ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੋ ਤੁਰ ਗਏ...

07:36 AM Nov 13, 2024 IST

ਮੁਰੀਦ ਸੰਧੂ

Advertisement

‘ਤੁਰ ਜਾਣਾ’ ਸ਼ਬਦ ਤੋਰਨ ਵਾਲੇ ਤੇ ਤੁਰਨ ਵਾਲੇ ਦੋਹਾਂ ਦੀ ਹੀ ਨੇੜਤਾ ਦੇ ਅਨੁਸਾਰ ਆਪਣਾ ਰੂਪ ਲੈਂਦਾ ਹੈ। ਤੁਰਨਾ ਤਾਂ ਔਖਾ ਹੁੰਦਾ ਹੀ ਹੈ, ਪਰ ਤੋਰਨਾ ਤਾਂ ਹੋਰ ਵੀ ਮੁਸ਼ਕਿਲ ਹੁੰਦਾ ਹੈ। ਜੇਕਰ ਤੁਹਾਡਾ ਰਿਸ਼ਤਾ ਬਹੁਤ ਗੂੜ੍ਹਾ ਹੋਵੇ ਤਾਂ ਉਮਰ ਭਰ ਲਈ ਮਨ ਵਿੱਚ ਖਲਾਅ ਪੈਦਾ ਹੋ ਜਾਂਦਾ ਹੈ।
ਸਾਡੇ ਪਿੰਡਾਂ ਵਿੱਚ ਇਹ ਆਮ ਹੈ ਕਿ ਜੇਕਰ ਕਿਸੇ ਦੇ ਘਰ ਮੌਤ ਹੋਈ ਹੋਵੇ ਤਾਂ ਸੰਸਕਾਰ ’ਤੇ ਘਰ ਵਿੱਚੋਂ ਇੱਕ ਮਰਦ ਅਤੇ ਔਰਤ ਜ਼ਰੂਰ ਜਾਂਦੇ ਹਨ ਤੇ ਜਾਣ ਲੱਗੇ ਕਹਿੰਦੇ ਹਨ, ‘ਚੱਲ ਆ ਭਾਈ ਫਲਾਣੇ ਨੂੰ ਤੋਰ ਆਈਏ...।’ ਸੰਸਕਾਰ ਤੋਂ ਪਹਿਲਾਂ ਮੂੰਹ ਦੇਖਣ ਦੀ ਰਸਮ ਵੀ ਕੁਝ ਇਸ ਤਰ੍ਹਾਂ ਕਿ ‘ਜਾਂਦੀ ਵਾਰੀ ਦਾ ਮੂੰਹ ਦੇਖ ਲਓ ਭਾਈ।’ ਫਿਰ ਜਦੋਂ ਬਚੀਆਂ ਹੱਡੀਆਂ (ਫੁੱਲ ਪਾਉਣਾ ਵੀ ਕਹਿੰਦੇ ਹਨ) ਨੂੰ ਪਾਣੀ ’ਚ ਵਹਾਉਣ ਲਈ ਜਾਣਾ ਹੁੰਦਾ ਹੈ ਤਾਂ ਘਰੋਂ ਤੁਰਨ ਵੇਲੇ ਉਸ ਗਏ ਸ਼ਖ਼ਸ ਦਾ ਨਾਮ ਲੈ ਕੇ ਜਾਂ ਜੋ ਵੀ ਉਸ ਨਾਲ ਰਿਸ਼ਤਾ ਹੈ, ਉਸ ਰਿਸ਼ਤੇ ਨਾਲ ਪੁਕਾਰ ਕੇ ਕਿਹਾ ਜਾਂਦਾ ਹੈ, ‘ਆਜਾ ਚੱਲੀਏ।’
