ਹਥਿਆਰ ਬਰਾਮਦਗੀ ਲਈ ਲਿਜਾਣ ਮੌਕੇ ਮੁਲਜ਼ਮ ਨੇ ਪੁਲੀਸ ’ਤੇ ਗੋਲੀ ਚਲਾਈ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਨਵੰਬਰ
ਇਲਾਕੇ ਵਿੱਚ ਅੱਜ ਲੁੱਟ ਖੋਹ ਦੇ ਇਕ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਨੇ ਉਸ ਵੇਲੇ ਪੁਲੀਸ ’ਤੇ ਗੋਲੀ ਚਲਾ ਦਿੱਤੀ, ਜਦੋਂ ਪੁਲੀਸ ਉਸ ਨੂੰ ਹਥਿਆਰ ਦੀ ਬਰਾਮਦਗੀ ਵਾਸਤੇ ਲੈ ਕੇ ਗਈ ਸੀ। ਘਟਨਾ ’ਚ ਇਕ ਪੁਲੀਸ ਮੁਲਾਜ਼ਮ ਦਾ ਬਚਾਅ ਹੋ ਗਿਆ ਕਿਉਂਕਿ ਗੋਲੀ ਉਸ ਦੀ ਪੱਗ ’ਚੋਂ ਲੰਘ ਗਈ। ਇਸ ਦੌਰਾਨ ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਦੀ ਲੱਤ ’ਤੇ ਗੋਲੀ ਲੱਗੀ ਹੈ। ਇਹ ਘਟਨਾ ਪਿੰਡ ਮਾਹਲ ਨੇੜੇ ਅੱਜ ਸ਼ਾਮ ਕਰੀਬ 6 ਵਜੇ ਵਾਪਰੀ। ਘਟਨਾ ’ਚ ਜ਼ਖਮੀ ਹੋਏ ਮੁਲਜ਼ਮ ਦੀ ਪਛਾਣ ਵਿਸ਼ਾਲ ਵਾਸੀ ਪਿੰਡ ਝਬਾਲ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਵੱਲੋਂ ਵਿਸ਼ਾਲ ਨੂੰ ਲੁੱਟਾਂ-ਖੋਹਾਂ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁਲੀਸ ਉਸ ਨੂੰ ਹਥਿਆਰ ਦੀ ਬਰਾਮਦਗੀ ਵਾਸਤੇ ਲੈ ਕੇ ਗਈ ਸੀ। ਉਨ੍ਹਾਂ ਦੱਸਿਆ ਕਿ ਜਿਸ ਥਾਂ ’ਤੇ ਉਸ ਨੇ ਪਿਸਤੌਲ ਲੁਕਾਈ ਹੋਈ ਸੀ, ਉਸ ਦੇ ਨੇੜੇ ਉਸ ਨੇ ਤਬੀਅਤ ਖਰਾਬ ਹੋਣ ਦਾ ਬਹਾਨਾ ਲਾਇਆ। ਇਸ ਮਗਰੋਂ ਪੁਲੀਸ ਨੇ ਉਸ ਨੂੰ ਹੇਠਾਂ ਉਤਾਰ ਦਿੱਤਾ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਉਸ ਨੇ ਪਹਿਲਾਂ ਹੀ ਲੁਕਾਈ ਹੋਈ ਪਿਸਤੌਲ ਕੱਢ ਲਈ ਅਤੇ ਪੁਲੀਸ ਮੁਲਾਜ਼ਮ ਏਐੱਸਆਈ ਸਤਨਾਮ ਸਿੰਘ ’ਤੇ ਗੋਲੀ ਚਲਾ ਦਿੱਤੀ। ਇਹ ਗੋਲੀ ਪੁਲੀਸ ਮੁਲਾਜ਼ਮ ਦੀ ਪੱਗ ਵਿੱਚ ਲੱਗਣ ਮਗਰੋਂ ਅੱਗੇ ਲੰਘ ਗਈ। ਇਸ ਦੌਰਾਨ ਏਐੱਸਆਈ ਅਮਰਜੀਤ ਸਿੰਘ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਬਚਾਅ ਵਜੋਂ ਗੋਲੀ ਚਲਾਈ, ਜੋ ਮੁਲਜ਼ਮ ਦੀ ਲੱਤ ਵਿੱਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਮੁਲਜ਼ਮ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ ਅਤੇ ਪੁਲੀਸ ਮੁਲਾਜ਼ਮ ਸਤਨਾਮ ਸਿੰਘ ਨੂੰ ਵੀ ਜਾਂਚ ਵਾਸਤੇ ਹਸਪਤਾਲ ਲਿਜਾਇਆ ਗਿਆ ਹੈ।