ਗੋਰੇ ਦੀ ਬੰਦੂਕ
ਕੁਲਦੀਪ ਸਿੰਘ
ਇਹ ਗੱਲ ਮਾਰਚ 1985 ਦੀ ਹੈ। ਅਮਰੀਕਾ ਆਏ ਨੂੰ ਮੈਨੂੰ ਅਜੇ ਸੱਤ-ਅੱਠ ਮਹੀਨੇ ਹੀ ਹੋਏ ਸਨ। ਮੇਰੀ ਪਤਨੀ ਦਾ ਅਮਰੀਕਾ ਵਾਲਾ ਪੇਕਾ ਘਰ ਸ਼ਹਿਰ ਟਲਸਾ (ਓਕਲਾਹੋਮਾ) ’ਚ ਸੀ। ਪਤਨੀ ਤਾਂ ਮੇਰੇ ਨਾਲ ਜੂਨ 1983 ’ਚ ਵਿਆਹ ਕਰਾ ਕੇ ਪੰਜਾਬ ਤੋਂ ਅਗਸਤ 1983 ’ਚ ਅਮਰੀਕਾ ਪਰਤ ਆਈ ਸੀ। ਵਿਆਹ-ਆਧਾਰ ਵੀਜ਼ਾ ਮਿਲਣ ਤੋਂ ਬਾਅਦ ਮੈਂ ਟਲਸਾ ਬਰਾਸਤਾ ਨਿਊਯਾਰਕ, ਡੈਲਸ ਹੁੰਦਾ ਹੋਇਆ ਅਗਸਤ 1984 ਦੇ ਪਹਿਲੇ ਹਫ਼ਤੇ ਪੁੱਜਾ ਸੀ। ਪਹਿਲੇ ਚਾਰ ਮਹੀਨੇ ਨਵੇਂ ਬਣੇ ਰਿਸ਼ਤੇਦਾਰਾਂ ਨਾਲ ਮੇਲ-ਮਿਲਾਪਾਂ ’ਚ ਅਤੇ ਕਾਰ ਚਲਾਉਣਾ ਸਿੱਖਣ ’ਚ ਬਤੀਤ ਹੋਏ, ਉਂਜ ਮੈਂ ਵਿਹਲੀਆਂ ਹੀ ਖਾਧੀਆਂ। ਅਗਲੇ ਦੋ ਮਹੀਨੇ ਇੱਕ ਮਾਮੂਲੀ ਜਿਹੀ ਨੌਕਰੀ ਮਿਲ ਗਈ।
ਦਸੰਬਰ 1984 ਵਿੱਚ ਮੈਨੂੰ ਐੱਮਐੱਸ ਸਿਵਲ ਇੰਜਨੀਅਰਿੰਗ ਕਰਨ ਲਈ ਟਲਸਾ ਤੋਂ ਕਰੀਬ 125 ਮੀਲ ਦੂਰ ਨਾਮੀ ਯੂਨੀਵਰਸਿਟੀ, ਯੂਨੀਵਰਸਿਟੀ ਆਫ ਓਕਲਾਹੋਮਾ, ਨਾਰਮਨ ’ਚ ਦਾਖਲਾ ਮਿਲ ਗਿਆ। ਮੇਰੇ ਵੱਲੋਂ ਪਹਿਲੇ ਸਮੈਸਟਰ ਯੂਨੀਵਰਸਿਟੀ ’ਚ ਇਕੱਲਿਆਂ ਹੀ ਰਹਿਣ ਦਾ ਫ਼ੈਸਲਾ ਹੋਇਆ। ਇਸ ਪੜ੍ਹਾਈ ਨੂੰ ਸ਼ੁਰੂ ਕਰਨ ਲਈ ਮਾਇਆ ਚਾਹੀਦੀ ਸੀ। ਮੇਰੀ ਪਤਨੀ ਨੇ ਸਖ਼ਤ ਮਿਹਨਤ ਕਰਕੇ ਕਾਫ਼ੀ ਅਮਰੀਕੀ ਡਾਲਰ ਜੋੜ ਰੱਖੇ ਸਨ, ਜੋ ਉਸ ਨੇ ਸਾਰੇ ਦੇ ਸਾਰੇ ਖ਼ੁਸ਼ੀ ਖ਼ੁਸ਼ੀ ਮੇਰੇ ਸਪੁਰਦ ਕਰ ਦਿੱਤੇ। ਯੂਨੀਵਰਸਿਟੀ ’ਚ ਹੀ ਵਿਦਿਆਰਥੀ ਹੋਸਟਲ ’ਚ ਮੈਨੂੰ ਇੱਕ ਕਮਰਾ ਕਰਾਏ ’ਤੇ ਮਿਲ ਗਿਆ। ਪਤਨੀ ਅਜੇ ਟਲਸਾ ਹੀ ਰਹੀ। ਇੱਥੇ ਮੇਰਾ ਮਿਲਾਪ ਆਪਣੇ ਇੱਕ ਪੰਜਾਬੀ ਮੋਨੇ ਸਿੱਖ ਸੀਨੀਅਰ ਵਿਦਿਆਰਥੀ ਚਰਨਜੀਤ ਸਿੰਘ ਨਾਲ ਹੋਇਆ। ਚਰਨਜੀਤ ਹਮੇਸ਼ਾਂ ਕੋਈ ਗੀਤ ਗੁਣਗੁਣਾਉਂਦੇ ਹੋਏ ਮਿਲਣ ਵਾਲੇ ਸੁਭਾਅ ਦਾ ਵਿਅਕਤੀ ਸੀ। ਬਹੁਤ ਘੱਟ ਸਮੇਂ ’ਚ ਹੀ ਸਾਡੀ ਦੋਸਤੀ ਹੋ ਗਈ। ਗੱਲਬਾਤ ਕਰਨ ਪਿੱਛੋਂ ਪਤਾ ਲੱਗਾ ਤਾਂ ਉਹ ਪੰਜਾਬ ਦੇ ਰੋਪੜ ਸ਼ਹਿਰ ਦਾ ਨਿਕਲਿਆ। ਇਤਫ਼ਾਕਨ, ਇਹ ਵੀ ਪਤਾ ਲੱਗਾ ਕਿ ਉਸ ਦੇ ਬਹੁਤ ਹੀ ਸਾਊ ਸਰਦਾਰ ਪਿਤਾ ਜੀ, ਹਰ ਰੋਜ਼ ਅੰਮ੍ਰਿਤ ਵੇਲੇ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਗਾਹਕਾਂ ਨੂੰ ਘਰਾਂ ਵਿੱਚ ਅਖ਼ਬਾਰਾਂ ਪਹੁੰਚਾਉਣ ਦਾ ਕੰਮ ਕਰਦੇ ਸਨ। ਉਨ੍ਹੀਂ ਦਿਨੀਂ 1981-84 ’ਚ ਜਦੋਂ ਮੈਂ ਰੋਪੜ ਥਰਮਲ ਪਲਾਂਟ ਵਿੱਚ ਬਤੌਰ ਓਵਰਸੀਅਰ ਤਾਇਨਾਤ ਸੀ, ਮੈਂ ਖ਼ੁਦ ਵੀ ਉਨ੍ਹਾਂ ਦਾ ਪੱਕਾ ਗਾਹਕ ਰਿਹਾ ਸੀ। ਚਰਨਜੀਤ ਕੋਲ ਇੱਕ ਖਟਾਰਾ ਜਿਹੀ ਮੈਜ਼ਦਾ ਕੰਪਨੀ ਦੀ ਪੁਰਾਣੀ ਕਾਰ ਹੁੰਦੀ ਸੀ। ਜਦੋਂ ਟਲਸਾ ਸਹੁਰੇ ਪਰਿਵਾਰ ਨੂੰ ਚਰਨਜੀਤ ਨਾਲ ਮੇਰੀ ਨੇੜਤਾ ਅਤੇ ਦੋਸਤੀ ਦਾ ਪਤਾ ਲੱਗਾ ਤਾਂ ਮੈਨੂੰ ਪਰਿਵਾਰ ਨੇ ਚਰਨਜੀਤ ਨੂੰ ਨਾਲ ਲੈ ਕੇ ਟਲਸਾ ਆਉਣ ਦੀ ਤਾਕੀਦ ਕੀਤੀ। ਚਰਨਜੀਤ ਨੂੰ ਜਦੋਂ ਇਹ ਸੁਨੇਹਾ ਦਿੱਤਾ ਤਾਂ ਉਹ ਬਾਗੋਬਾਗ ਹੋ ਗਿਆ। ਅਸੀਂ ਆਉਣ ਵਾਲੇ ਹਫ਼ਤੇ ਦੇ ਇੱਕ ਦਿਨ ਸ਼ਾਮ ਦੇ 4-5 ਵਜੇ ਟਲਸਾ ਵੱਲ ਚਰਨਜੀਤ ਦੀ ਕਾਰ ’ਤੇ ਰਵਾਨਾ ਹੋਣ ਦਾ ਮਤਾ ਪਕਾ ਲਿਆ।
ਹੋਣਾ ਤਾਂ ਇਹ ਚਾਹੀਦਾ ਸੀ ਕਿ ਅਸੀਂ ਖ਼ਰਾਬ ਕਾਰ ਦੀਆਂ ਫਲੈਸ਼ ਬੱਤੀਆਂ ਜਗਾ ਕੇ ਖੜ੍ਹੀ ਕਾਰ ’ਚ ਬੈਠੇ ਰਹਿੰਦੇ, ਗਸ਼ਤੀ ਪੁਲੀਸ ਦੀ ਉਡੀਕ ਕਰਦੇ। ਪੁਲੀਸ ਟੋਅ-ਟਰੱਕ ਮੰਗਵਾਉਣ ’ਚ ਅਤੇ ਸਾਡੇ ਟਲਸਾ ਵਾਲੇ ਸੰਪਰਕ ਨਾਲ ਗੱਲ ਕਰਾਉਣ ਦਾ ਇੰਤਜ਼ਾਮ ਕਰਦੀ, ਪਰ ਮੈਂ ਚਰਨਜੀਤ ਨਾਲ ਸਲਾਹ ਕੀਤੀ ਕਿ ਮੈਂ ਸੜਕ ਨਾਲ ਲੱਗਦੀ ਆਬਾਦੀ ’ਚ ਜਾ ਕੇ ਕਿਸੇ ਘਰੋਂ ਸਹਾਇਤਾ ਲਈ ਫੋਨ ਕਰਕੇ ਆਉਂਦਾ ਹਾਂ। ਮੈਂ ਸ਼ਾਹਰਾਹ ਦੀ ਤਾਰਾਂ ਵਾਲੀ ਹੱਦਬੰਦੀ ਵਾੜ ਦੀ ਵਿਰਲ ’ਚੋਂ ਬਾਹਰ ਜਾ ਕੇ ਕਿਸੇ ਘਰਬਾਰੀ ਤੋਂ ਮਦਦ ਮੰਗਣ ਦੀ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ‘ਹੈਲਪ ਹੈਲਪ’ ਦੀਆਂ ਉੱਚੀ ਉੱਚੀ ਆਵਾਜ਼ਾਂ ਮਾਰ ਰਿਹਾ ਸਾਂ ਕਿ ਇੱਕ ਅੱਧਖੜ੍ਹ ਉਮਰ ਦੇ ਗੋਰੇ-ਗੋਰੀ ਜੋੜੇ ਨੇ ਮੇਰੀ ਵਿਥਿਆ ਸੁਣ ਕੇ ਟਲਸਾ ਪਰਿਵਾਰ ਨੂੰ ਆਪਣੇ ਘਰ ਵਾਲੇ ਟੈਲੀਫੋਨ ਤੋਂ ਟੈਲੀਫੋਨ ਕਰਨ ਦੀ ਇਜਾਜ਼ਤ ਦੇ ਦਿੱਤੀ। ਇੱਕ ਪਾਸੇ ਉਨ੍ਹਾਂ ਦਾ ਕੰਧ-ਫੋਨ ਸੀ ਅਤੇ ਦੂਜੇ ਪਾਸੇ ਮੈਂ ਕੀ ਦੇਖਦਾ ਕਿ ਮਕਾਨ ਮਾਲਕ ਉਹੀ ਗੋਰਾ ਆਪਣੀ ਬੰਦੂਕ ਹੱਥ ’ਚ ਫੜੀਂ ਮੇਰੀਆਂ ਹਰਕਤਾਂ ਨੂੰ ਟਿਕਟਿਕੀ ਨਜ਼ਰ ਨਾਲ ਲਗਾਤਾਰ ਵੇਖ ਰਿਹਾ ਸੀ ਜਿਵੇਂ ਕਿ ਮੈਂ ਕਿਸੀ ਬੁਰੀ ਨੀਅਤ ਨਾਲ ਉਸ ਦੇ ਘਰ ਵੜਿਆ ਹੋਵਾਂ। ਮੈਂ ਆਪਣਾ ਡਰਾਈਵਰ ਲਾਈਸੈਂਸ ਉਸ ਨੂੰ ਦਿਖਾਉਂਦਿਆਂ ਕਿਹਾ, ‘‘ਹਿਅਰ ਇਜ਼ ਮਾਈ ਆਈ ਡੀ। (ਮੇਰਾ ਸ਼ਨਾਖ਼ਤ ਕਾਰਡ ਇਹ ਹੈ)।’’ ਉਸ ਨੇ ਅੱਗੋਂ ਜੁਆਬ ਦਿੱਤਾ, ‘‘ਆਈ ਡੌਂਟ ਨੀਡ ਯੂਅਰ ਆਈ ਡੀ, ਆਈ ਹੈਵ ਗੰਨ ਇਨ ਮਾਈ ਹੈਂਡ। (ਮੈਨੂੰ ਤੇਰਾ ਸ਼ਨਾਖਤ ਕਾਰਡ ਦੇਖਣ ਦੀ ਕੋਈ ਜ਼ਰੂਰਤ ਨਹੀਂ, ਮੇਰੇ ਹੱਥ ’ਚ ਬੰਦੂਕ ਹੈ)।’’ ਇਸ ਨਾਜ਼ੁਕ ਹਾਲਤ ਨੂੰ ਭਾਂਪਦਿਆਂ, ਮੈਂ ਬਹੁਤ ਹੀ ਸਹਿਜ ਅਤੇ ਠਰੰਮੇ ਨਾਲ ਫੋਨ ’ਤੇ ਟਲਸਾ ਕਾਰ ਖ਼ਰਾਬ ਹੋਣ ਦੀ ਪੂਰੀ ਪੂਰੀ ਇਤਲਾਹ ਸਹੁਰਾ ਸਾਹਿਬ ਨੂੰ ਦੇ ਦਿੱਤੀ। ਗੋਰੇ ਦਾ ਫੋਨ ਮੁਹੱਈਆ ਕਰਾਉਣ ਲਈ ਅਤੇ ਸਹਾਇਤਾ ਕਰਨ ਲਈ ਧੰਨਵਾਦ ਕਰਦਿਆ ਸਹਿਜੇ ਸਹਿਜੇ ਉਸ ਦੇ ਘਰ ਤੋਂ ਬਾਹਰ ਆ ਕੇ ਸੁੱਖ ਦਾ ਸਾਹ ਲਿਆ। ਚਰਨਜੀਤ ਨੂੰ ਸਾਰੀ ਬੀਤੀ ਬਿਪਤਾ ਦੀ ਘੜੀ ਬਾਰੇ ਦੱਸਿਆ। 40-50 ਮਿੰਟ ਅੰਦਰ ਮੇਰੇ ਸਹੁਰਾ ਸਾਹਿਬ ਆਪਣੀ ਕਾਰ ’ਤੇ ਸਾਡੇ ਕੋਲ ਪੁੱਜ ਗਏ। ਸਾਨੂੰ ਘਰ ਟਿਕਾਣੇ ’ਤੇ ਲੈ ਆਏ। ਘਰ ਆ ਕੇ ਖ਼ਰਾਬ ਖੜ੍ਹੀ ਕਾਰ ਨੂੰ ਚਕਾਉਣ ਲਈ ਟੋਅ-ਟਰੱਕ ਨੂੰ ਫੋਨ ’ਤੇ ਹਦਾਇਤਾਂ ਹੀ ਦੇਣੀਆਂ ਸਨ।
ਇਹ ਘਟਨਾ ਜਦੋਂ ਵੀ ਹੁਣ ਯਾਦ ਆਉਂਦੀ ਹੈ ਤਾਂ ਰੂਹ ਕੰਬ ਜਾਂਦੀ ਹੈ। ਮੇਰੇ ਛੋਟੇ ਜਿਹੇ ਗ਼ਲਤ ਫ਼ੈਸਲੇ ਨੇ ਮੇਰੀ ਜ਼ਿੰਦਗੀ ਦਾਅ ’ਤੇ ਲਾ ਦਿੱਤੀ ਸੀ। ਪਰ ਭਲਾ ਹੋਵੇ ਉਸ ਗੋਰੇ ਦਾ ਜਿਸ ਨੇ ਬੰਦੂਕ ਨੂੰ ਹੱਥ ਵਿੱਚ ਲੈ ਕੇ ਮੈਨੂੰ ਸਿਰਫ਼ ਡਰਾਇਆ ਹੀ।
ਸੰਪਰਕ: 510 676 0248