ਰਵਨੀਤ ਬਿੱਟੂ ਦੇ ਰਾਜ ਮੰਤਰੀ ਬਣਨ ਮਗਰੋਂ ਪੰਜਾਬ ਭਾਜਪਾ ’ਚ ਘੁਸਰ-ਮੁਸਰ
ਚਰਨਜੀਤ ਭੁੱਲਰ
ਚੰਡੀਗੜ੍ਹ, 9 ਜੂਨ
ਕੇਂਦਰੀ ਕੈਬਨਿਟ ਵਿੱਚ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਵਜੋਂ ਸ਼ਾਮਲ ਕਰ ਕੇ ਪੰਜਾਬ ਨੂੰ ਪ੍ਰਤੀਨਿਧਤਾ ਦੇਣ ਦਾ ਯਤਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਚੋਣ ਰੈਲੀ ਵਿੱਚ ਰਵਨੀਤ ਬਿੱਟੂ ਨੂੰ ਵੱਡਾ ਆਦਮੀ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਹ ਵਾਅਦਾ ਪੁਗਾ ਦਿੱਤਾ ਹੈ। ਰਵਨੀਤ ਬਿੱਟੂ ਅਤੇ ਉਨ੍ਹਾਂ ਦਾ ਪਰਿਵਾਰ ਇਸ ਪ੍ਰਾਪਤੀ ’ਤੇ ਖ਼ੁਸ਼ ਹੈ ਜਦੋਂਕਿ ਭਾਜਪਾ ਦੇ ਟਕਸਾਲੀ ਆਗੂ ਹੱਕੇ-ਬੱਕੇ ਰਹਿ ਗਏ ਹਨ। ਬੇਸ਼ੱਕ, ਰਵਨੀਤ ਬਿੱਟੂ ਲੁਧਿਆਣਾ ਤੋਂ ਚੋਣ ਹਾਰ ਗਏ ਹਨ, ਪਰ ਕੇਂਦਰੀ ਕੈਬਨਿਟ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੇ ਕਈ ਸਿਆਸੀ ਸੁਨੇਹੇ ਦਿੱਤੇ ਹਨ। ਭਾਜਪਾ ਨੇ ਪੰਜਾਬ ਵਿਚਲੇ ਵੱਡੇ ਚਿਹਰੇ ਨਜ਼ਰ-ਅੰਦਾਜ਼ ਕਰ ਕੇ ਰਵਨੀਤ ਬਿੱਟੂ ਨੂੰ ਸਿਖਰਲਾ ਅਹੁਦਾ ਦਿੱਤਾ ਹੈ, ਹਾਲਾਂਕਿ ਚੋਣਾਂ ਦੌਰਾਨ ਹੀ ਰਵਨੀਤ ਬਿੱਟੂ ਨੇ ਭਾਜਪਾ ਦਾ ਪੱਲਾ ਫੜਿਆ ਸੀ। ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨਾਲ ਉਨ੍ਹਾਂ ਦਾ ਇੱਟ-ਖੜੱਕਾ ਰਿਹਾ ਹੈ। ਅਹਿਮ ਸੂਤਰ ਦੱਸਦੇ ਹਨ ਕਿ ਹਰਜੀਤ ਗਰੇਵਾਲ ਤੋਂ ਇਲਾਵਾ ਭਾਜਪਾ ਦੇ ਟਕਸਾਲੀ ਨੇਤਾ ਅੰਦਰੋਂ-ਅੰਦਰੀਂ ਘੁਟਣ ਮਹਿਸੂਸ ਕਰਨ ਲੱਗੇ ਹਨ। ਭਾਜਪਾ ਵੱਲੋਂ ਰਵਨੀਤ ਬਿੱਟੂ ਨੂੰ ਮੰਤਰੀ ਦੀ ਕੁਰਸੀ ਦੇਣ ਤੋਂ ਪੰਜਾਬ ਭਾਜਪਾ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਭਾਜਪਾ ਦੇ ਟਕਸਾਲੀ ਆਗੂ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਵੱਡਾ ਸੰਕਟ ਝੱਲਿਆ ਸੀ, ਉਦੋਂ ਠੱਗੇ ਠੱਗੇ ਮਹਿਸੂਸ ਕਰਨ ਲੱਗੇ ਸਨ ਜਦੋਂ ਭਾਜਪਾ ਨੇ ਬਾਹਰੋਂ ਆਗੂ ਲਿਆ ਕੇ ਉਮੀਦਵਾਰ ਬਣਾ ਦਿੱਤੇ ਸਨ।
ਪਤਾ ਲੱਗਾ ਹੈ ਕਿ ਭਾਜਪਾ ਦੇ ਟਕਸਾਲੀ ਆਗੂ ਅੱਜ ਇੱਕ ਦੂਜੇ ਨੂੰ ਫ਼ੋਨ ਖੜਕਾ ਕੇ ਆਪਣਾ ਮਨ ਹੌਲਾ ਕਰ ਰਹੇ ਸਨ। ਸਿਆਸੀ ਹਲਕਿਆਂ ਮੁਤਾਬਕ ਭਾਜਪਾ ਵੱਲੋਂ ਪੰਜਾਬ ਚੋਣਾਂ- 2027 ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਹੈ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡ ਕੇ ਭਾਜਪਾ ਦੇ ਪ੍ਰਧਾਨ ਬਣੇ ਸੁਨੀਲ ਜਾਖੜ ਲਈ ਰਵਨੀਤ ਬਿੱਟੂ ਦੀ ਕੇਂਦਰੀ ਵਜ਼ਾਰਤ ਵਿੱਚ ਐਂਟਰੀ ਹੈਰਾਨੀ ਵਾਲੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਅਤੇ ਖ਼ਾਸ ਕਰਕੇ ਕੇਂਦਰੀ ਵਜ਼ੀਰ ਰਹਿ ਚੁੱਕੀ ਪ੍ਰਨੀਤ ਕੌਰ ਨੂੰ ਵੀ ਭਾਜਪਾ ਨੇ ਦਰਕਿਨਾਰ ਕਰ ਦਿੱਤਾ ਹੈ। ਪੰਜਾਬ ਦੇ ਅਨੇਕਾਂ ਮਸਲੇ ਹਨ ਜਿਨ੍ਹਾਂ ਵਿੱਚ ਸੂਬੇ ਦੀਆਂ ਬੁਨਿਆਦੀ ਮੰਗਾਂ ਵੀ ਸ਼ਾਮਲ ਹਨ। ਰਵਨੀਤ ਬਿੱਟੂ ਦੇ ਮੋਢਿਆਂ ’ਤੇ ਹੁਣ ਵੱਡਾ ਭਾਰ ਹੋਵੇਗਾ ਅਤੇ ਪੰਜਾਬੀਆਂ ਦੀ ਇਸ ਗੱਲ ’ਤੇ ਨਜ਼ਰ ਰਹੇਗੀ ਕਿ ਉਹ ਪੰਜਾਬ ਦੇ ਮੂਲ ਮਸਲਿਆਂ ਜਿਨ੍ਹਾਂ ਵਿੱਚ ਚੰਡੀਗੜ੍ਹ ਦਾ ਮਸਲਾ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਪਾਣੀਆਂ ਤੋਂ ਇਲਾਵਾ ਹੋਰ ਪੰਥਕ ਮਸਲੇ ਵੀ ਹਨ, ਨੂੰ ਹੱਲ ਕਰਾਉਣ ਲਈ ਕਿੰਨੀ ਕੁ ਭੂਮਿਕਾ ਨਿਭਾਉਂਦੇ ਹਨ।
ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨੀ ਮਸਲੇ ਰਹਿਣਗੇ ਅਹਿਮ
ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਪੰਥਕ ਹਲਕਿਆਂ ਲਈ ਅਹਿਮ ਹੈ ਅਤੇ ਅਮਿਤ ਸ਼ਾਹ ਸੰਸਦ ਦੇ ਅੰਦਰ ਅਤੇ ਬਾਹਰ ਸਾਫ਼ ਤੌਰ ’ਤੇ ਆਖ ਚੁੱਕੇ ਹਨ ਕਿ ਉਹ ਅਜਿਹਾ ਨਹੀਂ ਕਰਨਗੇ। ਕਿਸਾਨੀ ਦੇ ਵੱਡੇ ਮਸਲੇ ਦਰਪੇਸ਼ ਹਨ ਅਤੇ ਖ਼ਾਸ ਕਰਕੇ ਫ਼ਸਲਾਂ ਦੇ ਭਾਅ ਨੂੰ ਕਾਨੂੰਨੀ ਗਾਰੰਟੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਚੋਣ ਪ੍ਰਚਾਰ ਦੌਰਾਨ ਰਵਨੀਤ ਬਿੱਟੂ ਕਿਸਾਨ ਆਗੂਆਂ ਖ਼ਿਲਾਫ਼ ਵੀ ਖੁੱਲ੍ਹ ਕੇ ਬੋਲੇ ਸਨ। ਕੇਂਦਰੀ ਵਜ਼ੀਰ ਬਣਨ ਮਗਰੋਂ ਉਨ੍ਹਾਂ ਲਈ ਇਹ ਵੀ ਚੁਣੌਤੀ ਰਹੇਗੀ ਕਿ ਉਹ ਕਿਸਾਨ ਜਥੇਬੰਦੀਆਂ ਨਾਲ ਆਪਣੇ ਸਬੰਧ ਕਿਵੇਂ ਸੁਖਾਵੇਂ ਬਣਾਉਣਗੇ। ਰਵਨੀਤ ਬਿੱਟੂ ਇਸ ਅਹੁਦੇ ਨੂੰ ਪੰਜਾਬ ਲਈ ਤੋਹਫ਼ਾ ਦੱਸ ਰਹੇ ਹਨ ਅਤੇ ਆਖ ਰਹੇ ਹਨ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨਗੇ ਅਤੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਵਾਉਣਗੇ।