ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿੱਧਰੋਂ ਕਿੱਧਰ ਨੂੰ ਤੁਰ ਪਏ... !

07:12 AM Jan 05, 2025 IST

ਬਲਦੇਵ ਸਿੰਘ (ਸੜਕਨਾਮਾ)

ਸਾਲ ਦੇ ਆਖ਼ਰੀ ਦਿਨਾਂ ’ਚ ਰਾਜਧਾਨੀ ਵੱਲੋਂ ਇੱਕ ਖ਼ਾਸ ਪ੍ਰੋਗਰਾਮ ਲਈ ਸੱਦਾ ਆਇਆ। ਜਾਣ ਦੇ ਸਾਧਨ ਤਲਾਸ਼ਦਾ ਮੈਂ ਤਿਆਰੀ ਕਰਨ ਲੱਗਾ। ਇਨ੍ਹਾਂ ਹੀ ਦਿਨਾਂ ’ਚ ਮੇਰਾ ਪਰਵਾਸੀ ਮਿੱਤਰ ਅਕਸਰ ਆਪਣੀ ਜੰਮਣ ਭੋਇੰ ਨੂੰ ਸਿਜਦਾ ਕਰਨ ਆਉਂਦਾ ਹੁੰਦਾ ਹੈ। ਇੱਕ ਦਿਨ ਅਚਾਨਕ ਉਸ ਨੇ ਆ ਦਸਤਕ ਦਿੱਤੀ। ਆਉਂਦਾ ਹੀ ਅਮਰੀਕਨ ਪੰਜਾਬੀ ’ਚ ਬੋਲਿਆ, ‘‘ਕੌਤਕੀ ਇਜ਼ ਹੀਅਰ, ਤੇਰੇ ਦਰਵਾਜ਼ੇ ’ਤੇ।’’
ਉਸ ਨੂੰ ਵੇਖ ਕੇ ਮੈਂ ਖਿੜ ਗਿਆ। ਗੱਲਾਂ ਕਰਦਿਆਂ ਉਸ ਨੇ ਭਾਂਪ ਲਿਆ ਕਿ ਮੈਂ ਕਿਧਰੇ ਜਾਣ ਦੀ ਤਿਆਰੀ ਕਰ ਰਿਹਾ ਹਾਂ। ਉਸ ਨੇ ਪੁੱਛਿਆ, ‘‘ਆਊਟ ਆਫ਼ ਸਟੇਸ਼ਨ ਜਾ ਰਿਹੈਂ?’’
‘‘ਰਾਜਧਾਨੀ ਜਾ ਰਿਹਾਂ।’’ ਮੈਂ ਦੱਸਿਆ।
‘‘ਬਾਇ ਰੇਲ, ਬਾਇ ਰੋਡ ਜਾਂ ਬਾਇ ਏਅਰ?’’
‘‘ਬਾਇ ਰੋਡ...।’’ ਮੈਂ ਕਿਹਾ।
ਕੌਤਕੀ ਸੋਚੀਂ ਪੈ ਗਿਆ। ਫਿਰ ਪੁੱਛਿਆ: ‘‘ਕਿੰਨੇ ਜਣੇ ਹੋ?’’ ‘‘ਸਵਾ ਲੱਖ।’’ ਮੈਂ ਹੱਸਦਿਆਂ ਕਿਹਾ। ‘‘ਸਾਥ ਪਸੰਦ ਕਰੇਂਗਾ?’’ ਕੌਤਕੀ ਨੇ ਪੁੱਛਿਆ। ‘‘ਕਿਉਂ ਨਹੀਂ! ਗੱਲਾਂ ਮਾਰਦੇ ਜਾਵਾਂਗੇ, ਗੱਲਾਂ ਮਾਰਦੇ ਆਵਾਂਗੇ। ਸੋਲਾਂ-ਸਤਾਰਾਂ ਘੰਟੇ ਇਕੱਠੇ ਸਫ਼ਰ ਕਰਾਂਗੇ ਤੇ ਫਿਰ ਰਾਤ ਨੂੰ ਇਕੱਠੇ। ਉਂਜ ਤਾਂ ਤੂੰ ਕਦੇ ਕਾਬੂ ਨਹੀਂ ਆਉਂਦਾ।’’
‘‘ਵਾਪਸੀ ਕਦੋਂ ਹੈ?’’ ਉਸ ਨੇ ਪੁੱਛਿਆ।
‘‘ਪਰਸੋਂ ਜਾਵਾਂਗੇ, ਚੌਥੇ ਵਾਪਸੀ।’’ ਮੈਂ ਉਸ ਨੂੰ ਤੁਰਨ, ਉੱਥੇ ਰੁਕਣ ਤੇ ਵਾਪਸੀ ਦੇ ਸੰਭਾਵੀ ਸਮੇਂ ਬਾਰੇ ਸਮਝਾ ਦਿੱਤਾ। ਉਸ ਦੀ ਉਤਸੁਕਤਾ ਤੋਂ ਲੱਗਿਆ ਕਿ ਉਹ ਰਾਜਧਾਨੀ ਵੇਖਣ ਦਾ ਇੱਛੁਕ ਹੈ ਤੇ ਮੈਨੂੰ ਮਨਭਾਉਂਦਾ ਸਾਥ ਮਿਲਣ ਦੀ ਖ਼ੁਸ਼ੀ ਸੀ। ਪ੍ਰੋਗਰਾਮ ਤੈਅ ਹੋ ਗਿਆ। ਤੁਰਨ ਵਾਲੇ ਦਿਨ ਠੀਕ ਸਮੇਂ ਪਹੁੰਚਣ ਦਾ ਵਾਅਦਾ ਕਰ ਕੇ ਕੌਤਕੀ ਚਲਿਆ ਗਿਆ।
ਸੜਕੀ ਆਵਾਜਾਈ ਲਈ ਸ਼ੰਭੂ ਬਾਰਡਰ ਤਾਂ ਕਿਸਾਨ ਅੰਦੋਲਨ ਕਾਰਨ ਪੱਕੇ ਤੌਰ ’ਤੇ ਬੰਦ ਸੀ। ਟੈਕਸੀ ਡਰਾਈਵਰ ਨੇ ਖਨੌਰੀ ਬਾਰਡਰ ਰਾਹੀਂ ਜਾਣਾ ਠੀਕ ਸਮਝਿਆ। ਜਿਹੜੇ ਡਰਾਈਵਰ ਅਕਸਰ ਰਾਜਧਾਨੀ ਦੇ ਚੱਕਰ ਲਾਉਂਦੇ ਰਹਿੰਦੇ ਹਨ, ਉਹ ਰਸਤੇ ਦੇ ਪੂਰੇ ਭੇਤੀ ਹਨ। ਉਨ੍ਹਾਂ ਨੂੰ ਪਤਾ ਹੈ ਜੇ ਬਾਰਡਰ ’ਤੇ ਨਾਕੇ ਹਨ ਜਾਂ ਬੰਦ ਹੈ ਤਾਂ ਕਿਨ੍ਹਾਂ ਪਿੰਡਾਂ ਵਿਚਦੀ ਲੰਘ ਕੇ ਫਿਰ ‘ਮੇਨ ਰੋਡ’ ਫੜਨੀ ਹੈ। ਰਸਤੇ ਵਿੱਚ ਕੋਈ ਟੌਲ ਬੰਦ ਤੇ ਕੋਈ ਟੌਲ ਖੁੱਲ੍ਹਾ ਵੇਖ ਕੇ ਪ੍ਰੋ. ਕੌਤਕੀ ਤਿੱਖੀਆਂ ਟਿੱਪਣੀਆਂ ਕਰਦਾ ਗਿਆ। ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾਂ
ਲੈ ਕੇ ਲੰਮੀ ਭੁੱਖ ਹੜਤਾਲ ’ਤੇ ਹੈ ਤੇ ਰਸਤਾ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ।
ਟੈਕਸੀ ਡਰਾਈਵਰ ਨੇ ਕਿਹਾ, ‘‘ਇੱਥੋਂ ਪਿੰਡਾਂ ਵਿੱਚੋਂ ਦੀ ਲੰਘਣਾ ਪੈਣਾ ਏ।’’
ਤੰਗ ਸੜਕਾਂ, ਉਹ ਵੀ ਲਗਾਤਾਰ ਲੰਘਦੀਆਂ ਗੱਡੀਆਂ ਕਾਰਨ ਇੰਨੀਆਂ ਟੁੱਟੀਆਂ ਸਨ, ਪਛਾਣਨਾ ਮੁਸ਼ਕਿਲ ਸੀ ਕਿ ਇਹ ਸੜਕਾਂ ਹਨ ਜਾਂ ਟੋਏ। ਵੱਜਦੇ ਭਾਰੀ ਹਚਕੋਲਿਆਂ ਤੋਂ ਦੁਖੀ ਹੋ ਕੇ ਪ੍ਰੋ. ਕੌਤਕੀ ਨੇ ਕਿਹਾ,
‘‘ਭਲਾ ਸਰਕਾਰ ਨੂੰ ਇਹ ਦਿਸਦਾ ਨਹੀਂ?’’ ਇਹ ਕਹਿ ਕੇ ਉਹ ਮੇਰੇ ਵੱਲ ਨੂੰ ਝਾਕਿਆ। ਮੈਨੂੰ ਚੁੱਪ ਵੇਖ ਕੇ ਫਿਰ ਬੋਲਿਆ, ‘‘ਸਰਕਾਰ ਤਾਂ ਇਹ ਚਾਹੁੰਦੀ ਹੈ, ਲੋਕ ਦੁਖੀ ਹੋਣ, ਧਰਨੇ ’ਤੇ ਬੈਠੇ ਕਿਸਾਨਾਂ ਨੂੰ ਕੋਸਣ, ਬੁਰਾ ਭਲਾ ਆਖਣ। ਅੰਦੋਲਨ ਫੇਲ੍ਹ ਹੋਵੇ। ਮੈਂ ਖ਼ਬਰਾਂ ਪੜ੍ਹੀਆਂ ਨੇ ਡੱਲੇਵਾਲ ਦੀ ਸਿਹਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਸਰਕਾਰ ਚੁੱਪ ਹੈ।’’ ਮੈਂ ਨੋਟ ਕੀਤਾ, ਕੌਤਕੀ ਆਪਣੇ ਅਸਲੀ ਜਲੌਅ ਵਿੱਚ ਆ ਰਿਹਾ ਸੀ। ਫਿਰ ਉਹ ਭੁੱਲ ਜਾਂਦਾ ਹੈ ਕਿ ਉਸ ਦੀਆਂ ਟਿੱਪਣੀਆਂ ਕਿਸੇ ਦੇ ਹੱਕ ਵਿੱਚ ਜਾਂਦੀਆਂ ਹਨ ਜਾਂ ਵਿਰੋਧ ਵਿੱਚ। ਸਫ਼ਰ ਅਜੇ ਲੰਮਾ ਸੀ। ਕਹਿ ਸਕਦਾ ਹਾਂ, ਰਾਜਧਾਨੀ ਅਜੇ ਦੂਰ ਸੀ।
ਸ਼ਾਮ ਦੇ ਪੰਜ ਕੁ ਵਜੇ ਅਸੀਂ ਰਾਜਧਾਨੀ ਦੇ ਬਾਹਰਲੇ ਹਿੱਸੇ ਨੂੰ ਛੂਹ ਲਿਆ। ਅੱਗੇ ਤਾਂ ਜਿਵੇਂ ਟਰੈਫਿਕ ਨੂੰ ਕਿਸੇ ਨੇ ਜੂੜ ਪਾਇਆ ਹੋਵੇ। ਖੜ੍ਹੇ ਹਾਂ ਤਾਂ ਖੜ੍ਹੇ ਹਾਂ। ਪੰਜ-ਦਸ ਮੀਟਰ ਗੱਡੀਆਂ ਰੀਂਗੀਆਂ, ਫਿਰ ਖੜ੍ਹ ਗਈਆਂ। ਰਸਤੇ ਦੇ ਦੋਹੀਂ ਪਾਸੀਂ ਗੰਦ, ਕੂੜਾ ਕਰਕਟ, ਥਾਂ ਥਾਂ ਚਿੱਕੜ ਵੇਖ ਕੇ ਕੌਤਕੀ ਤੋਂ ਰਿਹਾ ਨਾ ਗਿਆ, ‘‘ਇਹ ਰਾਜਧਾਨੀ ਦਾ ਵਿਕਾਸ ਹੈ? ਇਹੀ ਹੈ ਸਾਡੀ ਸਵੱਛ ਰਾਜਧਾਨੀ? ਜੇ ਇੱਥੇ ਇਹ ਹਾਲ ਹੈ, ਪੂਰੇ ਦੇਸ਼ ਦੀ ਹਾਲਤ ਕਿਹੋ ਜਿਹੀ ਹੋਵੇਗੀ?’’ ਮੈਂ ਪਹਿਲਾਂ ਵਾਂਗ ਹੀ ਚੁੱਪ ਰਿਹਾ। ਜਦੋਂ ਕੌਤਕੀ ਸਫ਼ਾਈ ਅਤੇ ਟਰੈਫਿਕ ਜਾਮ ਬਾਰੇ ਆਪਣੀ ਭਾਸ਼ਾ ਤਿੱਖੀ ਕਰਦਾ ਗਿਆ ਤਾਂ ਮੈਂ ਕਿਹਾ,
‘‘ਕੌਤਕੀ ਯਾਰ, ਜੋ ਵੀ ਹੈ, ਰਾਜਧਾਨੀ ਦੇ ਲੋਕਾਂ ਦੀ ਤਾਰੀਫ਼ ਕਰਨੀ ਬਣਦੀ ਹੈ।’’
‘‘ਹਾਂ, ਕਰਨੀ ਬਣਦੀ ਹੈ ਕਿਉਂਕਿ ਉਹ ਬੋਲਦੇ ਨੀਂ, ਇਹੀ ਨਾ?’’ ਉਸ ਦੇ ਬੋਲਾਂ ਵਿੱਚ ਤਲਖ਼ੀ ਸੀ।
‘‘ਨਹੀਂ, ਇਹ ਗੱਲ ਨਹੀਂ,’’ ਮੈਂ ਕਿਹਾ, ‘‘ਦੇਖ ਆਪਾਂ ਜਾਮ ਵਿੱਚ ਤਰਲੋ-ਮੱਛੀ ਹੋ ਰਹੇ ਆਂ। ਆਸ-ਪਾਸ, ਅੱਗੇ ਪਿੱਛੇ ਖੜ੍ਹੀਆਂ ਗੱਡੀਆਂ/ਕਾਰਾਂ ਵਿੱਚ ਲੋਕ ਕਿਵੇਂ ਸ਼ਾਂਤ, ਚੁੱਪ ਬੈਠੇ ਹਨ। ਇਨ੍ਹਾਂ ਦੇ ਸਬਰ ਦੀ ਤਾਰੀਫ਼ ਕਰਨੀ ਬਣਦੀ ਹੈ। ਹੈ ਕੋਈ ਆਪਣੇ ਵਾਂਗ ਪਰੇਸ਼ਾਨ?’’
