For the best experience, open
https://m.punjabitribuneonline.com
on your mobile browser.
Advertisement

ਤੋਮਰ ਦੇ ਪੁੱਤਰ ਖਿਲਾਫ਼ ਜਾਂਚ ਕੌਣ ਕਰੇਗਾ: ਬਘੇਲ

07:52 AM Nov 16, 2023 IST
ਤੋਮਰ ਦੇ ਪੁੱਤਰ ਖਿਲਾਫ਼ ਜਾਂਚ ਕੌਣ ਕਰੇਗਾ  ਬਘੇਲ
Advertisement

ਰਾਏਪੁਰ, 15 ਨਵੰਬਰ
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕੇਂਦਰੀ ਮੰਤਰੀ ਨਰੇਂਦਰ ਤੋਮਰ ਦੇ ਪੁੱਤਰ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਦੀਆਂ ਵਾਇਰਲ ਹੋਈਆਂ ਵੀਡੀਓਜ਼ ਦੇ ਹਵਾਲੇ ਨਾਲ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਇਸ ਮਾਮਲੇ ਵਿੱਚ ਜਾਂਚ ਕਦੋਂ ਸ਼ੁੁਰੂ ਹੋਵੇਗੀ। ਚੇਤੇ ਰਹੇ ਕਿ ਤੋਮਰ ਦੇ ਪੁੱਤਰ ਨੂੰ ਲੈ ਕੇ ਉਪਰੋਥੱਲੀ ਤਿੰਨ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਦੇਵੇਂਦਰ ਤੋਮਰ ਵਿੱਤੀ ਲੈਣ ਦੇਣ ਨੂੰ ਲੈ ਕੇ ਕੈਨੇਡਾ ਦੇ ਇਕ ਕਾਰੋਬਾਰੀ ਨਾਲ ਕਰੋੜਾਂ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਵਿਚਾਰ ਚਰਚਾ ਕਰਦਾ ਸੁਣਦਾ ਹੈ। ਦੇਵੇਂਦਰ ਨੇ ਹਾਲਾਂਕਿ ਵੀਡੀਓ ਨੂੰ ਫ਼ਰਜ਼ੀ ਕਰਾਰ ਦਿੱਤਾ ਹੈ।
ਬਘੇਲ ਨੇ ਐਕਸ ’ਤੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇਕ ਵਿਅਕਤੀ (ਜਗਮਨਦੀਪ ਸਿੰਘ), ਜੋ ਆਪਣੀ ਪਛਾਣ ਕੈਨੇਡੀਅਨ ਨਾਗਰਿਕ ਵਜੋਂ ਦੱਸਦਾ ਹੈ, ਦਾਅਵਾ ਕਰਦਾ ਹੈ ਕਿ ਵੀਡੀਓ ਵਿੱਚ ਤੋਮਰ ਦੇ ਪੁੱਤਰ ਨਾਲ ਵਿੱਤੀ ਲੈਣ-ਦੇਣ ਬਾਰੇ ਗੱਲ ਕਰਨ ਵਾਲਾ ਸ਼ਖ਼ਸ ਉਹ ਖੁ਼ਦ ਹੈ। ਬਘੇਲ ਨੇ ਪੁੱਛਿਆ, ‘‘10,000 ਕਰੋੜ ਰੁਪਏ ਦੀ ਖੇਡ? ਤੁੁਹਾਡੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਏਜੰਸੀ ਨੇ ਮੇਰੇ ’ਤੇ ਇਕ ਅਪੁਸ਼ਟ ਵੀਡੀਓ ਤੇ ਡਰਾਈਵਰ ਦੇ ਬਿਆਨ ਦੇ ਹਵਾਲੇ ਨਾਲ 508 ਕਰੋੜ ਰੁਪਏ (ਦੇ ਘੁਟਾਲੇ) ਦਾ ਦੋਸ਼ ਲਾਇਆ ਸੀ। ਹੁਣ ਇਸ ਨੂੰ ਚੈੱਕ ਕਰ ਲਵੋ। ਕਿਹੜੀ ਏਜੰਸੀ ਜਾਂਚ ਕਰੇਗੀ? ਛਾਪੇ ਕਦੋਂ ਮਾਰੇ ਜਾਣਗੇ? ਮੀਡੀਆ ਵਿੱਚ ਘੰਟਿਆਂ ਬੱਧੀ ਪ੍ਰੋਗਰਾਮ ਕਦੋਂ ਹੋਣਗੇ?’’ ਬਘੇਲ ਨੇ ਐਕਸ ’ਤੇ ਲਿਖਿਆ, ‘‘ਮੰਤਰੀ ਦੇ ਪੁੱਤਰ ਨਾਲ ਵੀਡੀਓ ਕਾਲ ’ਤੇ ਜਿਹੜਾ ਸ਼ਖ਼ਸ ਗੱਲ ਕਰ ਰਿਹਾ ਹੈ, ਉਸ ਨੇ ਇਕ ਨਵੀਂ ਵੀਡੀਓ ਜਾਰੀ ਕਰਕੇ ਪੂਰੀ ਗੱਲਬਾਤ ਦੀ ਪੁਸ਼ਟੀ ਕੀਤੀ ਹੈ। ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਪੁੱਤਰ ਨੇ ਗਾਂਜੇ ਦੀ ਖੇਤੀ ਲਈ ਵਿਦੇਸ਼ ਵਿੱਚ 100 ਏਕੜ ਜ਼ਮੀਨ ਖਰੀਦੀ ਸੀ।’’
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕੇਂਦਰੀ ਮੰਤਰੀ ਤੋਮਰ ਦਾ ਪੁੱਤਰ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਤੇ ਇਕ ‘ਵਿਚੋਲੀਆ’ ਕਰੋੜਾਂ ਰੁਪਿਆ ਦੇ ਲੈਣ-ਦੇਣ ਦੀ ਗੱਲ ਕਰ ਰਹੇ ਹਨ। ਚੇਤੇ ਰਹੇ ਕਿ ਛੱਤੀਸਗੜ੍ਹ ਵਿਚ ਦੂਜੇ ਗੇੜ ਦੀਆਂ ਚੋਣਾਂ ਤਹਿਤ ਬਾਕੀ ਬਚਦੀਆਂ 70 ਸੀਟਾਂ ਲਈ 17 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇਸ ਦੌਰਾਨ ਯੂਥ ਕਾਂਗਰਸ ਦੇ ਵਰਕਰਾਂ ਨੇ ਕੇਂਦਰੀ ਮੰਤਰੀ ਦੇ ਪੁੱਤਰ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਦਿੱਲੀ ’ਚ ਈਡੀ ਦਫ਼ਤਰ ਨੇੜੇ ਪ੍ਰਦਰਸ਼ਨ ਕੀਤਾ। -ਪੀਟੀਆਈ

