ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਸ਼ਿਆਈ ਖੇਡਾਂ ਵਿੱਚ ਕਿੱਥੇ ਖੜ੍ਹਾ ਹੈ ਭਾਰਤ

11:11 AM Sep 09, 2023 IST

ਨਵਦੀਪ ਸਿੰਘ ਗਿੱਲ
Advertisement

ਚੀਨ ਦੇ ਸ਼ਹਿਰ ਹਾਂਗਜ਼ੂ ਵਿਖੇ ਇਸੇ ਮਹੀਨੇ 19ਵੀਆਂ ਏਸ਼ਿਆਈ ਖੇਡਾਂ ਸ਼ੁਰੂ ਹੋ ਰਹੀਆਂ ਹਨ ਅਤੇ ਭਾਰਤ ਨੇ 634 ਮੈਂਬਰੀ ਖੇਡ ਦਲ ਦਾ ਐਲਾਨ ਕਰ ਦਿੱਤਾ ਹੈ। ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਦਲ ਏਸ਼ਿਆਈ ਖੇਡਾਂ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰੇਗਾ। ਭਾਰਤ ਨੇ ਹੁਣ ਤੱਕ ਸਾਰੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਹੈ। ਏਸ਼ਿਆਈ ਖੇਡਾਂ ਦੇ ਹੁਣ ਤੱਕ ਖੇਡੇ 18 ਐਡੀਸ਼ਨ ਵਿੱਚ ਹਿੱਸਾ ਲੈਣ ਵਾਲਾ ਭਾਰਤ ਸੱਤਵਾਂ ਮੁਲਕ ਹੈ। ਭਾਰਤ ਤੋਂ ਇਲਾਵਾ ਛੇ ਹੋਰ ਮੁਲਕ ਇੰਡੋਨੇਸ਼ੀਆ, ਸ੍ਰੀਲੰਕਾ, ਸਿੰਗਾਪੁਰ, ਥਾਈਲੈਂਡ, ਜਪਾਨ ਤੇ ਫਿਲਪਾਈਨਜ਼ ਹਨ ਜਿਨ੍ਹਾਂ ਨੇ ਸਾਰੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਹੈ। ਭਾਰਤ ਤਾਂ ਸਗੋਂ ਇਨ੍ਹਾਂ ਖੇਡਾਂ ਦਾ ਜਨਮਦਾਤਾ ਵੀ ਹੈ ਜਿੱਥੇ 1951 ਵਿੱਚ 4 ਤੋਂ 11 ਮਾਰਚ ਤੱਕ ਨਵੀਂ ਦਿੱਲੀ ਵਿਖੇ ਪਹਿਲੀਆਂ ਏਸ਼ਿਆਈ ਖੇਡਾਂ ਕਰਵਾਈਆਂ ਗਈਆਂ ਸਨ। ਉਸ ਤੋਂ ਬਾਅਦ 1982 ਵਿੱਚ ਨਵੀਂ ਦਿੱਲੀ ਵਿਖੇ ਹੀ ਨੌਵੀਆਂ ਏਸ਼ਿਆਈ ਖੇਡਾਂ ਕਰਵਾਈਆਂ ਗਈਆਂ।


ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਦਾ ਲੇਖਾ-ਜੋਖਾ ਕਰੀਏ ਤਾਂ ਭਾਰਤ ਪਹਿਲੇ ਪੰਜ ਮੁਲਕਾਂ ਵਿੱਚ ਸ਼ੁਮਾਰ ਹੈ। ਭਾਰਤ ਨੇ ਹੁਣ ਤੱਕ ਸਾਰੀਆਂ ਖੇਡਾਂ ਮਿਲਾ ਕੇ ਕੁਲ 155 ਸੋਨੇ, 201 ਚਾਂਦੀ ਤੇ 316 ਕਾਂਸੀ ਦੇ ਤਮਗ਼ਿਆਂ ਸਣੇ ਕੁਲ 672 ਤਮਗ਼ੇ ਜਿੱਤੇ ਹਨ ਅਤੇ ਓਵਰ ਆਲ ਤਮਗ਼ਾ ਜਿੱਤਣ ਵਾਲੇ ਮੁਲਕਾਂ ਵਿੱਚ ਪੰਜਵਾਂ ਸਥਾਨ ਹੈ। ਭਾਰਤ ਦੇ ਹੀ ਬਰਾਬਰ ਕਜ਼ਾਕਿਸਤਾਨ ਨੇ 155 ਸੋਨੇ ਦੇ ਤਮਗ਼ੇ ਜਿੱਤੇ ਹਨ, ਪਰ ਚਾਂਦੀ ਦੇ 158 ਤੇ ਕਾਂਸੀ ਦੇ 244 ਤਮਗ਼ਿਆਂ ਕਾਰਨ ਉਹ ਛੇਵੇਂ ਸਥਾਨ ਉਤੇ ਹੈ। ਕਜ਼ਾਕਿਸਤਾਨ ਦੇ ਖੇਡ ਦਲ ਨੂੰ ਦੇਖਦਿਆਂ ਇਸ ਵਾਰ ਭਾਰਤ ਸਾਹਮਣੇ ਵੱਡੀ ਚੁਣੌਤੀ ਇਹੋ ਹੈ ਕਿ ਇਸ ਵਾਰ ਉਹ ਸੋਨ ਤਮਗ਼ਿਆਂ ਵਿੱਚ ਕਜ਼ਾਕਿਸਤਾਨ ਦੇ ਬਰਾਬਰ ਜਾਂ ਵੱਧ ਜਿੱਤੇ ਤਾਂ ਜੋ ਪਹਿਲੀਆਂ ਪੰਜ ਪੁਜੀਸ਼ਨਾਂ ਵਿੱਚ ਨਾਮ ਕਾਇਮ ਰਹੇ। ਚੀਨ, ਜਪਾਨ, ਦੱਖਣੀ ਕੋਰੀਆ ਤੇ ਇਰਾਨ
ਕ੍ਰਮਵਾਰ ਪਹਿਲੀਆਂ ਚਾਰ ਪੁਜੀਸ਼ਨਾਂ ਉਤੇ ਹਨ। ਚੀਨ ਨੇ 1473 ਸੋਨ ਤਮਗ਼ਿਆਂ ਸਣੇ ਕੁਲ 3187 ਤਮਗ਼ੇ, ਜਪਾਨ ਨੇ 1032 ਸੋਨ ਤਮਗ਼ਿਆਂ ਸਣੇ ਕੁਲ 3087 ਤਮਗ਼ੇ ਅਤੇ ਦੱਖਣੀ ਕੋਰੀਆ ਨੇ 745 ਸੋਨ ਤਮਗ਼ਿਆਂ ਸਣੇ ਕੁਲ 2235 ਤਮਗ਼ੇ ਜਿੱਤੇ ਹਨ। ਤਿੰਨੋਂ ਮੁਲਕਾਂ ਨੂੰ ਪਛਾੜਨਾ ਬਾਕੀ ਮੁਲਕਾਂ ਲਈ ਹਾਲੇ ਸੰਭਵ ਨਹੀਂ ਜਾਪਦਾ। ਚੌਥੇ ਨੰਬਰ ਉਤੇ ਇਰਾਨ ਨੇ 179 ਸੋਨ ਤਮਗ਼ੇ ਜਿੱਤੇ ਹਨ, ਪ੍ਰੰਤੂ ਕੁਲ ਤਮਗ਼ੇ 557 ਜਿੱਤੇ ਹਨ ਜੋ ਕਿ ਭਾਰਤ ਤੋਂ ਘੱਟ ਹਨ।
ਸਾਲ 1951 ਵਿੱਚ ਨਵੀਂ ਦਿੱਲੀ ਵਿਖੇ ਹੋਈਆਂ ਪਹਿਲੀਆਂ ਏਸ਼ਿਆਈ ਖੇਡਾਂ ਤੋਂ 2018 ਵਿੱਚ ਜਕਾਰਤਾ ਤੱਕ ਖੇਡੀਆਂ ਗਈਆਂ 18ਵੀਆਂ ਏਸ਼ਿਆਈ ਖੇਡਾਂ ਦੀ ਗੱਲ ਕਰੀਏ ਤਾਂ ਭਾਰਤ ਨੇ ਪੁਜੀਸ਼ਨ ਦੇ ਹਿਸਾਬ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ 1951 ਵਿੱਚ ਦਿਖਾਇਆ ਸੀ ਜਦੋਂ ਭਾਰਤ 15 ਸੋਨੇ, 16 ਚਾਂਦੀ ਤੇ 20 ਕਾਂਸੀ ਦੇ ਤਮਗ਼ਿਆਂ ਨਾਲ ਕੁਲ 51 ਤਮਗ਼ਿਆਂ ਨਾਲ ਦੂਜੇ ਸਥਾਨ ਉਤੇ ਆਇਆ ਸੀ। ਉਸ ਤੋਂ ਬਾਅਦ 1962 ਵਿੱਚ ਜਕਾਰਤਾ ਵਿਖੇ ਭਾਰਤ 10 ਸੋਨੇ, 13 ਚਾਂਦੀ ਤੇ 10 ਕਾਂਸੀ ਦੇ ਤਮਗ਼ਿਆਂ ਨਾਲ ਕੁਲ 33 ਤਮਗ਼ਿਆਂ ਨਾਲ ਤੀਜੇ ਸਥਾਨ ਉਤੇ ਆਇਆ ਸੀ। ਇਸ ਤੋਂ ਬਿਨਾਂ ਭਾਰਤ ਕਦੇ ਵੀ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚ ਨਹੀਂ ਆਇਆ। 1954 ਵਿੱਚ ਮਨੀਲਾ, 1966 ਤੇ 1970 ਵਿੱਚ ਬੈਂਕਾਕ, 1982 ਵਿੱਚ ਨਵੀਂ ਦਿੱਲੀ ਤੇ 1986 ਵਿੱਚ ਸਿਓਲ ਵਿਖੇ ਪੰਜਵੇਂ ਸਥਾਨ ਉਤੇ ਰਿਹਾ ਸੀ।
ਸਿਰਫ਼ 1990 ਵਿੱਚ ਬੀਜਿੰਗ ਨੂੰ ਛੱਡ ਕੇ ਭਾਰਤ ਹਰ ਵਾਰ ਪਹਿਲੇ 10 ਮੁਲਕਾਂ ਵਿੱਚ ਸ਼ਾਮਲ ਰਿਹਾ ਹੈ। ਬੀਜਿੰਗ ਵਿਖੇ ਭਾਰਤ ਸਿਰਫ਼ ਇੱਕ ਸੋਨ ਤਮਗ਼ੇ ਨਾਲ 11ਵੇਂ ਸਥਾਨ ਉਤੇ ਸੀ। ਤਮਗ਼ਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਭਾਰਤ ਨੇ ਸਭ ਤੋਂ ਵੱਧ ਤਮਗ਼ੇ 2018 ਵਿੱਚ ਜਕਾਰਤਾ ਵਿਖੇ ਹੋਈਆਂ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਜਿੱਤੇ ਹਨ ਜਿੱਥੇ ਭਾਰਤ ਨੇ 16 ਸੋਨੇ, 23 ਚਾਂਦੀ ਤੇ 31 ਕਾਂਸੀ ਦੇ ਤਮਗ਼ਿਆਂ ਨਾਲ ਕੁਲ 70 ਤਮਗ਼ੇ ਜਿੱਤੇ ਸਨ। ਭਾਰਤ ਤਮਗ਼ਾ ਸੂਚੀ ਵਿੱਚ ਅੱਠਵੇਂ ਸਥਾਨ ਉਤੇ ਆਇਆ ਸੀ।
ਖੇਡਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਤਮਗ਼ੇ ਅਥਲੈਟਿਕਸ ਵਿੱਚ ਜਿੱਤੇ ਹਨ। ਭਾਰਤੀ ਅਥਲੀਟਾਂ ਨੇ 79 ਸੋਨੇ, 88 ਚਾਂਦੀ ਤੇ 87 ਕਾਂਸੀ ਦੇ ਤਮਗ਼ਿਆਂ ਨਾਲ ਕੁਲ 254 ਤਮਗ਼ੇ ਜਿੱਤੇ ਹਨ। ਅਥਲੈਟਿਕਸ ਵਿੱਚ ਓਵਰ ਆਲ ਤਮਗ਼ਾ ਸੂਚੀ ਵਿੱਚ ਭਾਰਤ ਤੀਜੇ ਨੰਬਰ ਉਤੇ ਆਉਂਦਾ ਹੈ। ਇਸ ਤੋਂ ਬਾਅਦ ਕੁਸ਼ਤੀ ਵਿੱਚ 11 ਸੋਨੇ, 14 ਚਾਂਦੀ ਤੇ 34 ਕਾਂਸੀ ਦੇ ਤਮਗ਼ਿਆਂ ਨਾਲ ਕੁਲ 59 ਤਮਗ਼ੇ ਜਿੱਤ ਕੇ ਓਵਰ ਆਲ ਸੱਤਵੇਂ ਨੰਬਰ ਉਤੇ ਆਉਂਦਾ ਹੈ। ਪਹਿਲਾ ਸਥਾਨ ਸਿਰਫ਼ ਇੱਕੋ-ਇੱਕ ਖੇਡ ਕਬੱਡੀ ਹੈ ਜਿਸ ਵਿੱਚ ਹੁਣ ਤੱਕ 9 ਸੋਨੇ, ਇੱਕ-ਇੱਕ ਚਾਂਦੀ ਤੇ ਕਾਂਸੀ ਦੇ ਤਮਗ਼ਿਆਂ ਨਾਲ ਕੁਲ 11 ਤਮਗ਼ੇ ਜਿੱਤੇ ਹਨ। ਨਿਸ਼ਾਨੇਬਾਜ਼ੀ, ਮੁੱਕੇਬਾਜ਼ੀ, ਲਾਅਨ ਟੈਨਿਸ ਵਿੱਚ ਵੀ 9-9 ਸੋਨ ਤਮਗ਼ੇ ਜਿੱਤੇ ਹਨ। ਹਾਕੀ ਵਿੱਚ ਭਾਰਤ 4 ਸੋਨੇ, 11 ਚਾਂਦੀ ਤੇ 6 ਕਾਂਸੀ ਦੇ ਤਮਗ਼ਿਆਂ ਨਾਲ ਕੁਲ 21 ਤਮਗ਼ੇ ਜਿੱਤ ਕੇ ਓਵਰ ਆਲ ਤੀਜੇ ਸਥਾਨ ਉਤੇ ਹੈ। ਪ੍ਰਮੁੱਖ ਟੀਮ ਖੇਡਾਂ ਦੀ ਗੱਲ ਕਰੀਏ ਤਾਂ ਫੁਟਬਾਲ ਵਿੱਚ 2 ਸੋਨੇ ਤੇ ਇੱਕ ਕਾਂਸੀ, ਵਾਲੀਬਾਲ ਵਿੱਚ ਇੱਕ ਚਾਂਦੀ ਤੇ ਦੋ ਕਾਂਸੀ, ਵਾਟਰ ਪੋਲੋ ਵਿੱਚ ਇੱਕ-ਇੱਕ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗ਼ੇ ਜਿੱਤੇ ਹਨ।
ਏਸ਼ਿਆਈ ਖੇਡਾਂ ਵਿੱਚ ਖਿਡਾਰੀਆਂ ਦੇ ਨਿੱਜੀ ਪ੍ਰਦਰਸ਼ਨ ਨੂੰ ਦੇਖੀਏ ਤਾਂ ਸਚਿਨ ਨਾਗ ਪਹਿਲਾ ਭਾਰਤੀ ਹੈ ਜਿਸ ਨੇ 1951 ਵਿੱਚ ਨਵੀਂ ਦਿੱਲੀ ਵਿਖੇ ਤੈਰਾਕੀ ਦੀ 100 ਮੀਟਰ ਫਰੀ ਸਟਾਈਲ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਹੈ ਅਤੇ ਰੌਸ਼ਨ ਮਿਸਤਰੀ ਪਹਿਲੀ ਮਹਿਲਾ ਤਮਗ਼ਾ ਜੇਤੂ ਖਿਡਾਰਨ ਹੈ ਜਿਸ ਨੇ 1951 ਵਿੱਚ ਹੀ 100 ਮੀਟਰ ਦੌੜ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਵਿਅਕਤੀਗਤ ਤੌਰ ਉਤੇ ਸਭ ਤੋਂ ਵੱਧ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਵਿੱਚ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਪੰਜ ਸੋਨੇ ਤੇ ਦੋ ਕਾਂਸੀ ਦੇ ਤਮਗ਼ੇ ਜਿੱਤੇ ਹਨ। ਅਥਲੀਟ ਪੀ.