ਨਾਰੀਅਲ ਕੱਢਦੇ ਸਮੇਂ ਬੱਚਾ ਭਾਖੜਾ ’ਚ ਰੁੜ੍ਹਿਆ
ਹਰਜੀਤ ਸਿੰਘ
ਖਨੌਰੀ, 26 ਮਾਰਚ
ਇੱਥੋਂ ਦੇ ਵਾਰਡ ਨੰਬਰ 12 ਤੋਂ ਲਾਪਤਾ ਕਰੀਬ 9 ਸਾਲ ਦਾ ਬੱਚਾ ਭਾਖੜਾ ਨਹਿਰ ਵਿੱਚ ਰੁੜ੍ਹ ਗਿਆ। ਇਸ ਬਾਰੇ ਨਹਿਰ ਕਿਨਾਰੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਿਆ ਹੈ। ਡੀਐੱਸਪੀ ਮੂਨਕ ਪਰਮਿੰਦਰ ਸਿੰਘ ਨੇ ਥਾਣਾ ਖਨੌਰੀ ਵਿੱਚ ਦੱਸਿਆ ਕਿ ਗੋਬਿੰਦ ਨਾਥ ਵਾਸੀ ਵਾਰਡ ਨੰਬਰ 12 ਖਨੌਰੀ ਨੇ 24 ਮਾਰਚ ਨੂੰ ਥਾਣਾ ਖਨੌਰੀ ਵਿੱਚ ਇਤਲਾਹ ਦਿੱਤੀ ਸੀ ਕਿ ਉਸ ਦਾ ਕਰੀਬ 9 ਸਾਲ ਦਾ ਲੜਕਾ ਪ੍ਰਿੰਸ ਲਾਪਤਾ ਹੈ ਜਿਸ ਦੀ ਉਨ੍ਹਾਂ ਕਾਫ਼ੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਡੀਐੱਸਪੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਥਾਣਾ ਖਨੌਰੀ ਦੇ ਮੁਖੀ ਅੰਮ੍ਰਿਤ ਸਿੰਘ ਵੱਲੋਂ ਟੀਮ ਬਣਾ ਕੇ ਸ਼ਹਿਰ ਵਿਚ ਲੱਗੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕੀਤੇ ਤਾਂ ਭਾਖੜਾ ਨਹਿਰ ਦੇ ਕੰਢੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਤੋਂ ਪਤਾ ਲੱਗਿਆ ਕਿ 24 ਮਾਰਚ ਨੂੰ ਦੁਪਹਿਰ ਕਰੀਬ 11:42 ਵਜੇ ਬੱਚਾ ਭਾਖੜਾ ਨਹਿਰ ਦੇ ਕੰਢੇ ਪਾਣੀ ਵਿੱਚ ਤੈਰਦਾ ਆ ਰਿਹਾ ਸੀ। ਉਹ ਨਾਰੀਅਲ ਫੜਨ ਲਈ ਹੇਠਾਂ ਉਤਰਿਆ ਸੀ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਪੁਲੀਸ ਵੱਲੋਂ ਟੀਮਾਂ ਬਣਾ ਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।