ ਬਣਦੀ ਤਵੱਜੋ ਨਹੀਂ ਦਿੱਤੀ। ਹਰਿਆਣਾ ਇਕਾਈ ਦੀਆਂ ਪ੍ਰਮੁੱਖ ਹਸਤੀਆਂ ਜਿਵੇਂ ਭੁਪਿੰਦਰ ਸਿੰਘ ਹੁੱਡਾ ਤੇ ਕੁਮਾਰੀ ਸ਼ੈਲਜਾ ਚੁਣਾਵੀ ਨੁਕਸਾਨ ’ਤੇ ਚਰਚਾ ਕਰਨ ਲਈ ਹੋਈ ਹਾਈਕਮਾਨ ਦੀ ਮੀਟਿੰਗ ਵਿੱਚੋਂ ਗ਼ੈਰ-ਹਾਜ਼ਰ ਸਨ। ਇਨ੍ਹਾਂ ਦੋ ਨੇਤਾਵਾਂ ਦਰਮਿਆਨ ਕਈ ਚਿਰਾਂ ਤੋਂ ਚੱਲ ਰਿਹਾ ਟਕਰਾਅ ਉਸ ਜ਼ਹਿਰੀਲੀ ਧੜੇਬੰਦੀ ਨੂੰ ਦਰਸਾਉਂਦਾ ਹੈ ਜਿਸ ਨੇ ਕਾਂਗਰਸ ਦੀ ਚੋਣ ਮੁਹਿੰਮ ਨੂੰ ਖ਼ੋਰਾ ਲਾਇਆ ਹੈ ਅਤੇ ਜ਼ਮੀਨ ’ਤੇ ਪਾਰਟੀ ਨੂੰ ਕਮਜ਼ੋਰ ਕੀਤਾ ਹੈ।
ਮਾਮਲੇ ਨੂੰ ਹੋਰ ਵਿਗਾੜਦਿਆਂ ਰਾਹੁਲ ਗਾਂਧੀ ਆਪ ਜਿ਼ੰਮੇਵਾਰੀ ਲੈਣ ਤੋਂ ਪਾਸੇ ਹੋ ਗਏ ਹਨ। ਉਨ੍ਹਾਂ ਬਲਕਿ ਇਸ ਨੁਕਸਾਨ ਲਈ ਸਥਾਨਕ ਆਗੂਆਂ ਦੇ ਨਿੱਜੀ ਹਿੱਤਾਂ ਨੂੰ ਜਿ਼ੰਮੇਵਾਰ ਠਹਿਰਾਇਆ ਹੈ। ਰਾਹੁਲ ਗਾਂਧੀ ਨੇ ਮੁਕਾਮੀ ਆਗੂਆਂ ’ਤੇ ਪਾਰਟੀ ਦੇ ਉਦੇਸ਼ਾਂ ਨਾਲੋਂ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਦਾ ਦੋਸ਼ ਲਾਇਆ ਹੈ। ਇਨ੍ਹਾਂ ਇਲਜ਼ਾਮਾਂ ’ਚ ਭਾਵੇਂ ਕੁਝ ਦਮ ਹੋ ਸਕਦਾ ਹੈ ਪਰ ਮੰਥਨ ਕੀਤੇ ਬਿਨਾਂ ਇਲਜ਼ਾਮ ਦੂਜਿਆਂ ’ਤੇ ਸੁੱਟਣ ਨਾਲ ਪਾਰਟੀ ਅੰਦਰਲੀਆਂ ਦਰਾੜਾਂ ਹੋਰ ਵਧਣਗੀਆਂ। ਆਪਣੇ ਆਪ ਨੂੰ ਮੁੜ ਸਾਂਝੇ ਮਨੋਰਥਾਂ ਦੁਆਲੇ ਜਥੇਬੰਦ ਕਰ ਕੇ ਹੀ ਕਾਂਗਰਸ ਮਜ਼ਬੂਤ ਵਿਰੋਧੀ ਧਿਰ ਵਜੋਂ ਦੁਬਾਰਾ ਪ੍ਰਸੰਗਕ ਹੋਣ ਦੀ ਆਸ ਕਰ ਸਕਦੀ ਹੈ, ਹਰਿਆਣਾ ਵਿੱਚ ਵੀ ਤੇ ਰਾਸ਼ਟਰੀ ਪੱਧਰ ਉੱਤੇ ਵੀ। ਲੋਕ ਸਭਾ ਚੋਣਾਂ ਦੌਰਾਨ ਇਸ ਨੇ ਚੰਗੀ ਭੱਲ ਬਣਾਈ ਸੀ, ਹੁਣ ਵੀ ਉਸੇ ਲੀਹ ’ਤੇ ਚੱਲਣ ਦੀ ਲੋੜ ਹੈ।

Advertisement

Advertisement
Advertisement
Author Image

sukhwinder singh

View all posts

Advertisement