ਟੀ. ਊਸ਼ਾ ਨੇ ਚਾਰ ਸੋਨੇ ਤੇ ਸੱਤ ਚਾਂਦੀ ਦੇ ਤਮਗ਼ੇ ਜਿੱਤੇ ਹਨ। ਇਕੱਲੀਆਂ ਸਿਓਲ ਵਿਖੇ ਏਸ਼ਿਆਈ ਖੇਡਾਂ ਵਿੱਚ ਹੀ ਪੀ.ਟੀ. ਊਸ਼ਾ ਨੇ 200 ਮੀਟਰ, 400 ਮੀਟਰ, 400 ਮੀਟਰ ਹਰਡਲਜ਼ ਤੇ 4 ਗੁਣਾਂ 400 ਮੀਟਰ ਹਰਡਲਜ਼ ਦੌੜ ਵਿੱਚ ਚਾਰ ਨਵੇਂ ਏਸ਼ੀਅਨ ਰਿਕਾਰਡ ਰੱਖਦਿਆਂ ਚਾਰ ਸੋਨ ਤਮਗ਼ੇ ਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਨਿਸ਼ਾਨੇਬਾਜ਼ ਜਸਪਾਲ ਰਾਣਾ ਨੇ ਚਾਰ ਸੋਨੇ, ਦੋ-ਦੋ ਚਾਂਦੀ ਤੇ ਕਾਂਸੀ ਅਤੇ ਉਡਣਾ ਸਿੱਖ ਮਿਲਖਾ ਸਿੰਘ ਨੇ ਚਾਰ ਸੋਨੇ ਦੇ ਤਮਗ਼ੇ ਜਿੱਤੇ। ਅਥਲੀਟ ਪ੍ਰਦੁੱਮਣ ਸਿੰਘ ਨੇ ਤਿੰਨ ਸੋਨੇ, ਇੱਕ-ਇੱਕ ਚਾਂਦੀ ਤੇ ਕਾਂਸੀ, ਅਥਲੀਟ ਮਨਜੀਤ ਕੌਰ ਨੇ ਤਿੰਨ ਸੋਨੇ ਤੇ ਇੱਕ ਚਾਂਦੀ, ਅਥਲੀਟ ਮਨਦੀਪ ਕੌਰ ਨੇ ਤਿੰਨ ਸੋਨੇ ਦੇ ਤਮਗ਼ੇ ਜਿੱਤੇ। ਇਸ ਤੋਂ ਇਲਾਵਾ ਹੋਰਨਾਂ ਪ੍ਰਮੁੱਖ ਖਿਡਾਰੀਆਂ ਵਿੱਚ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਦੋ ਸੋਨੇ, ਤਿੰਨ ਚਾਂਦੀ ਤੇ ਤਿੰਨ ਕਾਂਸੀ, ਮਹੇਸ਼ ਭੂਪਤੀ ਨੇ ਦੋ ਸੋਨੇ, ਇੱਕ ਚਾਂਦੀ ਤੇ ਤਿੰਨ ਕਾਂਸੀ, ਅਥਲੀਟ ਪਰਵੀਨ ਕੁਮਾਰ ਨੇ ਦੋ ਸੋਨੇ, ਇੱਕ-ਇੱਕ ਚਾਂਦੀ ਤੇ ਕਾਂਸੀ, ਹਿਮਾ ਦਾਸ ਨੇ ਦੋ ਸੋਨੇ ਤੇ ਇੱਕ ਚਾਂਦੀ, ਪਹਿਲਵਾਨ ਕਰਤਾਰ ਸਿੰਘ ਨੇ ਦੋ ਸੋਨੇ ਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ।
Advertisement

ਸੰਪਰਕ: 97800-36216

Advertisement