‘‘ਇਹ ਰਾਜਧਾਨੀ ਹੈ ਪਿਆਰੇ!’’ ਕੌਤਕੀ ਦੇ ਬੋਲਾਂ ਵਿੱਚ ਵਿਅੰਗ ਸੀ, ‘‘ਇਸ ਨੇ ਬੜੇ ਉਤਰਾਅ-ਚੜ੍ਹਾਅ ਵੇਖੇ ਨੇ। ਕਦੇ ਜਿੱਤਾਂ, ਕਦੇ ਹਾਰਾਂ, ਕਦੇ ਧਰਨੇ, ਕਦੇ ਅੰਦੋਲਨ। ਉਹੋ ਜਿਹੇ ਇੱਥੋਂ ਦੇ ਵਸਨੀਕ ਹੋ ਗਏ, ਬਾਪੂ ਗਾਂਧੀ ਦੇ ਤਿੰਨ ਬਾਂਦਰਾਂ ਵਾਂਗ। ਦੇਸ਼ ਦੇ ਹਾਲਾਤ ਵੀ ਵਸਨੀਕਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ।’’
‘‘ਮੈਂ ਸਮਝਿਆ ਨੀਂ,’’ ਮੈਂ ਕਿਹਾ। ਹੈਰਾਨ ਜ਼ਰੂਰ ਸੀ ਕਿ ਕਿੱਥੇ ਜਾਮ, ਕਿੱਥੇ ਸੜਕਾਂ ਦੇ ਆਸੇ ਪਾਸੇ ਗੰਦ-ਕੂੜਾ ਤੇ ਕਿੱਥੇ ਦੇਸ਼ ਦੇ ਹਾਲਾਤ।
‘‘ਮੈਂ ਮਿਸਾਲ ਦੇ ਸਕਦਾਂ।’’ ਕੌਤਕੀ ਬੋਲਿਆ। ਉਸ ਨੇ ਮੇਰਾ ਹੁੰਗਾਰਾ ਵੀ ਨਾ ਉਡੀਕਿਆ ਤੇ ਆਖਣ ਲੱਗਾ, ‘‘ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ ਚਲਦੇ ਸਨ। ਭਗਤ ਸਿੰਘ ਦੀ ਉਮਰ 8 ਕੁ ਸਾਲ ਦੀ ਹੋਵੇਗੀ। ਆਪਣੇ ਪਿਤਾ ਨਾਲ ਖੇਤ ਗਿਆ ਜ਼ਮੀਨ ’ਚ ਡੱਕੇ ਗੱਡਣ ਲੱਗਾ। ਪੁੱਛਿਆ, ਕੀ ਕਰਦੈਂ? ਕਹਿੰਦਾ ‘ਦੰਬੂਕਾਂ ਬੀਜਦਾਂ’। ਪੁੱਛਿਆ ‘ਕੀ ਕਰੇਂਗਾ ਇਨ੍ਹਾਂ ਦਾ?’ ਉਸ ਨੇ ਕਿਹਾ ‘ਜਦੋਂ ਉੱਗਣਗੀਆਂ, ’ਗਰੇਜਾਂ ਨੂੰ ਮਾਰੂੰਗਾ।’ ਇਹ ਹਾਲਾਤ ਦਾ ਅਸਰ ਸੀ ਭਾਈ ਸਾਹਿਬ। ਭਗਤ ਸਿੰਘ ਦੇ ਘਰ ਵਿੱਚ ਇਹ ਗੱਲਾਂ ਹੁੰਦੀਆਂ ਸਨ, ਅੰਗਰੇਜ਼ਾਂ ਦੇ ਜ਼ੁਲਮ ਦੀਆਂ, ਹਥਿਆਰਾਂ ਦੀਆਂ, ਉਹੀ ਅਸਰ ਬਾਲ ਭਗਤ ਸਿੰਘ ’ਤੇ ਹੋਇਆ।’’
