For the best experience, open
https://m.punjabitribuneonline.com
on your mobile browser.
Advertisement

ਚਿੱਟਾ

10:31 AM Feb 28, 2024 IST
ਚਿੱਟਾ
Advertisement

ਸੁਰਿੰਦਰ ਸਿੰਘ ਰਾਏ

Advertisement

ਖੇਤ ਵਿੱਚ ਵਾਹੀ ਕਰਦਿਆਂ ਗੁਲਜ਼ਾਰ ਨੇ ਜਦੋਂ ਇੱਕ ਨੁੱਕਰੇ ਪਏ ਨਾੜ ਦੇ ਢੇਰ ਨੂੰ ਚੁਆਤੀ ਲਾਈ ਤਾਂ ਉਹ ਫੜ-ਫੜ ਕਰਦੀ ਪਲਾਂ ਵਿੱਚ ਹੀ ਚਾਰ-ਚੁਫੇਰੇ ਪਸਰ ਗਈ। ਅੱਗ ਦੇ ਪਤੰਗੇ ਸ਼ੂੰ ਕਰ ਕੇ ਉਡਾਰੀ ਭਰਦੇ ਤੇ ਫਿਰ ਛੇਤੀ ਹੀ ਬੇਵੱਸ ਜਿਹੇ ਹੋਏ ਰਾਖ ਬਣ ਧਰਤੀ ’ਤੇ ਆ ਡਿੱਗਦੇ। ਵੇਂਹਦਿਆਂ-ਵੇਂਹਦਿਆਂ ਹੀ ਨਾੜ ਦਾ ਇੱਕ ਵਿਰਾਟ ਢੇਰ ਆਪਣਾ ਵਜੂਦ ਗੁਆ ਕੇ ਰਾਖ ਦੀ ਇੱਕ ਨਿੱਕੀ ਜਿਹੀ ਢੇਰੀ ਤੱਕ ਸਿਮਟ ਗਿਆ ਸੀ। ਫਿਰ ਇਸ ਰਾਖ ਨੇ ਵੀ ਟਰੈਕਟਰ ਦੀ ਇੱਕੋ ਵਾਹੀ ਨਾਲ ਭੋਇੰ ਸੰਗ ਇਕਮਿਕ ਹੋ ਕੇ ਆਪਣਾ ਅਸਲ ਵਜੂਦ ਗੁਆ ਦਿੱਤਾ।
“ਗੁਲਜ਼ਾਰ! ਆਪਣਾ ਹਾਲ ਵੀ ਵੱਸ ਇਹੋ ਹੀ ਹੋਣਾ ਏਂ। ਕੀ ਕਰੇਂਗਾ ਐਡਾ ਵੱਡਾ ਜੁਗਾੜ ਉਣ ਕੇ? ਆਖਿਰ ਤਾਂ ਇਹ ਸਭ ਕੁਝ ਬੇਅਰਥ ਈ ਏ ਨਾ।”
ਅੱਜ ਖੇਤ ਵਿੱਚ ਵਾਪਰੀ ਇਸ ਨਿੱਕੀ ਜਿਹੀ ਘਟਨਾ ਨੇ ਗੁਲਜ਼ਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਉਹ ਬੇਵੱਸ ਤੇ ਨਿਢਾਲ ਜਿਹਾ ਹੋਇਆ ਖੇਤ ਵਿੱਚ ਇਕੱਲਾ ਖੜ੍ਹਾ ਸੀ।
“ਬਲਵਿੰਦਰ ਕੌਰੇ, ਅੱਜ ਗੁਲਜ਼ਾਰ ਕਿੱਦਾਂ ਢਿੱਲਾ ਜਿਹਾ ਹੋਇਆ ਖੜ੍ਹਾ ਖੇਤ ਵਿੱਚ। ਆਹਾਂ ਜਿਵੇਂ ਇਹਦਾ ਕੁਛ ਦੁਖਦਾ ਹੁੰਦੈ।” ਆਪਣੇ ਖੇਤਾਂ ਵੱਲ ਜਾਂਦਿਆਂ ਤੇਜ ਕੌਰ ਨੇ ਗੁਲਜ਼ਾਰ ਨੂੰ ਚੁੱਪ-ਗੜੁੱਪ ਖੜ੍ਹਾ ਵੇਖ ਆਪਣੀ ਦਰਾਣੀ ਨਾਲ ਗੱਲ ਕੀਤੀ।
“ਭੈਣ ਜੀ, ਅੱਜ ਗੁਲਜ਼ਾਰ ਲੱਗਦਾ ਵੀ ਉਦਾਸ ਜਿਹਾ ਐ। ਅੱਗੇ ਤਾਂ ਵੇਖ ਕੇ ਦੂਰੋਂ ਈ ਹਾਕਾਂ ਮਾਰਨ ਲੱਗ ਪੈਂਦਾ ਐ। ਅੱਜ ਤਾਂ ਐਂ ਮੂੰਹ ਵੱਟੀ ਖੜ੍ਹਾ ਜਿਵੇਂ ਰੁੱਸਿਆ ਹੁੰਦੈ।” ਬਲਵਿੰਦਰ ਕੌਰ ਆਪਣੀ ਜਠਾਣੀ ਦੀ ਗੱਲ ਸੁਣਦੇ ਸਾਰ ਹੀ ਬੋਲੀ।
“ਬਲਵਿੰਦਰ ਕੌਰੇ, ਵਿਚਾਰੇ ਦੇ ਵਿਆਹ ਨੂੰ ਵੀ ਨੌਂ-ਦਸ ਸਾਲ ਹੋ ਗਏ ਆ। ਅਜੇ ਤਾਈਂ ਘਰ ਵਿੱਚ ਕੋਈ ਜੀਅ ਨ੍ਹੀਂ ਆਇਐ। ਇਹ ਵੀ ਝੋਰਾ ਲੈ ਬਹਿੰਦਾ ਬੰਦੇ ਨੂੰ।” ਤੇਜ ਕੌਰ ਹਮਦਰਦੀ ਵਿੱਚ ਬੋਲੀ।
“ਭੈਣ ਜੀ, ਇਹ ਵੀ ਗੱਲ ਠੀਕ ਆ। ਬੰਦਾ ਕਿੰਨਾ ਕੁ ਚਿਰ ਲੋਕਾਂ ਨੂੰ ਬਾਹਰੋਂ ਹੱਸ-ਹੱਸ ਦੱਸੀ ਜਾਵੇ। ਕਦੇ ਤਾਂ ਅੰਦਰਲੇ ਗ਼ਮ ਬੰਦੇ ਨੂੰ ਸੁੱਟ ਈ ਲੈਂਦੇ ਆ।”
“ਬਲਵਿੰਦਰ ਕੌਰੇ, ਇਹਦੀ ਮਾਂ ਇੱਕ ਦਿਨ ਗੱਲ ਕਰਦੀ ਸੀ ਬਈ ਪਤਾ ਨ੍ਹੀਂ ਸਾਨੂੰ ਗੁਲਜ਼ਾਰ ਦਾ ਦੂਜਾ ਵਿਆਹ ਈ ਕਰਨਾ ਪੈਣੈ।”
“ਭੈਣ ਜੀ, ਅੱਜਕੱਲ੍ਹ ਤਾਂ ਇਲਾਜ ਪਰੇ ਤੋਂ ਪਰੇ ਆ। ਊਂ ਕੋਈ ਦੂਜਾ ਵਿਆਹ ਕਰਾਉਂਦਾ ਕਰਾਈ ਜਾਵੇ।”
“ਆਹੋ, ਤੇਰੀ ਇਹ ਵੀ ਗੱਲ ਠੀਕ ਆ ਭਾਈ। ਹੁਣ ਮਾਡਰਨ ਯੁੱਗ ਆ। ਅੱਜਕੱਲ੍ਹ ਤਾਂ ਬੱਚੇ ਪੈਦਾ ਕਰਨ ਲਈ ਹਸਪਤਾਲਾਂ ’ਚ ਨਵੀਆਂ-ਨਵੀਆਂ ਤਕਨੀਕਾਂ ਆ ਗਈਆਂ ਐਂ। ਦੱਸਦੇ ਆ ਬਈ ਹੌਲਦਾਰਾਂ ਦੀ ਨੂੰਹ ਨੇ ਵੀ ਆਪਣਾ ਇਲਾਜ ਲੁਧਿਆਣੇ ਤੋਂ ਈ ਕਰਾਇਐ। ਪਿਛਲੇ ਸਾਲ ਉਹਦੇ ਮੁੰਡਾ ਹੋਇਐ।” ਤੇਜ ਕੌਰ ਨੇ ਵੀ ਆਪਣੀ ਦਰਾਣੀ ਦੀ ਹਾਂ ਵਿੱਚ ਹਾਂ ਮਿਲਾਈ।
