ਉਨ੍ਹਾਂ ਹੱਥਾਂ ’ਚ ਬੰਦੂਕ ਕੌਣ ਦੇ ਗਿਆ?
ਰਾਜੇਸ਼ ਰਾਮਚੰਦਰਨ
ਦੁਬਈ ਵਿਚ ਬੁਰਜ ਖਲੀਫ਼ਾ ਦੀ ਕੋਈ ਤਸਵੀਰ ਜਾਂ ਵੀਡੀਓ ਦੇਖ ਕੇ ਕ੍ਰਿਸਟੋਫਰ ਮਾਰਲੋ ਦੇ ਸੋਲ੍ਹਵੀਂ ਸਦੀ ਦੇ ਅੰਗਰੇਜ਼ੀ ਨਾਟਕ ‘ਡਾਕਟਰ ਫਾਸਟਸ’ ਦੀਆਂ ਇਹ ਸਤਰਾਂ ਰੂਪ ਬਦਲ ਕੇ ਮੱਲੋਜ਼ੋਰੀ ਮੂੰਹੋਂ ਨਿਕਲ ਜਾਂਦੀਆਂ ਹਨ: “ਕੀ ਇਹ ਉਹੀ ਹੱਥ ਹਨ ਜਿਨ੍ਹਾਂ ਨੇ ਹਜ਼ਾਰਾਂ ਜਹਾਜ਼ ਤਿਆਰ ਕੀਤੇ ਹਨ ਅਤੇ ਇਲੀਅਮ ਦੇ ਸਭ ਤੋਂ ਉੱਚੇ ਬੁਰਜ ਉਸਾਰੇ ਹਨ?” ਇਹ ਸ਼ਬਦ ਦੁਨੀਆ ਦੇ ਕਿਸੇ ਸਭ ਤੋਂ ਉੱਚੇ ਬੁਰਜ ਦੀ ਖੂਬਸੂਰਤੀ ਜਾਂ ਕਮਾਲ ਦੀ ਦਾਦ ਨਹੀਂ ਸਗੋਂ ਭਾਰਤ ਦੇ ਪਰਵਾਸੀ ਮਜ਼ਦੂਰਾਂ ਦੇ ਹੌਸਲੇ ਦੀ ਗਵਾਹੀ ਹੈ। ਸੰਯੁਕਤ ਅਰਬ ਅਮੀਰਾਤ ਵਿਚ ਇਕ ਪਰਵਾਸੀ ਦੇ ਪੁੱਤਰ ਦੀਪਕ ਊਨੀਕ੍ਰਿਸ਼ਨਨ ਨੇ ਇਨ੍ਹਾਂ ਕੱਚੇ ਲੋਕਾਂ ਬਾਬਤ ਸ਼ਾਨਦਾਰ ਨਾਵਲ ‘ਟੈਂਪਰੇਰੀ ਪੀਪਲਜ਼’ ਲਿਖਿਆ ਸੀ ਜਿਸ ਨੂੰ ਕਈ ਪੁਰਸਕਾਰ ਵੀ ਮਿਲੇ ਸਨ। ਫ਼ਾਰਸ ਦੀ ਖਾੜੀ ਵਿਚ ਲਾਸਾਨੀ ਸ਼ਹਿਰ ਉਸਾਰਨ ਵਾਲਿਆਂ ਵਿਚਕਾਰ ਇਕਮਾਤਰ ਸਾਂਝ ਇਹ ਸੀ ਕਿ ਉਹ ਸਾਰੇ ਹੀ ਕੱਚੇ ਲੋਕ ਸਨ ਜਿਨ੍ਹਾਂ ’ਚੋਂ ਬਹੁਤ ਸਾਰੇ ਭਾਰਤੀ ਸਨ ਅਤੇ ਜੋ ਕੁਝ ਉਹ ਬਣਾ ਰਹੇ ਸਨ, ਉਸ ਵਿਚ ਉਨ੍ਹਾਂ ਦਾ ਕੋਈ ਹੱਕ ਨਹੀਂ ਸੀ।
ਕੇਰਲਾ ਦੇ ਮਿਸਤਰੀ ਹੋਣ ਜਾਂ ਪੰਜਾਬ ਦੇ ਤਰਖਾਣ, ਉੱਤਰ ਪ੍ਰਦੇਸ਼ ਦੇ ਕਾਮੇ ਜਾਂ ਮਹਾਰਾਸ਼ਟਰ ਦੇ ਕਰੇਨ ਅਪਰੇਟਰ; ਹਰ ਸੂਬੇ ਨੇ ਪੱਛਮੀ ਏਸ਼ੀਆ ਦੇ ਮਾਰੂਥਲਾਂ ਵਿਚ ਗਗਨਚੁੰਬੀ ਭਵਨ ਉਸਾਰਨ ਵਿਚ ਯੋਗਦਾਨ ਪਾਇਆ। ਇਵਜ਼ ਵਿਚ ਪਰਵਾਸੀ ਮਜ਼ਦੂਰਾਂ ਨੇ ਆਪਣੇ ਪਰਿਵਾਰਾਂ ਨੂੰ ਗ਼ਰੀਬੀ ਦੀ ਜਿੱਲ੍ਹਣ ’ਚੋਂ ਕੱਢਿਆ ਅਤੇ ਆਪਣੇ ਸੂਬੇ ਦੀ ਖੁਸ਼ਹਾਲੀ ਵਿਚ ਯੋਗਦਾਨ ਦਿੱਤਾ। ਫਿਰ ਵੀ ਜਦੋਂ ਕੁਝ ਮਜ਼ਦੂਰਾਂ ਨਾਲ ਧੋਖਾ ਹੋ ਜਾਂਦਾ ਜਾਂ ਮਾਨਵ ਤਸਕਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਵੀ ਕਦੇ ਕੋਈ ਰੌਲਾ-ਰੱਪਾ ਨਹੀਂ ਪਿਆ ਕਿਉਂਕਿ ਮਨੁੱਖੀ ਕਿਰਤ ਦੇ ਇਸ ਬੇਜ਼ਾਬਤਾ ਵਪਾਰ ਕਾਰਨ ਵੱਡੇ ਪੱਧਰ ’ਤੇ ਕਾਮਿਆਂ ਅਤੇ ਉਨ੍ਹਾਂ ਦੇ ਜੱਦੀ ਸੂਬਿਆਂ ਵਿਚ ਵਸਦੇ ਪਰਿਵਾਰਾਂ ਨੂੰ ਲਾਭ ਹੋ ਰਿਹਾ ਸੀ (ਕੇਰਲਾ ਦੀ ਕਮਾਈ ਦਾ ਵੱਡਾ ਹਿੱਸਾ ਖਾੜੀ ਦੇਸ਼ਾਂ ਤੋਂ ਆਉਂਦਾ ਸੀ)।
ਪੱਛਮੀ ਦੇਸ਼ਾਂ ਲਈ ਪਰਵਾਸ ਦੀਆਂ ਕਹਾਣੀਆਂ ਵੀ ਵੱਖਰੀਆਂ ਨਹੀਂ। ਉਨ੍ਹਾਂ ਦੇਸ਼ਾਂ ਜੋ ਕਦੇ ਸਾਡੇ ਮੁਲਕ ’ਤੇ ਰਾਜ ਕਰਦੇ ਸਨ, ਵਿੱਚ ਉੱਥੇ ਉਹ ਕੱਚੇ ਕਾਮੇ ਨਹੀਂ ਹੁੰਦੇ ਅਤੇ ਉਨ੍ਹਾਂ ਦੇਸ਼ਾਂ ਵਿਚ ਨਾਗਰਿਕ ਜਾਂ ਇੱਥੋਂ ਤੱਕ ਕਿ ਉਨ੍ਹਾਂ ਦੇ ਕਾਨੂੰਨਸਾਜ਼ ਵੀ ਬਣ ਸਕਦੇ ਹਨ ਪਰ ਉਨ੍ਹਾਂ ਦੇ ਉਦਮ, ਦਿਆਨਤਦਾਰੀ ਅਤੇ ਗਤੀਸ਼ੀਲਤਾ ਦੀ ਕਹਾਣੀ ਮਿਲਦੀ ਜੁਲਦੀ ਹੈ। ਇਉਂ ਕਿਸੇ ਗ਼ਰੀਬ ਜਾਂ ਮੱਧ ਵਰਗੀ ਭਾਰਤੀ ਨਾਗਰਿਕ ਲਈ ਪਰਵਾਸ ਤਰੱਕੀ ਤੇ ਖੁਸ਼ਹਾਲੀ ਦਾ ਸਭ ਤੋਂ ਆਸਾਨ ਅਤੇ ਯਕੀਨਨ ਰਾਹ ਮੰਨਿਆ ਜਾਂਦਾ ਹੈ। ਬਾਕੀਆਂ ਨੂੰ ਛੱਡੋ, ਦੌਲਤਮੰਦ ਵਪਾਰਕ ਤੇ ਕਾਰੋਬਾਰੀ ਪਰਿਵਾਰਾਂ ਦੇ ਫ਼ਰਜ਼ੰਦ ਵੀ ਕਿਉਂ ਆਪਣੀ ਕਮਾਈ ਨੂੰ ਜ਼ਰਬਾਂ ਦੇਣ ਲਈ ਆਪਣੀਆਂ ਦੁਕਾਨਾਂ ਵਿਦੇਸ਼ੀ ਧਰਤੀ ’ਤੇ ਖੋਲ੍ਹਦੇ ਹਨ!
ਹੈਰਾਨੀ ਦੀ ਗੱਲ ਨਹੀਂ ਕਿ ਰੂਸ ਵਿਚ ਲੜਾਈ ਦੌਰਾਨ ਮਾਰਿਆ ਜਾਣਾ ਵਾਲਾ ਪਹਿਲਾ ਭਾਰਤੀ ਗੁਜਰਾਤੀ (ਸੂਰਤ) ਅਸ਼ਿਵਨਭਾਈ ਮਾਂਗੁਕੀਆ ਸੀ। ਗੁਜਰਾਤੀਆਂ ਨੂੰ ਦੌਲਤ ਦੀ ਲਲਕ ਚਿਰੋਕਣੀ ਹੈ। ਸੂਰਤ ਵਰਦੀ ਪਹਿਨ ਕੇ ਸਰਹੱਦਾਂ ਦੀ ਪਹਿਰੇਦਾਰੀ ਕਰਨ ਦੀ ਬਜਾਇ ਹੀਰਿਆਂ ਦੇ ਵਪਾਰੀਆਂ ਵਜੋਂ ਜਾਣਿਆ ਜਾਂਦਾ ਹੈ। ਅਸ਼ਿਵਨਭਾਈ ਲੜਾਈ ਲਈ ਨਹੀਂ ਸਗੋਂ ਖੁਸ਼ਹਾਲੀ ਦੀ ਭਾਲ ਵਿਚ ਰੂਸ ਗਿਆ ਸੀ। ਉਸ ਦਾ ਮਾਮਲਾ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤੀ ਮਜ਼ਦੂਰਾਂ ਨੂੰ ਬਿਨਾਂ ਸ਼ੱਕ ਧੋਖੇ ਨਾਲ ਰੂਸ ਵਿਚ ਕਿਸੇ ਦੀ ਜੰਗ ਲੜਨ ਲਈ ਭੇਜਿਆ ਜਾ ਰਿਹਾ ਹੈ। ਜੰਗਾਂ ਸਾਰੀਆਂ ਹੀ ਮਾੜੀਆਂ ਹੁੰਦੀਆਂ ਹਨ ਪਰ ਕਿਸੇ ਹੋਰ ਦੀ ਜੰਗ ਹੋਰ ਜਿ਼ਆਦਾ ਮਾੜੀ ਹੁੰਦੀ ਹੈ। ਕਿਸੇ ਭਾੜੇ ਦੇ ਸੈਨਿਕ ਦੇ ਰੂਪ ਵਿਚ ਜਾਨ ਦੇਣ ਵਿਚ ਕੋਈ ਸ਼ਾਨ ਨਹੀਂ ਹੁੰਦੀ। ਅਸ਼ਿਵਨਭਾਈ ਤੋਂ ਬਾਅਦ ਹੈਦਰਾਬਾਦ ਦੇ ਮੁਹੰਮਦ ਅਫ਼ਸਾਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੰਜਾਬ ਦੇ ਪੰਜ ਅਤੇ ਹਰਿਆਣਾ ਦੇ ਦੋ ਮਜ਼ਦੂਰਾਂ ਨੇ ਰੂਸ-ਯੂਕਰੇਨ ਸਰਹੱਦ ਤੋਂ ਮਦਦ ਦੀ ਪੁਕਾਰ ਵਾਲੀ ਵੀਡੀਓ ਭੇਜੀ ਤਾਂ ਕਿਤੇ ਜਾ ਕੇ ਸੀਬੀਆਈ ਨੇ ਸੱਤ ਸ਼ਹਿਰਾਂ- ਦਿੱਲੀ, ਤਿਰੂਵਨੰਤਪੁਰਮ, ਮੁੰਬਈ, ਅੰਬਾਲਾ, ਚੰਡੀਗੜ੍ਹ, ਮਦੁਰਾਈ ਅਤੇ ਚੇਨਈ ਵਿਚ ਟਰੈਵਲ ਏਜੰਟਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਇਹ ਬਹੁਤ ਦੇਰ ਨਾਲ ਕੀਤੀ ਮਾਮੂਲੀ ਜਿਹੀ ਕਾਰਵਾਈ ਸੀ।
ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ, ਕਰਨਾਲ ਅਤੇ ਹੋਰਨਾਂ ਥਾਵਾਂ ਦੇ ਨੌਜਵਾਨਾਂ ਨੂੰ ਏਜੰਟ ਰੂਸ ਰਾਹੀਂ ਯੂਰੋਪ ਭਿਜਵਾਉਣ ਦਾ ਝਾਂਸਾ ਦਿੰਦੇ ਹਨ। ਕੁਝ ਨੌਜਵਾਨਾਂ ਨੂੰ ਸਫ਼ੇਦ ਝੂਠ ਪਰੋਸਿਆ ਜਾ ਰਿਹਾ ਹੈ ਕਿ ਉਹ ਰੂਸ ਦਾ ਚੱਕਰ ਲਾ ਕੇ ਯਾਤਰਾ ਪਿਛੋਕੜ ਬਣਾ ਲੈਣ ਤਾਂ ਜੋ ਉਨ੍ਹਾਂ ਨੂੰ ਯੂਰੋਪ ਦਾ ਵੀਜ਼ਾ ਮਿਲਣ ਵਿਚ ਸੌਖ ਹੋ ਸਕੇ। ਨੌਜਵਾਨਾਂ ਅੰਦਰ ਇਸ ਹੱਦ ਤੱਕ ਅਗਿਆਨਤਾ ਹੈ ਕਿ ਉਹ ਨਵਾਂ ਸਾਲ ਮਨਾਉਣ ਲਈ ਸੈਲਾਨੀਆਂ ਵਜੋਂ ਰੂਸ ਦੇ ਸਰਦੀ ਦੇ ਮੌਸਮ ਵਿਚ ਵੀ ਮਾਸਕੋ ਜਾਣ ਬਾਰੇ ਇਨ੍ਹਾਂ ਏਜੰਟਾਂ ਦੇ ਝੂਠ ਨੂੰ ਦੁਹਰਾਉਂਦੇ ਰਹਿੰਦੇ ਹਨ ਜਦਕਿ ਖਾਂਦੇ ਪੀਂਦੇ ਘਰਾਂ ਦੇ ਨੌਜਵਾਨ ਤਫ਼ਰੀਹ ਲਈ ਗੋਆ ਜਾਂ ਮਾਲਦੀਵ ਜਾਂਦੇ ਹਨ।
ਭਾਰਤੀ ਅਧਿਕਾਰੀਆਂ ਨੂੰ ਦੋ ਪਹਿਲੂਆਂ ਦੀ ਜਾਂਚ ਕਰਨ ਦੀ ਲੋੜ ਹੈ: ਉਹ ਏਜੰਟ ਕੌਣ ਹਨ ਜਿਨ੍ਹਾਂ ਨੇ ਬਾਹਰ ਜਾਣ ਲਈ ਉਤਾਵਲੇ ਨੌਜਵਾਨਾਂ ਨੂੰ ਰੂਸੀ ਫ਼ੌਜੀ ਦਸਤਿਆਂ ਦੇ ‘ਹੈਲਪਰ’ ਬਣਾ ਕੇ ਭੇਜਿਆ ਸੀ। ਕੀ ਰੂਸ ਦੀ ਕੋਈ ਅਜਿਹੀ ਯੋਜਨਾ ਸੀ ਕਿ ਭਾਰਤੀ ਨੌਜਵਾਨਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ਼ ਲੜਨ ਲਈ ਮਜਬੂਰ ਕੀਤਾ ਜਾ ਸਕੇ। ਕਿਹਾ ਜਾਂਦਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਤਿਹਾਸ ਦਾ ਬਹੁਤ ਸ਼ੌਕ ਹੈ ਅਤੇ ਉਹ ਬਰਲਿਨ ਵਿਚ ਲਾਲ ਫ਼ੌਜ ਦੇ ਮਾਰਚ ’ਤੇ ਬਹੁਤ ਮਾਣ ਮਹਿਸੂਸ ਕਰਦੇ ਹਨ। ਜ਼ਾਹਿਰ ਹੈ ਕਿ ਉਨ੍ਹਾਂ ਨੂੰ ਦੋ ਆਲਮੀ ਜੰਗਾਂ ਵਿਚ ਅੰਗਰੇਜ਼ਾਂ ਦੀ ਤਰਫ਼ੋਂ ਲੜਨ ਵਾਲੇ ਪੰਜਾਬੀਆਂ, ਸਰਦਾਰਾਂ, ਜਾਟਾਂ, ਰਾਜਪੂਤਾਂ, ਗੋਰਖਿਆਂ, ਥੰਬੀਆਂ, ਮਰਾਠਿਆਂ ਅਤੇ ਹੋਰਨਾਂ ਭਾਰਤੀ ਯੂਨਿਟਾਂ ਦੀ ਭੂਮਿਕਾ ਬਾਰੇ ਵੀ ਪਤਾ ਹੋਵੇਗਾ, ਹਾਲਾਂਕਿ ਹਰ ਹੌਲੀਵੁਡ ਜਾਂ ਬਰਤਾਨਵੀ ਫਿਲਮ ਵਿਚ ਉਹ ‘ਇਨ੍ਹਾਂ ਫ਼ੌਜੀਆਂ’ ਨੂੰ ਦਿਖਾਉਣਾ ਭੁੱਲ ਜਾਂਦੇ ਹਨ।
ਜੇ ਰੂਸ ਦੀ ਜੰਗ ’ਚ ਭਾਰਤੀ ਨੌਜਵਾਨਾਂ ਨੂੰ ਭਰਤੀ ਕਰਾਉਣ ਦੀ ਕੋਈ ਯੋਜਨਾ ਸੀ ਤਾਂ ਇਹ ਅਣਮਨੁੱਖੀ ਅਤੇ ਬਹੁਤ ਗ਼ਲਤ ਸੀ। ਗੱਲ ਇਹ ਨਹੀਂ ਕਿ 15 ਦਿਨ ਦੀ ਸਿਖਲਾਈ ਕਿੰਨੀ ਨਾਕਾਫ਼ੀ ਹੈ ਸਗੋਂ ਸਵਾਲ ਪਰਵਾਸੀ ਮਜ਼ਦੂਰ ਦੀ ਮਾਨਸਿਕਤਾ ਦਾ ਹੈ ਜਿਸ ਨੂੰ ਗੁੰਮਰਾਹ ਕਰ ਕੇ ਕਿਸੇ ਅਜਿਹੇ ਗਰੁੱਪ ਨਾਲ ਲੜਨ ਲਈ ਭੇਜ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਕੋਈ ਸਾਂਝ ਨਹੀਂ ਹੁੰਦੀ। ਰੂਸ ਨੂੰ ਇਸ ਦੀ ਜਾਂਚ ਦਾ ਐਲਾਨ ਕਰਨਾ ਪਵੇਗਾ। ਰੂਸ ਦੀ ਤਰਫ਼ੋਂ ਅਜੇ ਕੋਈ ਅਧਿਕਾਰਤ ਸਪੱਸ਼ਟੀਕਰਨ ਨਹੀਂ ਆਇਆ ਪਰ ਰੂਸੀ ਸਰਕਾਰ ਨੂੰ ਆਪਣੀ ਬੇਗੁਨਾਹੀ ਸਿੱਧ ਕਰਨੀ ਪਵੇਗੀ। ਜੇ ਭਾਰਤੀ ਨੌਜਵਾਨਾਂ ਨੂੰ ‘ਹੈਲਪਰ’ ਵਜੋਂ ਹੀ ਭਰਤੀ ਕੀਤਾ ਗਿਆ ਸੀ ਤਾਂ ਭਾਰਤ ਸਰਕਾਰ ਨੂੰ ਦੱਸੇ ਬਿਨਾਂ ਅਤੇ ਉਨ੍ਹਾਂ ਨੌਜਵਾਨਾਂ ਦੀ ਮਰਜ਼ੀ ਤੋਂ ਬਗ਼ੈਰ ਇਹ ਨਹੀਂ ਕੀਤਾ ਜਾ ਸਕਦਾ ਸੀ। ਭਾਰਤੀ ਨੌਜਵਾਨਾਂ ਨੂੰ ਕਿਸੇ ਵਿਦੇਸ਼ੀ ਫ਼ੌਜ ਦੀ ਵਰਦੀ ਪਹਿਨਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਅਤੇ ਇਸ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ।
ਉਹ ਭਾਵੇਂ ਯੂਕਰੇਨ ਵਿਚ ਜੰਗ ਲੜ ਰਹੇ ਰੂਸੀ ਫ਼ੌਜੀਆਂ ਦੇ ‘ਹੈਲਪਰ’ ਹੋਣ ਜਾਂ ਇਜ਼ਰਾਈਲ-ਲਬਿਨਾਨ ਸਰਹੱਦੀ ਖੇਤਰ ਵਿਚ ਪੋਲਟਰੀ ਫਾਰਮ ਦੇ ਕਾਮੇ ਹੋਣ, ਕੇਂਦਰ ਸਰਕਾਰ ਦੀ ਜਿ਼ੰਮੇਵਾਰੀ ਹੈ ਕਿ ਵਿਦੇਸ਼ੀ ਸਰਕਾਰਾਂ ਵਲੋਂ ਭਾਰਤੀ ਨੌਜਵਾਨਾਂ ਨੂੰ ਭਰਤੀ ਕਰ ਕੇ ਜਬਰੀ ਜੰਗ ਦੇ ਮੈਦਾਨ ਵਿਚ ਧੱਕਣ ਦਾ ਇਹ ਰੁਝਾਨ ਬੰਦ ਕਰਵਾਇਆ ਜਾਵੇ। ਰੂਸੀ ਭਰਤੀ ਲਈ ਧੋਖੇਬਾਜ਼ ਟਰੈਵਲ ਏਜੰਟਾਂ ਅਤੇ ਚਕਮੇਬਾਜ਼ ਫ਼ੌਜੀ ਠੇਕੇਦਾਰਾਂ ਨੂੰ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ ਪਰ ਇਜ਼ਰਾਇਲੀ ਭਰਤੀ ਦਾ ਰਾਹ ਤਾਂ ਖ਼ੁਦ ਭਾਰਤ ਸਰਕਾਰ ਨੇ ਪੱਧਰਾ ਕੀਤਾ ਸੀ। ਇਜ਼ਰਾਈਲ ਵਿਚ ਮਿਜ਼ਾਈਲ ਹਮਲੇ ’ਚ ਮਾਰਿਆ ਗਿਆ ਕੋਲਮ (ਕੇਰਲਾ) ਦਾ ਵਸਨੀਕ ਪਹਿਲਾਂ ਯੂਏਈ ’ਚ ਰਹਿੰਦਾ ਸੀ; ਹੋ ਸਕਦਾ, ਉਸ ਨੇ ਸੋਚਿਆ ਹੋਵੇ ਕਿ ਪੱਛਮ ਦੇ ਥੋੜ੍ਹਾ ਨੇੜੇ ਜਾਣ ਨਾਲ ਉਸ ਨੂੰ ਬਿਹਤਰ ਉਜਰਤ ਮਿਲੇਗੀ।
ਇਹ ਸਭ ਜਦੋਂ ਚੱਲ ਰਿਹਾ ਸੀ ਤਾਂ ਕੇਂਦਰ ਸਰਕਾਰ ਗ਼ੈਰਕਾਨੂੰਨੀ ਪਰਵਾਸ ਮੁਤੱਲਕ ਅੱਖਾਂ ਮੀਟ ਕੇ ਬੈਠੀ ਸੀ ਕਿਉਂਕਿ ਇਹ ਨਿੱਜੀ ਉਦਮ ਸੀ ਜਿਸ ਨਾਲ ਜੋਖ਼ਮ ਲੈਣ ਵਾਲਿਆਂ ਨੂੰ ਲਾਭ ਹੋ ਸਕਦਾ ਸੀ ਪਰ ਹੁਣ ਇਹ ਜੰਗਬਾਜ਼ਾਂ ਲਈ ਕੌਮਾਂਤਰੀ ਤਸਕਰੀ ਦਾ ਤਾਣਾ ਬਣ ਗਿਆ ਹੈ। ਭਾਰਤ ਦੇ ਪਰਵਾਸੀ ਮਜ਼ਦੂਰ ਭਾੜੇ ਦੇ ਫ਼ੌਜੀ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਭਾੜੇ ਦੇ ਫ਼ੌਜੀ ਬਣਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਹ ਪੈਸੇ ਬਦਲੇ ਅਜਨਬੀਆਂ ਨੂੰ ਨਹੀਂ ਮਾਰ ਸਕਦੇ ਤੇ ਉਨ੍ਹਾਂ ਨੂੰ ਦੁਨੀਆ ਵਿਚ ਉੱਚੇ ਬੁਰਜ ਹੀ ਉਸਾਰਨ ਦਿੱਤੇ ਜਾਣੇ ਚਾਹੀਦੇ ਹਨ।
*ਲੇਖਕ ‘ਦਿ ਟ੍ਰਿਬਿਊਨ’ ਦੇ ਐਡੀਟਰ-ਇਨ-ਚੀਫ ਹਨ।