Who will be CM? ਮਹਾਰਾਸ਼ਟਰ ਦਾ ਮੁੱਖ ਮੰਤਰੀ ਕੌਣ ਹੋਵੇਗਾ; ਅੱਜ ਚੱਲੇਗਾ ਮੀਟਿੰਗਾਂ ਦਾ ਦੌਰ
ਮੁੰਬਈ, 24 ਨਵੰਬਰ
Maharashtra elections: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਹੇਠਲੇ ਮਹਾਯੁਤੀ ਗੱਠਜੋੜ ਨੇ ਹੂੰਝਾ ਫੇਰਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਮਹਾਰਾਸ਼ਟਰ ਦੀਆਂ 288 ਮੈਂਬਰੀ ਵਿਧਾਨ ਸਭਾ ਸੀਟਾਂ ’ਤੇ ਮਹਾਯੁਤੀ ਨੇ 230 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਜਦਕਿ ਕਾਂਗਰਸ ਵੀ ਮਹਾ ਵਿਕਾਸ ਅਗਾੜੀ (ਐਮਵੀਏ) ਮਹਿਜ਼ 46 ਸੀਟਾਂ ’ਤੇ ਸਿਮਟ ਕੇ ਰਹਿ ਗਈ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਾਯੁਤੀ ਨੇ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਹੀ ਚੋਣਾਂ ਲੜੀਆਂ ਸਨ। ਹੁਣ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ, ਇਸ ਲਈ ਅੱਜ ਬੈਠਕਾਂ ਦਾ ਦੌਰਾ ਅੱਜ ਚੱਲੇਗਾ।
ਐਨਡੀਏ ਭਾਈਵਾਲਾਂ ਸ਼ਿਵ ਸੈਨਾ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਭਾਜਪਾ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਐਨਸੀਪੀ ਦੇ ਉਨ੍ਹਾਂ ਦੇ ਹਮਰੁਤਬਾ ਅਜੀਤ ਪਵਾਰ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਮੁੱਦੇ ’ਤੇ ਕੋਈ ਵਿਵਾਦ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਹੁਕਮਰਾਨ ਮਹਾਯੁਤੀ ਗੱਠਜੋੜ ’ਚ ਭਾਜਪਾ, ਸ਼ਿਵ ਸੈਨਾ ਅਤੇ ਐੱਨਸੀਪੀ ਸ਼ਾਮਲ ਹਨ। ਇਸ ਗਠਜੋੜ ਨੂੰ 288 ਮੈਂਬਰੀ ਵਿਧਾਨ ਸਭਾ ’ਚ 230 ਸੀਟਾਂ ਮਿਲੀਆਂ ਹਨ। ਦੂਜੇ ਪਾਸੇ ਕਾਂਗਰਸ, ਸ਼ਿਵ ਸੈਨਾ (ਯੂਬੀਟੀ) ਅਤੇ ਐੱਨਸੀਪੀ (ਐੱਸਪੀ) ’ਤੇ ਆਧਾਰਿਤ ਮਹਾ ਵਿਕਾਸ ਅਘਾੜੀ (ਐੱਮਵੀਏ) ਸਿਰਫ਼ 46 ਸੀਟਾਂ ਹਾਸਲ ਕਰ ਸਕੀ ਹੈ। ਹੁਣ ਮੁੱਖ ਮੰਤਰੀ ਅਹੁਦੇ ਦੇ ਸੰਭਾਵੀ ਉਮੀਦਵਾਰਾਂ ਵੱਲ ਧਿਆਨ ਕੇਂਦਰਿਤ ਹੋ ਗਿਆ ਹੈ ਕਿਉਂਕਿ ਭਾਜਪਾ ਨੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ ਤੇ ਉਹ ਹੀ ਆਪਣਾ ਮੁੱਖ ਮੰਤਰੀ ਬਣਾਉਣ ਲਈ ਪੱਬਾਂ ਭਾਰ ਹੋ ਗਈ ਹੈ। ਇਸ ਸਵਾਲ ’ਤੇ ਮਹਾਯੁਤੀ ਦੇ ਸਹਿਯੋਗੀਆਂ ਨੂੰ ਜਲਦੀ ਫੈਸਲਾ ਲੈਣਾ ਹੋਵੇਗਾ ਕਿਉਂਕਿ ਮਹਾਰਾਸ਼ਟਰ ਵਿਧਾਨ ਸਭਾ ਦੀ ਮਿਆਦ 26 ਨਵੰਬਰ ਨੂੰ ਖਤਮ ਹੋ ਰਹੀ ਹੈ। ਇਸ ਦਾ ਮਤਲਬ ਹੈ ਕਿ ਸਹੁੰ ਚੁੱਕ ਸਮਾਗਮ ਉਸ ਤੋਂ ਪਹਿਲਾਂ ਹੀ ਹੋਣਾ ਚਾਹੀਦਾ ਹੈ।