ਜਿਸਦੇ ਸੁਪਨ ਸਬੂਤੇ....
ਤ੍ਰੈਲੋਚਨ ਲੋਚੀ
ਮਿਹਨਤ ਤੋ ਮਾਂ ਹੈ, ਸਦਾ ਸਰ ਪਰ ਹਾਥ ਰਖਤੀ ਹੈ,
ਕਿਸਮਤ ਤੋ ਦੂਰ ਕੀ ਰਿਸ਼ਤੇਦਾਰ ਹੈ ਮੇਰੇ ਯਾਰੋ!
ਪਿਛਲੇ ਦਿਨੀਂ ਉਰਦੂ ਦੇ ਸ਼ਾਇਰ ਜਨਾਬ ਅਬਰੋਲ ਹੁਰਾਂ ਦਾ ਇਹ ਸ਼ਿਅਰ ਪੜ੍ਹਿਆ ਤਾਂ ਸੱਚੀਓਂ ਹੀ ਮਨ ਝੂਮ ਉੱਠਿਆ! ਮਨ ਦਾ ਝੂਮਣਾ ਸੁਭਾਵਿਕ ਸੀ ਕਿਉਂਕਿ ਇਸ ਸ਼ਿਅਰ ਵਿਚਲਾ ਸੱਚ ਕਿਸੇ ਨੂੰ ਵੀ ਝੂਮਣ ਲਾ ਸਕਦਾ ਹੈ।
ਸੱਚਮੁੱਚ ਇਕੱਲੀ ਤਕਦੀਰ ਦੇ ਸਿਰ ’ਤੇ ਮਨੁੱਖ ਕੁਝ ਵੀ ਨਹੀਂ ਕਰ ਸਕਦਾ। ਵਾਕਈ ਕਿਸਮਤ ਤਾਂ ਦੂਰ ਦੀ ਕੋਈ ਰਿਸ਼ਤੇਦਾਰ ਹੈ ਤੇ ਮਿਹਨਤ ਤਾਂ ਇੰਨ-ਬਿੰਨ ਮਾਂ ਦੇ ਵਾਂਗ ਹੈ ਜੋ ਹਮੇਸ਼ਾ ਹੀ ਮਨੁੱਖ ਦੇ ਸਿਰ ’ਤੇ ਹੱਥ ਰੱਖਦੀ ਹੈ। ਇਸੇ ਕਰਕੇ ਹੀ ਤਾਂ ਮਿਹਨਤੀ ਤੇ ਸਿਰੜੀ ਲੋਕ ਰਸਤਿਆਂ ਵਿੱਚ ਆਉਂਦੀਆਂ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਨੂੰ ਵੀ ਠੋਕਰ ਮਾਰ ਕੇ ਆਪਣੀ ਮੰਜ਼ਿਲ ਨੂੰ ਜਾ ਚੁੰਮਦੇ ਨੇ! ਅਜਿਹੇ ਲੋਕਾਂ ਦੀ ਇਹ ਖ਼ੂਬਸੂਰਤੀ ਦੇਖ ਕੇ ਮੈਨੂੰ ਬਸ਼ੀਰ ਬਦਰ ਤੇ ਇੰਦਰਜੀਤ ਹਸਨਪੁਰੀ ਹੁਰਾਂ ਦੇ ਕਮਾਲ ਦੇ ਸ਼ਿਅਰ ਯਾਦ ਆ ਜਾਂਦੇ ਨੇ....
ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਪੇ ਨਜ਼ਰ ਹੈ,
ਆਂਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ!
- ਬਸ਼ੀਰ ਬਦਰ
ਕੀ ਹੋਇਆ ਜੇ ਰਸਤੇ ਵਿੱਚ ਕਠਿਨਾਈਆਂ ਨੇ,
ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ!
ਠੋਕਰ ਨੂੰ ਹੈ ਠੋਕਰ ਮਾਰੀ ਜਿਨ੍ਹਾਂ ਨੇ,
ਉਨ੍ਹਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ!
ਹੁਣ ਮਿਹਨਤੀ ਤੇ ਸਿਰੜੀ ਲੋਕਾਂ ਦੀ ਗੱਲ ਤੁਰੀ ਹੈ ਤਾਂ ਮੇਰੀਆਂ ਅੱਖਾਂ ਮੂਹਰੇ ਇੱਕ ਐਸੀ ਪਿਆਰੀ ਕੁੜੀ ਰਸ਼ਮੀ ਦਾ ਚਿਹਰਾ ਘੁੰਮ ਰਿਹਾ ਹੈ ਜੋ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਨਾਲ ਵੀ ਸਹਿਜੇ ਹੀ ਮੱਥਾ ਲਾਉਣਾ ਜਾਣਦੀ ਹੈ। ਕੁਝ ਸਮਾਂ ਪਹਿਲਾਂ ਮੈਂ ਉੱਤਰ ਪ੍ਰਦੇਸ਼ ਦੇ ਸ਼ਹਿਰ ਬਦਾਯੂੰ ਗਿਆ ਤਾਂ ਇੱਕ ਵਿਆਹ ਸਮਾਗਮ ਮੌਕੇ ਰਸ਼ਮੀ ਨਾਲ ਮੁਲਾਕਾਤ ਹੋਈ ਸੀ! ਇੱਕ ਪਾਸੇ ਆਪਣੀ ਵੀਲ੍ਹਚੇਅਰ ’ਤੇ ਬੈਠੀ ਤੇ ਪਹਿਲੀ ਨਜ਼ਰੇ ਸਾਧਾਰਨ ਜਿਹੀ ਦਿੱਖ ਵਾਲੀ ਜਾਪਦੀ ਇਸ ਕੁੜੀ ਦੀਆਂ ਪ੍ਰਾਪਤੀਆਂ ਦੀ ਦਾਸਤਾਨ ਸੁਣ ਕੇ ਮਨ ਖ਼ੁਸ਼ੀ ਨਾਲ ਝੂਮ ਉੱਠਿਆ! ਰਸ਼ਮੀ ਬਾਰੇ ਪਤਾ ਲੱਗਿਆ ਕਿ ਬਚਪਨ ਵਿੱਚ ਹੀ ਪੋਲੀਉ ਹੋ ਜਾਣ ਕਰਕੇ ਉਹ ਤੁਰਨ ਫਿਰਨ ਤੋਂ ਅਸਮਰੱਥ ਹੋ ਗਈ ਤੇ ਬਚਪਨ ਦੇ ਰਾਂਗਲੇ ਦਿਨਾਂ ਤੋਂ ਹੀ ਵੀਲ੍ਹਚੇਅਰ ਉਸ ਦੀ ਪੱਕੀ ਸਹੇਲੀ ਬਣ ਗਈ। ਉਸ ਨੇ ਫਿਰ ਵੀ ਹਿੰਮਤ ਨਹੀਂ ਹਾਰੀ! ਆਪਣੀ ਵੀਨ੍ਹਚੇਅਰ ’ਤੇ ਹੀ ਉਹ ਸਕੂਲ ਜਾਂਦੀ ਤੇ ਆਪਣੀ ਮਿਹਨਤ ਸਦਕਾ ਮੈਟਰਿਕ ਵਿੱਚੋਂ ਪੂਰੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ! ਫਿਰ ਉਸ ਦੀ ਪੱਕੀਆਂ ਸਹੇਲੀਆਂ ਵੀਲ੍ਹਚੇਅਰ ਤੇ ਉਸ ਦੀ ਲਗਨ ਉਸ ਨੂੰ ਕਾਲਜ ਦੇ ਆਂਗਨ ਵਿੱਚ ਲੈ ਵੜੀਆਂ! ਬੀ.ਐੱਸਸੀ. ਵਿੱਚੋਂ ਅੱਸੀ ਫ਼ੀਸਦੀ ਨੰਬਰ ਲੈ ਕੇ ਉਸ ਨੇ ਆਪਣੀ ਮਿਹਨਤ ਦਾ ਰੰਗ ਦਿਖਾਇਆ। ਐੱਮ.ਐੱਸਸੀ. ਉਸ ਨੇ ਬਰੇਲੀ ਤੋਂ ਕੀਤੀ ਤੇ ਤੀਸਰੇ ਸਥਾਨ ’ਤੇ ਰਹੀ।
ਉਸ ਤੋਂ ਬਾਅਦ ਯੂ.ਜੀ.ਸੀ. ਦਾ ਇਮਤਿਹਾਨ ਪਾਸ ਕੀਤਾ ਤੇ ਅੱਜਕੱਲ੍ਹ ਉਹ ਕਾਲਜ ਵਿੱਚ ਫਿਜ਼ਿਕਸ ਪੜ੍ਹਾ ਰਹੀ ਹੈ ਤੇ ਆਪਣੇ ਵਿਦਿਆਰਥੀਆਂ ਦੀ ਪਸੰਦੀਦਾ ਅਧਿਆਪਕਾ ਹੈ।
ਮੈਂ ਉਸ ਸਿਰੜੀ ਕੁੜੀ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ ਸਾਂ। ਸ਼ਾਮ ਨੂੰ ਜਦੋਂ ਅਸੀਂ ਉਸ ਦੇ ਘਰ ਪਹੁੰਚੇ ਤਾਂ ਉਸ ਦੇ ਘਰ ਦਾ ਮਾਹੌਲ ਵੱਖਰਾ ਸੀ। ਉਸ ਦੀ ਨਿੱਜੀ ਲਾਇਬ੍ਰੇਰੀ ਵਿੱਚ ਮੈਕਸਿਮ ਗੋਰਕੀ, ਚੈਖਵ, ਸ਼ੇਕਸਪੀਅਰ, ਰਾਬਿੰਦਰਨਾਥ ਟੈਗੋਰ, ਮੁਨਸ਼ੀ ਪ੍ਰੇਮ ਚੰਦ, ਭੀਸ਼ਮ ਸਾਹਨੀ, ਮੰਟੋ, ਇਸਮਤ ਚੁਗ਼ਤਾਈ, ਦੁਸ਼ਯੰਤ ਕੁਮਾਰ ਤੇ ਹੋਰ ਵੀ ਖ਼ੂਬਸੂਰਤ ਪੁਸਤਕਾਂ ਦੇਖ ਕੇ ਪਹਿਲਾਂ ਤਾਂ ਥੋੜ੍ਹੀ ਜਿਹੀ ਹੈਰਾਨੀ ਵੀ ਹੋਈ ਕਿ ਵਿਗਿਆਨ ਦੀ ਅਧਿਆਪਕ ਨੂੰ ਸਾਹਿਤ ਨਾਲ ਏਨਾ ਮੋਹ ਹੈ? ਪਰ ਉਸ ਨੇ ਦੱਸਿਆ ਕਿ ਇਹ ਕਿਤਾਬਾਂ ਤਾਂ ਉਸ ਦੀ ਜਾਨ ਨੇ! ਉਸ ਤੋਂ ਬਾਅਦ ਇਹ ਸੁਣ ਕੇ ਮੈਂ ਹੋਰ ਵੀ ਹੈਰਾਨ ਹੋਇਆ ਕਿ ਉਹ ਕਵਿਤਾ ਵੀ ਲਿਖਦੀ ਹੈ ਤੇ ਬਹੁਤ ਹੀ ਜਲਦੀ ਉਸ ਦੀ ਕਵਿਤਾਵਾਂ ਦੀ ਕਿਤਾਬ ‘ਜ਼ਿੰਦਗੀ ਖ਼ੂਬਸੂਰਤ ਹੈ’ ਛਪ ਕੇ ਆ ਰਹੀ ਹੈ। ਮੈਂ ਉੱਥੇ ਬੈਠਾ ਸੋਚ ਰਿਹਾ ਸਾਂ ਕਿ ਤੁਰਨ ਫਿਰਨ ਤੋਂ ਵੀ ਅਸਮਰੱਥ ਇਹ ਸਿਰੜੀ ਕੁੜੀ, ਉਨ੍ਹਾਂ ਸਾਰੇ ਲੋਕਾਂ ਵਾਸਤੇ ਪ੍ਰੇਰਨਾ ਦਾ ਇੱਕ ਸਰੋਤ ਹੈ ਜਿਹੜੇ ਮੁਸ਼ਕਿਲਾਂ ਤੋਂ ਘਬਰਾ ਕੇ ਕੁਝ ਵੀ ਨਹੀਂ ਕਰ ਸਕਦੇ ਤੇ ਢੇਰੀ ਢਾਹ ਕੇ ਬਹਿ ਜਾਂਦੇ ਨੇ।
ਜਦੋਂ ਅਸੀਂ ਉਸ ਦੇ ਘਰ ਤੋਂ ਤੁਰਨ ਲੱਗੇ ਤਾਂ ਮੈਂ ਰਸ਼ਮੀ ਨੂੰ ਹੌਲੀ ਜਿਹੀ ਪੁੱਛਿਆ, ‘‘ਰਸ਼ਮੀ ਤੇਰੇ ਮਨ ਵਿੱਚ ਅਜੇ ਵੀ ਕੁਝ ਕਰਨ ਦੀ ਇੱਛਾ ਹੈ?’’ ਮੇਰਾ ਸਵਾਲ ਸੁਣ ਕੇ ਉਹ ਬਹੁਤ ਹੀ ਜੋਸ਼ ਤੇ ਵਿਸ਼ਵਾਸ ਨਾਲ ਬੋਲੀ, ‘‘ਭਈਆ ਅਭੀ ਤੋ ਬਹੁਤ ਕੁਛ ਕਰਨਾ ਬਾਕੀ ਹੈ!’’ ਉਸ ਦੇ ਆਤਮ ਵਿਸ਼ਵਾਸ ਨਾਲ ਭਰੇ ਇਹ ਬੋਲ ਸੁਣ ਕੇ ਮੇਰਾ ਹੱਥ ਮੱਲੋ-ਮੱਲੀ ਉਸ ਦੇ ਸਿਰ ’ਤੇ ਚਲਾ ਗਿਆ ਤੇ ਉਸ ਨੇ ਬੜੇ ਹੀ ਮੋਹ ਨਾਲ ਮੇਰਾ ਹੱਥ ਆਪਣੇ ਮਿਹਨਤੀ ਹੱਥਾਂ ਵਿੱਚ ਘੁੱਟ ਲਿਆ! ਉਦੋਂ ਉਹ ਮੈਨੂੰ ਆਪਣੀ ਨਿੱਕੀ ਭੈਣ ਵਰਗੀ ਹੀ ਜਾਪ ਰਹੀ ਸੀ। ਜਦੋਂ ਅਸੀਂ ਰਸ਼ਮੀ ਤੇ ਉਸ ਦੇ ਪਰਿਵਾਰ ਤੋਂ ਰੁਖ਼ਸਤ ਹੋਣ ਲੱਗੇ ਤਾਂ ਉਹ ਆਪਣੀ ਵੀਲ੍ਹਚੇਅਰ ’ਤੇ ਬੈਠੀ ਬੜੇ ਹੀ ਪਿਆਰ ਨਾਲ ਸਾਨੂੰ ਹੱਥ ਹਿਲਾ ਰਹੀ ਸੀ ਤੇ ਉਸ ਨੂੰ ਇੰਝ ਕਰਦਿਆਂ ਦੇਖ ਕੇ ਮੈਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਜਰਨੈਲ ਜੰਗ ਦੇ ਮੈਦਾਨ ਵਿੱਚ ਆਪਣੀ ਜਿੱਤ ਦਾ ਪਰਚਮ ਹਿਲਾ ਰਿਹਾ ਹੋਵੇ।
ਜਦੋਂ ਅਸੀਂ ਉੱਥੋਂ ਤੁਰੇ ਤਾਂ ਮੇਰਾ ਇੱਕ ਆਪਣਾ ਹੀ ਸ਼ਿਅਰ ਮੇਰੇ ਜ਼ਿਹਨ ਵਿੱਚ ਘੁੰਮਣ ਲੱਗਿਆ:
ਜਿਸਦੇ ਸੁਪਨ ਸਬੂਤੇ, ਸਿਦਕ ਮੁਕੰਮਲ ਹੈ,
ਇੱਕ ਦਿਨ ਉਸ ਦੇ ਪੈਰੀਂ ਅੰਬਰ ਹੁੰਦਾ ਹੈ!
ਇੱਕ ਦਿਨ ਉਸ ਦੇ ਪੈਰੀਂ ਅੰਬਰ ਹੁੰਦਾ ਹੈ...
ਸੰਪਰਕ: 98142-53315