Advertisement

ਤੋਮਰ ਦੇ ਪੁੱਤ ਨਾਲ ਸਬੰਧਤ ਵੀਡੀਓਜ਼ ਦੀ ਜਾਂਚ ਹੋਵੇ: ਕਮਲ ਨਾਥ

ਭੋਪਾਲ: ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਨਰੇਂਦਰ ਸਿੰਘ ਤੋਮਰ ਦੇ ਪੁੱਤਰ ਦੀ ਸ਼ਮੂਲੀਅਤ ਵਾਲੇ ਕਥਿਤ ਵਾਇਰਲ ਹੋਏ ਵੀਡੀਓ ਦੀ ਫੌਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਨਾਥ ਨੇ ਸਵਾਲ ਕੀਤਾ ਕਿ ਕੀ ਭਾਜਪਾ ਦੇਸ਼ ਦੀ ਥਾਂ ਆਪਣੇ ਹਿੱਤਾਂ ਨੂੰ ਤਰਜੀਹ ਦੇਵੇਗੀ। ਨਾਥ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਮੈਂ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਤੋਂ ਜਾਣਨਾ ਚਾਹੁੰਦਾ ਹਾਂ ਕਿ ਕੀ ਉਨ੍ਹਾਂ ਲਈ ਦੇਸ਼ ਹਿੱਤ ਤੋਂ ਪਹਿਲਾਂ ਪਾਰਟੀ ਤੇ ਪਰਿਵਾਰ ਦੇ ਹਿੱਤ ਆਉਂਦੇ ਹਨ। ਅਗਾਮੀ ਅਸੈਂਬਲੀ ਚੋਣਾਂ ਵਿੱਚ ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਦੇ ਪੁੱਤਰ ਦੀਆਂ ਹੁਣ ਤੱਕ ਤਿੰਨ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਇਹ ਮਸਲਾ, ਜੋ ਕਥਿਤ 100 ਕਰੋੜ ਤੋਂ ਸ਼ੁਰੂ ਹੋਇਆ ਸੀ, ਹੁਣ 10,000 ਕਰੋੜ ਤੱਕ ਦੇ ਲੈਣ-ਦੇਣ ਤੱਕ ਪਹੁੰਚ ਗਿਆ ਹੈ।’’ ਨਾਥ ਨੇ ਕਿਹਾ ਕਿ ਸੱਜਰੀ ਵੀਡੀਓ ਵਿਚ ਨਸ਼ਿਆਂ ਦੇ ਵਪਾਰ ਤੇ ਕੈਨੇਡਾ ਕੁਨੈਕਸ਼ਨ ਨੂੰ ਲੈ ਕੇ ਜਿਹੜਾ ਦਾਅਵਾ ਕੀਤਾ ਗਿਆ ਹੈ, ਉਸ ਦੀ ਜਾਂਚ ਕਰਨੀ ਬਣਦੀ ਹੈ। ਉਨ੍ਹਾਂ ਇਸ ਮਾਮਲੇ ’ਤੇ ਭਾਜਪਾ ਲੀਡਰਸ਼ਿਪ ਵੱਲੋਂ ਧਾਰੀ ਚੁੱਪੀ ’ਤੇ ਵੀ ਸਵਾਲ ਉਠਾਏ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×