For the best experience, open
https://m.punjabitribuneonline.com
on your mobile browser.
Advertisement

ਬਿਕਰਮੀ ਸੰਮਤ ਨੂੰ ਹਿਜਰੀ ਸੰਨ ਬਣਾਉਣ ਵੇਲੇ

09:12 AM Jan 07, 2024 IST
ਬਿਕਰਮੀ ਸੰਮਤ ਨੂੰ ਹਿਜਰੀ ਸੰਨ ਬਣਾਉਣ ਵੇਲੇ
Advertisement

ਡਾ. ਰਵਿੰਦਰ ਸਿੰਘ

Advertisement

ਸਮਾਂ ਵੰਡ

ਪੁਰਾਣੇ ਵੇਲਿਆਂ ਵਿੱਚ ਸਮੇਂ ਦੀ ਵੰਡ ਨਿਮਖ, ਪਲ, ਪਹਿਰ, ਮਹੂਰਤ, ਘੜੀ, ਪਹਰ, ਦਿਨ, ਰਾਤ, ਹਫ਼ਤਾ, ਮਹੀਨਾ, ਸਾਲ ਅਤੇ ਸਦੀਆਂ ਵਿੱਚ ਕੀਤੀ ਜਾਂਦੀ ਸੀ। ਅੱਜਕੱਲ੍ਹ ਨਿਮਖ, ਪਲ, ਪਹਿਰ, ਮਹੂਰਤ, ਘੜੀ, ਪਹਿਰ ਦੀ ਥਾਂ ਮਿੰਟਾਂ, ਸਕਿੰਟਾਂ, ਘੰਟਿਆਂ ਨੇ ਲੈ ਲਈ ਹੈ। ਬਹੁਤੇ ਲੋਕ ਸਮਝਦੇ ਹਨ ਕਿ ਸਮੇਂ ਨੂੰ ਮਾਪਣ ਲਈ ਸਿਰਫ਼ ਈਸਵੀ ਸੰਨ ਹੀ ਹੈ, ਪਰ ਬੀਤੇ ਸਮੇਂ ਵਿੱਚ ਗ੍ਰਹਿਆਂ, ਰਹਿਨੁਮਾਵਾਂ, ਰਾਜਿਆਂ ਅਤੇ ਸਮੰਤਾਂ ਦੇ ਨਾਂ ਨਾਲ ਲਗਭਗ 35 ਵੱਖ-ਵੱਖ ਸਾਲ/ ਸੰਮਤ/ ਕੈਲੰਡਰ ਪ੍ਰਚਲਿਤ ਰਹੇ ਹਨ।
ਈਸਵੀ ਸੰਨ ਦੇ ਸ਼ੁਰੂ ਹੋਣ ਤੋਂ ਪੰਜ ਸੌ ਸਾਲਾਂ ਤੱਕ ਇਸ ਨੂੰ ਕੋਈ ਨਹੀਂ ਜਾਣਦਾ ਸੀ। ਈਸਵੀ ਸੰਨ 527 ਦੇ ਨੇੜੇ-ਤੇੜੇ ਇਟਲੀ (ਰੋਮ) ਦੇ ਵਿਦਵਾਨ ਪਾਦਰੀ ਡਾਇਉਨੀਸੀਅਸ ਐਕਸ਼ੀਗੂਆਸ ਨੇ ਧਾਰਮਿਕ ਸੰਨ ਚਲਾਉਣ ਦੇ ਵਿਚਾਰ ਨਾਲ ਈਸਾਈ ਲੋਕਾਂ ਵਿੱਚ ਇਸ ਦਾ ਪ੍ਰਚਾਰ ਕੀਤਾ। ਉਸ ਨੇ ਇਟਲੀ ਦੀ ਸਥਾਪਨਾ ਤੋਂ 795 ਵਰ੍ਹੇ ਵਿੱਚ ਈਸਾ ਮਸੀਹ ਦਾ ਜਨਮ ਹੋਣਾ ਨਿਸ਼ਚਿਤ ਕੀਤਾ ਅਤੇ ਉਸਦੇ ਜਨਮ ਤੋਂ ਲੈ ਕੇ ਆਪਣੇ ਸਮੇਂ ਤੱਕ ਸਾਲਾਂ ਦੀ ਸੰਖਿਆ ਮੁਕੱਰਰ ਕਰ ਕੇ ਉਸ ਦਾ ਈਸਾਈਆਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਰੋਮਨ ਲੋਕਾਂ ਦੀ ਪਹਿਲੀ ਜੰਤਰੀ ਜੂਲੀਅਸ ਸੀਜਰ ਨੇ ਬਣਾਈ ਤੇ ਠੀਕ ਕੀਤੀ ਸੀ। ਇਸ ਤੋਂ ਬਾਅਦ ਸਾਲ ਦੇ ਸਮੇਂ ਵਿੱਚ ਜਿਹੜਾ ਅੰਤਰ ਪਿਆ ਉਸ ਵਿੱਚ ਗ੍ਰੈਗਰੀ ਨੇ ਸੋਧ ਕੀਤੀ। ਇਸੇ ਕਰਕੇ ਇਸ ਕੈਲੰਡਰ ਨੂੰ ਗ੍ਰੈਗੋਰੀਅਨ ਕੈਲੰਡਰ ਕਿਹਾ ਜਾਂਦਾ ਹੈ। ਭਾਰਤ ਵਿੱਚ ਇਸ ਕੈਲੰਡਰ ਨੂੰ 1753 ਈਸਵੀ ਵਿੱਚ ਲਾਗੂ ਕੀਤਾ ਗਿਆ। ਅੱਜ ਈਸਵੀ ਸੰਨ ਲਗਭਗ ਪੂਰੇ ਸੰਸਾਰ ’ਤੇ ਚੱਲ ਰਿਹਾ ਹੈ।
ਹਰ ਤਰ੍ਹਾਂ ਦੇ ਸਾਲ/ਸੰਮਤ ਵਿੱਚ 12 ਮਹੀਨੇ ਹੁੰਦੇ ਹਨ ਪਰ ਚਾਂਦ ਵਰ੍ਹਾ ਕਈ ਵਾਰ ਤੇਰ੍ਹਾਂ ਮਹੀਨਿਆਂ ਦਾ ਵੀ ਹੋ ਜਾਂਦਾ ਹੈ। ਬਾਰਾਂ ਮਹੀਨਿਆਂ ਦੇ ਸਮੇਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਸਾਲ, ਵਰ੍ਹਾ, ਸੰਮਤ, ਵਰਸ਼, ਯੀਅਰ ਕਿਹਾ ਜਾਂਦਾ ਹੈ। ਸੰਸਕ੍ਰਿਤ ਦੇ ਵਿਦਵਾਨਾਂ ਨੇ ਵਰਸ਼ ਨੂੰ ਸੌਰ, ਚਾਂਦ, ਸਾਵਣ ਅਤੇ ਨਾਸ਼ਤ੍ਰ ਚਾਰ ਤਰ੍ਹਾਂ ਦਾ ਕਿਹਾ ਹੈ। ਸੌਰ ਵਰ੍ਹਾਂ 365 ਦਿਨ 5 ਘੰਟੇ 45 ਮਿੰਟ ਅਤੇ 46 ਸਕਿੰਟ ਦਾ ਹੁੰਦਾ ਸੀ। ਇੰਨੇ ਸਮੇਂ ਵਿੱਚ ਧਰਤੀ ਸੂਰਜ ਦੀ ਪਰਿਕਰਮਾ ਕਰਦੀ ਹੈ। ਚਾਂਦ ਵਰ੍ਹਾ 354 ਦਿਨ 8 ਘੰਟੇ 46 ਮਿੰਟ 36 ਸਕਿੰਟ ਦਾ ਮੰਨਿਆ ਜਾਂਦਾ ਹੈ। ਇੰਨੇ ਸਮੇਂ ਵਿੱਚ ਚੰਦਰਮਾ ਧਰਤੀ ਦੀਆਂ 12 ਪਰਿਕਰਮਾ ਕਰਦਾ ਹੈ। ਚਾਂਦ ਵਰ੍ਹੇ ਦਾ ਸੌਰ ਵਰ੍ਹੇ ਨਾਲੋਂ ਹਰ ਸਾਲ 10 ਦਿਨ 21 ਘੰਟੇ ਦਾ ਫ਼ਰਕ ਪੈ ਜਾਂਦਾ ਹੈ। ਇਸ ਅੰਤਰ ਨੂੰ ਠੀਕ ਕਰਨ ਲਈ ਚਾਂਦ ਵਰ੍ਹਾ ਹਰ ਤੀਜੇ ਵਰ੍ਹੇ 13 ਮਹੀਨਿਆਂ ਦਾ ਕਰ ਦਿੱਤਾ ਜਾਂਦਾ ਹੈ। ਸਾਵਣ ਵਰ੍ਹੇ ਵਿੱਚ ਪੂਰੇ 360 ਦਿਨ ਹੁੰਦੇ ਹਨ। ਸਾਰੇ ਮਹੀਨੇ 30-30 ਦਿਨਾਂ ਦੇ ਹੁੰਦੇ ਹਨ। ਵੈਦਿਕ ਕਾਲ ਵਿੱਚ ਇਹ ਵਰ੍ਹਾ ਬਹੁਤ ਪ੍ਰਚਲਿਤ ਸੀ। ਨਾਸ਼ਤ੍ਰ ਵਰ੍ਹਾ 324 ਦਿਨਾਂ ਦਾ ਹੁੰਦਾ ਹੈ। ਇਸ ਦਾ ਹਰੇਕ ਮਹੀਨਾ 27 ਦਿਨਾਂ ਦਾ ਹੁੰਦਾ ਹੈ।
ਭਾਰਤ ਵਿੱਚ ਈਸਵੀ ਸੰਨ, ਹਿਜਰੀ ਸੰਨ, ਬਿਕਰਮੀ ਸੰਮਤ ਅਤੇ ਸ਼ਕ ਸੰਮਤ ਬਾਕੀਆਂ ਨਾਲੋਂ ਵਧੇਰੇ ਪ੍ਰਚਲਿਤ ਹਨ। ਬਹੁਤ ਸਾਰੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵਿੱਚ ਸਮੇਂ ਨੂੰ ਦਰਸਾਉਣ ਲਈ ਇਨ੍ਹਾਂ ਸੰਨ/ਸੰਮਤਾਂ ਦੀ ਵਰਤੋਂ ਕੀਤੀ ਹੈ। ਸਾਹਿਤ ਅਤੇ ਇਤਿਹਾਸ ਪੜ੍ਹਨ ਵਾਲੇ ਈਸਵੀ ਸੰਨ ਨੂੰ ਤਾਂ ਸਮਝ ਜਾਂਦੇ ਹਨ ਪਰ ਬਿਕਰਮੀ, ਹਿਜਰੀ ਅਤੇ ਸ਼ਕ ਸੰਮਤ ਨੂੰ ਸਮਝਣ ਵੇਲੇ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਹ ਸਮੇਂ ਨੂੰ ਸਹੀ-ਸਹੀ ਜਾਨਣ ਤੋਂ ਅਸਮਰੱਥ ਹੋ ਜਾਂਦੇ ਹਨ। ਜੇਕਰ ਉਨ੍ਹਾਂ ਨੇ ਇਹ ਜਾਣਨਾ ਹੋਵੇ ਕਿ ਇਹ ਕਿਹੜਾ ਸੰਨ ਸੀ ਤਾਂ ਵੀ ਕਾਫ਼ੀ ਉਲਝਣ ਪੈਦਾ ਕਰਨ ਵਾਲੀ ਹਾਲਤ ਹੁੰਦੀ ਹੈ। ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕਾਵਿ-ਪੁਸਤਕ ਸੁਨੇਹੜੇ ਵਿੱਚ ਸੰਮਤ ਦੀ ਵਰਤੋਂ ਕੀਤੀ ਹੈ। ਇਸ ਪੁਸਤਕ ’ਤੇ ਉਸ ਨੂੰ 1956 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।
ਪੰਜਾਂ ਉੱਤੇ ਹੈ ਵੀਹ ਸੌ ਪੰਜ ਸੰਮਤ
ਚੜ੍ਹਿਆ ਚੇਤਰ ਮਹੀਨਾ ਤੇ ਹੋਈ ਨਾਵੀਂ
ਹੱਥੀਂ ਆਪਣੇ ਲਿਖੇ ਸੁਨੇਹੜੇ ਮੈਂ
ਹੱਥੀਂ ਆਪਣੇ ਆਪ ਵਸੂਲ ਪਾਵੀਂ
ਪੰਜਾਂ ਉੱਤੇ ਵੀਹ ਸੌ ਪੰਜ ਸੰਮਤ ਤੋਂ ਭਾਵ 2005 ਸੰਮਤ ਦੇ ਉੱਤੇ ਪੰਜ ਸੰਮਤ ਭਾਵ ਸੰਮਤ 2010 ਹੋਈ। ਸੰਮਤ ਨੂੰ ਸੰਨ ਵਿੱਚ ਤਬਦੀਲ ਕਰਨ ਲਈ ਇਸ ਵਿੱਚੋਂ 57 ਘਟਾਉਣੇ ਪੈਂਦੇ ਹਨ ਕਿਉਂਕਿ ਬਿਕਰਮੀ ਸੰਮਤ ਈਸਵੀ ਸੰਨ ਤੋਂ 57 ਵਰ੍ਹੇ ਪਹਿਲਾਂ ਸ਼ੁਰੂ ਹੋ ਗਿਆ ਸੀ। ਇਸ ਹਿਸਾਬ ਨਾਲ ਅੰਮ੍ਰਿਤਾ ਪ੍ਰੀਤਮ 1953 ਦੀ ਗੱਲ ਕਰ ਰਹੀ ਹੈ। ਬਿਕਰਮੀ ਸੰਮਤ ਕਲਯੁੱਗ ਦੇ 3044 ਵਰ੍ਹੇ ਬੀਤ ਜਾਣ ਪਿੱਛੋਂ ਆਰੰਭ ਹੋਇਆ ਭਾਵ ਕਲਯੁੱਗ 3045 ਦੇ ਚੜ੍ਹਨ ’ਤੇ ਬਿਕਰਮੀ ਸੰਮਤ ਇੱਕ ਮੰਨਿਆ ਜਾਂਦਾ ਹੈ।
ਭਾਰਤ ਵਿੱਚ ਬਿਕਰਮੀ ਸੰਮਤ ਦੇ ਆਰੰਭ ਹੋਣ ਤੋਂ ਪਹਿਲਾਂ ਸਪਤਰਿਸ਼ੀ ਸੰਮਤ, ਕਲਯੁੱਗ ਸੰਮਤ, ਵੀਰ ਨਿਰਵਾਣ ਸੰਮਤ ਅਤੇ ਬੁੱਧ ਨਿਰਵਾਣ ਸੰਮਤ, ਮੋਰੀਆ ਸੰਮਤ ਅਤੇ ਸਲੋਕਸ ਸੰਮਤ ਪ੍ਰਚਲਿਤ ਸਨ। ਬਿਕਰਮੀ ਸੰਮਤ ਤੋਂ ਬਾਅਦ ਵਧੇਰੇ ਪ੍ਰਚਲਿਤ ਹੋਣ ਵਾਲਾ ਸ਼ਕ ਸੰਮਤ ਹੈ। ਸ਼ਕ ਸੰਮਤ ਬਾਰੇ ਪ੍ਰਚਲਿਤ ਹੈ ਕਿ ਇਸ ਦਾ ਆਰੰਭ ਰਾਜਾ ਸਾਲਵਾਹਨ ਦੇ ਜਨਮ ਤੋਂ ਹੋਇਆ ਸੀ, ਪਰ ਇਸ ਬਾਰੇ ਕੋਈ ਇੱਕ ਮੱਤ ਨਹੀਂ ਹੈ। ਸ਼ਕ ਸੰਮਤ ਈਸਵੀ ਸੰਨ ਨਾਲੋਂ 78 ਸਾਲ ਅਤੇ ਬਿਕਰਮੀ ਸੰਮਤ ਨਾਲੋਂ 135 ਸਾਲ ਪਿੱਛੇ ਹੈ ਭਾਵ ਜੇ ਸ਼ਕ ਸੰਮਤ ਨੂੰ ਈਸਵੀ ਸੰਨ ਵਿੱਚ ਬਦਲਣਾ ਹੋਵੇ ਤਾਂ ਇਸ ਵਿੱਚ 78 ਜਮ੍ਹਾਂ ਕਰਨਾ ਪਵੇਗਾ ਅਤੇ ਬਿਕਰਮੀ ਸੰਮਤ ਬਣਾਉਣ ਲਈ 135 ਜਮ੍ਹਾਂ ਕਰਨਾ ਪਵੇਗਾ। ਸ਼ਕ ਸੰਮਤ ਤੋਂ ਬਾਅਦ ਵਿੱਚ ਕਲਚੂਰੀ, ਗੁਪਤ, ਗਾਂਗੇਯ, ਹਰਸ਼, ਭੱਟੀਕ, ਕੋਲੱਮ, ਨੇਵਾਰ, ਚਾਲੂਕੀਆ, ਸਿੰਘ, ਲਕਸ਼ਮਣਸੇਨ, ਪੁਡੂਵੈਪੂ, ਰਾਜ ਅਭਿਸ਼ੇਕ ਸੰਮਤ ਚਾਲੂ ਰਹੇ। ਇਸ ਤੋਂ ਬਾਅਦ ਬਾਰਹਸਪਤਯ ਸੰਵਤਸਰ (12 ਸਾਲ ਦਾ), ਬਾਰਹਸਪਤਯ ਸੰਵਤਸਰ (60 ਸਾਲ ਦਾ), ਗ੍ਰਹਿਪਰਿਵ੍ਰਿਤੀ ਸੰਵਤਸਰ (90 ਸਾਲ ਦਾ) ਅਤੇ ਇਸ ਉਪਰੰਤ ਸੂਰਜੀ ਸਾਲ ਜਾਂ ਸੌਰ ਵਰਸ਼ ਅਤੇ ਚਾਂਦ ਵਰਸ਼ ਪ੍ਰਚਲਿਤ ਹੋਏ।