“ਡਾਕਟਰ ਸਾਬ੍ਹ, ਆਖਰ ਸਾਨੂੰ ਤੁਹਾਡੇ ਕੋਲ ਈ ਆਉਣਾ ਪਿਐ। ਨੌਂ-ਦਸ ਸਾਲ ਵਿਆਹ ਨੂੰ ਹੋ ਗਏ ਆ। ਹੋਰ ਕਿੰਨਾ ਕੁ ਚਿਰ ਇੰਤਜ਼ਾਰ ਕਰੀ ਜਾਈਏ। ਅਸੀਂ ਤਾਂ ਜੀ ਅੱਕੇ ਪਏ ਆਂ ਹੁਣ।” ਇੱਕ ਦਿਨ ਗੁਲਜ਼ਾਰ ਨੇ ਹਸਪਤਾਲ ਜਾ ਕੇ ਆਪਣੀ ਸਾਰੀ ਸਮੱਸਿਆ ਡਾਕਟਰ ਨੂੰ ਵਿਸਥਾਰ ਨਾਲ ਦੱਸੀ ਤੇ ਅੰਤ ਦੁਖੀ ਜਿਹੇ ਮਨ ਨਾਲ ਗੱਲ ਮੁਕਾਈ।
“ਗੁਲਜ਼ਾਰ ਸਿੰਘ, ਅੱਜਕੱਲ੍ਹ ਤਾਂ ਕਈ ਨਵੀਆਂ ਤਕਨੀਕਾਂ ਵਿਕਸਤ ਹੋ ਚੁੱਕੀਆਂ ਨੇ। ਸਭ ਬਿਮਾਰੀਆਂ ਦਾ ਇਲਾਜ ਐ। ਖ਼ਰਚ ਕੁਝ ਵੱਧ ਆਉਂਦੈ।” ਗੁਲਜ਼ਾਰ ਸਿੰਘ ਦੀ ਗੱਲ ਸਮਝਦਿਆਂ ਹੀ ਡਾਕਟਰ ਨੇ ਆਖਿਆ।
“ਜੀ, ਖ਼ਰਚ ਦੀ ਕੋਈ ਗੱਲ ਨ੍ਹੀਂ। ਤੁਸੀਂ ਇਲਾਜ ਸ਼ੁਰੂ ਕਰੋ।” ਡਾਕਟਰ ਦਾ ਹਾਂ-ਪੱਖੀ ਜਵਾਬ ਸੁਣਦੇ ਹੀ ਗੁਲਜ਼ਾਰ ਝੱਟ ਬੋਲਿਆ। ਬਸ ਫਿਰ ਕੀ ਸੀ? ਗੁਲਜ਼ਾਰ ਨੇ ਆਪਣੀ ਪਤਨੀ ਦਾ ਇਲਾਜ ਕਰਾਉਣਾ ਸ਼ੁਰੂ ਕਰ ਦਿੱਤਾ।
ਆਖ਼ਿਰ ਗੁਲਜ਼ਾਰ ਦੀ ਮਿਹਨਤ ਰੰਗ ਲਿਆਈ। ਸਾਲ ਕੁ ਬਾਅਦ ਹੀ ਉਸ ਦੇ ਘਰ ਇੱਕ ਲੜਕੀ ਨੇ ਜਨਮ ਲਿਆ। ਲੰਬੇ ਸਮੇਂ ਬਾਅਦ ਉਸ ਦੇ ਘਰ ਆਈ ਇਸ ਨੰਨ੍ਹੀ ਦੀ ਖ਼ੁਸ਼ੀ ਉਸ ਤੋਂ ਸੰਭਾਲੀ ਨਹੀਂ ਸੀ ਜਾ ਰਹੀ। ਨਿਰਾਸ਼ਤਾ ਕਾਰਨ ਢਹਿ ਢੇਰੀ ਹੋਇਆ ਗੁਲਜ਼ਾਰ ਹੁਣ ਮੁੜ ਹੌਸਲੇ ਵਿੱਚ ਆ ਗਿਆ ਸੀ, ਜਿਵੇਂ ਬੁਝਦੀ ਬੱਤੀ ਨੂੰ ਤੇਲ ਮਿਲ ਗਿਆ ਹੋਵੇ।
“ਸੱਜਣ ਸਿਆਂ, ਘਰ ਵਿੱਚ ਲੜਕੀ ਤਾਂ ਕੀ ਆ ਗਈ ਆ, ਗੁਲਜ਼ਾਰ ਦਾ ਤਾਂ ਅੱਜਕੱਲ੍ਹ ਧਰਤ ’ਤੇ ਪੱਬ ਈ ਨਹੀਂ ਲੱਗਦਾ। ਵੇਖੋ ਤਾਂ ਸਈ ਕਿਵੇਂ ਖ਼ੁਸ਼ੀ ਵਿੱਚ ਉੱਡਦਾ ਫਿਰਦੈ। ਲੋਕ ਤਾਂ ਮੁੰਡੇ ਹੋਏ ਦੀ ਐਨੀ ਖ਼ੁਸ਼ੀ ਨ੍ਹੀਂ ਕਰਦੇ।”
“ਭਾਈ, ਨਵਾਂ ਜ਼ਮਾਨਾ ਆ ਗਿਆ ਹੁਣ। ਸਾਡੇ ਵਾਲੇ ਜ਼ਮਾਨੇ ਗਏ। ਲੋਕ ਪੜ੍ਹ ਲਿਖ ਕੇ ਸਿਆਣੇ ਹੋ ਗਏ ਆ। ਹੁਣ ਨ੍ਹੀਂ ਲੋਕ ਮੁੰਡੇ-ਕੁੜੀ ਵਿੱਚ ਕੋਈ ਬਾਹਲਾ ਫ਼ਰਕ ਸਮਝਦੇ।” ਤੇਲੂ ਰਾਮ ਦੀ ਗੱਲ ਸੁਣਦੇ ਸਾਰ ਹੀ ਸੱਜਣ ਸਿੰਘ ਬੋਲਿਆ।
“ਸੱਜਣ ਸਿਆਂ, ਮੈਂ ਸਮਝਦੈਂ ਬਈ ਜ਼ਮਾਨਾ ਅਡਵਾਂਸ ਆ ਪਰ ਲੋੜ ਤੋਂ ਜ਼ਿਆਦਾ ਖ਼ੁਸ਼ੀ ਦਾ ਪ੍ਰਗਟਾਵਾ ਕਰਨਾ ਵੀ ਚੰਗਾ ਨ੍ਹੀਂ ਹੁੰਦੈ। ਵੇਖੋ ਤਾਂ ਸਈ, ਉਹ ਕਿੱਦਾਂ ਸਵੇਰ ਤੋਂ ਈ ਪੀਣੀ ਸ਼ੁਰੂ ਕਰ ਦਿੰਦਾ ਐ। ਇਹ ਕੋਈ ਨਵੇਂ ਜ਼ਮਾਨੇ ਵਾਲੀ ਗੱਲ ਥੋੜ੍ਹੇ ਆ। ਇਹ ਤਾਂ ਮੂਰਖਾਂ ਵਾਲੀ ਗੱਲ ਐ।” ਤੇਲੂ ਰਾਮ ਨੇ ਬੇਝਿਜਕ ਆਪਣੀ ਗੱਲ ਆਖੀ।
“ਬਾਈ ਜੀ, ਇਹ ਗੱਲ ਤਾਂ ਤੇਰੀ ਦਰੁਸਤ ਆ। ਖ਼ੁਸ਼ੀ ਸਾਂਭਣੀ ਵੀ ਕਿਸੇ-ਕਿਸੇ ਨੂੰ ਆਉਂਦੀ ਐ। ਠੀਕ ਐ, ਖਾਸੀ ਪ੍ਰਾਪਰਟੀ ਦਾ ਮਾਲਕ ਐ ਉਹ। ਲੰਬੇ ਸਮੇਂ ਬਾਅਦ ਘਰ ਵਿੱਚ ਜੀਅ ਆਇਐ ਪਰ ਉਹਨੂੰ ਤਾਂ ਹੁਣ ਸਮਾਜ ਵਿੱਚ ਹੋਰ ਵੀ ਸਿਆਣਾ ਤੇ ਜ਼ਿੰਮੇਵਾਰ ਇਨਸਾਨ ਬਣਨਾ ਚਾਹੀਦੈ।” ਸੱਜਣ ਸਿੰਘ ਨੇ ਵੀ ਤੇਲੂ ਰਾਮ ਦੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ।
“ਤਾਇਆ ਜੀ, ਮੈਂ ਸੁਣਿਐ, ਗੁਲਜ਼ਾਰ ਐਤਕੀਂ ਆਪਣੀ ਕੁੜੀ ਦੀ ਲੋਹੜੀ ਬੜੇ ਧੂਮ-ਧਾਮ ਨਾਲ ਮਨਾ ਰਿਹੈ।”
ਇੰਨੇ ਨੂੰ ਪਿੰਡ ਦੇ ਇੱਕ ਨੌਜੁਆਨ ਨੇ ਸੱਜਣ ਸਿੰਘ ਤੇ ਤੇਲੂ ਰਾਮ ਨੂੰ ਇਕੱਠਿਆਂ ਬੈਠਿਆਂ ਵੇਖ ਉਨ੍ਹਾਂ ਕੋਲ ਆਉਂਦਿਆਂ ਹੀ ਖ਼ਬਰ ਦਿੱਤੀ।
“ਚਲੋ, ਇਹ ਤਾਂ ਉਹਦਾ ਨਿੱਜੀ ਮਾਮਲਾ ਐ ਭਾਈ। ਲੜਕੀ ਦੀ ਖ਼ੁਸ਼ੀ ਮਨਾਵੇ। ਜਿੰਨਾ ਮਰਜ਼ੀ ਖ਼ਰਚ ਕਰੇ। ਊਂ ਵੀ ਇਹ ਇੱਕ ਵਧੀਆ ਰੀਤ ਐ। ਨਾਲੇ ਸਾਡੇ ਪਿੰਡ ਵਿੱਚ ਵੀ ਇਹ ਨਵੀਂ ਰੀਤ ਚੱਲ ਪਊ।” ਉਸ ਨੌਜੁਆਨ ਦੀ ਆਖੀ ਗੱਲ ਸੁਣ ਕੇ ਸੱਜਣ ਸਿੰਘ ਬੜੇ ਠਰੰਮੇ ਨਾਲ ਬੋਲਿਆ।
