For the best experience, open
https://m.punjabitribuneonline.com
on your mobile browser.
Advertisement

ਪੈਰਿਸ ’ਚ ਏਸੀ ਨਾ ਹੋਣ ’ਤੇ ਕਿਸ-ਕਿਸ ਨੇ ਮੈਨੂੰ ਭੰਡਿਆ: ਮੋਦੀ

07:16 AM Aug 17, 2024 IST
ਪੈਰਿਸ ’ਚ ਏਸੀ ਨਾ ਹੋਣ ’ਤੇ ਕਿਸ ਕਿਸ ਨੇ ਮੈਨੂੰ ਭੰਡਿਆ  ਮੋਦੀ
ਓਲੰਪਿਕ ਤਗ਼ਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 16 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਓਲੰਪਿਕ ਟੀਮ ਲਈ ਕਰਵਾਏ ਗਏ ਸਮਾਰੋਹ ਦੌਰਾਨ ਖਿਡਾਰੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਬਰਤਾਨੀਆ ਖ਼ਿਲਾਫ਼ ਮੈਚ ’ਚ ਦਿਲਚਸਪ ਜਿੱਤ ਬਾਰੇ ਗੱਲ ਕੀਤੀ ਅਤੇ ਜਦੋਂ ਪੈਰਿਸ ਵਿੱਚ ਏਅਰ ਕੰਡੀਸ਼ਨਰ ਨਾ ਹੋਣ ਦੀ ਚਰਚਾ ਚੱਲੀ ਤਾਂ ਕੋਈ ਵੀ ਖਿਡਾਰੀ ਆਪਣਾ ਹਾਸਾ ਨਾ ਰੋਕ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ’ਤੇ ਕੌਮੀ ਸਮਾਰੋਹ ਮਗਰੋਂ ਵੀਰਵਾਰ ਨੂੰ ਓਲੰਪਿਕ ਦਲ ਦੀ ਮੇਜ਼ਬਾਨੀ ਕੀਤੀ। ਮੋਦੀ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਨ੍ਹਾਂ ਨੂੰ ਖਿਡਾਰੀਆਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਪੁਰਸ਼ ਸਿੰਗਲਜ਼ ਵਿੱਚ ਚੌਥੇ ਸਥਾਨ ’ਤੇ ਰਹੇ ਲਕਸ਼ੈ ਸੇਨ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ, ‘‘ਜਦੋਂ ਮੈਂ ਲਕਸ਼ੈ ਨੂੰ ਪਹਿਲੀ ਵਾਰ ਮਿਲਿਆ ਤਾਂ ਉਦੋਂ ਉਹ ਬਹੁਤ ਛੋਟਾ ਸੀ। ਹੁਣ ਵੱਡਾ ਹੋ ਗਿਆ ਹੈ। ਤੁਹਾਨੂੰ ਪਤਾ ਹੈ ਕਿ ਹੁਣ ਤੁਸੀਂ ਇੱਕ ਸੈਲਿਬ੍ਰਿਟੀ ਬਣ ਗਏ ਹੋ।’’ ਇਸ ’ਤੇ ਲਕਸ਼ੈ ਨੇ ਕਿਹਾ, ‘‘ਜੀ ਸਰ। ਪਰ ਮੈਚ ਦੌਰਾਨ ਪ੍ਰਕਾਸ਼ ਸਰ ਨੇ ਮੇਰਾ ਫੋਨ ਲੈ ਲਿਆ ਸੀ ਅਤੇ ਕਿਹਾ ਸੀ ਕਿ ਮੈਚ ਖ਼ਤਮ ਹੋਣ ਮਗਰੋਂ ਹੀ ਫੋਨ ਮਿਲੇਗਾ। ਉਸ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਕਿ ਸਾਰਿਆਂ ਨੇ ਮੇਰੀ ਕਿੰਨੀ ਹੌਸਲਾ-ਅਫ਼ਜ਼ਾਈ ਕੀਤੀ ਸੀ।’’
ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਨੂੰ ‘ਸਰਪੰਚ ਸਾਬ੍ਹ’ ਕਹਿ ਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਪੁੱਛਿਆ ਕਿ ਬਰਤਾਨੀਆ ਖ਼ਿਲਾਫ਼ ਸ਼ੁਰੂ ਵਿੱਚ ਹੀ ਦਸ ਖਿਡਾਰੀਆਂ ’ਤੇ ਸਿਮਟ ਜਾਣ ਨਾਲ ਹੌਸਲਾ ਡਾਵਾਂ-ਡੋਲ ਹੋਇਆ ਸੀ। ਇਸ ’ਤੇ ਹਰਮਨਪ੍ਰੀਤ ਨੇ ਕਿਹਾ, ‘‘ਕਾਫ਼ੀ ਮੁਸ਼ਕਲ ਸੀ ਕਿਉਂਕਿ ਪਹਿਲੇ ਹੀ ਕੁਆਰਟਰ ਵਿੱਚ ਸਾਡੇ ਖਿਡਾਰੀ ਨੂੰ ਰੈੱਡ ਕਾਰਡ ਮਿਲ ਗਿਆ ਸੀ ਪਰ ਸਾਡੇ ਕੋਚਿੰਗ ਸਟਾਫ ਨੇ ਹਰ ਪ੍ਰਸਥਿਤੀ ਲਈ ਸਾਨੂੰ ਤਿਆਰ ਕੀਤਾ ਸੀ। ਸਾਡੀ ਟੀਮ ਦਾ ਜੋਸ਼ ਹੋਰ ਵਧ ਗਿਆ ਕਿਉਂਕਿ ਬਰਤਾਨੀਆ ਨੂੰ ਹਰ ਹਾਲ ਹਰਾਉਣਾ ਸੀ। ਅਜਿਹਾ ਓਲੰਪਿਕ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ।’’ ਪ੍ਰਧਾਨ ਮੰਤਰੀ ਨੇ ਹੱਸਦਿਆਂ ਕਿਹਾ, ‘‘ਇਹ ਤਾਂ ਪਿਛਲੇ 150 ਸਾਲ ਤੋਂ ਚੱਲਿਆ ਆ ਰਿਹਾ ਹੈ।’’ ਪੈਰਿਸ ਓਲੰਪਿਕ ਦੌਰਾਨ ਖਿਡਾਰੀਆਂ ਦੇ ਕਮਰਿਆਂ ਵਿੱਚ ਏਸੀ ਨਹੀਂ ਸੀ, ਜਿਸ ਕਾਰਨ ਭਾਰਤੀ ਖੇਡ ਮੰਤਰਾਲੇ ਨੂੰ ਉੱਥੇ 40 ਏਸੀ ਦਾ ਪ੍ਰਬੰਧ ਕਰਨ ਪਿਆ। ਮੋਦੀ ਨੇ ਮਜ਼ਾਕ ਕਰਦਿਆਂ ਪੁੱਛਿਆ ਕਿ ਕਿਸ ਨੇ ਉਨ੍ਹਾਂ ਨੂੰ ਇਸ ਲਈ ਭੰਡਿਆ ਸੀ, ਇਸ ’ਤੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤੀ। ਮੋਦੀ ਨੇ ਕਿਹਾ, ‘‘ਕਮਰਿਆਂ ਵਿੱਚ ਏਸੀ ਨਹੀਂ ਸੀ ਅਤੇ ਗਰਮੀ ਵੀ ਸੀ। ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਕਿਸ ਨੇ ਕਿਹਾ ਸੀ ਕਿ ਮੋਦੀ ਗੱਲਾਂ ਵੱਡੀਆਂ-ਵੱਡੀਆਂ ਕਰਦਾ ਹੈ ਪਰ ਸਾਡੇ ਕਮਰਿਆਂ ਵਿੱਚ ਏਸੀ ਨਹੀਂ ਹੈ।’’
ਉਨ੍ਹਾਂ ਕਿਹਾ, ‘‘ਸਭ ਤੋਂ ਵੱਧ ਪ੍ਰੇਸ਼ਾਨੀ ਕਿਸ ਨੂੰ ਹੋਈ। ਪਰ ਮੈਨੂੰ ਪਤਾ ਲੱਗਿਆ ਕਿ ਕੁੱਝ ਘੰਟਿਆਂ ਵਿੱਚ ਹੀ ਕੰਮ ਹੋ ਗਿਆ ਸੀ। ਦੇਖਿਆ ਅਸੀਂ ਕਿਵੇਂ ਤੁਹਾਨੂੰ ਸਰਵੋਤਮ ਸਹੂਲਤਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੈਰਿਸ ਓਲੰਪਿਕ ਭਾਰਤ ਲਈ ਫ਼ੈਸਲਾਕੁੰਨ ਰਹੇ। ਭਾਰਤ ਦੇ 117 ਮੈਂਬਰੀ ਦਲ ਨੇ ਇੱਕ ਚਾਂਦੀ ਅਤੇ ਪੰਜ ਕਾਂਸੇ ਸਣੇ ਛੇ ਤਗ਼ਮੇ ਜਿੱਤੇ। ਮੋਦੀ ਨੇ ਕਿਹਾ, ‘‘ਜੋ ਜਿੱਤ ਨਹੀਂ ਸਕਿਆ, ਉਹ ਇਸ ਹਾਰ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦੇਵੇ। ਖੇਡਾਂ ਵਿੱਚ ਕੋਈ ਹਾਰਦਾ ਨਹੀਂ ਹੈ, ਹਰ ਕੋਈ ਸਿੱਖਦਾ ਹੈ।’’ ਉਨ੍ਹਾਂ ਕਿਹਾ, ‘‘ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਦੀ ਤਿਆਰੀ ਕਰ ਰਿਹਾ ਹੈ। ਓਲੰਪਿਕ ਖੇਡਣ ਵਾਲੇ ਖਿਡਾਰੀਆਂ ਦੀ ਰਾਇ ਕਾਫ਼ੀ ਮਹੱਤਵਪੂਰਨ ਹੋਵੇਗੀ।’’ -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement