ਕਿਸ ਨੇ ਕੀਤਾ ਸੀ ਚਮਕੀਲਾ ਗਾਇਕ ਜੋੜੀ ਦਾ ਕਤਲ
ਬਲਵਿੰਦਰ ਰੈਤ
ਨੂਰਪੁਰ ਬੇਦੀ, 3 ਅਪਰੈਲ
ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੇ ਜੀਵਨ ’ਤੇ ਬਣਾਈ ਗਈ ਹਿੰਦੀ ਫਿਲਮ ‘ਅਮਰ ਸਿੰਘ ਚਮਕੀਲਾ’ 12 ਅਪਰੈਲ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਗਾਇਕ ਜੋੜੀ ਦੇ ਕਤਲ ਬਾਰੇ ਇਕ ਦਾਅਵਾ ਸਾਹਮਣੇ ਆਇਆ ਹੈ। ਸਾਬਕਾ ਖਾੜਕੂ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਦਾਅਵਾ ਕੀਤਾ ਹੈ ਕਿ ਚਮਕੀਲਾ ਐਂਡ ਪਾਰਟੀ ਦਾ ਕਤਲ ਸਿੱਖ ਸਟੂਡੈਂਟਸ ਫੈਡਰੇਸ਼ਨ (ਭਾਈ ਗੁਰਜੀਤ ਸਿੰਘ ਗਰੁੱਪ) ਅਤੇ ਭਾਈ ਲਾਭ ਸਿੰਘ ਵਾਲੀ ਖਾਲਿਸਤਾਨ ਕਮਾਂਡੋ ਫੋਰਸ ਦੇ ਖਾੜਕੂਆਂ ਨੇ ਕੀਤਾ ਸੀ। ਇਹ ਦਾਅਵਾ ਅੱਜ ਡੱਲੇਵਾਲ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਦੌਰਾਨ ਕੀਤਾ ਅਤੇ ਇਸ ਬਾਰੇ ਉਨ੍ਹਾਂ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿੰਘਾਂ ਨੇ ਕਈ ਵਾਰ ਉਸ ਗਾਇਕ ਨੂੰ ਲੱਚਰ ਗੀਤ ਗਾਉਣ ਤੋਂ ਰੋਕਿਆ ਸੀ। ਚਮਕੀਲੇ ਨੇ ਖਾੜਕੂਆਂ ਤੋਂ ਮੁਆਫ਼ੀ ਵੀ ਮੰਗੀ ਸੀ ਪਰ ਇਸ ਤੇ ਬਾਵਜੂਦ ਲੱਚਰ ਗੀਤ ਗਾਉਣੇ ਜਾਰੀ ਰੱਖੇ। ਡੱਲੇਵਾਲ ਨੇ ਕਿਹਾ ਕਿ ਇਸ ਸਬੰਧੀ ਲੁਧਿਆਣਾ ਦੇ ਇਕ ਇੰਜਨੀਅਰਿੰਗ ਕਾਲਜ ਦੇ ਹੋਸਟਲ ਵਿੱਚ ਮੀਟਿੰਗ ਹੋਈ ਜਿਸ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ 19 ਸਿੰਘ ਸ਼ਾਮਲ ਸਨ, ਜਿਥੇ ਚਮਕੀਲੇ ਦੇ ਕਤਲ ਦੀ ਯੋਜਨਾ ਤਿਆਰ ਕੀਤੀ ਗਈ। ਡੱਲੇਵਾਲ ਨੇ ਕਿਹਾ, ‘‘ਮੈਂ ਤੇ ਭਾਈ ਦੀਪਾ ਚਮਕੀਲੇ ਦੇ ਲੁਧਿਆਣਾ ਸਥਿਤ ਦਫ਼ਤਰ ਗਏ ਪਰ ਚਮਕੀਲਾ ਉਸ ਦਿਨ ਦਫਤਰ ਨਹੀਂ ਮਿਲਿਆ।’’ ਉਨ੍ਹਾਂ 8 ਮਾਰਚ 1988 ਦੀ ਗੱਲ ਕਰਦਿਆਂ ਦੱਸਿਆ, ‘‘ ਪਤਾ ਲੱਗਾ ਕਿ ਉਸ ਦਿਨ ਚਮਕੀਲੇ ਦਾ ਅਖਾੜਾ ਜਲੰਧਰ ਜ਼ਿਲ੍ਹੇ ਦੇ ਪਿੰਡ ਮਹਿਸਮਪੁਰ ’ਚ ਹੈ। ਭਾਈ ਦੀਪਾ ਇਕ ਸਕੂਟਰ ਉਤੇ ਭਾਈ ਗੁਰਨੇਕ ਸਿੰਘ ਨੇਕਾ ਅਤੇ ਭਾਈ ਸੁਖਦੇਵ ਸਿੰਘ ਸੋਢੀ ਨਾਲ ਹਥਿਆਰਬੰਦ ਹੋ ਕੇ ਪਿੰਡ ਮਹਿਸਮਪੁਰ ਪਹੁੰਚਿਆ। ਉਥੇ ਚਮਕੀਲਾ ਤੇ ਸਾਥੀ ਵਿਆਹ ਵਾਲੇ ਘਰ ਪ੍ਰੋਗਰਾਮ ਕਰਨ ਲਈ ਕਾਰ ਵਿੱਚੋਂ ਉਤਰਨ ਹੀ ਲੱਗੇ ਸਨ ਕਿ ਭਾਈ ਦੀਪਾ ਤੇ ਭਾਈ ਸੋਢੀ ਨੇ ਗੋਲੀਆਂ ਮਾਰ ਕੇ ਚਮਕੀਲਾ ਤੇ ਅਮਰਜੋਤ ਨੂੰ ਹਲਾਕ ਕਰ ਦਿੱਤਾ। ਦੋ ਸਾਜ਼ੀਆਂ ਦੀ ਵੀ ਥਾਏਂ ਹੀ ਮੌਤ ਹੋ ਗਈ।’’ ਉਨ੍ਹਾਂ ਦਾਅਵਾ ਕੀਤਾ ਕਿ ਇਸ ਕਤਲ ਜਾਂ ਸਾਜ਼ਿਸ਼ ਵਿਚ ਕੋਈ ਗਾਇਕ ਸ਼ਾਮਲ ਨਹੀਂ ਸੀ। ਭਾਈ ਡੱਲੇਵਾਲ ਨੇ ਕਿਹਾ ਕਿ ਉਹ 1986 ਵਿੱਚ ਲਾਭ ਸਿੰਘ ਦੀ ਕਮਾਂਡੋ ਫੋਰਸ ਲਈ ਕੰਮ ਕਰਦੇ ਸਨ। ਉਨ੍ਹਾਂ ਕਿਹਾ, ‘‘ਜਦੋਂ ਚਮਕੀਲੇ ਦਾ ਕਤਲ ਕੀਤਾ ਗਿਆ, ਉਦੋਂ ਸਾਡੀਆਂ ਸਰਗਰਮੀਆਂ ਜ਼ੋਰਾਂ ’ਤੇ ਸਨ। ਸਾਨੂੰ ਪੁਲੀਸ ਨੇ ਇੱਕ ਟਿਕਾਣੇ ਤੋਂ ਗ੍ਰਿਫਤਾਰ ਕਰਕੇ ਕਈ ਕਤਲ ਕੇਸ ਪਾਏ। ਕਾਫੀ ਦੇਰ ਕੇਸ ਚੱਲਣ ’ਤੇ ਆਖ਼ਰ ਕੋਈ ਗਵਾਹ ਨਾ ਹੋਣ ਮਗਰੋਂ ਅਦਾਲਤ ਨੇ ਸਾਨੂੰ ਬਰੀ ਕਰ ਦਿੱਤਾ।’’
ਥਾਣਾ ਫਿਲੌਰ ’ਚ ਦਰਜ ਹੋਈ ਸੀ ਕਤਲ ਦੀ ਐੱਫ਼ਆਈਆਰ
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਗਾਇਕ ਜੋੜੀ ਦੇ ਕਤਲ ਦੀ ਐੱਫਆਈਆਰ ਪੁਲੀਸ ਥਾਣਾ ਫਿਲੌਰ ਵਿਖੇ ਤਿੰਨ ਅਣਪਛਾਤੇ ਖਾੜਕੂਆਂ ਖਿਲਾਫ ਦਰਜ ਕੀਤੀ ਗਈ ਸੀ ਤੇ ਕਤਲ ਦੀ ਜ਼ਿੰਮੇਵਾਰੀ ਉਸ ਵੇਲੇ ਖਾਲਿਸਤਾਨ ਕਮਾਂਡੋ ਫੋਰਸ ਨੇ ਲਈ ਸੀ। ਘਟਨਾ ਤੋਂ ਦੋ ਮਹੀਨੇ ਬਾਅਦ ਚਮਕੀਲੇ ਨੂੰ ਮਾਰਨ ਵਾਲੇ ਖਾੜਕੂ ਭਾਈ ਗੁਰਦੀਪ ਸਿੰਘ ਦੀਪਾ ਹੇਰਾਂਵਾਲਾ, ਭਾਈ ਗੁਰਨੇਕ ਸਿੰਘ ਨੇਕਾ, ਸੁਖਦੇਵ ਸਿੰਘ ਸੋਢੀ ਫਿਲੌਰ ਖੇਤਰ ਵਿੱਚ ਕਿਸੇ ਥਾਂ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਸਨ।