For the best experience, open
https://m.punjabitribuneonline.com
on your mobile browser.
Advertisement

ਕੌਣ ਕਰੂ ਮੁਕਾਬਲਾ: ਭਾਜਪਾ ਦੇ ਜੇਤੂਆਂ ਲਈ ਬੱਚੇ ਦੋ ਹੀ ਨਹੀਂ ਕਾਫ਼ੀ..!

07:20 AM Apr 27, 2024 IST
ਕੌਣ ਕਰੂ ਮੁਕਾਬਲਾ  ਭਾਜਪਾ ਦੇ ਜੇਤੂਆਂ ਲਈ ਬੱਚੇ ਦੋ ਹੀ ਨਹੀਂ ਕਾਫ਼ੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 26 ਅਪਰੈਲ
ਭਾਜਪਾ ਦੇ ਜੇਤੂ ਉਮੀਦਵਾਰ ਕਿਸੇ ਕੰਮ ’ਚ ਪਿੱਛੇ ਨਹੀਂ ਜਾਪਦੇ। ਉਨ੍ਹਾਂ ਦੇ ਬੱਚਿਆਂ ਦਾ ਅੰਕੜਾ ਵੀ ਕਾਂਗਰਸ ਤੋਂ ਕਿਤੇ ਅੱਗੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਦੇ ਹਨ ਕਿ ਕਾਂਗਰਸ ਦੂਜਿਆਂ ਦੀ ਸੰਪਤੀ ਘੁਸਪੈਠੀਆਂ ਜਾਂ ਜਿਨ੍ਹਾਂ ਦੇ ਵੱਧ ਬੱਚੇ ਹਨ, ਉਨ੍ਹਾਂ ਨੂੰ ਸੌਂਪਣਾ ਚਾਹੁੰਦੀ ਹੈ। ਜਦੋਂ ਇਹ ਦੇਖਦੇ ਹਨ ਕਿ ਵੱਧ ਬੱਚੇ ਕਿਸ ਦੇ ਹਨ ਤਾਂ ਲੋਕ ਸਭਾ ਲਈ ਹੁਣ ਤੱਕ ਚੁਣੇ ਸੰਸਦ ਮੈਂਬਰਾਂ ਵਿਚੋਂ ਭਾਜਪਾ ਨੰਬਰ ਇੱਕ ’ਤੇ ਆਉਂਦੀ ਹੈ ਜਿਨ੍ਹਾਂ ’ਚ ਸਾਬਕਾ ਤੇ ਮੌਜੂਦਾ ਲੋਕ ਸਭਾ ਮੈਂਬਰ ਸ਼ਾਮਲ ਹਨ।
ਪਹਿਲੀ ਲੋਕ ਸਭਾ ਦੀ 1952 ਦੀ ਚੋਣ ਤੋਂ 17ਵੀਂ ਲੋਕ ਸਭਾ ਤੱਕ ਲੋਕ ਸਭਾ ਦੇ ਕੁੱਲ 5146 ਮੈਂਬਰ ਬਣੇ ਹਨ ਜਿਨ੍ਹਾਂ ਚੋਣਾਂ ਵਿਚ ਜਿੱਤਾਂ ਹਾਸਲ ਕੀਤੀਆਂ ਹਨ, ਇਨ੍ਹਾਂ ਵਿਚ 406 ਔਰਤਾਂ ਵੀ ਸ਼ਾਮਲ ਹਨ। 5146 ਕੁੱਲ ਮੈਂਬਰਾਂ ਵਿੱਚੋਂ ਭਾਜਪਾ ਦੇ 834 ਮੈਂਬਰ ਹਨ ਜਿਨ੍ਹਾਂ ਵਿਚ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰ ਸ਼ਾਮਲ ਹਨ। ਬਹੁਤੇ ਉਹ ਵੀ ਮੈਂਬਰ ਹਨ ਜੋ ਇਸ ਜਹਾਨੋਂ ਕੂਚ ਕਰ ਗਏ ਹਨ। ਇਕੱਲੀ 17ਵੀਂ ਲੋਕ ਸਭਾ ’ਤੇ ਨਜ਼ਰ ਮਾਰੀਏ ਤਾਂ ਭਾਜਪਾ ਦੇ 13 ਸੰਸਦ ਮੈਂਬਰਾਂ ਦੇ ਪੰਜ ਪੰਜ ਬੱਚੇ ਹਨ ਜਦੋਂਕਿ 25 ਦੇ ਚਾਰ ਚਾਰ ਬੱਚੇ ਹਨ। ਇਸੇ ਤਰ੍ਹਾਂ ਤਿੰਨ-ਤਿੰਨ ਬੱਚਿਆਂ ਵਾਲੇ 64 ਸੰਸਦ ਮੈਂਬਰ ਹਨ। ਹੁਣ ਗੱਲ ਕਰਦੇ ਹਾਂ ਪਹਿਲੀ ਲੋਕ ਸਭਾ ਤੋਂ 17ਵੀਂ ਲੋਕ ਸਭਾ ਤੱਕ ਚੁਣੇ ਗਏ ਭਾਜਪਾ ਸੰਸਦ ਮੈਂਬਰਾਂ ਦੀ, ਜਿਨ੍ਹਾਂ ’ਚੋਂ ਪੰਜ ਭਾਜਪਾਈ ਉਮੀਦਵਾਰ ਉਹ ਚੁਣੇ ਗਏ ਜਿਨ੍ਹਾਂ ਦੇ ਅੱਠ-ਅੱਠ ਬੱਚੇ ਸਨ ਅਤੇ ਇਸੇ ਤਰ੍ਹਾਂ ਅੱਠ ਸੰਸਦ ਮੈਂਬਰਾਂ ਦੇ ਸੱਤ-ਸੱਤ ਬੱਚੇ ਸਨ। ਮੱਧ ਪ੍ਰਦੇਸ਼ ਵਿਚੋਂ ਅੱਠ ਵਾਰ ਭਾਜਪਾ ਟਿਕਟ ’ਤੇ ਚੁਣੇ ਲਕਸ਼ਮੀ ਨਰਾਇਣ ਪਾਂਡੇ ਦੇ ਸੱਤ ਬੱਚੇ ਹਨ ਜਦੋਂ ਕਿ ਝਾਰਖੰਡ ਤੋਂ ਚਾਰ ਵਾਰ ਚੁਣੇ ਗਏ ਭਾਜਪਾਈ ਮੈਂਬਰ ਜਗਦੰਬੀ ਪ੍ਰਸ਼ਾਦ ਦੇ ਅੱਠ ਬੱਚੇ ਹਨ।
ਜਦੋਂ ਕਾਂਗਰਸ ਤੇ ਭਾਜਪਾ ਦਰਮਿਆਨ ਔਲਾਦ ਨੂੰ ਲੈ ਕੇ ਤੁਲਨਾਤਮਕ ਅਧਿਐਨ ਕਰਦੇ ਹਾਂ ਤਾਂ ਕਾਂਗਰਸ ਦੇ ਜੇਤੂ ਉਮੀਦਵਾਰ ਪੱਛੜੇ ਹੋਏ ਨਜ਼ਰ ਪੈਂਦੇ ਹਨ। ਪਹਿਲੀ ਤੋਂ 17ਵੀਂ ਲੋਕ ਸਭਾ ਤੱਕ ਦੇ ਸਾਬਕਾ ਤੇ ਮੌਜੂਦਾ ਐੱਮਪੀਜ਼ ਵਿਚੋਂ ਭਾਜਪਾ ਦੇ 14 ਅਜਿਹੇ ਉਮੀਦਵਾਰ ਜੇਤੂ ਰਹੇ ਜਿਨ੍ਹਾਂ ਦੇ ਛੇ ਛੇ ਬੱਚੇ ਹਨ ਅਤੇ ਦੂਸਰੇ ਪਾਸੇ ਛੇ ਛੇ ਬੱਚਿਆਂ ਵਾਲੇ ਕਾਂਗਰਸ ਦੇ 10 ਸੰਸਦ ਮੈਂਬਰ ਹਨ। ਭਾਜਪਾ ਦੇ ਪੰਜ ਪੰਜ ਬੱਚਿਆਂ ਵਾਲੇ 37 ਸੰਸਦ ਮੈਂਬਰ ਹਨ ਜਦੋਂ ਕਿ ਕਾਂਗਰਸ ਦੇ ਪੰਜ ਪੰਜ ਬੱਚਿਆਂ ਵਾਲੇ 28 ਸੰਸਦ ਮੈਂਬਰ ਹਨ। ਇਸੇ ਤਰ੍ਹਾਂ ਚਾਰ ਚਾਰ ਬੱਚਿਆਂ ਵਾਲੇ 76 ਭਾਜਪਾਈ ਸੰਸਦ ਮੈਂਬਰ ਹਨ ਜਦੋਂ ਕਿ ਕਾਂਗਰਸ ਦੇ 52 ਸੰਸਦ ਮੈਂਬਰਾਂ ਦੇ ਚਾਰ ਚਾਰ ਬੱਚੇ ਹਨ। ਇਵੇਂ ਹੀ ਤਿੰਨ ਤਿੰਨ ਬੱਚਿਆਂ ਵਾਲੇ ਭਾਜਪਾ ਦੇ 144 ਐੱਮਪੀ ਹਨ ਅਤੇ ਕਾਂਗਰਸ ਦੇ 82 ਸੰਸਦ ਮੈਂਬਰਾਂ ਦੇ ਤਿੰਨ ਤਿੰਨ ਬੱਚੇ ਹਨ।
‘ਦੋ ਹੀ ਕਾਫ਼ੀ’ ਦਾ ਅੰਕੜਾ ਵੀ ਦਿਲਚਸਪ ਹੈ। ਭਾਜਪਾ ਦੇ 255 ਸੰਸਦ ਮੈਂਬਰਾਂ ਦੇ ਦੋ ਦੋ ਬੱਚੇ ਹਨ ਜਦੋਂ ਕਿ ਕਾਂਗਰਸ ਦੇ 133 ਸੰਸਦ ਮੈਂਬਰਾਂ ਦੇ ਦੋ ਦੋ ਬੱਚੇ ਹਨ। ਇਕਲੌਤੀ ਔਲਾਦ ਵਾਲੇ 59 ਭਾਜਪਾਈ ਮੈਂਬਰ ਹਨ ਅਤੇ 46 ਕਾਂਗਰਸੀ ਮੈਂਬਰ ਹਨ ਜਿਨ੍ਹਾਂ ਸੰਸਦ ਮੈਂਬਰਾਂ ਦੇ ਕੋਈ ਔਲਾਦ ਨਹੀਂ, ਉਨ੍ਹਾਂ ਵਿਚ ਭਾਜਪਾ ਦੇ 52 ਮੈਂਬਰ ਸ਼ਾਮਲ ਹਨ ਅਤੇ ਕਾਂਗਰਸ ਦੇ 40 ਮੈਂਬਰ ਹਨ। ਖ਼ੁਦ ਸਰਕਾਰੀ ਅੰਕੜਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹੁਣ ਤੱਕ ਹੋਈਆਂ 17 ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਮੁਕਾਬਲੇ ਭਾਜਪਾ ਦੇ ਮੈਂਬਰਾਂ (ਮੌਜੂਦਾ ਅਤੇ ਸਾਬਕਾ) ਦੇ ਬੱਚਿਆਂ ਦਾ ਅੰਕੜਾ ਵੱਡਾ ਹੈ।
ਬਹੁਜਨ ਸਮਾਜ ਪਾਰਟੀ ਦਾ 15ਵੀਂ ਲੋਕ ਸਭਾ ਵਿਚ ਮੈਂਬਰ ਰਿਹਾ ਡਾ. ਰਾਜ ਕੁਮਾਰ ਚੌਹਾਲ ਚਾਰ ਬੱਚਿਆਂ ਦਾ ਬਾਪ ਸੀ। ਤ੍ਰਿਣਮੂਲ ਕਾਂਗਰਸ ਦੇ ਸਿਰਫ਼ ਦੋ ਸੰਸਦ ਮੈਂਬਰ ਹੀ ਅਜਿਹੇ ਹਨ ਜਿਨ੍ਹਾਂ ਦੇ ਤਿੰਨ ਤਿੰਨ ਬੱਚੇ ਹਨ। ਉਂਜ, ਵੱਧ ਬੱਚਿਆਂ ਵਿਚ ਝੰਡੀ ਲੈਣ ਵਾਲਾ ਨਾਗਾਲੈਂਡ ਦਾ 15ਵੀਂ ਲੋਕ ਸਭਾ ਵਿਚ ਚੁਣਿਆ ਗਿਆ ਮੈਂਬਰ ਚੋਂਗਸ਼ੇਨ ਮੋਂਗਕੋਸੁੰਗਕੁਮ ਚਾਂਗ ਹੈ ਜਿਸ ਦੇ 10 ਬੱਚੇ ਹਨ। ਉਸ ਦੀਆਂ ਪੰਜ ਧੀਆਂ ਤੇ ਪੰਜ ਪੁੱਤਰ ਹਨ। ਇਹ ਰਿਕਾਰਡ ਹਾਲੇ ਵੀ ਬਰਕਰਾਰ ਹੈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ 9 ਬੱਚੇ ਹਨ ਜਿਨ੍ਹਾਂ ਵਿਚੋਂ ਸੱਤ ਧੀਆਂ ਅਤੇ ਦੋ ਲੜਕੇ ਹਨ।
ਕਾਂਗਰਸ ਪਾਰਟੀ ਦੇ ਚਾਰ ਦਫ਼ਾ ਸੰਸਦ ਮੈਂਬਰ ਰਾਮੂਲਾ ਦੇ ਨੌਂ ਬੱਚੇ ਹਨ ਜੋ ਕਰਨਾਟਕਾ ਨਾਲ ਸਬੰਧਤ ਹੈ। ਸਿਰਸਾ ਤੋਂ 14ਵੀਂ ਲੋਕ ਸਭਾ ਚੋਣ ਵਿਚ ਚੁਣੇ ਗਏ ਆਤਮਾ ਸਿੰਘ ਗਿੱਲ ਦੇ ਵੀ ਅੱਠ ਬੱਚੇ ਹਨ ਜਿਨ੍ਹਾਂ ਵਿਚੋਂ ਚਾਰ ਧੀਆਂ ਹਨ। ਕਾਂਗਰਸ ਦੇ ਕਰਨਾਟਕਾ ਵਿੱਚੋਂ 14ਵੀਂ ਲੋਕ ਸਭਾ ਲਈ ਚੁਣੇ ਗਏ ਅਨਵਰ ਹੁਸੈਨ ਦੇ 7 ਬੱਚੇ ਹਨ। ਪਾਰਲੀਮੈਂਟ ਦੇ ਤੱਥ ਗਵਾਹੀ ਭਰਦੇ ਹਨ ਕਿ ਔਲਾਦ ਦੇ ਮਾਮਲੇ ’ਚ ਭਾਜਪਾ ਦਾ ਹੱਥ ਉਪਰ ਹੈ। ਭਾਜਪਾ ਦੇ 52 ਸੰਸਦ ਮੈਂਬਰ ਤਾਂ ਬੇਔਲਾਦ ਹੀ ਹਨ ਜਿਨ੍ਹਾਂ ਵਿਚ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਬਾਲਕ ਨਾਥ, ਸਾਧਵੀ ਪ੍ਰਗਿਆ, ਸਵਾਮੀ ਮਹਾਰਾਜ ਅਤੇ ਉਮਾ ਭਾਰਤੀ ਆਦਿ ਸ਼ਾਮਲ ਹਨ।

Advertisement

ਸੋਵੀਅਤ ਸੰਘ ਵਿੱਚ ‘ਮਾਂ ਹੀਰੋਇਨ’ ਐਵਾਰਡ

ਸੋਵੀਅਤ ਸੰਘ ਨੇ 8 ਜੁਲਾਈ 1944 ਵਿਚ ਇੱਕ ਐਵਾਰਡ ਦੀ ਸ਼ੁਰੂਆਤ ਕੀਤੀ ਸੀ ਜਿਸ ਦਾ ਨਾਮ ‘ਮਾਂ ਹੀਰੋਇਨ’ ਰੱਖਿਆ ਗਿਆ ਸੀ। ਸੋਵੀਅਤ ਸੰਘ ਵਿਚ ਜਿਹੜੀ ਮਾਂ 10 ਜਾਂ ਇਸ ਤੋਂ ਜ਼ਿਆਦਾ ਬੱਚਿਆਂ ਨੂੰ ਜਨਮ ਦਿੰਦੀ ਸੀ, ਉਸ ਨੂੰ ਇਸ ਐਵਾਰਡ ਨਾਲ ਸਨਮਾਨਿਆ ਜਾਂਦਾ ਸੀ। ਸਨਮਾਨ ਵਿਚ ਪੈਨਸ਼ਨ ਤੇ ਨਗਦੀ ਰਾਸ਼ੀ ਵਗ਼ੈਰਾ ਹੁੰਦੀ ਸੀ। ਸੋਵੀਅਤ ਸੰਘ ਵਿਚ 4.30 ਲੱਖ ਮਾਵਾਂ ਨੂੰ ਇਹ ਐਵਾਰਡ ਮਿਲਿਆ ਸੀ।

Advertisement
Author Image

joginder kumar

View all posts

Advertisement
Advertisement
×