ਏਨਾ ਸਮਾਂ ਕਿੱਥੇ
ਹਰਜੀਤ ਸਿੰਘ
ਮਸ਼ੀਨੀ ਯੁੱਗ ਤੋਂ ਪਹਿਲਾਂ ਸਾਡੇ ਵੱਡੇ ਵਡੇਰੇ ਹੱਥੀਂ ਕੰਮ ਕਰਦੇ ਸਨ। ਇਸ ਕਾਰਨ ਉਨ੍ਹਾਂ ਨੂੰ ਜ਼ਿਆਦਾ ਖੁਰਾਕ ਦੀ ਲੋੜ ਪੈਂਦੀ ਸੀ। ਸਾਲ ਭਰ ਦੀ ਕਣਕ ਸਾਂਭ ਕੇ ਰੱਖਣ ਲਈ ਪਹਿਲਾਂ ਇਹ ਕੰਮ ਭੜੋਲੀਆਂ ਕਰਦੀਆਂ ਸਨ। ਫਿਰ ਇਸ ਦੀ ਥਾਂ ਲੋਹੇ ਦੇ ਡਰੰਮਾਂ ਨੇ ਲੈ ਲਈ। ਅੰਬ ਦਾ ਅਚਾਰ ਪਾ ਕੇ ਸਾਰੇ ਸਾਲ ਲਈ ਆਪਣੇ ਆਪ ਨੂੰ ਸੁਰੱਖਿਅਤ ਹੋ ਜਾਂਦੇ ਸਨ। ਅਚਾਰ ਕਿਸੇ ਵਿਸ਼ੇਸ਼ ਔਰਤ ਕੋਲੋਂ ਪਵਾਇਆ ਜਾਂਦਾ ਸੀ ਜਿਸ ਦੀ ਦਲੀਲ ਇਹ ਹੁੰਦੀ ਸੀ ਕਿ ਉਸ ਦਾ ਪਾਇਆ ਅਚਾਰ ਖ਼ਰਾਬ ਨਹੀਂ ਹੁੰਦਾ। ਹੁਣ ਇਹ ਕੰਮ ਲਗਭਗ ਖ਼ਤਮ ਹੋ ਚੁੱਕਾ ਹੈ। ਵਿਸ਼ੇਸ਼ ਤੌਰ ’ਤੇ ਸ਼ਹਿਰਾਂ ਵਿੱਚ ਤਾਂ ਇਸ ਦਾ ਭੋਗ ਪੈ ਚੁੱਕਾ ਹੈ। ਇਹ ਕੰਮ ਮੇਰਾ ਪਰਿਵਾਰ ਵੀ ਕਰਦਾ ਸੀ।
ਹੁਣ ਜਦੋਂ ਮੇਰੇ ਦੋਵੇਂ ਬੱਚੇ ਵਿਦੇਸ਼ ਵਿੱਚ ਸੈਟਲ ਹੋ ਚੁੱਕੇ ਹਨ ਤਾਂ ਦੋਵੇਂ ਜੀ ਕਰਿਆਨੇ ਦੀ ਦੁਕਾਨ ’ਤੇ ਜਾ ਕੇ 10 ਕਿਲੋ ਆਟੇ ਦੀ ਥੈਲੀ ਲੈ ਆਉਂਦੇ ਹਾਂ। ਮੇਰੀ ਪਤਨੀ ਆਖਦੀ ਹੈ ਕਿ ਕੌਣ ਦੋ ਜਾਣਿਆਂ ਲਈ ਸਾਰਾ ਜੱਬ ਕਰਦਾ ਰਹੇ। ਮੇਰੀ ਪਤਨੀ ਡਰੰਮ ਵਿੱਚੋਂ ਕਣਕ ਕੱਢ ਕੇ ਦੋ ਤਿੰਨ ਪਾਣੀਆਂ ਵਿੱਚ ਧੋਂਦੀ, ਫਿਰ ਮੰਜੇ ’ਤੇ ਖਿਲਾਰ ਕੇ ਦੋ ਦਿਨ ਸਕਾਉਂਦੀ, ਪੰਛੀਆਂ ਤੋਂ ਬਚਾਉਂਦੀ। ਇੱਕ ਦਿਨ ਮੈਂ ਚੱਕੀ ਤੋਂ ਆਟਾ ਪਿਸਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ। ਸਮਾਂ ਲੰਘਾਉਣ ਲਈ ਉੱਥੇ ਪਈ ਅਖ਼ਬਾਰ ਪੜ੍ਹਨ ਲੱਗ ਗਿਆ। ਸਾਡੇ ਗੁਆਢੀਆਂ ਦਾ ਮੁੰਡਾ ਬੰਟੀ ਕਾਰ ਵਿੱਚੋਂ ਉਤਰਿਆ ਤੇ ਕਾਰ ਦੀ ਡਿੱਕੀ ਖੋਲ੍ਹਦੇ ਨੇ ਚੱਕੀ ’ਤੇ ਕੰਮ ਕਰਦੇ ਲੜਕੇ ਨੂੰ ਆਵਾਜ਼ ਮਾਰੀ।
‘‘ਆਹ ਬੋਰੀ ਚੁੱਕ।’’ ਉਸ ਨੇ ਲੜਕੇ ਨੂੰ ਆਖਿਆ। ਲੜਕੇ ਨੇ ਬੋਰੀ ਡਿੱਕੀ ਵਿੱਚੋਂ ਕੱਢੀ ਅਤੇ ਕੰਡੇ ’ਤੇ ਰੱਖ ਦਿੱਤੀ।
‘‘ਕਿੰਨੀ ਹੋਈ।’’
‘‘37 ਕਿੱਲੋ।’’
‘‘ਠੀਕ ਹੈ, ਜਿੰਨਾ ਆਟਾ ਬਣਦਾ ਹੈ, ਪਾ ਕੇ ਮੈਨੂੰ ਦੇ।’’ ਉਸ ਨੇ ਆਖਿਆ।
ਮੈਨੂੰ ਉਸ ਦੀ ਗੱਲ ਚੰਗੀ ਨਾ ਲੱਗੀ। ਮੈਂ ਆਖਿਆ,
‘‘ਬੰਟੀ, ਤੇਰੀ ਮੰਮੀ ਨੇ ਪਹਿਲਾਂ ਇਸ ਕਣਕ ਨੂੰ ਸਾਂਭਿਆ, ਫਿਰ ਕੱਖ ਕਾਣ ਬਾਹਰ ਕੱਢਿਆ, ਦੋ ਤਿੰਨ ਪਾਣੀਆਂ ਵਿੱਚ ਧੋਤੀ, ਦੋ-ਤਿੰਨ ਦਿਨ ਸਕਾਉਣ ਲਈ ਲਾਏ, ਤੂੰ ਆ ਕੇ ਇਸ ਬਦਲੇ ਆਟਾ ਲੈ ਕੇ ਜਾ ਰਿਹਾ ਹੈ। ਜੇ ਇਹੋ ਕੁੱਝ ਹੀ ਕਰਨਾ ਸੀ, ਘਟੀਆ ਆਟਾ ਹੀ ਖਾਣਾ ਸੀ ਤਾਂ ਫਿਰ ਏਨੀ ਮਿਹਨਤ ਕਰਨ ਦੀ ਕੀ ਲੋੜ ਸੀ?’’
‘‘ਅੰਕਲ ਜੀ ਤੁਸੀਂ ਤਾਂ ਵਿਹਲੇ ਹੋ, ਕੋਈ ਕੰਮ ਨਹੀਂ। ਮੇਰੇ ਕੋਲ ਏਨਾ ਸਮਾਂ ਕਿੱਥੇ, ਛੱਤੀ ਸੋ ਕੰਮ ਹਨ। ਮੈਂ ਵਿਹਲਾ ਨਹੀਂ।’’ ਉਸ ਨੇ ਆਖਿਆ। ਬੋਰੀ ਕਾਰ ਦੀ ਡਿੱਕੀ ਵਿੱਚ ਰਖਵਾਈ ਤੇ ਕਾਰ ਨੂੰ ਤੋਰ ਲਿਆ। ਉਸ ਦੀ ਕਾਰ ਹਵਾ ਨਾਲ ਗੱਲਾਂ ਕਰ ਰਹੀ ਸੀ।
ਮੈਂ ਅਜੇ ਵੀ ਚੱਕੀ ’ਤੇ ਬੈਠਾ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ।
ਸੰਪਰਕ: 92177-01415 (ਵਟਸਐਪ)