“ਸੱਜਣ ਸਿਆਂ, ਨਾਲੇ ਉਸ ਦਿਨ ਅਸੀਂ ਵੀ ਆਪਣਾ ਮੂੰਹ ਸਲੂਣਾ ਕਰ ਲਵਾਂਗੇ। ਸਾਡੇ ਕਿਹੜੇ ਮੁਫ਼ਤ ਦੀ ਦੰਦੀਆਂ ਵੱਢਦੀ ਐ। ਕੀ ਬਈ ਜੁਆਨਾ, ਮੇਰੀ ਗੱਲ ਠੀਕ ਨ੍ਹੀਂ?” ਤੇਲੂ ਰਾਮ ਵੀ ਉਸ ਨੌਜੁਆਨ ਦੇ ਹਲਕੀ ਜਿਹੀ ਕੂਹਣੀ ਮਾਰਦਿਆਂ ਬੈਠਾ-ਬੈਠਾ ਖ਼ੁਸ਼ੀ ਵਿੱਚ ਉਮਡਿਆ।
ਛੇਤੀ ਹੀ ਲੋਹੜੀ ਦਾ ਤਿਉਹਾਰ ਆ ਗਿਆ ਸੀ। ਲੋਹੜੀ ਵਾਲੇ ਦਿਨ ਵਿਆਹ ਦੇ ਫੰਕਸ਼ਨ ਵਾਂਗ ਪ੍ਰਬੰਧ ਕੀਤਾ ਗਿਆ। ਇਸ ਖ਼ੁਸ਼ੀ ਵਿੱਚ ਸ਼ਾਮਲ ਹੋਣ ਲਈ ਸਾਰੇ ਨਗਰ ਅਤੇ ਰਿਸ਼ਤੇਦਾਰਾਂ ਨੂੰ ਸੱਦਾ ਪੱਤਰ ਭੇਜੇ ਗਏ ਸਨ। ਵੈੱਜ ਤੇ ਨਾਨ-ਵੈੱਜ ਦੇ ਅੱਡ-ਅੱਡ ਸਟਾਲ ਲਾਏ ਗਏ। ਪੀਣ ਦੇ ਸ਼ੌਕੀਨਾਂ ਲਈ ਦਾਰੂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਫੰਕਸ਼ਨ ਵਿੱਚ ਕਿਸੇ ਵੀ ਖਾਣ-ਪੀਣ ਦੇ ਸਾਮਾਨ ਦੀ ਕੋਈ ਘਾਟ ਨਹੀਂ ਸੀ। ਸਾਰਾ ਪੰਡਾਲ ਵਿਆਹ ਵਾਂਗ ਸਜਿਆ ਪਿਆ ਸੀ। ਆਪੋ-ਆਪਣੇ ਟੇਬਲਾਂ ਦੁਆਲੇ ਸਜੇ ਬੈਠੇ ਲੋਕ ਆਪਣੀ ਮਸਤੀ ਮਨਾਉਣ ਵਿੱਚ ਮਗਨ ਸਨ।
“ਬਈ ਗੁਲਜ਼ਾਰ ਨੇ ਤਾਂ ਲੜਕੀ ਦੀ ਲੋਹੜੀ ਐਨੀ ਧੂਮ-ਧਾਮ ਨਾਲ ਮਨਾ ਕੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਰਸਾ ਦਿੱਤੀ ਏ।” ਇੱਕ ਟੇਬਲ ’ਤੇ ਬੈਠੇ ਨਿਰਵੈਰ ਸਿੰਘ ਨੇ ਗੱਲ ਛੇੜੀ।
“ਕਿਹੜੀ ਨਵੀਂ ਦਿਸ਼ਾ ਦਰਸਾ ਦਿੱਤੀ? ਮੇਰੀ ਜਾਚੇ ਤਾਂ ਇਹ ਸਮਾਜ ਨੂੰ ਕੁਰਾਹੇ ਪਾਉਣ ਵਾਲੀ ਗੱਲ ਏ।” ਕੋਲ ਹੀ ਬੈਠੇ ਪ੍ਰਕਾਸ਼ ਨੇ ਨਿਰਵੈਰ ਸਿੰਘ ਦੀ ਆਖੀ ਗੱਲ ਨੂੰ ਕਾਟ ਕੀਤਾ।
“ਯਾਰ, ਕੁਰਾਹੇ ਕਿਵੇਂ ਪਾਇਆ? ਕੀ ਲੜਕੀਆਂ, ਲੜਕਿਆਂ ਦੇ ਬਰਾਬਰ ਨ੍ਹੀਂ ਹੁੰਦੀਆਂ? ਮੈਨੂੰ ਤਾਂ ਤੂੰ ਵੀ ਉਲਟੀ ਮੱਤ ਵਾਲਾ ਬੰਦਾ ਈ ਲੱਗਦੈਂ। ਚੰਗੇ ਕੰਮ ਦੀ ਪ੍ਰਸੰਸਾ ਤਾਂ ਕੀ ਕਰਨੀ ਆ, ਉਲਟਾ ਭੰਡੀ ਪ੍ਰਚਾਰ ਕਰਨ ’ਤੇ ਈ ਲੱਕ ਬੰਨ੍ਹਿਆ ਹੋਇਐ।” ਨਿਰਵੈਰ ਸਿੰਘ ਕੁਝ ਮੂਡ ਵਿੱਚ ਹੋਣ ਕਾਰਨ ਪ੍ਰਕਾਸ਼ ਦੀ ਆਖੀ ਗੱਲ ਸੁਣਦੇ ਸਾਰ ਹੀ ਉਸ ’ਤੇ ਟੁੱਟ ਕੇ ਪਿਆ।
“ਠੀਕ ਐ, ਮੈਂ ਤੇਰੀ ਗੱਲ ਮੰਨ ਲੈਨਾ ਪਰ ਇਹਦਾ ਮਤਲਬ ਇਹ ਵੀ ਨਹੀਂ ਐਂ ਕਿ ਲੋਹੜੀ ਵਰਗੇ ਤਿਉਹਾਰ ’ਤੇ ਪਾਣੀ ਵਾਂਗ ਅਜਾਈਂ ਪੈਸਾ ਵਹਾ ਦਿਓ। ਜ਼ਿਆਦਾ ਪੈਸਾ ਖ਼ਰਚਣ ਨਾਲ ਖ਼ੁਸ਼ੀ ਦਾ ਮੁੱਲ ਜ਼ਿਆਦਾ ਨ੍ਹੀਂ ਹੋ ਜਾਂਦੈ।” ਪ੍ਰਕਾਸ਼ ਹੌਲੀ ਦੇਣੀ ਫੁਸਫੁਸਾਇਆ।
“ਗੁਲਜ਼ਾਰ ਇੱਕ ਦਾਨਿਸ਼ ਬੰਦਾ ਏ। ਜੋ ਕੁਝ ਉਸ ਨੇ ਕੀਤਾ ਏ, ਸੋਚ ਸਮਝ ਕੇ ਹੀ ਕੀਤਾ ਹਊ। ਕਿਸੇ ਦੇ ਕਾਰਜ ਵਿੱਚ ਘੁਣਤਰਾਂ ਕੱਢਣੀਆਂ ਬੜੀਆਂ ਸੁਖਾਲੀਆਂ ਹੁੰਦੀਆਂ ਨੇ ਪਰ ਸਮਾਜ ਨੂੰ ਕੋਈ ਨਵੀਂ ਸੇਧ ਦੇਣੀ ਖਾਲਾ ਜੀ ਦਾ ਵਾੜਾ ਨ੍ਹੀਂ ਹੁੰਦੈ। ਇਹ ਕੋਈ ਛੋਟੀ ਗੱਲ ਏ?”
“ਮੈਂ ਮੰਨਦੈਂ ਬਈ ਗੁਲਜ਼ਾਰ ਇੱਕ ਦਾਨਾ ਸੱਜਣ ਏਂ, ਪਰ ਕਈ ਵਾਰ ਬੰਦਾ ਐਵੇਂ ਜਜ਼ਬਾਤਾਂ ਦੇ ਵਹਿਣ ਵਿੱਚ ਈ ਬੜਾ ਕੁਝ ਕਰ ਜਾਂਦੈ। ਮੰਨ ਲਓ ਜੇ ਓਹਦੇ ਕੋਲ ਚਾਰ ਪੈਸੇ ਆ ਤਾਂ ਐਵੇਂ ਥੋੜ੍ਹੇ ਲੁਟਾ ਦੇਈ ਦੇ ਐ।” ਪ੍ਰਕਾਸ਼ ਨੇ ਨਿਰਵੈਰ ਸਿੰਘ ਦੀ ਆਖੀ ਗੱਲ ਦਾ ਝੱਬਦੇ ਜਵਾਬ ਮੋੜਿਆ।
“ਪ੍ਰਕਾਸ਼, ਨਾਲੇ ਤਾਂ ਤੂੰ ਇੱਥੇ ਬੈਠਾ ਮੁਰਗਿਆਂ ਦੀਆਂ ਟੰਗਾਂ ਘਰੋੜੀ ਜਾਨੈ, ਤੇ ਨਾਲੇ ਗੁਲਜ਼ਾਰ ਦੀ ਭੰਡੀ ਕਰੀ ਜਾਨੈ। ਇਹ ਦੋ-ਦੋ ਕੰਮ ਨ੍ਹੀਂ ਚੱਲਣੇ।” ਲੰਮੇ ਸਮੇਂ ਤੋਂ ਚੱਲਦੀ ਗੱਲ ਬੜੇ ਧਿਆਨ ਨਾਲ ਸੁਣਦਾ ਹੋਇਆ ਟੇਬਲ ’ਤੇ ਬੈਠਾ ਇੱਕ ਹੋਰ ਵਿਅਕਤੀ ਮਸ਼ਕਰੀ ਜਿਹੀ ਵਿੱਚ ਬੋਲਿਆ।
