ਵੇ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ...
ਨਿਰਮਲ ਸਿੰਘ ਦਿਓਲ
ਸਮੇਂ ਦੀ ਤੋਰ ਨਾਲ ਬੜਾ ਕੁਝ ਬਦਲਦਾ ਰਹਿੰਦਾ ਹੈ। ਸਾਡੀ ਜੀਵਨ ਜਾਚ, ਸਾਡੇ ਰਹਿਣ ਸਹਿਣ ਦੇ ਢੰਗ, ਸਾਡੇ ਰੀਤੀ ਰਿਵਾਜ, ਸਾਡੀਆਂ ਲੋੜਾਂ ਤੇ ਥੁੜ੍ਹਾਂ, ਸਾਡੀਆਂ ਮੁਸ਼ਕਿਲਾਂ ਮਜਬੂਰੀਆਂ ਬਦਲਦੀਆਂ ਰਹਿੰਦੀਆਂ ਹਨ। ਸਾਡੀ ਰੋਜ਼ਾਨਾ ਜ਼ਿੰਦਗੀ ਦੇ ਰੰਗਾਂ ਦੇ ਨਾਲ ਨਾਲ ਸਾਡੀਆਂ ਸੋਚਾਂ, ਵਿਚਾਰ, ਖ਼ਿਆਲ, ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਵਾਚਣ ਅਤੇ ਪ੍ਰਗਟਾਉਣ ਦੇ ਰੰਗ ਢੰਗ ਵੀ ਬਦਲਦੇ ਰਹਿੰਦੇ ਹਨ। ਤਿੰਨ ਕੁ ਦਹਾਕੇ ਤੋਂ ਪਹਿਲਾਂ ਤੱਕ ਘਰੋਂ ਬਾਹਰ ਥੋੜ੍ਹੀ ਜਾਂ ਬਹੁਤੀ ਦੂਰ ਗਏ ਕਿਸੇ ਆਪਣੇ ਪਿਆਰੇ ਨਾਲੋਂ ਘਰਦਿਆਂ ਦਾ ਰਾਬਤਾ ਟੁੱਟ ਜਾਂਦਾ ਸੀ ਜਿਸ ਦਾ ਆਪਣੇ ਆਪਣੇ ਰਿਸ਼ਤੇ ਦੀ ਨੇੜਤਾ, ਸਾਂਝ, ਮੋਹ ਮੁਹੱਬਤ ਮੁਤਾਬਿਕ ਯਾਦ ਆਉਣਾ ਅਤੇ ਉਦਾਸ ਗ਼ਮਗੀਨ ਹੋਣਾ ਸੁਭਾਵਿਕ ਹੁੰਦਾ ਸੀ।
ਉਨ੍ਹਾਂ ਸਮਿਆਂ ਵਿੱਚ ਆਪਣੀਆਂ ਸੋਚਾਂ, ਪਿਆਰ, ਉਡੀਕਾਂ, ਮਜਬੂਰੀਆਂ ਨੂੰ ਪ੍ਰਗਟਾਉਣ ਦਾ ਇੱਕੋ ਇੱਕ ਤਰੀਕਾ ਚਿੱਠੀ ਹੁੰਦਾ ਸੀ ਜਿਸ ਦੇ ਪਹੁੰਚਣ ’ਤੇ ਉਨ੍ਹਾਂ ਸਮਿਆਂ ਦੇ ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਮੁਤਾਬਿਕ ਬਹੁਤ ਸਮਾਂ ਲੱਗਦਾ ਸੀ। ਅੱਲ੍ਹੜ ਅਣਭੋਲ ਉਮਰ ਵਿੱਚ ਦੂਰ ਦੁਰਾਡੇ ਪਿੰਡਾਂ ਵਿੱਚ ਵਿਆਹੀਆਂ ਗਈਆਂ ਕੁੜੀਆਂ, ਜਿਨ੍ਹਾਂ ਨੇ ਆਪਣਾ ਬਚਪਨ ਅਤੇ ਜਵਾਨੀ ਦਾ ਕੁਝ ਸਮਾਂ ਆਪਣੇ ਮਾਪਿਆਂ, ਭੈਣ-ਭਰਾਵਾਂ, ਤਾਇਆਂ-ਚਾਚਿਆਂ, ਸਖੀਆਂ ਸਹੇਲੀਆਂ ਨਾਲ ਗੁਜ਼ਾਰਿਆ ਹੁੰਦਾ ਸੀ, ਉਨ੍ਹਾਂ ਨੂੰ ਸਹੁਰੇ ਘਰ ਮਾਹੀ, ਸੱਸ-ਸਹੁਰੇ, ਦਰਾਣੀਆਂ-ਜਠਾਣੀਆਂ ਵੱਲੋਂ ਜਿੰਨਾ ਮਰਜ਼ੀ ਪਿਆਰ ਕੀਤਾ ਜਾਂਦਾ, ਪਰ ਉਨ੍ਹਾਂ ਦੇ ਚੇਤਿਆਂ ਵਿੱਚੋਂ ਪੇਕੇ ਪਿੰਡ ਦੀਆਂ ਯਾਦਾਂ ਕਦੇ ਵੀ ਮਨਫੀ ਨਹੀਂ ਹੁੰਦੀਆਂ ਸਨ। ਉੱਠਦਿਆਂ, ਬੈਠਦਿਆਂ, ਗੱਲਾਂ ਬਾਤਾਂ ਕਰਦਿਆਂ, ਕੰਮ ਧੰਦੇ ਕਰਦਿਆਂ ਉਨ੍ਹਾਂ ਨੂੰ ਆਪਣੇ ਮਾਂ-ਬਾਪ, ਭੈਣ-ਭਰਾਵਾਂ ਵੱਲੋਂ ਕੀਤਾ ਲਾਡ ਪਿਆਰ, ਸਖੀਆਂ ਸਹੇਲੀਆਂ ਨਾਲ ਤੀਆਂ, ਤ੍ਰਿੰਝਣਾਂ, ਮੇਲਿਆਂ, ਵਿਆਹ ਸ਼ਾਦੀਆਂ ’ਤੇ ਮਾਣੀਆਂ ਮੌਜਾਂ, ਗਾਏ ਗੀਤ ਅਤੇ ਗਿੱਧਿਆਂ ਵਿੱਚ ਲਾਈਆਂ ਰੌਣਕਾਂ ਯਾਦ ਆਉਣੀਆਂ ਸੁਭਾਵਿਕ ਹੁੰਦੀਆਂ ਸਨ।
ਉਨ੍ਹਾਂ ਸਮਿਆਂ ਵਿੱਚ ਆਪਣੇ ਸਹੁਰੇ ਘਰ ਦੀ ਰਾਜ਼ੀ ਖ਼ੁਸ਼ੀ, ਉਨ੍ਹਾਂ ਦੇ ਵਰਤ ਵਿਹਾਰ, ਉਸ ਨੂੰ ਮਿਲਦੇ ਪਿਆਰ ਸਤਿਕਾਰ ਅਤੇ ਆਪਣੇ ਪੇਕੇ ਪਿੰਡ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਪੇਕੇ ਪਿੰਡ ਨੂੰ ਸੁਨੇਹੇ ਦੇ ਰੂਪ ਵਿੱਚ ਚਿੱਠੀ ਲਿਖਣਾ ਹੀ ਆਪਣੇ ਵਲਵਲੇ ਪ੍ਰਗਟ ਕਰਨ ਦਾ ਇੱਕੋ ਇੱਕ ਸਾਧਨ ਹੁੰਦਾ ਸੀ। ਥੋੜ੍ਹਾ ਮੋਟਾ ਪੜ੍ਹੀਆਂ ਲਿਖੀਆਂ ਕੁੜੀਆਂ ਤਾਂ ਚਾਹੇ ਆਪ ਚਿੱਠੀ ਲਿਖ ਲੈਂਦੀਆਂ ਸਨ, ਪਰ ਜੋ ਅਨਪੜ੍ਹ ਹੁੰਦੀਆਂ ਸਨ, ਉਹ ਆਪਣੇ ਘਰ ਦੇ ਕਿਸੇ ਪੜ੍ਹੇ ਲਿਖੇ ਬੱਚੇ ਜਾਂ ਆਂਢ ਗੁਆਂਢ ਵਿੱਚ ਪੜ੍ਹੇ ਕਿਸੇ ਮੁੰਡੇ-ਕੁੜੀ ਤੋਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਸ਼ਬਦ ਬੋਲ ਕੇ ਚਿੱਠੀ ਲਿਖਾ ਕੇ ਪਾਉਂਦੀਆਂ ਸਨ। ਕਈ ਵਾਰ ਤਾਂ ਉਨ੍ਹਾਂ ਦੀਆਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਬੋਲੇ ਵਿਛੋੜੇ, ਉਡੀਕ, ਮਜਬੂਰੀ, ਬੇਵਸੀ ਅਤੇ ਰਿਸ਼ਤਿਆਂ ਦੇ ਨਿੱਘ ਨੂੰ ਬਿਆਨ ਕਰਦੇ ਸ਼ਬਦ ਲਿਖਣ ਜਾਂ ਸੁਣਨ ਵਾਲੇ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੰਦੇ ਸਨ। ਕਈ ਵਾਰ ਕੁੜੀਆਂ ਆਪਣੇ ਪੇਕਿਆਂ ਨੂੰ ਆਪਣੇ ਘਰਾਂ ਦੀ ਮਜਬੂਰੀ ਕਾਰਨ ਆਪਣੇ ਪਿਓ ਜਾਂ ਭਰਾਵਾਂ ਨੂੰ ਆ ਕੇ ਮਿਲ ਜਾਣ ਲਈ ਸੁਨੇਹਾ ਭੇਜਦੀਆਂ ਸਨ।
ਫ਼ੌਜ ਵਿੱਚ ਜਾਂ ਪ੍ਰਦੇਸ ਗਏ ਮਾਹੀ ਬਾਝੋਂ ਇਕੱਲੀਆਂ ਰਹਿ ਰਹੀਆਂ ਉਨ੍ਹਾਂ ਦੀਆਂ ਪਤਨੀਆਂ ਨੂੰ ਤਾਂ ਇਨ੍ਹਾਂ ਚਿੱਠੀਆਂ ਤੋਂ ਬਿਨਾਂ ਦੁਖ ਸੁਖ, ਮੋਹ ਮੁਹੱਬਤ, ਗੱਲਾਂ ਬਾਤਾਂ ਦੱਸਣ ਦਾ ਹੋਰ ਕੋਈ ਜ਼ਰੀਆ ਨਹੀਂ ਹੁੰਦਾ ਸੀ। ਸਰਹੱਦਾਂ ’ਤੇ ਨੌਕਰੀ ਕਰਦੇ ਫ਼ੌਜੀਆਂ ਦੀਆਂ ਪਤਨੀਆਂ ਨੂੰ ਤਾਂ ਵਾਰ ਵਾਰ ਉਨ੍ਹਾਂ ਦੀਆਂ ਛਾਉਣੀਆਂ ਬਦਲ ਜਾਣ ਕਾਰਨ ਚਿੱਠੀ ਲਈ ਸਿਰਨਾਵਾਂ ਨਾ ਹੋਣ ਕਰਕੇ ਚਿੱਠੀ ਪਾਉਣੀ ਵੀ ਮੁਸ਼ਕਿਲ ਹੋ ਜਾਂਦੀ ਸੀ। ਬਨੇਰੇ ’ਤੇ ਬੋਲਦਾ ਕਾਂ ਵੀ ਪੇਕੇ ਪਿੰਡ ਤੋਂ ਕਿਸੇ ਆਪਣੇ ਦੇ ਆਉਣ ਦਾ ਧਰਵਾਸ ਦਿੰਦਾ ਅਤੇ ਖੈਰ ਸੁੱਖ ਦਾ ਸੁਨੇਹਾ ਦਿੰਦਾ ਜਾਪਦਾ ਹੁੰਦਾ ਸੀ। ਇਸ ਕਰਕੇ ਸਾਡੇ ਬਹੁਤੇ ਲੋਕ ਗੀਤਾਂ ਵਿੱਚ ਕਾਵਾਂ ਨੂੰ ਚੰਗਾ ਸੁਨੇਹਾ ਦੇਣ ਤੇ ਚੂਰੀਆਂ ਕੁੱਟ ਕੇ ਪਾਉਣ ਦਾ ਵਰਨਣ ਆਉਂਦਾ ਹੈ।
