ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿੱਥੇ ਰਹਾਂ...

06:10 AM Sep 22, 2023 IST

ਜਸਵਿੰਦਰ ਕੌਰ

ਇਹ ਉਹ ਚਿੜੀ ਪੁੱਛਦੀ ਹੈ ਜਿਹੜੀ ਬੜੇ ਸ਼ੌਕ ਨਾਲ ਘਰਾਂ ਦੀਆਂ ਸ਼ਤੀਰਾਂ ਤੇ ਬਾਲਿਆਂ ਵਾਲੀਆਂ ਛੱਤਾਂ, ਵਿਹੜਿਆਂ ਤੇ ਮੁਹੱਲਿਆਂ ਵਿਚ ਲੱਗੇ ਦਰੱਖਤਾਂ ਤੇ ਘਰਾਂ ਦਿਆਂ ਰੌਣਕ ਮੇਲਿਆਂ ਵਿਚ ਆਪਣਾ ਆਲ੍ਹਣਾ ਬਣਾਉਂਦੀ ਸੀ। ਉਸ ਘਰ, ਮੁਹੱਲੇ ਵਿਚ ਆਲ੍ਹਣਾ ਬਣਾ ਕੇ ਉਸ ਥਾਂ ਨਾਲ ਆਪਣਾ ਰਿਸ਼ਤਾ ਬਣਾ ਲੈਂਦੀ ਸੀ ਪਰ ਅੱਜ ਉਸ ਨੂੰ ਨਾ ਤਾਂ ਕੋਈ ਵਿਹੜਾ ਦਿਸਦਾ ਹੈ, ਨਾ ਵਿਹੜੇ ਵਿਚ ਲੱਗਿਆ ਕੋਈ ਦਰੱਖ਼ਤ! ਅੱਜ ਉਸ ਨੂੰ ਹਰ ਪਾਸੇ ਟਾਵਰ, ਤਾਰਾਂ ਦੇ ਜਾਲ਼ ਤੇ ਵੱਡੀਆਂ ਵੱਡੀਆਂ ਬੰਦ ਇਮਾਰਤਾਂ ਤੇ ਬੰਦ ਘਰ ਹੀ ਨਜ਼ਰ ਆ ਰਹੇ ਹਨ। ਤਦੇ ਤਾਂ ਵਿਚਾਰੀ ਆਪਣੇ ਆਪ ਨੂੰ ਪੁੱਛਦੀ ਹੈ: ਮੈਂ ਕਿੱਥੇ ਰਹਾਂ?...
ਇਹ ਉਸ ਤਰ੍ਹਾਂ ਦੀ ਚਿੜੀ ਦੀ ਹੀ ਕਹਾਣੀ ਹੈ ਜੋ ਬੜੇ ਦਿਨਾਂ ਤੋਂ ਮੇਰੇ ਘਰ ਦੇ ਅੰਦਰ ਬਾਹਰ ਉੱਡਦੀ ਫਿਰਦੀ ਦਿਸਦੀ ਸੀ। ਇਕ ਦੋ ਦਿਨਾਂ ਬਾਅਦ ਇਕ ਹੋਰ ਚਿੜੀ ਉਸ ਨਾਲ ਆ ਗਈ। ਫਿਰ ਇਹ ਦੋਵੇਂ ਇਧਰ ਉਧਰ ਉਡਦੀਆਂ ਪਤਾ ਨਹੀਂ ਕੀ ਲੱਭ ਰਹੀਆਂ ਸੀ। ਫਿਰ ਇੱਕਦਮ ਚੇਤਾ ਆਇਆ ਕਿ ਇਹ ਤਾਂ ਉਹੀ ਚਿੜੀਆਂ ਨੇ ਜੋ ਪਿਛਲੇ ਕਈ ਸਾਲਾਂ ਤੋਂ ਸਾਡੇ ਘਰ ਦੀ ਕੰਧ ਵਿਚ ਲੱਗੇ ਸਵਿਚ ਬੋਰਡ ਵਿਚ ਆਲ੍ਹਣਾ ਪਾਉਂਦੀਆਂ ਸੀ। ਪਤਾ ਨਹੀਂ ਕਿਥੋਂ ਤੀਲਾ ਤੀਲਾ ਲੈ ਕੇ ਆਉਂਦੀਆਂ, ਆਲ੍ਹਣਾ ਬਣਾਉਂਦੀਆਂ, ਬੱਚਿਆਂ ਨੂੰ ਜਨਮ ਦਿੰਦੀਆਂ ਤੇ ਜਦੋਂ ਬੱਚੇ ਉਡਣ ਜੋਗੇ ਹੋ ਜਾਂਦੇ ਤਾਂ ਸਭ ਉੱਡ ਜਾਂਦੇ। ਬਸ ਇਸੇ ਤਰ੍ਹਾਂ ਸਿਲਸਿਲਾ ਚੱਲ ਰਿਹਾ ਸੀ।
ਪਹਿਲਾਂ ਪਹਿਲ ਤਾਂ ਇਹ ਸਾਹਮਣੇ ਦਰਵਾਜ਼ੇ ਉਪਰ ਬਣੇ ਰੋਸ਼ਨਦਾਨ ਵਿਚ ਆਲ੍ਹਣਾ ਪਾਉਣ ਦੀ ਕੋਸਿ਼ਸ਼ ਕਰਦੀਆਂ ਪਰ ਕਿਉਂਕਿ ਇਹ ਨਜ਼ਰਾਂ ਦੇ ਐਨ ਸਾਹਮਣੇ ਸੀ, ਇਸ ਲਈ ਮੈਂ ਉਥੋਂ ਤੀਲੇ ਹਟਾ ਦਿੰਦੀ। ਸ਼ਾਇਦ ਬਾਕੀ ਇਨਸਾਨਾਂ ਵਾਂਗ ਮੈਂ ਵੀ ਇਹੀ ਸੋਚਦੀ ਕਿ ਸਾਹਮਣੇ ਆਲ੍ਹਣੇ ਨਾਲ ਘਰ ਦੀ ਸ਼ਾਨ ਖ਼ਰਾਬ ਹੁੰਦੀ ਹੈ। ਜਦੋਂ ਵਾਰ ਵਾਰ ਇਸ ਤਰ੍ਹਾਂ ਹੁੰਦਾ ਤਾਂ ਉਹ ਸਮਝ ਜਾਂਦੀਆਂ- ਆਲ੍ਹਣੇ ਲਈ ਇਹ ਸਹੀ ਥਾਂ ਨਹੀਂ। ਹੁਣ ਭਲਾ ਉਹ ਕਿੱਥੇ ਰਹਿਣ?... ਉਨ੍ਹਾਂ ਲਈ ਇਹ ਬਹੁਤ ਵੱਡਾ ਸਵਾਲ ਹੋਵੇਗਾ। ਨਾ ਤਾਂ ਆਸ ਪਾਸ ਕੋਈ ਦਰੱਖ਼ਤ ਸੀ ਤੇ ਨਾ ਕੋਈ ਹੋਰ ਸੁਰੱਖਿਅਤ ਥਾਂ। ਫਿਰ ਪਤਾ ਨਹੀਂ ਕਦੋਂ, ਉਨ੍ਹਾਂ ਨੇ ਘਰ ਦੀ ਕੰਧ ਵਿਚ ਬਣੇ ਸਵਿਚ ਬੋਰਡ ਵਿਚ ਤੀਲੇ ਇਕੱਠੇ ਕਰ ਕੇ ਆਲ੍ਹਣਾ ਬਣਾਉਣਾ ਸ਼ੁਰੂ ਕਰ ਦਿੱਤਾ। ਪਤਾ ਨਹੀਂ, ਉਨ੍ਹਾਂ ਇਹ ਜਗ੍ਹਾ ਕਿਵੇਂ ਲੱਭੀ! ਹੁਣ ਉਨ੍ਹਾਂ ਦੇ ਆਲ੍ਹਣੇ ਵਾਲੀ ਇਹ ਪੱਕੀ ਜਗ੍ਹਾ ਬਣ ਗਈ ਸੀ। ਮੈਂ ਵੀ ਉਥੋਂ ਆਲ੍ਹਣਾ ਹਟਾਉਣ ਦੀ ਕੋਸਿ਼ਸ਼ ਨਹੀਂ ਕੀਤੀ; ਇਕ ਤਾਂ ਇਹ ਇਕ ਪਾਸੇ ਸੀ, ਦੂਜਾ ਮੈਂ ਵੀ ਕੰਧ ਤੱਕ ਪਹੁੰਚਣ ਦੀ ਆਲਸ ਕਰ ਜਾਂਦੀ; ਤੇ ਜਾਂ ਫਿਰ ਸ਼ਾਇਦ ਸਾਡੇ ਘਰ ਰਹਿਣ ਕਰ ਕੇ ਉਨ੍ਹਾਂ ਨਾਲ ਲਗਾਓ ਜਿਹਾ ਹੋ ਗਿਆ ਸੀ!