ਪਿਛਲੇ ਦਿਨੀਂ ਜਦੋਂ ਘਰ ਵੱਡੀ ਮਾਤਾ (ਮਾਸੀ ਜੀ) ਪੂਰੇ ਹੋਏ ਤਾਂ ਜਦੋਂ ਫੁੱਲ ਪਾਉਣ ਲਈ ਜਾਣ ਲੱਗੇ ਤਾਂ ਉਸ ਸਮੇਂ ਮੰਮੀ ਵਰਾਂਡੇ ਦੇ ਇੱਕ ਪਾਸੇ ਬੈਠੇ ਆਪਣੇ ਆਪ ਨੂੰ ਇਹ ਧਰਵਾਸ ਦੇ ਰਹੇ ਸਨ ਕਿ ਵੱਡੀ ਭੈਣ ਚਲੀ ਗਈ ਹੈ, ਉਹਨੇ ਹੁਣ ਮੁੜ ਕਦੇ ਵਾਪਸ ਨਹੀਂ ਆਉਣਾ ਤਾਂ ਉਸ ਸਮੇਂ ਮੇਰੇ ਮਸੇਰੇ ਭਰਾ ਨੇ ਆ ਕੇ ਮੰਮੀ ਨੂੰ ਕਿਹਾ, ‘ਮਾਸੀ ਚੱਲ ਆ, ਮੰਮੀ ਨੂੰ ਤੋਰ ਆਈਏ, ਤੇਰੇ ਬਿਨਾਂ ਤਾਂ ਉਹਨੇ ਤੁਰਨਾ ਨਹੀਂ।’ ਮੈਂ ਉਸ ਵਕਤ ਉੱਥੇ ਨਹੀਂ ਸਾਂ। ਦੇਹੀ ਦੇ ਰੂਪ ਵਿੱਚ ਉੱਥੋਂ ਬਹੁਤ ਦੂਰ ਬੈਠਾ ਪਾਣੀਆਂ ਤੋਂ ਪਾਰ ਕੈਨੇਡਾ ਵਿੱਚ ਸੀ, ਪਰ ਮਨ ਉਨ੍ਹਾਂ ਦੇ ਕੋਲ ਹੀ ਕਿਤੇ ਤੁਰਿਆ ਫਿਰਦਾ ਸੀ। ਵੀਡੀਓ ਕਾਲ ’ਤੇ ਜਾਂਦੀ ਮਾਸੀ ਨੂੰ ਦੇਖਿਆ। ਗੋਡਿਆਂ ਦੀ ਤਕਲੀਫ਼ ਤੋਂ ਦੁਖੀ ਕੁੱਬੀ ਹੋਈ ਘਰ ਵਿੱਚ ਨਿੱਕੇ-ਨਿੱਕੇ ਕੰੰਮ ਕਰਦੀ ਤੁਰੀ ਫਿਰਦੀ ਨੂੰ ਮੈਂ ਹੁਣ ਖ਼ਿਆਲਾਂ ਵਿੱਚ ਦੇਖ ਰਿਹਾਂ ਹਾਂ ਜਦੋਂ ਉਹਦੇ ਨਾਮ ਦੇ ਕੁਝ ਸ਼ਬਦ ਕਾਗਜ਼ ’ਤੇ ਝਰੀਟ ਰਿਹਾ ਹਾਂ।
ਜੋ ਆਇਆ ਹੈ, ਉਸ ਨੇ ਜਾਣਾ ਵੀ ਹੈ, ਇਹ ਵੱਡਾ ਸੱਚ ਬਚਪਨ ਤੋਂ ਹੀ ਸੁਣਦੇ ਆਏ ਹਾਂ ਤੇ ਇਸ ਸੱਚ ਨੂੰ ਦਿਮਾਗ਼ ਸੌ ਪ੍ਰਤੀਸ਼ਤ ਮੰਨਦਾ ਵੀ ਹੈ। ਜੇ ਨਹੀਂ ਮੰਨਦਾ ਤਾਂ ਮਨ ਹੀ ਨਹੀਂ ਮੰਨਦਾ, ਭੁਲੇਖੇ ਮਨ ਨੂੰ ਹੀ ਪੈਂਦੇ ਨੇ। ਕੁਝ ਦਿਨ ਪਹਿਲਾਂ ਅਮਰਜੀਤ ਚੰਦਨ ਨੂੰ ਸੁਣ ਰਿਹਾ ਸੀ ਤਾਂ ਉਨ੍ਹਾਂ ਇੱਕ ਫਿਕਰਾ ਕਿਹਾ, ‘ਪਰਦੇਸ ਵੱਡਾ ਰੋਗ ਹੈ।’ ਘਰ ’ਚੋਂ ਜਦੋਂ ਕੋਈ ਜਾਂਦਾ ਹੈ ਤੇ ਤੁਸੀਂ ਉੱਥੇ, ਉਸ ਥਾਂ ’ਤੇ ਨਹੀਂ ਹੁੰਦੇ ਤਾਂ ਚੰਦਨ ਹੁਰਾਂ ਦੀ ਕਹੀ ਇਹ ਗੱਲ ਵਾਰ-ਵਾਰ ਮਨ ਵਿੱਚ ਵੱਜਦੀ ਹੈ। ਸੁਖਪਾਲ ਹੁਰਾਂ ਨੂੰ ਪੜ੍ਹ ਰਿਹਾ ਸਾਂ ਤਾਂ ਉਹ ਕਹਿੰਦੇ, ‘ਪਰਦੇਸ ਵਨ-ਵੇ ਸਟਰੀਟ ਹੈ।’ ਦੋਹਾਂ ਦੀਆਂ ਗੱਲਾਂ ਕਿੰਨੇ ਦਿਨਾਂ ਬਾਅਦ ਮਨ ਵਿੱਚ ਅੱਜ ਵੀ ਗੂੰਜ ਰਹੀਆਂ ਹਨ।