ਆਵਾਜਾਈ ਦੇ ਸਾਧਨ ਘੱਟ ਹੋਣ ’ਤੇ ਅਤੇ ਸਾਰੇ ਪਿੰਡਾਂ ਵਿੱਚ ਡਾਕਘਰ ਨਾ ਹੋਣ ਕਰਕੇ ਉਦੋਂ ਡਾਕੀਆ ਵੀ ਕਈ ਕਈ ਦਿਨਾਂ ਮਗਰੋਂ ਪਿੰਡਾਂ ਵਿੱਚ ਡਾਕ ਵੰਡਣ ਆਉਂਦਾ ਸੀ। ਦੂਰੋਂ ਡਾਕੀਆ ਆਉਂਦਾ ਵੇਖ ਕੇ ਹਰ ਪੇਕਿਆਂ ਦੀ ਚਿੱਠੀ ਉਡੀਕਦੀ ਕੁੜੀ ਨੂੰ ਮਨ ਵਿੱਚ ਆਪਣੀ ਚਿੱਠੀ ਆਉਣ ਦਾ ਸੁਪਨਾ ਸੱਚਾ ਜਿਹਾ ਹੁੰਦਾ ਜਾਪਦਾ ਸੀ ਅਤੇ ਜਿਨ੍ਹਾਂ ਦੀਆਂ ਉਹ ਚਿੱਠੀਆਂ ਦੇ ਜਾਂਦਾ ਸੀ, ਉਨ੍ਹਾਂ ਨੂੰ ਉਹ ਡਾਕੀਆ ਰੱਬ ਰੂਪੀ ਰੂਹ ਲੱਗਦਾ ਸੀ। ਚਿੱਠੀ ਦੇ ਅੱਖਰ ਬੜਾ ਕੁਝ ਬਿਆਨ ਕਰਦੇ ਸਨ ਅਤੇ ਬੋਲਦੇ ਜਾਪਦੇ ਸਨ। ਚਿੱਠੀਆਂ ਨੂੰ ਵਾਰ ਵਾਰ ਪੜ੍ਹਿਆ ਜਾਂਦਾ ਸੀ ਅਤੇ ਸਾਲਾਂ ਬੱਧੀ ਸੰਭਾਲ ਕੇ ਰੱਖਿਆ ਜਾਂਦਾ ਸੀ। ਸਰਹੱਦ ਤੋਂ ਆਈ ਆਪਣੇ ਮਾਹੀ ਦੀ ਚਿੱਠੀ ਵਿੱਚ ਉਸ ਦੀ ਬਹਾਦਰੀ ਬਾਰੇ ਲਿਖੇ ਸ਼ਬਦਾਂ ਤੇ ਘਰਵਾਲੀ ਅਤੇ ਸਾਰਾ ਪਰਿਵਾਰ ਮਾਣ ਮਹਿਸੂਸ ਕਰਦਾ ਸੀ।
ਹੁਣ ਚਾਹੇ ਸਾਰੀ ਦੁਨੀਆ ਇੱਕ ਪਿੰਡ ਵਾਂਗ ਬਣ ਕੇ ਰਹਿ ਗਈ ਹੈ। ਦੇਸ਼ ਵਿਦੇਸ਼ ਤੋਂ ਮਿੰਟ ਮਿੰਟ ’ਤੇ ਫੋਨ ਕਾਲਾਂ, ਵੀਡੀਓ ਕਾਲਾਂ, ਮੇਲਾਂ, ਤਸਵੀਰਾਂ ਆ ਜਾਂਦੀਆਂ ਹਨ, ਪਰ ਸਭ ਸੁਨੇਹਿਆਂ ਨੂੰ ਕੁਝ ਘੰਟਿਆਂ ਬਾਅਦ ਹੀ ਭੁੱਲ ਭੁਲਾ ਜਾਂ ਮਿਟਾ ਦਿੱਤਾ ਜਾਂਦਾ ਹੈ, ਕੁਝ ਵੀ ਚੇਤੇ ਨਹੀਂ ਰਹਿੰਦਾ ਹੈ। ਦੂਜੇ ਪਾਸੇ ਉਨ੍ਹਾਂ ਸਮਿਆਂ ਵਿੱਚ ਚਿੱਠੀਆਂ ’ਤੇ ਲਿਖੇ ਮੁਹੱਬਤਾਂ ਦੇ ਸੁਨੇਹੇ, ਉਡੀਕਾਂ ਦੇ ਅੱਖਰ, ਦਰਦਾਂ ਦੀ ਦਾਸਤਾਨ ਨੂੰ ਧੁਰ ਦਿਲੋਂ ਅਤੇ ਮਨ ਲਾ ਕੇ ਲਿਖੀਆਂ ਸੱਚੀਆਂ ਲਿਖਤਾਂ ਵਾਂਗ ਮਹੀਨਿਆਂ ਬੱਧੀ ਪੜ੍ਹਿਆ ਜਾਂਦਾ ਸੀ। ਉਨ੍ਹਾਂ ਚਿੱਠੀਆਂ ਦੇ ਸ਼ਬਦਾਂ ਦੇ ਅਰਥਾਂ ਵਿੱਚ ਆਪਣਿਆਂ ਦੀ ਅਪਣੱਤ, ਰਿਸ਼ਤਿਆਂ ਦਾ ਨਿੱਘ, ਉਮੰਗਾਂ ਅਰਮਾਨਾਂ ਦੀਆਂ ਕਹਾਣੀਆਂ ਸਮੋਈਆਂ ਹੁੰਦੀਆਂ ਸਨ। ਮਹੀਨਿਆਂ ਬਾਅਦ ਕਿਸੇ ਆਪਣੇ ਦੀ ਚਿੱਠੀ ਦਾ ਆਉਣਾ ਖ਼ੁਸ਼ੀਆਂ ਦੀ ਬਾਰਿਸ਼ ਵਰਗਾ ਹੁੰਦਾ ਸੀ, ਰੱਬ ਦੀਆਂ ਰਹਿਮਤਾਂ ਬਖ਼ਸ਼ਿਸ਼ਾਂ ਵਰਗਾ ਹੁੰਦਾ ਸੀ। ਆਪਣੇ ਪਿਆਰੇ ਦਾ ਸੁੱਖ ਸੁਨੇਹਾ ਸੁਣ ਕੇ ਕੁਦਰਤ ਕਾਇਨਾਤ ਦੇ ਰੰਗ ਵੀ ਹੁਸੀਨ ਅਤੇ ਗੂੜ੍ਹੇ ਜਾਪਣ ਲੱਗਦੇ ਸਨ, ਚਾਰ ਚੁਫ਼ੇਰਾ ਮਹਿਕਾਂ ਵੰਡਦਾ ਮਹਿਸੂਸ ਹੁੰਦਾ ਸੀ। ਹੁਣ ਉਹ ਸਮੇਂ ਅਤੇ ਉਨ੍ਹਾਂ ਸਮਿਆਂ ਦੇ ਰੰਗ ਬਦਲ ਗਏ ਹਨ। ਉਨ੍ਹਾਂ ਸਮਿਆਂ ਵਿੱਚ ਆਪਣੇ ਮਾਹੀ ਦਾ ਸਹੀ ਸਿਰਨਾਵਾਂ ਨਾ ਪਤਾ ਹੋਣ ਕਾਰਨ ਸੁੱਖ ਸੁਨੇਹੇ ਦੀ ਚਿੱਠੀ ਲਿਖਣ ਤੋਂ ਮਜਬੂਰ ਕਿਸੇ ਮਹਿਬੂਬਾ ਦੇ ਧੁਰ ਦਿਲ ਤੋਂ ਨਿਕਲੀ ਦਰਦ ਭਰੀ ਹੂਕ ਨੇ ਹੀ ਇਸ ਲੋਕ ਬੋਲੀ ਦੇ ਸ਼ਬਦਾਂ ਦਾ ਰੂਪ ਧਾਰਿਆ ਹੋਵੇਗਾ;
ਵੇ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ
ਜਾਂਦਾ ਹੋਇਆ ਦੱਸ ਨਾ ਗਿਆ।
ਸੰਪਰਕ: 94171-04961