“ਭਾਈ, ਸ਼ਰੀਕ ਇੱਦਾਂ ਈ ਕਰਦੇ ਹੁੰਦੇ ਆ। ਕਿਸੇ ਦੀ ਖ਼ੁਸ਼ੀ ਵਿੱਚ ਖ਼ੁਸ਼ੀ ਮਨਾਉਣੀ ਵੀ ਕਿਸੇ-ਕਿਸੇ ਨੂੰ ਆਉਂਦੀ ਐ। ਜੇ ਕਿਸੇ ਨੂੰ ਕੋਈ ਗੱਲ ਪਸੰਦ ਨ੍ਹੀਂ ਐਂ ਤਾਂ ਚੁੱਪ ਰਹਿ ਲਓ। ਤੂੰ ਤਾਂ ਇੱਥੇ ਬੈਠਾ ਸਾਡੇ ਵੀ ਰੰਗ ’ਚ ਭੰਗ ਪਾਈ ਜਾਨੈਂ।” ਨਾਲ ਹੀ ਬੈਠੇ ਬਲਵੀਰ ਨੇ ਵੀ ਪ੍ਰਕਾਸ਼ ’ਤੇ ਤਕੜਾ ਵਿਅੰਗ ਕੱਸਿਆ। ਪ੍ਰਕਾਸ਼ ਸ਼ਰਮਿੰਦਾ ਜਿਹਾ ਹੋਇਆ ਉੱਥੋਂ ਉੱਠਿਆ ਤੇ ਕਿਸੇ ਹੋਰ ਟੇਬਲ ’ਤੇ ਜਾ ਬੈਠਾ।
“ਸਮਾਜ ਵਿੱਚ ਤਰ੍ਹਾਂ-ਤਰ੍ਹਾਂ ਦੇ ਲੋਕ ਨੇ। ਅਗਲਾ ਖ਼ਰਚ ਕਰ ਰਿਹੈ, ਤੂੰ ਐਵੇਂ ਸਾੜਾ ਕਰੀ ਜਾਨੈ। ਤੁਹਾਨੂੰ ਪਤਾ ਈ ਐ, ਮੈਂ ਕਈ ਵਰ੍ਹਿਆਂ ਤੋਂ ਸ਼ਰਾਬ ਛੱਡੀ ਹੋਈ ਐ ਪਰ ਗੁਲਜ਼ਾਰ ਸਿੰਘ ਅੱਜ ਮੇਰਾ ਵੀ ਪੈੱਗ ਲੁਆ ਗਿਐ। ਨਾਲੇ ਭੰਗੜੇ ’ਚ ਵੀ ਗੇੜੀ ਦੇ ਦਿੱਤੀ ਐ। ਜੇ ਅੱਜ ਮੈਂ ਅਗਲੇ ਦੀ ਖ਼ੁਸ਼ੀ ਵਿੱਚ ਥੋੜ੍ਹੀ ਜਿਹੀ ਖ਼ੁਸ਼ੀ ਸਾਂਝੀ ਕਰ ਲਈ ਤਾਂ ਮੇਰਾ ਕੀ ਘਟ ਗਿਆ?” ਪ੍ਰਕਾਸ਼ ਦੇ ਜਾਣ ਤੋਂ ਬਾਅਦ ਨਿਰਵੈਰ ਸਿੰਘ ਬੋਲਿਆ।
“ਚਾਚਾ ਜੀ, ਅਹਿ ਦੇਖੋ! ਮੈਂ ਤੁਹਾਡੇ ਤੇ ਗੁਲਜ਼ਾਰ ਅੰਕਲ ਦੇ ਨੱਚਦਿਆਂ ਦੀ ਮੂਵੀ ਵੀ ਬਣਾਈ ਆ। ਘਰ ਜਾ ਕੇ ਚਾਚੀ ਜੀ ਨੂੰ ਦਿਖਾਊਂਗਾ।” ਪਵਿੱਤਰ ਨੇ ਹੱਸਦਿਆਂ ਆਪਣੇ ਚਾਚਾ ਨਿਰਵੈਰ ਸਿੰਘ ਨੂੰ ਮਜ਼ਾਕ ਵਿੱਚ ਛੇੜਿਆ।
“ਬਈ ਅੱਜਕੱਲ੍ਹ ਦੀ ਮੁੰਡੀਹਰ ਤਾਂ ਬਾਹਲੀ ਈ ਤੇਜ਼ ਆ। ਸਕਿੰਟ ਲਾਉਂਦੇ ਨੇ ਮੂਵੀ ਬਣਾਉਣ ਨੂੰ। ਬਲਵੀਰ ਸਿਆਂ ਹੁਣ ਤਾਂ ਬਈ ਬੜੇ ਸੰਭਲ ਕੇ ਚੱਲਣ ਦੀ ਲੋੜ ਐ।” ਨਿਰਵੈਰ ਸਿੰਘ ਨੇ ਆਪਣੇ ਨਾਲ ਬੈਠੇ ਬਲਵੀਰ ਨੂੰ ਆਖਿਆ। ਇਵੇਂ ਆਪਸ ਵਿੱਚ ਹਾਸਾ-ਠੱਠਾ ਕਰਦਿਆਂ ਲੋਹੜੀ ਦਾ ਫੰਕਸ਼ਨ ਖ਼ਤਮ ਹੋ ਗਿਆ ਸੀ। ਪਿੰਡ ਵਿੱਚ ਕਈ ਦਿਨ ਇਸ ਲੋਹੜੀ ਦੇ ਫੰਕਸ਼ਨ ਬਾਰੇ ਚੁੰਝ ਚਰਚਾ ਚੱਲਦੀ ਰਹੀ। ਸਮਾਂ ਪੁਲਾਂਘਾਂ ਪੁੱਟਦਾ ਗਿਆ।
“ਨਿਰਵੈਰ ਸਿਆਂ, ਮੈਂ ਸੁਣਿਐਂ ਗੁਲਜ਼ਾਰ ਦੇ ਘਰ ਫਿਰ ਬੱਚਾ ਹੋਣ ਵਾਲਾ ਐ। ਮੈਨੂੰ ਤਾਂ ਕੱਲ੍ਹ ਮੇਰੀ ਘਰਦੀ ਦੱਸਦੀ ਸੀ।” ਇੱਕ ਦਿਨ ਬਲਵੀਰ ਨੇ ਆਪਣੇ ਮਨ ਦੀ ਸ਼ੰਕਾ ਦੂਰ ਕਰਨ ਲਈ ਨਿਰਵੈਰ ਸਿੰਘ ਨਾਲ ਗੱਲ ਕੀਤੀ।
“ਹਾਂ-ਹਾਂ ਠੀਕ ਐ ਬਲਵੀਰ ਇਹ ਗੱਲ। ਮੈਨੂੰ ਵੀ ਗੁਲਜ਼ਾਰ ਦੱਸਦਾ ਸੀ, ਬਈ ਮਹੀਨੇ ਕੁ ਤਾਈਂ ਘਰ ਵਿੱਚ ਇੱਕ ਹੋਰ ਜੀਅ ਆ ਜਾਣੈ।”
“ਵੇਖ ਲਓ ਬਈ, ਕੁਦਰਤ ਦੇ ਜਲਵੇ। ਪਹਿਲਾਂ ਨੌਂ-ਦਸ ਸਾਲ ਬੱਚਾ ਹੋਇਆ ਈ ਨਹੀਂ, ਹੁਣ ਦੋ ਸਾਲ ਵਿੱਚ ਈ ਦੋ ਜੁਆਕ ਘਰ ਵਿੱਚ ਆ ਜਾਣੇ ਆਂ। ਇਹਨੂੰ ਆਂਹਦੇ ਆ ਰੱਬ ਦੇ ਰੰਗ।” ਬਲਵੀਰ ਹੈਰਾਨ ਹੁੰਦਾ ਹੋਇਆ ਬੋਲਿਆ।
“ਨਿਰਵੈਰ ਸਿਆਂ, ਕੱਲ੍ਹ ਸ਼ਾਮ ਨੂੰ ਘਰ ਆਈਂ। ਘਰ ਵਿੱਚ ਅੱਜ ਨਵਾਂ ਜੀਅ ਆਇਐ।” ਕੁਝ ਕੁ ਦਿਨਾਂ ਬਾਅਦ ਸ਼ਾਮ ਵਕਤ ਫੋਨ ’ਤੇ ਗੁਲਜ਼ਾਰ ਨੇ ਆਪਣੇ ਖ਼ਾਸ ਦੋਸਤ ਨਿਰਵੈਰ ਸਿੰਘ ਨੂੰ ਖ਼ਬਰ ਸੁਣਾਈ।
“ਗੁਲਜ਼ਾਰ, ਫਿਰ ਤਾਂ ਤੈਨੂੰ ਵਧਾਈਆਂ ਹੋਣ ਬਈ। ਕੀ ਲੜਕੀ ਏ ਜਾਂ ਲੜਕਾ?” ਖ਼ੁਸ਼ ਹੋਏ ਨਿਰਵੈਰ ਸਿੰਘ ਨੇ ਵੀ ਆਪਣੇ ਮਿੱਤਰ ਨੂੰ ਖ਼ੁਸ਼ ਹੋ ਕੇ ਵਧਾਈਆਂ ਦਿੰਦਿਆਂ ਪੁੱਛਿਆ।
“ਨਿਰਵੈਰ ਸਿਆਂ, ਘਰ ਨੂੰ ਫਿਰ ਭਾਗ ਲੱਗ ਗਏ ਆ।” ਪੈੱਗ ਲੱਗਾ ਹੋਣ ਕਾਰਨ ਗੁਲਜ਼ਾਰ ਮੂਡ ਵਿੱਚ ਉੱਚੀ ਦੇਣੀ ਬੋਲਿਆ।
“ਗੁਲਜ਼ਾਰ, ਮੈਂ ਤੇਰੀ ਗੱਲ ਸਮਝਿਆ ਨਹੀਂ?”
“ਘਰ ਵਿੱਚ ਫਿਰ ਪਰੀ ਆ ਗਈ ਏ ਪਰੀ।”
“ਮਤਲਬ, ਲੜਕੀ ਹੋਈ ਏ?”
