For the best experience, open
https://m.punjabitribuneonline.com
on your mobile browser.
Advertisement

ਥੋਕ ਮਹਿੰਗਾਈ ਮਾਰਚ ’ਚ 0.53 ਫ਼ੀਸਦ ’ਤੇ ਪਹੁੰਚੀ

07:18 AM Apr 16, 2024 IST
ਥੋਕ ਮਹਿੰਗਾਈ ਮਾਰਚ ’ਚ 0 53 ਫ਼ੀਸਦ ’ਤੇ ਪਹੁੰਚੀ
Advertisement

ਨਵੀਂ ਦਿੱਲੀ, 15 ਅਪਰੈਲ
ਦੇਸ਼ ਵਿੱਚ ਸਬਜ਼ੀਆਂ, ਆਲੂ, ਪਿਆਜ਼ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਥੋਕ ਮਹਿੰਗਾਈ ਦਰ ਮਾਰਚ ਵਿੱਚ ਮਾਮੂਲੀ ਤੌਰ ’ਤੇ ਵਧ ਕੇ 0.53 ਫ਼ੀਸਦ ’ਤੇ ਪਹੁੰਚ ਗਈ ਜੋ ਕਿ ਫ਼ਰਵਰੀ ਵਿੱਚ 0.20 ਫ਼ੀਸਦ ਸੀ। ਥੋਕ ਕੀਮਤ ਸੂਚਕਅੰਕ (ਡਬਲਿਊਪੀਆਈ) ਆਧਾਰਿਤ ਮਹਿੰਗਾਈ ਅਪਰੈਲ ਤੋਂ ਅਕਤੂਬਰ ਤੱਕ ਲਗਾਤਾਰ ਸਿਫ਼ਰ ਤੋਂ ਹੇਠਾਂ ਬਣੀ ਹੋਈ ਸੀ। ਨਵੰਬਰ ਵਿੱਚ ਇਹ 0.26 ਫ਼ੀਸਦ ਸੀ। ਮਾਰਚ 2023 ਵਿੱਚ ਇਹ 1.41 ਫ਼ੀਸਦ ਦੇ ਪੱਧਰ ’ਤੇ ਸੀ। ਵਣਜ ਤੇ ਉਦਯੋਗ ਮੰਤਰਾਲੇ ਨੇ ਅੱਜ ਇਕ ਬਿਆਨ ਵਿੱਚ ਕਿਹਾ, ‘‘ਕੁੱਲ ਹਿੰਦ ਥੋਕ ਕੀਮਤ ਸੂਚਕਅੰਕ (ਡਬਲਿਊਪੀਆਈ) ਆਧਾਰਿਤ ਮਹਿੰਗਾਈ ਦੀ ਸਾਲਾਨਾ ਦਰ ਮਾਰਚ 2024 ਵਿੱਚ 0.53 ਫ਼ੀਸਦ (ਮਾਰਚ 2023 ਨਾਲੋਂ ਵੱਧ) ਰਹੀ। ਅੰਕੜੇ ਦਰਸਾਉਂਦੇ ਹਨ ਕਿ ਭੋਜਨ ਮਹਿੰਗਾਈ ਮਾਰਚ ਵਿੱਚ ਮਾਮੂਲੀ ਤੌਰ ’ਤੇ ਵਧ ਕੇ 6.8 ਫ਼ੀਸਦ ਹੋ ਗਈ ਜੋ ਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ 5.42 ਫ਼ੀਸਦ ਸੀ। ਸਬਜ਼ੀਆਂ ਵਿੱਚ ਮਹਿੰਗਾਈ ਵੀ 19.52 ਫ਼ੀਸਦ ਹੋ ਗਈ ਹੈ ਜੋ ਕਿ ਇਕ ਸਾਲ ਪਹਿਲਾਂ ਇਸੇ ਸਾਲ ਵਿੱਚ -2.39 ਫ਼ੀਸਦ ਸੀ। ਆਲੂ ਦੀ ਮਹਿੰਗਾਈ ਮਾਰਚ 2023 ਵਿੱਚ 25.59 ਫ਼ੀਸਦ ਸੀ ਜੋ ਕਿ ਮਾਰਚ 2024 ਵਿੱਚ ਵਧ ਕੇ 52.96 ਫ਼ੀਸਦ ਹੋ ਗਈ। ਪਿਆਜ਼ ਦੀ ਮਹਿੰਗਾਈ 56.99 ਫ਼ੀਸਦ ਰਹੀ ਜੋ ਕਿ ਮਾਰਚ 2023 ਵਿੱਚ (-) 36.83 ਫ਼ੀਸਦ ਸੀ। ਮਾਰਚ 2024 ਵਿੱਚ ਖੁਰਾਕ ਮਹਿੰਗਾਈ ਵੀ ਵਧ ਕੇ ਤਿੰਨ ਮਹੀਨਿਆਂ ਦੇ ਸਭ ਤੋਂ ਉੱਪਰਲੇ ਪੱਧਰ 4.6 ਫ਼ੀਸਦ ’ਤੇ ਪਹੁੰਚ ਗਈ। ਇੰਡੀਆ ਰੇਟਿੰਗਜ਼ ਐਂਡ ਰਿਸਰਚ ਦੇ ਸੀਨੀਅਰ ਡਾਇਰੈਕਟਰ ਸੁਨੀਲ ਕੁਮਾਰ ਸਿਨਹਾ ਨੇ ਕਿਹਾ, ‘‘ਖੁਰਾਕ ਮਹਿੰਗਾਈ ਵਿੱਚ ਵਾਧਾ ਮੁੱਖ ਤੌਰ ’ਤੇ ਅਨਾਜ ਦੀ ਮਹਿੰਗਾਈ ਕਾਰਨ ਹੋਇਆ ਜੋ ਕਿ 12 ਮਹੀਨੇ ਦੇ ਸਭ ਤੋਂ ਉੱਪਰਲੇ ਪੱਧਰ 9 ਫ਼ੀਸਦ ’ਤੇ ਰਿਹਾ। ਆਮ ਖ਼ਪਤਕਾਰਾਂ ਲਈ ਅਹਿਮ ਦਾਲਾਂ ਤੇ ਸਬਜ਼ੀਆਂ ਦੀ ਮਹਿੰਗਾਈ ਮਾਰਚ 2024 ਵਿੱਚ ਕ੍ਰਮਵਾਰ 17.2 ਫ਼ੀਸਦ ਅਤੇ 19.5 ਫ਼ੀਸਦ ਰਹੀ। ਹਾਲਾਂਕਿ, ਮੁੁੱਖ ਮਹਿੰਗਾਈ ਮਾਰਚ ਵਿੱਚ (-) 1.1 ਫ਼ੀਸਦ ਰਹੀ। ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਇਸ ਸਾਲ ਮਾਰਚ ਵਿੱਚ ਕੱਚੇ ਪੈਟਰੋਲੀਅਮ ਖੰਡ ਵਿੱਚ ਮਹਿੰਗਾਈ 10.26 ਫ਼ੀਸਦ ਵਧ ਗਈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×