ਪੰਜਾਬੀ ਸ਼ਾਇਰ ਮਹਿੰਦਰ ਸਾਥੀ ਵੀ ਏਦਾਂ ਹੀ ਕਰੋਨਾ ਦੇ ਦਿਨਾਂ ਵਿੱਚ ਅਚਾਨਕ ਚਲੇ ਗਏ ਸਨ। ਉਨ੍ਹਾਂ ਨਾਲ ਵੀ ਬੜੀ ਗਹਿਰੀ ਸਾਂਝ ਸੀ। ਉਹ ਅਕਸਰ ਹੀ ਕਹਿੰਦੇ ਸਨ, ‘ਮੁਰੀਦ ਤੂੰ ਪਰਦੇਸ ਚੱਲਿਆਂ ਏਂ, ਪਤਾ ਨਹੀਂ ਤੇਰੇ ਆਉਂਦੇ ਨੂੰ ਅਸੀਂ ਹੋਵਾਂਗੇ ਜਾਂ ਨਹੀਂ।’ ਉਨ੍ਹਾਂ ਨਾਲ ਮੇਰੀ ਪਿਓ-ਪੁੱਤ ਵਰਗੀ ਸਾਂਝ ਸੀ। ਉਨ੍ਹਾਂ ਦੀਆਂ ਆਖਰੀ ਰਸਮਾਂ ਵੀ ਮੈਂ ਫੋਨ ’ਤੇ ਹੀ ਵੇਖੀਆਂ ਸਨ। ਮੇਰੇ ਗੁਰ-ਭਾਈ ਤੇ ਮਿੱਤਰ ਡਾ. ਸੰਦੀਪ ਦਾਖਾ ਨੇ ਉਹ ਆਖਰੀ ਪਲ਼ ਮੇਰੇ ਨਾਲ ਫੋਨ ਰਾਹੀਂ ਸਾਂਝੇ ਕੀਤੇ ਸਨ।
ਇਹ ਉਹ ਘਟਨਾਵਾਂ ਸਨ ਜਿਨ੍ਹਾਂ ਵਿੱਚ ਮੈਂ ਸ਼ਾਮਲ ਸਾਂ ਵੀ ਤੇ ਨਹੀਂ ਵੀ। ਮੈਂ ਸਰੀਰਕ ਰੂਪ ਵਿੱਚ ਦੂਰ ਸਾਂ, ਪਰ ਮੇਰੀ ਨਜ਼ਰ ਸਭ ਕੁਝ ਦੇਖ ਰਹੀ ਸੀ। ਕਿਤੇ ਨਾ ਕਿਤੇ ਯਕੀਨ ਕਰਨਾ ਥੋੜ੍ਹਾ ਆਸਾਨ ਹੋ ਜਾਂਦਾ ਹੈ ਜਦੋਂ ਕਿਸੇ ਆਪਣੇ ਨੂੰ ਜਾਂਦਾ ਦੇਖਿਆ ਹੋਵੇ। ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਮੁੜ ਉੱਥੇ ਹੀ ਆ ਗਈ ਹੈ ਕਿ ਤੁਰਨ ਵਾਲੇ ਨੂੰ ਤੋਰਨ ਜਾਣਾ ਸ਼ਾਇਦ ਇਸ ਕਰਕੇ ਹੀ ਬਣਿਆ ਹੈ ਕਿ ਮਨ ਨੂੰ ਯਕੀਨ ਕਰਨ ਵਿੱਚ ਥੋੜ੍ਹੀ ਆਸਾਨੀ ਰਹੇ। ਮਨ ਮੰਨ ਲਏ ਕਿ ਸਾਡਾ ਪਿਆਰਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਅਸੀਂ ਆਪ ਤਾਂ ਉਸ ਨੂੰ ਤੋਰ ਕੇ ਆਏ ਹਾਂ। ਹੁਣ ਉਹ ਸਾਡੇ ਕੋਲ ਮੁੜ ਕੇ ਨਹੀਂ ਆਵੇਗਾ। ਉੱਪਰ ਦੱਸੀਆਂ ਦੋਹਾਂ ਘਟਨਾਵਾਂ ਬਾਰੇ ਮੈਂ ਇਹ ਪੱਕੇ ਤੌਰ ’ਤੇ ਕਹਿ ਸਕਦਾ ਹਾਂ ਕਿ ਮੈਂ ਉਨ੍ਹਾਂ ’ਤੇ ਅੱਧਾਂ ਕੁ ਹੀ ਯਕੀਨ ਕਰ ਸਕਿਆ ਹਾਂ ਕਿ ਮੇਰੇ ਪਿਆਰੇ ਸ਼ਖ਼ਸ ਇਸ ਦੁਨੀਆ ਤੋਂ ਚਲੇ ਗਏ ਹਨ। ਗੱਲ ਮੇਰੇ ਯਕੀਨ ਕਰਨ ਦੀ ਬਸ ਐਨੀ ਕੁ ਹੀ ਹੈ, ਜੋ ਸੱਚ ਹੈ ਉਹ ਤਾਂ ਸੱਚ ਰਹੇਗਾ ਹੀ।
ਮੇਰੀ ਬੇਬੇ (ਦਾਦੀ) ਮੇਰੇ ਬਹੁਤ ਨੇੜੇ ਸਨ। ਉਦੋਂ ਮੈਂ ਮਸਾਂ ਦੋ-ਢਾਈ ਸਾਲ ਦੀ ਹੀ ਮਸਾਂ ਸੀ ਜਦੋਂ ਮੈਂ ਉਨ੍ਹਾਂ ਨਾਲ ਸੌਣਾ, ਉੱਠਣਾ, ਖਾਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਹ ਦੁਨੀਆ ਤੋਂ ਗਏ ਤਾਂ ਮੈਂ ਉਨ੍ਹਾਂ ਦੇ ਕੋਲ ਸਾਂ। ਚਿਖਾ ਨੂੰ ਚਿਣਨ ਵੇਲੇ ਮੈਂ ਖ਼ੁਦ ਲੱਕੜਾਂ ਚਿਣ ਰਿਹਾ ਸਾਂ। ਤੁਹਾਡੇ ਵਿੱਚੋਂ ਵੀ ਬਹੁਤ ਜਣਿਆਂ ਨਾਲ ਏਦਾਂ ਹੋਇਆ ਹੋਣਾ, ਜੋ ਹੱਥੀਂ ਤੋਰੇ ਹੋਣ, ਉਨ੍ਹਾਂ ਨੂੰ ਤੋਰਨ ਵੇਲੇ ਛੂਹਿਆ ਹੋਵੇ ਤਾਂ ਇਸ ਤਰ੍ਹਾਂ ਯਕੀਨ ਕਰਨਾ ਥੋੜ੍ਹਾ ਆਸਾਨ ਹੋ ਜਾਂਦਾ ਹੈ।
ਕੁਝ ਦਿਨ ਪਹਿਲਾਂ ਮਹੀਪ ਸਿੰਘ ਦੀ ਇੰਟਰਵਿਊ ਸੁਣ ਰਿਹਾ ਸੀ ਕਿ ਉਨ੍ਹਾਂ ਨੇ ਆਪਣਾ ਕਰੀਅਰ ਕੁਝ ਸਾਲਾਂ ਲਈ ਛੱਡ ਦਿੱਤਾ ਸੀ ਕਿਉਂਕਿ ਉਨ੍ਹਾਂ ਦੀ ਮਾਂ ਘਰ ਵਿੱਚ ਬਹੁਤ ਬਿਮਾਰ ਸੀ ਤੇ ਮਹੀਪ ਸਿੰਘ ਹੁਰੀਂ ਚਾਹੁੰਦੇ ਸਨ ਕਿ ਜਦੋਂ ਉਨ੍ਹਾਂ ਦੀ ਮਾਂ ਦੁਨੀਆ ਤੋਂ ਵਿਦਾ ਲਵੇ ਤਾਂ ਉਹ ਮਾਂ ਦੇ ਕੋਲ ਹੋਣ। ਕੋਈ ਹੋਰ ਆ ਕੇ ਉਨ੍ਹਾਂ ਨੂੰ ਇਹ ਖ਼ਬਰ ਨਾ ਸੁਣਾਵੇ ਕਿ ‘ਮਾਂ ਤੁਰ ਗਈ ਹੈ।’ ਇਹ ਗੱਲ ਮੇਰੇ ਮਨ ਨੂੰ ਬਹੁਤ ਟੁੰਬੀ ਕਿ ਮਾਂ ਦੇ ਆਖਰੀ ਸਮੇਂ ਉਨ੍ਹਾਂ ਦੇ ਕੋਲ ਹੋਣਾ ਬਹੁਤ ਵੱਡੀ ਗੱਲ ਹੈ। ਇਸ ਗੱਲ ਪਿੱਛੇ ਵੀ ਸ਼ਾਇਦ ਓਹੀ ਸੋਚ ਕੰੰਮ ਕਰ ਰਹੀ ਸੀ ਕਿ ਮਨ ਨੂੰ ਯਕੀਨ ਦਿਵਾਉਣਾ ਹੈ।
ਕੁਝ ਸਮਾਂ ਪਹਿਲਾਂ ਵਾਪਰੀਆਂ ਦੋ ਹੋਰ ਘਟਨਾਵਾਂ ਦਾ ਜ਼ਿਕਰ ਕਰਾਂਗਾ। ਮੇਰੇ ਗੁਆਂਢ ਵਿੱਚ ਮੇਰੀ ਇੱਕ ਤਾਈ ਸੀ ਜਿਨ੍ਹਾਂ ਦੇ ਘਰ ਬਚਪਨ ਤੋਂ ਮੇਰਾ ਆਉਣਾ ਜਾਣਾ ਬਹੁਤ ਸੀ। ਪਿੰਡਾਂ ਵਿੱਚ ਆਂਢ-ਗੁਆਂਢ ਸਭ ਚਾਚੀਆਂ-ਤਾਈਆਂ ਹੀ ਹੁੰਦੀਆਂ ਹਨ। ਮੈਂ ਪਰਦੇਸ ਤੋਂ ਘਰ ਗੱਲ ਕਰਨ ਲਈ ਆਮ ਵਾਂਗ ਫੋਨ ਲਾਇਆ ਤਾਂ ਮੰਮੀ ਨੇ ਦੱਸਿਆ ਕਿ ਅੱਜ ਤੇਰੀ ਫਲਾਣੀ ਤਾਈ ਨੂੰ ਹੁਣੇ ਤੋਰ ਕੇ ਆਈ ਹਾਂ। ਰਸਮੀਂ ਗੱਲਾਂ ਕਰਕੇ ਫੋਨ ਤਾਂ ਕੱਟਿਆ ਗਿਆ, ਪਰ ਮੈਂ ਆਪਣੇ ਮਨ ਨੂੰ ਕਹਿ ਰਿਹਾ ਸੀ ਕਿ ਮਨਾਂ ਤੂੰ ਕਿਵੇਂ ਯਕੀਨ ਕਰੇਗਾਂ। ਮੇਰੀ ਬਹੁਤ ਪਿਆਰੀ ਆਂਟੀ, ਮਾਂ, ਦੋਸਤ ਰਾਮ ਦੁਲਾਰੀ ਵੀ ਇਸੇ ਤਰ੍ਹਾਂ ਚਲੇ ਗਏ ਸਨ। ਇੱਕ ਫੋਨ ਆਇਆ ਸੀ, ਜਿਸ ਵਿੱਚ ਇਹ ਮਨਹੂਸ ਖ਼ਬਰ ਸੁਣੀ ਸੀ। ਮੈਂ ਉਨ੍ਹਾਂ ਦੀ ਕੋਈ ਆਖਰੀ ਸਮੇਂ ਦੀ ਤਸਵੀਰ ਵੀ ਨਹੀਂ ਸੀ ਦੇਖ ਸਕਿਆ। ਬਸ ਇੱਕ ਖ਼ਬਰ ਹੀ ਸੀ ਮੇਰੇ ਕੋਲ। ਉਸ ਦਿਨ ਇੱਕ ਗੱਲ ਮੇਰੇ ਮਨ ਨੇ ਵਾਰ-ਵਾਰ ਦੁਹਰਾਈ, ‘ਜਿਨ੍ਹਾਂ ਪਿਆਰਿਆਂ ਨੂੰ ਜਾਂਦਿਆਂ ਨਾ ਦੇਖਿਆ ਹੋਵੇ, ਮਨ ਕਦੇ ਯਕੀਨ ਨਹੀਂ ਕਰਦਾ ਕਿ ਉਹ ਦੁਨੀਆ ਤੋਂ ਚਲੇ ਗਏ ਹਨ।’
ਸੰਪਰਕ: 1-647-923-3722

Advertisement
Advertisement