“ਹਾਂ-ਹਾਂ-ਹਾਂ ਨਿਰਵੈਰ ਸਿਆਂ ਲੜਕੀ। ਨਾਲੇ ਇਕੱਠੇ ਬੈਠ ਕੇ ਇੱਕ-ਇੱਕ ਪੈੱਗ ਲਾਵਾਂਗੇ, ਨਾਲੇ ਲੋਹੜੀ ਬਾਰੇ ਸਲਾਹ ਕਰਾਂਗੇ। ਤੂੰ ਕੱਲ੍ਹ ਜ਼ਰੂਰ ਆਵੀਂ।”
“ਠੀਕ ਏ, ਠੀਕ ਏ ਗੁਲਜ਼ਾਰ। ਮੈਂ ਜ਼ਰੂਰ ਆਊਂ। ਨਾਲੇ ਬਹਾਨੇ ਨਾਲ ਲੜਕੀ ਵੇਖ ਜਾਊਂ।” ਨਿਰਵੈਰ ਸਿੰਘ ਨੇ ਆਖਿਆ ਤੇ ਫਿਰ ਛੇਤੀ ਹੀ ਗੁਲਜ਼ਾਰ ਨੇ ਫੋਨ ਕੱਟ ਦਿੱਤਾ।
ਇਸ ਵਾਰ ਗੁਲਜ਼ਾਰ ਵੱਲੋਂ ਲੋਹੜੀ ਦਾ ਪ੍ਰੋਗਰਾਮ ਪਹਿਲਾਂ ਨਾਲੋਂ ਵੀ ਜ਼ੋਰ-ਸ਼ੋਰ ਨਾਲ ਮਨਾਇਆ ਗਿਆ। ਇਸ ਵਾਰ ਤਾਂ ਉਸ ਨੇ ਇੱਕ ਗਾਉਣ ਵਾਲੇ ਨੂੰ ਵੀ ਸੱਦਿਆ ਹੋਇਆ ਸੀ। ਗਾਉਣ ਵਾਲੇ ਨੂੰ ਸੁਣਨ ਲਈ ਉੱਥੇ ਦੂਰੋਂ-ਦੂਰੋਂ ਲੋਕ ਆ ਗਏ। ਪੰਡਾਲ ਦੀ ਰੌਣਕ ਵੇਖਣ ਵਾਲੀ ਸੀ। ਇਸ ਲੜਕੀ ਦੀ ਲੋਹੜੀ ਦੇ ਫੰਕਸ਼ਨ ਤੋਂ ਪ੍ਰਭਾਵਿਤ ਹੋ ਕੇ ਉੱਥੇ ਆਇਆ ਹੋਇਆ ਇੱਕ ਪ੍ਰੈੱਸ ਰਿਪੋਰਟਰ ਆਪਣੀ ਖ਼ਬਰ ਬਣਾਉਣ ਲਈ ਗੁਲਜ਼ਾਰ ਨੂੰ ਉਚੇਚੇ ਤੌਰ ’ਤੇ ਮਿਲਿਆ। ਗੁਲਜ਼ਾਰ ਹੋਰ ਵੀ ਖ਼ੁਸ਼ ਹੋ ਗਿਆ।
“ਗੁਲਜ਼ਾਰ ਭਾਅ ਜੀ, ਤੁਸੀਂ ਦੱਸੋਗੇ, ਲੜਕੀਆਂ ਦੀ ਲੋਹੜੀ ਮਨਾਉਣ ਦੀ ਪ੍ਰੇਰਨਾ ਤੁਹਾਨੂੰ ਕਿੱਥੋਂ ਮਿਲੀ ਏ?” ਪ੍ਰੈੱਸ ਰਿਪੋਰਟਰ ਨੇ ਪਹਿਲਾ ਸਵਾਲ ਕੀਤਾ।
“ਭਾਅ ਜੀ, ਸੇਧ ਤਾਂ ਬੰਦੇ ਨੂੰ ਖ਼ੁਦ ਅੰਦਰੋਂ ਈ ਮਿਲਦੀ ਆ। ਬਾਕੀ ਤੁਹਾਡੇ ਵਰਗੇ ਉਤਸ਼ਾਹੀ ਨੌਜੁਆਨਾਂ ਦੇ ਸਹਿਯੋਗ ਦਾ ਵੀ ਬਹੁਤ ਵੱਡਾ ਰੋਲ ਹੁੰਦੈ।” ਗੁਲਜ਼ਾਰ ਨੇ ਖ਼ੁਸ਼ ਹੋ ਕੇ ਜਵਾਬ ਦਿੱਤਾ।
“ਗੁਲਜ਼ਾਰ ਜੀ, ਜੇ ਲੜਕੀ ਦੀ ਥਾਂ ਲੜਕਾ ਹੁੰਦਾ ਫਿਰ ਲੋਹੜੀ ਕਿਵੇਂ ਮਨਾਉਂਦੇ?” ਪ੍ਰੈੱਸ ਰਿਪੋਰਟਰ ਨੇ ਫਿਰ ਪੁੱਛਿਆ।
“ਭਾਅ ਜੀ, ਮੈਂ ਲੜਕੇ ਤੇ ਲੜਕੀ ਵਿੱਚ ਕੋਈ ਅੰਤਰ ਨਹੀਂ ਸਮਝਦਾ। ਦੋਵੇਂ ਹੀ ਰੱਬ ਦੇ ਜੀਅ ਨੇ। ਜਿਵੇਂ ਮੈਂ ਲੜਕੀਆਂ ਦੀ ਲੋਹੜੀ ਮਨਾਈ ਆ, ਉਵੇਂ ਹੀ ਲੜਕੇ ਦੀ ਮਨਾਉਣੀ ਸੀ।”
“ਗੁਲਜ਼ਾਰ ਭਾਅ ਜੀ, ਕਈ ਲੋਕ ਪੰਡਾਲ ਵਿੱਚ ਬੈਠੇ ਗੱਲਾਂ ਕਰਦੇ ਸੀ ਬਈ ਗੁਲਜ਼ਾਰ ਦੇ ਘਰ ਕਾਫ਼ੀ ਲੰਬਾ ਸਮਾਂ ਕੋਈ ਔਲਾਦ ਨਹੀਂ ਸੀ ਹੋਈ। ਇਸ ਲਈ ਜਾਇਦਾਦ ਦੇ ਵਾਰਿਸ ਨਾ ਹੋਣ ਦਾ ਝੋਰਾ ਉਸ ਨੂੰ ਅੰਦਰੋਂ-ਅੰਦਰ ਵੱਢ-ਵੱਢ ਖਾਂਦਾ ਸੀ। ਹੁਣ ਉਸ ਨੂੰ ਆਪਣੀ ਮਿਹਨਤ ਨਾਲ ਬਣਾਈ ਜਾਇਦਾਦ ਸੰਭਾਲਣ ਲਈ ਵਾਰਿਸ ਮਿਲ ਗਿਐ। ਬਸ ਇਸ ਅਚਾਨਕ ਮਿਲੀ ਖ਼ੁਸ਼ੀ ਕਾਰਨ ਹੀ ਉਹ ਲੜਕੀਆਂ ਦੀ ਲੋਹੜੀ ਧੂਮ-ਧਾਮ ਨਾਲ ਮਨਾ ਰਿਹੈ।”
“ਭਾਅ ਜੀ, ਅਸੀਂ ਲੋਕਾਂ ਦੀ ਜ਼ੁਬਾਨ ਥੋੜ੍ਹੇ ਫੜ ਲੈਣੀ ਆਂ। ਜੋ ਮਰਜ਼ੀ ਆਖੀ ਜਾਣ। ਕਿਹੜਾ ਵਿਅਕਤੀ ਆ, ਜਿਸ ਦਾ ਸਮਾਜ ਵਿੱਚ ਵਿਰੋਧ ਨਹੀਂ ਹੁੰਦਾ?” ਗੁਲਜ਼ਾਰ ਬੜੇ ਮਾਣ ਨਾਲ ਬੋਲਿਆ।
“ਗੁਲਜ਼ਾਰ ਜੀ, ਤੁਸੀਂ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੋਗੇ?” ਪ੍ਰੈੱਸ ਰਿਪੋਰਟਰ ਨੇ ਆਖ਼ਰੀ ਸਵਾਲ ਕੀਤਾ।
“ਵੀਰ, ਮੇਰਾ ਸੁਨੇਹਾ ਤਾਂ ਇਹੋ ਈ ਆ ਬਈ ਸਾਨੂੰ ਲੜਕੇ ਤੇ ਲੜਕੀਆਂ ਵਿੱਚ ਕੋਈ ਭੇਦ-ਭਾਵ ਨਹੀਂ ਰੱਖਣਾ ਚਾਹੀਦਾ। ਇਸੇ ਵਿੱਚ ਸਮਾਜ ਦੀ ਭਲਾਈ ਏ। ਸਾਡਾ ਵਿਰਸਾ ਵੀ ਸਾਨੂੰ ਇਹੋ ਕੁਝ ਸਿਖਾਉਂਦਾ ਏ।”
“ਨਿਰਵੈਰ ਸਿਆਂ, ਬਣਾ ਦੋ ਪੈੱਗ। ਅੱਜ ਆਪਾਂ ਫਿਰ ਇੱਕ-ਇੱਕ ਪੈੱਗ ਇਕੱਠੇ ਲਾਈਏ।” ਪ੍ਰੈੱਸ ਰਿਪੋਰਟਰ ਨੂੰ ਮਿਲਣ ਤੋਂ ਬਾਅਦ ਖ਼ੁਸ਼ੀ ਵਿੱਚ ਖੀਵਾ ਹੋਇਆ ਗੁਲਜ਼ਾਰ ਸਿੱਧਾ ਨਿਰਵੈਰ ਸਿੰਘ ਦੇ ਟੇਬਲ ’ਤੇ ਗਿਆ। ਦੋਵਾਂ ਨੇ ਇਕੱਠਿਆਂ ਫਿਰ ਇੱਕ-ਇੱਕ ਪੈੱਗ ਲਾ ਲਿਆ। ਨਿਰਵੈਰ ਸਿੰਘ ਵੀ ਆਪਣੇ ਮਿੱਤਰ ਨੂੰ ਨਾਂਹ ਨਾ ਕਰ ਸਕਿਆ।
“ਅੰਕਲ ਜੀ, ਤੁਸੀਂ ਨਿਰਵੈਰ ਸਿੰਘ ਅੰਕਲ ਨਾਲ ਤਾਂ ਖ਼ੁਸ਼ੀ ਸਾਂਝੀ ਕਰ ਲਈ ਆ, ਹੁਣ ਆਓ ਸਾਡੇ ਨਾਲ ਵੀ ਕਰ ਲਓ।” ਇੰਨੇ ਨੂੰ ਨਾਲ ਦੇ ਟੇਬਲ ’ਤੇ ਬੈਠੇ ਮੁੰਡਿਆਂ ਵਿੱਚੋਂ ਇੱਕ ਨੇ ਆਖਿਆ। ਉਨ੍ਹਾਂ ਵੀ ਗੁਲਜ਼ਾਰ ਨੂੰ ਮੱਲੋ-ਮੱਲੀ ਇੱਕ ਪੈੱਗ ਹੋਰ ਲੁਆ ਦਿੱਤਾ। ਹੁਣ ਤਾਂ ਗੁਲਜ਼ਾਰ ਪੰਡਾਲ ਵਿੱਚ ਮੇਲ੍ਹਦਾ ਫਿਰਦਾ ਸੀ। ਉੱਪਰੋਂ ਗਾਉਣ ਵਾਲੇ ਨੇ ਵੀ ਪੂਰਾ ਰੰਗ ਬੰਨ੍ਹਿਆ ਹੋਇਆ ਸੀ। ਚਾਰ-ਪੰਜ ਘੰਟੇ ਦਾ ਇਹ ਰੰਗਾ-ਰੰਗ ਪ੍ਰੋਗਰਾਮ ਹਵਾ ਦੇ ਬੁੱਲੇ ਵਾਂਗ ਬੀਤ ਗਿਆ। ਪਤਾ ਹੀ ਨਾ ਲੱਗਾ, ਕਦੋਂ ਨ੍ਹੇਰਾ ਪਸਰ ਗਿਆ ਸੀ।
“ਚਾਚਾ ਜੀ, ਆਹ ਵੇਖੋ ਤੁਹਾਡੀ ਅਖ਼ਬਾਰ ਵਿੱਚ ਫੋਟੋ।” ਦੂਸਰੇ ਦਿਨ ਸੁਵਖਤੇ ਹੀ ਗੁਲਜ਼ਾਰ ਦੇ ਭਤੀਜੇ ਨੇ ਉਸ ਨੂੰ ਅਖ਼ਬਾਰ ਵਿੱਚ ਲੱਗੀ ਖ਼ਬਰ ਸਮੇਤ ਫੋਟੋ ਵਿਖਾਈ। ਗੁਲਜ਼ਾਰ ਇਹ ਖ਼ਬਰ ਵੇਖ ਕੇ ਗਦ-ਗਦ ਹੋ ਗਿਆ। ਉਹ ਇਸ ਖ਼ਬਰ ਨੂੰ ਵਾਰ-ਵਾਰ ਨਿਹਾਰ ਰਿਹਾ ਸੀ, ਜਿਵੇਂ ਉਸ ਨੂੰ ਕੋਈ ਅਜੀਬ ਕਿਸਮ ਦੀ ਖ਼ੁਸ਼ੀ ਮਿਲ ਰਹੀ ਹੋਵੇ। ਫਿਰ ਉਸ ਨੇ ਇਹ ਫੋਟੋ ਵਾਲੀ ਅਖ਼ਬਾਰ ਸੰਭਾਲ ਕੇ ਆਪਣੀ ਅਲਮਾਰੀ ਵਿੱਚ ਰੱਖ ਲਈ।
ਇੰਨੇ ਨੂੰ ਮੋਬਾਈਲ ’ਤੇ ਰਿੰਗ ਖੜਕੀ। ਇੰਗਲੈਂਡ ਤੋਂ ਗੁਲਜ਼ਾਰ ਦੀ ਭੈਣ ਦਾ ਫੋਨ ਸੀ।
“ਕਸ਼ਮੀਰ ਕੌਰੇ, ਅੱਜ ਸੁਵਖਤੇ ਹੀ ਫੋਨ ਕਰ ਦਿੱਤਾ। ਸੁੱਖ ਤਾਂ ਹੈ?” ਸੁਵਖਤੇ ਹੀ ਆਏ ਫੋਨ ਤੋਂ ਦਹਿਲ ਕੇ ਗੁਲਜ਼ਾਰ ਨੇ ਕਾਹਲੀ ਵਿੱਚ ਪੁੱਛਿਆ।
“ਵੀਰਾ, ਸਭ ਠੀਕ-ਠਾਕ ਐ, ਪਰ ਮੈਂ ਤਾਂ ਫੋਨ ਇਸ ਕਰਕੇ ਕੀਤਾ, ਮੈਨੂੰ ਹੁਣੇ ਰਮਨ ਨੇ ਦੱਸਿਆ ਬਈ ਮਾਮਾ ਜੀ ਦੀ ਤਾਂ ਅੱਜ ਅਖ਼ਬਾਰ ਵਿੱਚ ਫੋੋਟੋ ਲੱਗੀ ਹੋਈ ਏ। ਫਿਰ ਉਹਨੇ ਇਹ ਸਾਰੀ ਖ਼ਬਰ ਮੈਨੂੰ ਪੜ੍ਹ ਕੇ ਸੁਣਾਈ। ਮੈਨੂੰ ਤਾਂ ਸੁਣ ਕੇ ਖ਼ੁਸ਼ੀ ਈ ਬੜੀ ਹੋਈ ਏ। ਲੜਕੀ ਦੀ ਲੋਹੜੀ ਮਨਾਉਣ ਕਰਕੇ ਸਾਡੇ ਖ਼ਾਨਦਾਨ ਦੀ ਕਿੰਨੀ ਸ਼ੋਭਾ ਬਣ ਗਈ ਏ।” ਕਸ਼ਮੀਰ ਕੌਰ ਹੁੱਬ ਕੇ ਬੋਲੀ।
“ਕਸ਼ਮੀਰ ਕੌਰੇ, ਜੇ ਕਿਤੇ ਤੂੰ ਇੱਥੇ ਹੁੰਦੀ, ਵੇਖਦੀ ਤਾਂ ਸਈ! ਕਿੰਨੀ ਰੌਣਕ ਸੀ। ਕਿਤੇ ਤਿਲ ਧਰਨ ਨੂੰ ਥਾਂ ਨਹੀਂ ਸੀ। ਲੜਕੀ ਦੀ ਲੋਹੜੀ ਮਨਾਉਣ ਕਰਕੇ ਹਰ ਕੋਈ ਸਾਡੇ ਪਰਿਵਾਰ ਦੀ ਸਿਫ਼ਤ ਕਰਦਾ ਸੀ।”
“ਵੀਰਾ, ਸ਼ੋਭਾ ਵਾਲੇ ਕੰਮ ਦੀ ਸਭ ਲੋਕ ਸ਼ੋਭਾ ਈ ਕਰਦੇ ਹੁੰਦੇ ਆ। ਇਹ ਤਾਂ ਵਧੀਆ ਹੋ ਗਿਆ। ਚੰਗਾ ਵੀਰਾ, ਹੁਣ ਤੂੰ ਵੀ ਕੱਲ੍ਹ ਦਾ ਥੱਕਿਆ ਹੋਣੈ। ਮੈਂ ਕਿਸੇ ਦਿਨ ਫਿਰ ਫੋਨ ਕਰਾਂਗੀ। ਸਤਿ ਸ੍ਰੀ ਅਕਾਲ!” ਫਿਰ ਛੇਤੀ ਹੀ ਫੋਨ ਕੱਟਿਆ ਗਿਆ। ਸਮਾਂ ਆਪਣੀ ਤੋਰੇ ਤੁਰਦਾ ਗਿਆ। ਦਿਨ, ਮਹੀਨੇ ਜਿਵੇਂ ਨੱਸੇ ਜਾਂਦੇ ਹੋਣ।
“ਭਜਨੋ, ਆਹ ਲੱਡੂ ਕਿਹਦਿਉਂ ਆਏ ਆ?” ਇੱਕ ਦਿਨ ਬਚਨੇ ਨੇ ਸ਼ੈਲਫ਼ ’ਤੇ ਲੱਡੂਆਂ ਦਾ ਡੱਬਾ ਪਿਆ ਵੇਖ ਆਪਣੀ ਘਰਵਾਲੀ ਨੂੰ ਪੁੱਛਿਆ।
“ਜੀ ਥੋਨੂੰ ਪਤਾ ਈ ਨਹੀਂ! ਗੁਲਜ਼ਾਰ ਦੇ ਘਰ ਤਾਂ ਮੁੰਡਾ ਹੋਇਐ।” ਭਜਨ ਕੌਰ ਅਹੁਲ ਕੇ ਬੋਲੀ।
“ਹੈਂ! ਗੁਲਜ਼ਾਰ ਦੇ ਮੁੰਡਾ ਹੋਇਐ? ਅਜੇ ਪਿਛਲੇ ਸਾਲ ਤਾਂ ਉਹ ਦੂਜੀ ਕੁੜੀ ਦੀ ਲੋਹੜੀ ਪਾ ਕੇ ਹਟਿਐ। ਬਈ ਆਹ ਤਾਂ ਉਹ ਗੱਲ ਆ, ਜਿਹਨੂੰ ਰੱਬ ਦਿੰਦਾ ਛੱਪਣ ਪਾੜ ਕੇ ਦਿੰਦੈ। ਪਹਿਲਾਂ ਨੌਂ-ਦਸ ਸਾਲ ਇੱਕ ਜੀਅ ਨੂੰ ਈ ਤਰਸੀ ਗਿਆ ਤੇ ਹੁਣ ਤਿੰਨ-ਚਾਰ ਸਾਲਾਂ ਵਿੱਚ ਹੀ ਉਪਰੋ-ਥਲੀ ਤਿੰਨਾਂ ਜੁਆਕਾਂ ਦਾ ਬਾਪ ਬਣ ਗਿਐ।” ਬਚਨਾ ਇੱਕ ਲੱਡੂ ਨੂੰ ਚੁੱਕ ਕੇ ਖਾਂਦਾ ਹੋਇਆ ਹੈਰਾਨੀ ਵਿੱਚ ਬੋਲਿਆ।
“ਜੀ, ਤੁਸੀਂ ਐਦਾਂ ਕਰਿਓ, ਨਾਲੇ ਜਾ ਕੇ ਬਹਾਨੇ ਨਾਲ ਵਧਾਈਆਂ ਦੇ ਆਇਓ ਤੇ ਨਾਲੇ ਸ਼ਗਨ ਫੜਾ ਆਇਓ।” ਭਜਨੋ ਨੇ ਆਪਣੇ ਘਰ ਵਾਲੇ ਨੂੰ ਸਲਾਹ ਦਿੱਤੀ।
“ਭਜਨੋ, ਸ਼ਗਨ ਤਾਂ ਆਪਾਂ ਲੋਹੜੀ ਵਾਲੇ ਦਿਨ ਈ ਦੇਵਾਂਗੇ, ਹੁਣ ਤਾਂ ਊਂ ਜਾ ਕੇ ਮੈਂ ਵਧਾਈਆਂ ਦੇ ਆਊਂ। ਨਾਲੇ ਦੁਬਾਰਾ ਮੂੰਹ ਮਿੱਠਾ ਕਰ ਆਊਂ।”
“ਓਹ, ਊਂ ਸੱਚ ਗੁਲਜ਼ਾਰ ਨੇ ਲੋਹੜੀ ਵੀ ਪਾਉਣੀ ਆਂ। ਗੱਲ ਠੀਕ ਆ ਥੋਡੀ, ਸ਼ਗਨ ਉੱਦਣ ਹੋ ਜਾਊ। ਨਾਲੇ ਟੌਹਰ ਬਣੂਗੀ।” ਭਜਨੋ ਨੇ ਵੀ ਆਪਣੇ ਘਰ ਵਾਲੇ ਨਾਲ ਸਹਿਮਤੀ ਪ੍ਰਗਟਾਈ।
“ਬਈ, ਇਸ ਵਾਰ ਤਾਂ ਗੁਲਜ਼ਾਰ ਪਹਿਲਾਂ ਨਾਲੋਂ ਵੀ ਗੱਜ-ਵੱਜ ਕੇ ਲੋਹੜੀ ਪਾਊ।” ਇੱਕ ਦਿਨ ਪਵਿੱਤਰ ਨੇ ਪਿੰਡ ਦੀ ਜੁੜੀ ਢਾਣੀ ਵਿੱਚ ਗੱਲ ਛੇੜੀ।
“ਪਵਿੱਤਰ, ਨਜ਼ਾਰਾ ਫੁੱਲ ਵੱਝੂ ਕਿ...। ਮਿੱਤਰੋ ਹੁਣ ਤੋਂ ਈ ਦੰਦ ਤਿੱਖੇ ਕਰ ਲਓ।” ਪਵਿੱਤਰ ਦੀ ਗੱਲ ਸੁਣਦੇ ਹੀ ਵੈਲੀ ਨਿੰਦਾ ਬੋਲਿਆ।
“ਨਿੰਦੇ, ਅਜੇ ਤਾਂ ਲੋਹੜੀ ਨੂੰ ਖਾਸਾ ਸਮਾਂ ਪਿਆ ਐ। ਤੂੰ ਹੁਣ ਈ ਦੰਦ ਤਿੱਖੇ ਕਰਨ ਲੱਗ ਪਿਐਂ।” ਵਿੱਚੋਂ ਹੀ ਇੱਕ ਹੋਰ ਆਵਾਜ਼ ਆਈ।
“ਖਾਸਾ ਸਮਾਂ ਕਿੰਨਾ ਕੁ ਆ। ਸਾਰੇ ਦੋ-ਤਿੰਨ ਮਹੀਨੇ ਲੋਹੜੀ ਨੂੰ ਰਹਿ ਗਏ ਆ। ਲੋਹੜੀ ਆਈ ਕਿ ਆਈ।” ਇਹ ਆਵਾਜ਼ ਸੁਣ ਕੇ ਵੈਲੀ ਨਿੰਦਾ ਝਬਦੇ ਬੋਲਿਆ। ਗੁਲਜ਼ਾਰ ਦੇ ਸਭ ਮਿੱਤਰ-ਸੱਜਣ ਤੇ ਸਕੇ-ਸਬੰਧੀ ਲੋਹੜੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਇੰਤਜ਼ਾਰ ਕਰਦਿਆਂ ਲੋਹੜੀ ਦਾ ਤਿਉਹਾਰ ਆ ਗਿਆ ਸੀ। ਸਾਰੇ ਨਗਰ ਵਿੱਚ ਖ਼ੂਬ ਜਸ਼ਨ ਮਨਾਇਆ ਜਾ ਰਿਹਾ ਸੀ। ਸਭ ਲੋਕ ਖ਼ੁਸ਼ੀ-ਖ਼ੁਸ਼ੀ ਆਪਣੇ ਲੜਕਿਆਂ ਦੀ ਲੋਹੜੀ ਪਾ ਰਹੇ ਸਨ ਪਰ ਗੁਲਜ਼ਾਰ ਦੇ ਘਰ ਤਾਂ ਬਿਲਕੁਲ ਸੁੰਨ-ਸਾਨ ਪਸਰੀ ਪਈ ਸੀ। ਲੋਕ ਸ਼ਸ਼ੋਪੰਜ ਵਿੱਚ ਪਏ ਹੋਏ ਸਨ। ਕੋਈ ਆਖਦਾ ਸੀ, “ਗੁਲਜ਼ਾਰ ਲੋਹੜੀ ਕਿਸੇ ਹੋਰ ਦਿਨ ਮਨਾਏਗਾ ਕਿਉਂਕਿ ਪਿੰਡ ਵਿੱਚ ਇੱਕੋ ਦਿਨ ਕਈ ਘਰਾਂ ਵਿੱਚ ਲੋਹੜੀ ਮਨਾਉਣ ਕਾਰਨ ਕੋਈ ਮਜ਼ਾ ਨਹੀਂ ਆਉਂਦੈ। ਉਹ ਇਸ ਤਿਉਹਾਰ ਨੂੰ ਬਾਕੀਆਂ ਨਾਲੋਂ ਨਿਵੇਕਲਾ ਮਨਾ ਕੇ ਸਮਾਜ ਵਿੱਚ ਰੋਅ੍ਹਬ ਬਣਾਏਗਾ।”
“ਰੱਬ ਨੇ ਗੁਲਜ਼ਾਰ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਦਿੱਤੀਆਂ ਨੇ। ਉਹ ਹੁਣ ਘੁਮੰਡ ਵਿੱਚ ਆ ਗਿਆ ਲੱਗਦੈ। ਬਸ ਇਸੇ ਕਰਕੇ ਚੁੱਪ ਵੱਟ ਲਈ ਏ।” ਕੋਈ ਇੰਝ ਸੋਚਦਾ।
ਕੋਈ ਆਖਦਾ, “ਲੜਕੀਆਂ ਦੀ ਲੋਹੜੀ ਮਨਾਉਣ ਕਾਰਨ ਗੁਲਜ਼ਾਰ ਦੀ ਖਾਸੀ ਸ਼ੁਹਰਤ ਹੋ ਗਈ ਏ। ਉਹ ਆਪਣੀ ਸ਼ੁਹਰਤ ਨੂੰ ਬਰਕਰਾਰ ਰੱਖਣ ਲਈ ਲੜਕੇ ਦੀ ਲੋਹੜੀ ਨਾ ਮਨਾ ਕੇ ਸ਼ੈਤਾਨੀ ਕਰ ਰਿਹਾ ਏ।”
“ਨਿਰਵੈਰ ਸਿਆਂ, ਪਹਿਲਾਂ ਤਾਂ ਗੁਲਜ਼ਾਰ ਲੋਹੜੀ ਮਨਾਉਣ ਲਈ ਤੇਰੀ ਸਲਾਹ ਲੈਂਦਾ ਹੁੰਦਾ ਸੀ ਪਰ ਇਸ ਵਾਰ ਤਾਂ ਉਹਨੇ ਤੇਰੀ ਸਲਾਹ ਵੀ ਨਹੀਂ ਲਈ। ਊਂ ਤੇਰਾ ਪੱਕਾ ਮਿੱਤਰ ਐ।” ਲੋਹੜੀ ਤੋਂ ਬਾਅਦ ਦੂਸਰੇ-ਤੀਸਰੇ ਦਿਨ ਰਾਹ ਵਿੱਚ ਮਿਲੇ ਨਿਰਵੈਰ ਸਿੰਘ ਨੂੰ ਬਲਵੀਰ ਨੇ ਉਚੇਚੇ ਤੌਰ ’ਤੇ ਪੁੱਛਿਆ।
“ਬਲਵੀਰ, ਠੀਕ ਏ, ਗੁਲਜ਼ਾਰ ਮੇਰਾ ਬਚਪਨ ਤੋਂ ਮਿੱਤਰ ਏ ਪਰ ਜਿੱਥੋਂ ਤਾਈਂ ਸਲਾਹ ਦੀ ਗੱਲ ਏ, ਮੈਂ ਬਿਨ ਮੰਗਿਆਂ ਕਿਸੇ ਨੂੰ ਸਲਾਹ ਨ੍ਹੀਂ ਦਿੰਦਾ। ਲੋਹੜੀ ਮਨਾਉਣੀ, ਨਾ ਮਨਾਉਣੀ ਉਹਦਾ ਨਿੱਜੀ ਮਸਲਾ ਏ।” ਨਿਰਵੈਰ ਸਿੰਘ ਨੇ ਬਲਵੀਰ ਨੂੰ ਦੋ ਟੁੱਕ ਜਵਾਬ ਦਿੱਤਾ। ਨਿਰਵੈਰ ਸਿੰਘ ਦਾ ਜਵਾਬ ਸੁਣ ਕੇ ਬਲਵੀਰ ਚੁੱਪ ਕਰ ਗਿਆ ਪਰ ਬਲਵੀਰ ਦੇ ਮਨ ਨੂੰ ਤਾਂ ਅੱਚੋਤਾਈ ਲੱਗੀ ਪਈ ਸੀ। ਉਹ ਵਿਚਲੀ ਗੱਲ ਪਤਾ ਕਰਨ ਲਈ ਉਤਾਵਲਾ ਹੋਇਆ ਪਿਆ ਸੀ। ਇੱਕ ਦਿਨ ਗੁਲਜ਼ਾਰ ਨੂੰ ਪੈਲੀ ਵੱਲ ਜਾਂਦਿਆਂ ਉਸ ਨੇ ਪੁੱਛ ਹੀ ਲਿਆ, “ਗੁਲਜ਼ਾਰ, ਐਤਕੀਂ ਤਾਂ ਤੈਂ ਕਮਾਲ ਈ ਕਰ ਦਿੱਤੀ ਏ। ਲੋਹੜੀ ਦੇ ਦਿਨ ਕੁਸਕਿਆ ਈ ਨਹੀਂ। ਲੜਕੀਆਂ ਦੀ ਲੋਹੜੀ ਤਾਂ ਤੂੰ ਬੜੀ ਟੌਹਰ ਨਾਲ ਮਨਾਈ ਸੀ।”