ਪਿਛਲੇ ਕੁਝ ਸਾਲਾਂ ਤੋਂ ਘਰ ਦੀਆਂ ਕੰਧਾਂ ਖਰਾਬ ਹੋ ਗਈਆਂ ਸਨ। ਰੰਗ ਵੀ ਹੋਣ ਵਾਲਾ ਸੀ। ਫਰਸ਼ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ। ਸੋਚਿਆ, ਮੁਰੰਮਤ ਕਰਵਾਈ ਜਾਵੇ। ਉਦੋਂ ਚਿੜੀਆਂ ਵੀ ਨਹੀਂ ਸਨ ਪਰ ਆਲ੍ਹਣਾ ਪਿਆ ਸੀ। ਮੁਰੰਮਤ ਦਾ ਕੰਮ ਸ਼ੁਰੂ ਹੋਇਆ, ਭੰਨ ਤੋੜ ਹੋਈ, ਤੇ ਮਜ਼ਦੂਰਾਂ ਨੇ ਖਾਲੀ ਪਿਆ ਆਲ੍ਹਣਾ ਸੁੱਟ ਦਿੱਤਾ।
ਲਗਭਗ ਦੋ ਤਿੰਨ ਮਹੀਨਿਆਂ ਬਾਅਦ ਅੱਜ ਜਦੋਂ ਘਰ ਦੀ ਬਾਹਰੀ ਦਿੱਖ ਬਦਲ ਚੁੱਕੀ ਸੀ, ਉਹ ਚਿੜੀਆਂ ਫਿਰ ਵਾਪਸ ਆਈਆਂ। ਅੱਜ ਫਿਰ ਉਨ੍ਹਾਂ ਲਈ ਆਪਣਾ ਆਲ੍ਹਣਾ ਲੱਭਣਾ ਔਖਾ ਹੋ ਰਿਹਾ ਸੀ। ਨਵੀਂ ਦਿੱਖ ਕਰ ਕੇ ਸ਼ਾਇਦ ਉਹ ਅਚੰਭੇ ਵਿਚ ਸਨ। ਘਰ ਦੀ ਪਛਾਣ ਹੋਈ ਤਾਂ ਉਹ ਫਿਰ ਉਸੇ ਸਵਿਚ ਬੋਰਡ ਦੇ ਆਸੇ ਪਾਸੇ ਮੰਡਰਾਉਣ ਲੱਗੀਆਂ ਪਰ ਅੱਜ ਉਨ੍ਹਾਂ ਲਈ ਉਥੇ ਆਲ੍ਹਣਾ ਪਾਉਣਾ ਔਖਾ ਹੋ ਰਿਹਾ ਸੀ। ਮਿਸਤਰੀ ਨੇ ਕੰਧ ਬਣਾਉਣ ਵੇਲੇ ਉਸ ਸਵਿਚ ਬੋਰਡ ਦੇ ਚਾਰੇ ਪਾਸੇ ਮੋਟੀ ਸੀਲ ਲਾ ਦਿੱਤੀ ਸੀ ਜੋ ਉਨ੍ਹਾਂ ਦੀ ਚੁੰਝ ਨਾਲ ਫਟ ਨਹੀਂ ਸੀ ਰਹੀ। ਦੋ ਤਿੰਨ ਦਿਨਾਂ ਦੀਆਂ ਲਗਾਤਾਰ ਕੋਸਿ਼ਸ਼ਾਂ ਤੋਂ ਬਾਅਦ ਉਹ ਸੀਲ ’ਚ ਰਾਹ ਬਣਾਉਣ ਵਿਚ ਸਫਲ ਹੋ ਗਈਆਂ। ਉਨ੍ਹਾਂ ਫਿਰ ਤੋਂ ਤੀਲਾ ਤੀਲਾ ਲਿਆਉਣਾ ਸ਼ੁਰੂ ਕਰ ਦਿੱਤਾ ਅਤੇ ਆਲ੍ਹਣਾ ਪਾ ਲਿਆ। ਆਲ੍ਹਣਾ ਦੇਖ ਕੇ ਕਈ ਤਰ੍ਹਾਂ ਦੀਆਂ ਸੋਚਾਂ ਦਿਲ ਅੰਦਰ ਆਈਆਂ ਪਰ ਅੰਤਾਂ ਦੀ ਖ਼ੁਸ਼ੀ ਹੋਈ ਕਿ ਸਾਡੇ ਘਰ ਚਿੜੀਆਂ ਦਾ ਆਲ੍ਹਣਾ ਹੈ।