ਹਜ਼ਰਤ ਮੁਹੰਮਦ ਸਾਹਿਬ ਦੇ ਮੱਕੇ ਤੋਂ ਮਦੀਨੇ ਵੱਲ ਹਿਜਰਤ ਦੇ ਸਮੇਂ ਤੋਂ ਹਿਜਰੀ ਸੰਨ ਦਾ ਆਰੰਭ ਹੋਇਆ। ਇਹ ਦਿਨ 15 ਜੁਲਾਈ 622 ਈਸਵੀ ਸੰਨ ਸੀ। ਬਿਕਰਮੀ ਸੰਮਤ 679 ਸੀ। ਹਜ਼ਰਤ ਉਮਰ ਨੇ ਇਹ ਫ਼ੈਸਲਾ ਹਿਜਰੀ ਸੰਨ 17 ਵਿੱਚ ਕੀਤਾ ਸੀ। ਜੇਕਰ ਹਿਜਰੀ ਸੰਨ ਨੂੰ ਈਸਵੀ ਸੰਨ ਵਿੱਚ ਤਬਦੀਲ ਕਰਨਾ ਹੋਵੇ ਤਾਂ ਪ੍ਰਾਪਤ ਹਿਜਰੀ ਵਿੱਚ 604 ਜੋੜਨਾ ਪਵੇਗਾ ਅਤੇ ਈਸਵੀ ਨੂੰ ਹਿਜਰੀ ਵਿੱਚ ਬਦਲਣ ਵੇਲੇ 604 ਘਟਾਉਣਾ ਪਵੇਗਾ। ਇਸੇ ਤਰ੍ਹਾਂ ਹੀ ਹਿਜਰੀ ਸੰਨ ਨੂੰ ਬਿਕਰਮੀ ਸੰਮਤ ਵਿੱਚ ਬਦਲਣਾ ਵੇਲੇ ਪ੍ਰਾਪਤ ਹਿਜਰੀ ਵਿੱਚ 661 ਜੋੜਨਾ ਪਵੇਗਾ ਅਤੇ ਬਿਕਰਮੀ ਸੰਮਤ ਨੂੰ ਹਿਜਰੀ ਸੰਨ ਬਣਾਉਣ ਵੇਲੇ ਪ੍ਰਾਪਤ ਬਿਕਰਮੀ ਵਿੱਚੋਂ 661 ਘਟਾਉਣਾ ਪਵੇਗਾ। ਹਿਜਰੀ ਨੂੰ ਸੰਮਤ ਨਹੀਂ ਸੰਨ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਵਰਤੇ ਗਏ ਸਾਲ ਦੇ ਸਾਰੇ ਨਾਵਾਂ ਨਾਲ ਹੀ ਸੰਨ ਆਉਂਦਾ ਹੈ ਜਿਵੇਂ ਸ਼ਹੂਰ ਸੰਨ, ਫਸਲੀ ਸੰਨ, ਵਿਲਾਇਤੀ ਸੰਨ, ਅਮਲੀ ਸੰਨ, ਬੰਗਾਲੀ ਸੰਨ, ਮਗੀ ਸੰਨ, ਇਲਾਹੀ ਸੰਨ ਅਤੇ ਅੰਤ ’ਤੇ ਈਸਵੀ ਸੰਨ ਹੈ। ਈਸਵੀ ਸੰਨ ਦਾ ਆਰੰਭ ਹਜ਼ਰਤ ਈਸਾ ਮਸੀਹ ਦੇ ਜਨਮ ਦਿਨ 25 ਦਸੰਬਰ ਤੋਂ ਕੀਤਾ ਜਾਂਦਾ ਹੈ। ਈਸਾ ਤੋਂ ਹੀ ਈਸਵੀ ਨਾਂ ਪਿਆ ਹੈ।
ਸੰਪਰਕ: 99887-22785

Advertisement

Advertisement
Author Image

Advertisement