ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿੱਥੇ ਤਾਂ ਲਾਵਾਂ ਟਾਹਲੀਆਂ, ਵੇ ਪੱਤਾਂ ਵਾਲੀਆਂ...

08:25 AM Sep 16, 2023 IST

ਸ਼ਵਿੰਦਰ ਕੌਰ

ਕਿਸੇ ਵੀ ਖਿੱਤੇ ਦੇ ਜਨ ਜੀਵਨ ਵਿੱਚ ਉੱਥੋਂ ਹੀ ਧਰਤੀ, ਰੁੱਖ, ਫ਼ਸਲਾਂ, ਜੀਵ ਜੰਤੂ ਆਦਿ ਦਾ ਵਿਸ਼ੇਸ਼ ਸਥਾਨ ਹੁੰਦਾ ਹੈ। ਉਸ ਦੇ ਰੀਤੀ-ਰਿਵਾਜ, ਸੰਸਕਾਰ, ਮਰਿਆਦਾਵਾਂ ਉਸ ਅਨੁਸਾਰ ਸਥਾਪਤ ਹੋਏ ਹੁੰਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਅਜਿਹਾ ਬੜਾ ਕੁਝ ਫੈਲਿਆ ਅਤੇ ਸਥਾਪਿਤ ਹੋਇਆ ਮਿਲਦਾ ਹੈ। ਉਪਰੋਕਤ ਰੰਗਾਂ ਵਿੱਚੋਂ ਇੱਕ ਰੰਗ ਧਰਤੀ ਉੱਤੇ ਰੁੱਖਾਂ ਦੀ ਮਹੱਤਤਾ ਦਾ ਵੀ ਹੈ। ਸਾਡਾ ਸੱਭਿਆਚਾਰ ਰੁੱਖਾਂ ਨੂੰ ਮੌਲੀਆਂ ਬੰਨ੍ਹਦਾ ਹੈ। ਸਾਡੇ ਲੋਕ ਗੀਤ ਰੁੱਖਾਂ ਦੀ ਹੋਂਦ, ਲੋੜ, ਵਰਤੋਂ ਅਤੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਰੁੱਖਾਂ ਦਾ ਆਕਾਰ ਸੁਭਾਅ, ਰੰਗ- ਰੂਪ, ਗੁਣ-ਔਗੁਣ, ਫੁੱਲਾਂ-ਫ਼ਲਾਂ ਦਾ ਸੁਆਦ ਅਤੇ ਉਨ੍ਹਾਂ ਦੇ ਖੁਰਾਕੀ ਮਹੱਤਵ ਦੀ ਬਾਤ ਵੀ ਪਾਉਂਦੇ ਹਨ। ਜਿਸ ਤਰ੍ਹਾਂ ਰੁੱਖਾਂ ਨੂੰ ਮਨੁੱਖੀ ਜੀਵਨ ਵਿੱਚੋਂ ਖਾਰਜ ਨਹੀਂ ਕੀਤਾ ਜਾ ਸਕਦਾ, ਉਸੇ ਤਰ੍ਹਾਂ ਰੁੱਖਾਂ ਦੇ ਅਧਿਆਤਮਕ, ਮਨੋਵਿਗਿਆਨਕ ਅਤੇ ਮੈਡੀਕਲ ਮਹੱਤਵ ਨੂੰ ਲੋਕ ਮਨ ਵਿੱਚੋਂ ਕਦੇ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਤਾਂ ਜ਼ਿੰਦਗੀ ਜਿਊਣ ਦੇ ਮੁਹਾਵਰੇ ਵਿੱਚ ਪੂਰੀ ਤਰ੍ਹਾਂ ਢਲਿਆ ਹੋਇਆ ਹੈ।
ਰੁੱਖ ਅਤੇ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ। ਧਰਤੀ ਦੀ ਸਿਰਜਣਾ ਦੇ ਨਾਲ ਹੀ ਹਰਿਆਲੀ ਅਤੇ ਰੁੱਖਾਂ ਦੀ ਪੈਦਾਇਸ਼ ਸ਼ੁਰੂ ਹੋਈ। ਰੁੱਖਾਂ ਦੇ ਗੂੜ੍ਹੇ ਸਬੰਧ ਕਾਰਨ ਆਦਿ ਮਨੁੱਖ ਦਾ ਜੀਵਨ ਸ਼ੁਰੂ ਹੋਇਆ। ਅੱਜ ਵੀ ਜੰਗਲਾਂ ਵਿੱਚ ਰਹਿੰਦੇ ਮਨੁੱਖਾਂ ਦੀ ਰੁੱਖਾਂ ਨਾਲ ਗੂੜ੍ਹੀ ਯਾਰੀ ਹੈ। ਉਨ੍ਹਾਂ ਦਾ ਜੀਵਨ ਨਿਰਬਾਹ ਰੁੱਖਾਂ ’ਤੇ ਹੀ ਨਿਰਭਰ ਹੈ। ਪੇਟ ਦੀ ਭੁੱਖ ਮਿਟਾਉਣ ਅਤੇ ਤਨ ਕੱਜਣ ਲਈ ਮਨੁੱਖ ਨੇ ਸਭ ਤੋਂ ਪਹਿਲਾਂ ਰੁੱਖਾਂ ਦਾ ਹੀ ਆਸਰਾ ਲਿਆ ਸੀ। ਮਨੁੱਖੀ ਸੱਭਿਅਤਾ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਰੁੱਖ ਮਨੁੱਖੀ ਸਿਰ ਦੀ ਛਤਰੀ ਬਣਦਾ ਆਇਆ ਹੈ। ਰੁੱਖਾਂ ਨੇ ਮਨੁੱਖੀ ਜੀਵਨ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਮਨੁੱਖ ਲਈ ਰੁੱਖਾਂ ਦੀ ਮਹੱਤਤਾ ਨੂੰ ਪਛਾਣਦਿਆਂ ਬਾਬਾ ਫ਼ਰੀਦ ਨੇ ਰੱਬ ਦੀ ਸਾਧਨਾ ਕਰ ਰਹੇ ਦਰਵੇਸ਼ਾਂ ਨੂੰ ਵੀ ਰੁੱਖਾਂ ਜਿਹੀ ਸਹਿਣਸ਼ੀਲਤਾ ਧਾਰਨ ਕਰਨ ਦਾ ਸੰਦੇਸ਼ ਦਿੱਤਾ ਹੈ:
ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ।।
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।।
ਕੁਦਰਤ ਦੀਆਂ ਅਨੰਤ ਰਚੀਆਂ ਵਸਤੂਆਂ ਵਿੱਚੋਂ ਰੁੱਖ, ਪੌਦੇ ਕੁਦਰਤ ਦੀ ਬਖ਼ਸ਼ੀ ਸਭ ਤੋਂ ਅਣਮੁੱਲੀ ਦਾਤ ਹਨ। ਹਰ ਜੀਵ ਜੰਤੂ ਆਪਣੀਆਂ ਬੁਨਿਆਦੀ ਲੋੜਾਂ ਲਈ ਇਨ੍ਹਾਂ ’ਤੇ ਨਿਰਭਰ ਹਨ। ਜਦੋਂ ਬੱਚਾ ਇਸ ਧਰਤੀ ’ਤੇ ਆਉਂਦਾ ਹੈ ਤਾਂ ਉਸ ਦਾ ਸੁਆਗਤ ਰੁੱਖਾਂ ਦੇ ਪੱਤਿਆਂ ਰੂਪੀ ਹਰਿਆਵਲ ਨਾਲ ਕੀਤਾ ਜਾਂਦਾ ਹੈ। ਹਰ ਬੱਚੇ ਦੇ ਜਨਮ ਮੌਕੇ ਘਰ ਦੇ ਮੁੱਖ ਦਰਵਾਜ਼ੇ ’ਤੇ ਨਿੰਮ, ਅੰਬ ਅਤੇ ਸ਼ਰੀਂਹ ਦੇ ਪੱਤਿਆਂ ਨੂੰ ਬੰਨ੍ਹਿਆ ਜਾਂਦਾ ਹੈ। ਇਹ ਮਹਿਜ਼ ਇੱਕ ਰਸਮ ਹੀ ਨਹੀਂ ਹੈ। ਨਿੰਮ ਦੇ ਰੁੱਖ ਨੂੰ ਹਵਾ ਨੂੰ ਸ਼ੁੱਧ ਕਰਨ ਵਾਲਾ ਅਤੇ ਔਸ਼ਧੀ ਦੇ ਗੁਣ ਵਾਲਾ ਮੰਨਿਆ ਗਿਆ ਹੈ। ਇਹ ਜਨਮ ਲੈਣ ਵਾਲੇ ਬੱਚੇ ਦੇ ਚੌਗਿਰਦੇ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਕੀਤਾ ਜਾਂਦਾ ਹੈ।
ਮਨੁੱਖੀ ਜੀਵਨ ਦੀਆਂ ਮੁੱਢਲੀਆਂ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਤਿੰਨੇ ਪੌਦਿਆਂ ਤੋਂ ਪ੍ਰਾਪਤ ਹੁੰਦੀਆਂ ਹਨ। ਮਨੁੱਖੀ ਜੀਵਨ ਨੂੰ ਸਾਹ ਲੈਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਰੁੱਖ ਮਿੱਟੀ ਅਤੇ ਆਕਸੀਜਨ ਸਿਰਜਣ ਦੇ ਕਾਰਖਾਨੇ ਹਨ। ਸਮੁੱਚੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਵਿੱਚ ਰੁੱਖ ਅਹਿਮ ਭੂਮਿਕਾ ਨਿਭਾਉਂਦੇ ਹਨ :
ਚੂਸਣ ਜ਼ਹਿਰ ਹਵਾ ਦੇ ਵਿੱਚੋਂ ਕਰਨ ਸਾਫ਼ ਹਵਾਵਾਂ।
ਰੁੱਖਾਂ ਦੀ ਮੈਂ ਖੈਰ ਮਨਾਵਾਂ ਜੋ ਦਿੰਦੇ ਠੰਢੀਆਂ ਛਾਵਾਂ।