ਪਿਛਲ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਚਿੜੀਆਂ ਪਹਿਲਾਂ ਸਾਡੇ ਘਰਾਂ ਵਿਹੜਿਆਂ ਵਿਚੋਂ, ਫਿਰ ਮੁਹੱਲਿਆਂ ਅਤੇ ਫਿਰ ਪਿੰਡਾਂ ਸ਼ਹਿਰਾਂ ਵਿਚੋਂ ਬਾਹਰ ਹੋ ਰਹੀਆਂ ਹਨ। ਸ਼ਾਇਦ ਸਾਡੇ ਘਰਾਂ ਮੁਹੱਲਿਆਂ ਵਿਚ ਦਰੱਖਤਾਂ ਦੀ ਘਾਟ ਕਾਰਨ ਜਾਂ ਫਿਰ ਵਾਤਾਵਰਨ ਦੇ ਗਰਮ ਮਿਜ਼ਾਜ ਕਾਰਨ ਜਾਂ ਫਿਰ ਟਾਵਰਾਂ ਤੇ ਸਿਗਨਲਾਂ ਦੇ ਜਾਲ਼ ਕਾਰਨ ਪੰਛੀ ਸਾਥੋਂ ਦੂਰ ਹੋ ਰਹੇ ਹਨ। ਕੋਈ ਵਕਤ ਸੀ ਲੋਕਾਂ ਨੂੰ ਅਲਾਰਮ ਲਾਉਣ ਦੀ ਲੋੜ ਨਹੀਂ ਸੀ ਪੈਂਦੀ, ਚਿੜੀਆਂ ਦੀ ਚੀਂ ਚੀਂ ਤੇ ਕਾਵਾਂ ਦੀ ਕਾਂ-ਕਾਂ ਸਭ ਨੂੰ ਸਾਝਰੇ ਜਗਾ ਦਿੰਦੀ ਸੀ:
ਉਹ ਚਿੜੀਆਂ ਦੀ ਚੀਂ ਚੀਂ,
ਉਹ ਕਾਵਾਂ ਦੀ ਕਾਂ ਕਾਂ,
ਉਹ ਕੋਇਲ ਦੀ ਕੁਹੂ ਕੁਹੂ,
ਕਿਥੇ ਗਈ?... ... ...
ਉਹ ਪਪੀਹੇ ਦੀ ਪੀਹ ਪੀਹ,
ਘੁੱਗੀਆਂ ਦੀ ਘੂਹ ਘੂਹ,
ਕਬੂਤਰਾਂ ਦੀ ਗੁਟਰ-ਗੂੰ,
ਕਿੱਥੇ ਗਈ?... ... ...
ਤੋਤਿਆਂ ਦੀ ਟੈਂ ਟੈਂ,
ਗਟਾਰਾਂ ਦਾ ਰੌਲ਼ਾ,
ਚਿੜੀਆਂ ਦਾ ਚੋਲਰ,
ਪੰਛੀਆਂ ਦੀ ਡਾਰੀ,
ਕਿੱਥੇ ਗਈ?... ... ...
ਸੰਪਰਕ: 94176-49542

Advertisement

Advertisement