“ਬਲਵੀਰ ਸਿਆਂ, ਤੂੰ ਤਾਂ ਆਪ ਸਿਆਣੈ, ਮੈਂ ਸਮਾਜ ਨੂੰ ਨਵੀਂ ਸੇਧ ਦੇਣੀ ਸੀ, ਉਹ ਦੇ ਦਿੱਤੀ ਏ। ਹੁਣ ਲੋਕ ਵੇਖਣ। ਇਸ ਵਾਰ ਲੋਹੜੀ ਦਾ ਸ਼ਗਨ ਮੈਂ ਪਰਿਵਾਰ ਵਿੱਚ ਈ ਕਰ ਲਿਆ ਏ।” ਗੁਲਜ਼ਾਰ ਨੇ ਬਸ ਇੰਨਾ ਆਖਿਆ ਤੇ ਚੁੱਪੀ ਵੱਟ ਲਈ। “ਲੋਕ ਝੂਠ ਨ੍ਹੀਂ ਆਂਹਦੇ। ਲੜਕਾ ਹੋਣ ਤੋਂ ਬਾਅਦ ਗੁਲਜ਼ਾਰ ਘੁਮੰਡ ਵਿੱਚ ਆ ਗਿਆ ਏ। ਉਸ ਨੇ ਲੋਹੜੀ ਵਾਲੇ ਦਿਨ ਮੇਰੇ ਨਾਲ ਵੀ ਕੋਈ ਸੁਲਾਹ ਨਹੀਂ ਮਾਰੀ। ਫਿਰ ਮੇਰਾ ਉਹ ਕਾਹਦਾ ਮਿੱਤਰ ਹੋਇਆ। ਲੋਕ ਮੈਨੂੰ ਐਵੇਂ ਨ੍ਹੀਂ ਤਾਅਨੇ ਮਾਰਦੇ। ਜ਼ਰੂਰ ਦਾਲ ਵਿੱਚ ਕੁਝ ਕਾਲਾ ਏ।” ਲੋਕਾਂ ਦੇ ਤਾਅਨੇ-ਮਿਹਣੇ ਸੁਣ-ਸੁਣ ਕੇ ਅੱਕੇ ਹੋਏ ਨਿਰਵੈਰ ਸਿੰਘ ਦੇ ਮਨ ਵਿੱਚ ਇੱਕ ਦਿਨ ਇਹ ਗੱਲ ਆਈ। ਉਸ ਨੇ ਰੰਜ-ਰੰਜ ਵਿੱਚ ਗੁਲਜ਼ਾਰ ਦੇ ਘਰ ਜਾਣਾ ਹੀ ਬੰਦ ਕਰ ਦਿੱਤਾ। ਕਈ ਦਿਨ ਬੀਤ ਗਏ।
“ਹਰਬੰਸ ਕੌਰੇ, ਹੁਣ ਨਿਰਵੈਰ ਸਿੰਘ ਵੀ ਕਦੇ ਮਿਲਣ ਨ੍ਹੀਂ ਆਇਆ। ਪਹਿਲਾਂ ਤਾਂ ਉਹ ਹਰ ਦੂਜੇ-ਚੌਥੇ ਮੁੰਡੇ ਦੀ ਖ਼ਬਰ-ਸਾਰ ਲੈਣ ਆਉਂਦਾ ਹੁੰਦਾ ਸੀ।” ਮਨ ਵਿੱਚ ਸ਼ੰਕਾ ਹੋਣ ’ਤੇ ਇੱਕ ਦਿਨ ਗੁਲਜ਼ਾਰ ਨੇ ਆਪਣੀ ਘਰਵਾਲੀ ਨਾਲ ਗੱਲ ਕੀਤੀ।
“ਜੀ, ਅਗਲਾ ਢਿੱਲਾ-ਮੱਠਾ ਵੀ ਹੋ ਸਕਦੈ। ਤੁਸੀਂ ਆਪ ਉਹਨੂੰ ਘਰ ਜਾ ਕੇ ਮਿਲ ਆਓ।” ਆਪਣੇ ਘਰਵਾਲੇ ਦੀ ਗੱਲ ਸੁਣਦੇ ਹੀ ਹਰਬੰਸ ਕੌਰ ਬੋਲੀ। ਇਹ ਸਲਾਹ ਮੰਨ ਕੇ ਗੁਲਜ਼ਾਰ ਉਸੇ ਦਿਨ ਸ਼ਾਮ ਨੂੰ ਨਿਰਵੈਰ ਸਿੰਘ ਨੂੰ ਮਿਲਣ ਉਸ ਦੇ ਘਰ ਜਾ ਪਹੁੰਚਿਆ।
“ਨਿਰਵੈਰ ਸਿਆਂ, ਤੂੰ ਕਿੱਧਰ ਰਹਿਨਾ ਅੱਜਕੱਲ੍ਹ। ਦਿਖਦਾ ਈ ਨਹੀਂ ਕਦੇ।” ਗੁਲਜ਼ਾਰ ਨੇ ਜਾਂਦਿਆਂ ਹੀ ਨਿਰਵੈਰ ਸਿੰਘ ਨੂੰ ਪੁੱਛਿਆ।
“ਬਸ ਘਰ ਈ ਰਹੀਦੈ।” ਨਿਰਵੈਰ ਸਿੰਘ ਢਿੱਲਾ ਜਿਹਾ ਬੋਲਿਆ।
“ਹੁਣ ਤੂੰ ਮੇਰੇ ਮੁੰਡੇ ਨੂੰ ਵੀ ਵੇਖਣ ਨਹੀਂ ਆਇਆ ਕਦੇ?” ਨਿਰਵੈਰ ਸਿੰਘ ਨੂੰ ਸੁਸਤ ਜਿਹਾ ਵੇਖ ਗੁਲਜ਼ਾਰ ਫਿਰ ਬੋਲਿਆ।
“ਮੈਂ ਵੇਖ ਤਾਂ ਆਇਆ ਸੀ।” ਸੰਖੇਪ ਜਿਹਾ ਇੰਨਾ ਆਖ ਨਿਰਵੈਰ ਸਿੰਘ ਫਿਰ ਚੁੱਪ ਕਰ ਗਿਆ।
“ਨਿਰਵੈਰ ਸਿਆਂ, ਮੁੰਡਾ ਲੋਹੜੀ ਤੋਂ ਕੁਝ ਦਿਨ ਪਹਿਲਾਂ ਖਾਸਾ ਬਿਮਾਰ ਹੋ ਗਿਆ ਸੀ। ਦੋ-ਤਿੰਨ ਰਾਤਾਂ ਤਾਂ ਸਾਨੂੰ ਹਸਪਤਾਲ ਰੱਖਣਾ ਪਿਐ।”
“ਹੁਣ ਠੀਕ ਏ?” ਨਿਰਵੈਰ ਸਿੰਘ ਨੇ ਸਰਸਰੀ ਜਿਹੇ ਇੰਨਾ ਕੁ ਪੁੱਛਿਆ ਤੇ ਫਿਰ ਚੁੱਪੀ ਵੱਟ ਲਈ, ਜਿਵੇਂ ਉਸ ਦੇ ਮਨ ਵਿੱਚ ਗੁਲਜ਼ਾਰ ਨਾਲ ਗੁੱਸਾ ਅਜੇ ਵੀ ਜਿਉਂ ਦਾ ਤਿਉਂ ਹੀ ਹੋਵੇ।
“ਨਿਰਵੈਰ ਸਿਆਂ, ਇੱਕ ਦਿਨ ਹਸਪਤਾਲ ਵਿੱਚ ਮੇਰਾ ਮਨ ਬੜਾ ਖ਼ਰਾਬ ਹੋਇਐ। ਉੱਥੇ ਰੋਜ਼ ਸਵੇਰ ਨੂੰ ਚਿੱਟਾ ਖਾਣ ਵਾਲਿਆਂ ਦੀ ਨਸ਼ਾ ਛੁਡਾਊ ਦਵਾਈ ਲੈਣ ਲਈ ਲੰਬੀ ਲਾਈਨ ਲੱਗੀ ਹੁੰਦੀ ਸੀ। ਉਨ੍ਹਾਂ ਵਿੱਚ ਕਈ ਕੁੜੀਆਂ ਵੀ ਖੜ੍ਹੀਆਂ ਹੁੰਦੀਆਂ ਸਨ। ਨਾਲ ਆਏ ਮਾਪਿਆਂ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਮੈਂ ਸੋਚਿਆ, ਇਨ੍ਹਾਂ ਦੀ ਵੀ ਕਿਸੇ ਨੇ ਲੋਹੜੀ ਮਨਾਈ ਹਊ! ਤੇ ਫਿਰ ਮੈਂ ਵੀ ਲੋਹੜੀ...।” ਇੰਨਾ ਆਖਦਿਆਂ ਗੁਲਜ਼ਾਰ ਦਾ ਗੱਚ ਭਰ ਆਇਆ। ਉਹ ਆਪਣੀ ਗੱਲ ਵੀ ਪੂਰੀ ਨਾ ਕਰ ਸਕਿਆ। ਆਪਣੇ ਮਿੱਤਰ ਦੀ ਇਹ ਹਾਲਤ ਵੇਖ ਭਾਵੁਕ ਹੋਇਆ ਨਿਰਵੈਰ ਸਿੰਘ ਮੰਜੇ ਤੋਂ ਉੱਠਿਆ ਤੇ ਗੁਲਜ਼ਾਰ ਨੂੰ ਘੁੱਟ ਕੇ ਜੱਫੀ ਪਾ ਲਈ, ਜਿਵੇਂ ਇਸ ਮਸਲੇ ’ਤੇ ਦੋਵਾਂ ਦੀਆਂ ਭਾਵਨਾਵਾਂ ਇਕਮਿਕ ਹੋ ਗਈਆਂ ਹੋਣ।
ਸੰਪਰਕ: +61431696030

Advertisement
Author Image

joginder kumar

View all posts

Advertisement
Advertisement
×