ਇਹ ਰੁੱਖ ਹੀ ਹਨ ਜੋ ਜਨਮ ਵੇਲੇ ਦੇ ਪੰਘੂੜੇ ਤੋਂ ਅੰਤਲੇ ਸਮੇਂ ਅਰਥੀ ਤੱਕ ਸਾਡਾ ਸਾਥ ਦਿੰਦੇ ਹਨ। ਰੁੱਖ ਜਿੱਥੇ ਵਰਖਾ ਪ੍ਰੇਰਕ ਅਤੇ ਨਦੀਆਂ ਦੇ ਜਨਮ ਦਾਤੇ ਹਨ, ਉੱਥੇ ਇਹ ਮਿੱਟੀ ਦੇ ਵਹਾਅ ਨੂੰ ਰੋਕਦੇ ਹਨ। ਮਿੱਟੀ ਦੀਆਂ ਉਪਜਾਊ ਪਰਤਾਂ ਨੂੰ ਸਿਰਜਣ ਤੇ ਫਿਰ ਸੰਭਾਲਣ ਵਿੱਚ ਰੁੱਖ ਅਤੇ ਪੌਦੇ ਆਪਣਾ ਵੱਡਾ ਯੋਗਦਾਨ ਪਾਉਂਦੇ ਹਨ। ਪਹਾੜਾਂ ਨੂੰ ਜਕੜ ਕੇ ਰੱਖਦੇ ਹਨ। ਧਰਤੀ ਦੇ ਤਾਪਮਾਨ ਨੂੰ ਵਧਣ ਤੋਂ ਰੋਕਦੇ ਹਨ। ਇਹ ਪਾਣੀ ਦਾ ਮੁੱਢਲਾ ਸੋਮਾ ਹਨ। ਪਾਣੀ ਸਾਡੀ ਸਮਾਜਿਕ, ਸਿਆਸੀ ਅਤੇ ਆਰਥਿਕ ਸ਼ਕਤੀ ਹੈ। ਇਨ੍ਹਾਂ ਦੇ ਗੁਣਾਂ ਤੋਂ ਪ੍ਰੇਰਿਤ ਇੱਕ ਲੋਕ ਗੀਤ ਦੀ ਰਚੇਤਾ ਮੁਟਿਆਰ ਸੁਨੇਹਾ ਦੇ ਰਹੀ ਹੈ:
ਕਿੱਥੇ ਤਾਂ ਲਾਵਾਂ ਟਾਹਲੀਆਂ, ਵੇ ਪੱਤਾਂ ਵਾਲੀਆਂ,
ਕਿੱਥੇ ਤਾਂ ਲਾਵਾਂ ਸ਼ਹਿਤੂਤ,
ਬੇਸਮਝੇ ਨੂੰ ਸਮਝ ਨਹੀਂ।
ਬਾਗੀਂ ਤਾਂ ਲਾਨੀਆਂ ਟਾਹਲੀਆਂ, ਵੇ ਪੱਤਾਂ ਵਾਲੀਆਂ,
ਬੂਹੇ ਤਾਂ ਲਾਵਾਂ ਸ਼ਹਿਤੂਤ,
ਲੋੜਾਂ ਠੰਢੀਆਂ ਛਾਵਾਂ, ਛਾਵਾਂ
ਰੁੱਖਾਂ ਬਿਨ ਧਰਤੀ ਜਿਉਂ ਬੱਚਿਆਂ ਬਿਨ ਮਾਵਾਂ।
ਕੁਦਰਤ ਦਾ ਸਮਤੋਲ ਰੱਖਣ ਵਿੱਚ ਪੰਛੀ ਬੜੇ ਸਹਾਈ ਹੁੰਦੇ ਹਨ। ਪੰਛੀਆਂ ਦੇ ਰਹਿਣ ਲਈ ਰੁੱਖ ਜ਼ਰੂਰੀ ਹਨ। ਮਨੁੱਖ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕਰ ਕੇ ਆਪਣੇ ਲਈ ਤਾਂ ਸੰਕਟ ਪੈਦਾ ਕਰ ਹੀ ਰਿਹਾ ਹੈ, ਨਾਲ ਹੀ ਪੰਛੀਆਂ ਦੇ ਰੈਣ ਬਸੇਰੇ ਖ਼ਤਮ ਕਰ ਕੇ ਉਨ੍ਹਾਂ ਦਾ ਵੀ ਖਾਤਮਾ ਕਰਨ ’ਤੇ ਲੱਗਿਆ ਹੋਇਆ ਹੈ। ਪੁਰਾਣੇ ਸਮੇਂ ਵਿੱਚ ਰੁੱਖਾਂ ਦੀ ਬਹੁਤਾਤ ਸੀ। ਆਯੂਰਵੇਦ ਅਨੁਸਾਰ ਸਾਡੇ ਦੇਸ਼ ਵਿੱਚ ਹਰ ਬਿਮਾਰੀ ਦਾ ਇਲਾਜ ਰੁੱਖਾਂ ਤੋਂ ਪ੍ਰਾਪਤ ਫੁੱਲ, ਫ਼ਲ, ਪੱਤੇ, ਜੜ੍ਹਾਂ ਅਤੇ ਗਿਟਕਾਂ ਤੋਂ ਬਣੇ ਘਰੇਲੂ ਨੁਸਖਿਆਂ ਨਾਲ ਕੀਤਾ ਜਾਂਦਾ ਸੀ। ਘਰਾਂ ਵਿੱਚ ਵੀ ਬਜ਼ੁਰਗ ਔਰਤਾਂ ਨਿੱਕੇ ਮੋਟੇ ਰੋਗਾਂ ਦਾ ਇਲਾਜ ਜੜ੍ਹੀ ਬੂਟੀਆਂ ਅਤੇ ਰੁੱਖਾਂ ਤੋਂ ਪ੍ਰਾਪਤ ਸਮੱਗਰੀ ਨਾਲ ਕਰ ਲੈਂਦੀਆਂ ਸਨ।
ਧਰਤੀ ਉੱਤੇ ਰੁੱਖਾਂ ਬਿਨਾਂ ਜੀਵਨ ਦੀ ਹੋਂਦ ਸੰਭਵ ਨਹੀਂ ਹੈ। ਉਸ ਦਾ ਜੀਵਨ ਹਵਾ, ਪਾਣੀ ਅਤੇ ਮਿੱਟੀ ਅਤੇ ਮਿੱਟੀ ’ਚ ਪੈਦਾ ਹੁੰਦੀਆਂ ਖੁਰਾਕੀ ਵਸਤਾਂ ਕਰ ਕੇ ਹੀ ਹੈ। ਰੁੱਖਾਂ ਦੀ ਬੇਹਿਸਾਬ ਹੋ ਰਹੀ ਕਟਾਈ ਕਾਰਨ ਭੋਇੰ- ਖੋਰ, ਜਲ ਸੰਕਟ, ਰੁੱਤ ਵਿਗਾੜ ਅਤੇ ਜ਼ਰਖੇਜਤਾ ਘੱਟ ਰਹੀ ਹੈ। ਬਰਫ਼ੀਲੇ ਪਹਾੜ ਸੁੰਗੜ ਰਹੇ ਹਨ। ਕੁਦਰਤ ਦਾ ਸਹਿਜ ਸੰਤੁਲਨ ਵਿਗੜ ਰਿਹਾ ਹੈ। ਦਿਨੋਂ-ਦਿਨ ਕੁਦਰਤ ਦੀਆਂ ਬਖ਼ਸ਼ਿਸ਼ਾਂ ਸਾਡੀ ਭਰੀ ਝੋਲੀ ਵਿੱਚੋਂ ਕਿਰਦੀਆਂ ਜਾ ਰਹੀਆਂ ਹਨ। ਨਮੀ ਯੁਕਤ ਰੁਮਕਦੀਆਂ ਪੌਣਾਂ ਦੀ ਥਾਂ ਪਿੰਡਾਂ ਲੂੰਹਦਾ ਤਾਪਮਾਨ ਸਾਡੇ ਪੱਲੇ ਪੈ ਰਿਹਾ ਹੈ। ਸਾਫ਼ ਸੁਥਰੀ ਹਵਾ ’ਚ ਸਾਹ ਲੈਣ ਲਈ ਵੀ ਸਾਨੂੰ ਬਿਜਲਈ ਯੰਤਰਾਂ ਦਾ ਸਹਾਰਾ ਲੈਣਾ ਪੈ ਸਕਦਾ ਹੈ, ਪਰ ਪਦਾਰਥਕ ਸਹੂਲਤਾਂ ਅਤੇ ਮੁਨਾਫਿਆਂ ਮਗਰ ਭੱਜਦਾ ਮਨੁੱਖ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਰ ਕੇ ਧਰਤੀ ਨੂੰ ਰੜੀ ਕੱਢੀ ਜਾ ਰਿਹਾ ਹੈ। ਉਹ ਮੁਨਾਫ਼ੇ ਪਿੱਛੇ ਪਾਗਲ ਹੋਇਆ ਇਹ ਭੁੱਲ ਬੈਠਾ ਹੈ ਕਿ ਜੇ ਧਰਤੀ ਨੂੰ ਹਰਾ-ਭਰਾ ਨਾ ਰੱਖਿਆ ਗਿਆ ਤਾਂ ਸਾਡੇ ਨਾਲ ਜੰਗਲ ਰੁੱਸ ਜਾਣਗੇ। ਵਰਖਾ ਦਾ ਚੱਕਰ ਗੜਬੜਾ ਜਾਵੇਗਾ।
ਸੰਸਾਰ ਪੱਧਰ ’ਤੇ ਜੰਗਲਾਂ ਪ੍ਰਤੀ ਬੇਰੁਖੀ ਕਾਰਨ ਕੁਦਰਤ ਸਾਡੇ ਨਾਲ ਰੁੱਸ ਗਈ ਹੈ। ਵਾਪਰ ਰਹੀਆਂ ਤਬਾਹਕੁੰਨ ਘਟਨਾਵਾਂ ਨੇ ਮਨੁੱਖ ਜਾਤੀ ਨੂੰ ਵਖ਼ਤ ਪਾਇਆ ਹੋਇਆ ਹੈ। ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਨਾ ਨਾ ਛੱਡਿਆ ਤਾਂ ਇੱਕ ਦਿਨ ਸਭ ਕੁਝ ਤਹਿਸ-ਨਹਿਸ ਹੋ ਜਾਵੇਗਾ। ਰੁੱਖ ਲਾ ਕੇ ਧਰਤੀ ਨੂੰ ਹਰਾ-ਭਰਾ ਕਰੀਏ। ਆਪਣੇ ਬਜ਼ੁਰਗਾਂ ਦੀ ਸੋਚ ਨੂੰ ਅਪਣਾਈਏ ਜੋ ਰੁੱਖ ਲਾਉਣ ਨੂੰ ਪੁੰਨ ਦਾ ਕਾਰਜ ਸਮਝਦੇ ਸਨ। ਉਹ ਪਿੱਪਲ, ਬੋਹੜ ਅਤੇ ਤ੍ਰਿਵੇਣੀਆਂ ਲਾਉਂਦੇ ਅਤੇ ਪਾਲਦੇ ਸਨ। ਆਪਾ ਵੀ ਧਰਤੀ ਜਿਸ ਨੂੰ ਅਸੀਂ ਮਾਂ ਦਾ ਦਰਜਾ ਦਿੰਦੇ ਹਾਂ। ਜੋ ਸਾਨੂੰ ਮਾਂ ਵਾਂਗ ਹੀ ਆਪਣੀਆਂ ਅਮੁੱਲ ਦਾਤਾਂ ਨਾਲ ਸਰਸ਼ਾਰ ਰੱਖਦੀ ਹੈ। ਇਸ ਦੀ ਅਤੇ ਮਨੁੱਖੀ ਜ਼ਿੰਦਗੀ ਦੀ ਸਲਾਮਤੀ ਲਈ ਇਸ ਦਾ ਫ਼ਿਕਰ ਕਰੀਏ ਅਤੇ ਇਸ ਨੂੰ ਰੁੱਖਾਂ ਨਾਲ ਹਰੀ ਭਰੀ ਰੱਖੀਏ:
ਮੁੱਕ ਗਈਆਂ ਪੀਲਾਂ, ਸੁੱਕ ਗਈਆਂ ਟਾਹਲੀਆਂ
ਮੁੱਕਦੇ ਜਾਂਦੇ ਰੁੱਖ ਹਰੇ-ਭਰੇ ।
ਆਖ ਨੀਂ ਨਨਾਣੇ ਤੇਰੇ ਵੀਰ ਨੂੰ,
ਕਦੇ ਤਾਂ ਭੋਰਾ ਫ਼ਿਕਰ ਕਰੇ।
ਸੰਪਰਕ: 76260-63596

Advertisement

Advertisement