ਟਰੈਫਿਕ ਅਜੇ ਵੀ ਰੀਂਗ ਰਿਹਾ ਸੀ। ਕੌਤਕੀ ਦੀ ਗੱਲ ਸੁਣ ਕੇ ਮੈਂ ਕਿਹਾ, ‘‘ਇੱਕ ਉਦਾਹਰਣ ਤਾਂ ਮੈਂ ਵੀ ਦੇ ਸਕਦਾਂ। ਹੁਣ ਦੇਸ਼ ਦਾ ਮਾਹੌਲ ਇਹ ਬਣਿਆ ਹੋਇਆ, ਇੱਕ ਧਰਮ ਦੇ ਧਾਰਮਿਕ ਅਸਥਾਨਾਂ ਹੇਠ ਦੂਸਰੇ ਧਰਮ ਦੇ ਖੰਡਰ ਦੱਬੇ ਹੋਏ ਹਨ। ਖ਼ੁਦਾਈ ਥਾਂ ਥਾਂ ਹੋ ਰਹੀ ਹੈ। ਇੱਕ ਥਾਂ ਉੱਪਰ ਖ਼ੁਦਾਈ ਅਜੇ ਪੂਰੀ ਨਹੀਂ ਹੁੰਦੀ, ਦੂਸਰੇ ਸਥਾਨ ਦੀ ਨਿਸ਼ਾਨਦੇਹੀ ਕਰ ਲਈ ਜਾਂਦੀ ਹੈ। ਹਜ਼ਾਰਾਂ ਲੱਖਾਂ ਸਾਲ ਪੁਰਾਣੀ ਸੱਭਿਅਤਾ ਹੈ। ਜ਼ਮੀਨ ਖੋਦੋਂਗੇ ਤਾਂ ਕੁਝ ਨਾ ਕੁਝ ਨਿਕਲ ਹੀ ਆਵੇਗਾ। ਕਦੇ ਖੂਹ, ਕਦੇ ਬਾਉਲੀ, ਕਦੇ ਮੂਰਤੀਆਂ, ਕਦੇ ਕੋਈ ਮਹਿਲ। ਜਿਹੜੀ ਗੱਲ ਮੈਂ ਦੱਸਣ ਲੱਗਾਂ ਕੌਤਕੀ, ਤੂੰ ਦੇਖਿਆ ਹੋਣੈ, ਸਾਡੇ ਘਰ ਦੇ ਲਾਗੇ ਇੱਕ ਬੇਅਬਾਦ ਪਲਾਟ ਪਿਐ। ਮੁਹੱਲੇ ਦੇ ਲੋਕ ਉੱਥੇ ਕੂੜਾ ਸੁੱਟਦੇ ਹਨ ਜਾਂ ਛੁੱਟੀ ਵਾਲੇ ਦਿਨ ਬੱਚੇ ਖੇਡਦੇ ਹਨ। ਪਰਸੋਂ ਦੀ ਗੱਲ ਹੈ, ਮੈਂ ਉੱਧਰੋਂ ਲੰਘ ਰਿਹਾ ਸੀ, ਚਾਰ ਪੰਜ ਬੱਚੇ ਖੁਰਪੇ ਲੈ ਕੇ ਇੱਕ ਥਾਂ ਟੋਆ ਪੁੱਟਣ ਲੱਗੇ ਹੋਏ ਸਨ। ‘ਉਏ ਇੱਥੇ ਕੀ ਕਰਦੇ ਓ’? ਮੈਂ ਪੁੱਛਿਆ ਤਾਂ ਇੱਕ ਲੜਕਾ ਬੋਲਿਆ, ‘ਅੰਕਲ, ਜ਼ਮੀਨ ਖੋਦਣ ਲੱਗੇ ਆਂ। ਹੇਠੋਂ ਕੋਈ ਮੂਰਤੀ ਨਿਕਲੂਗੀ ਜਾਂ ਮੰਦਰ। ਫਿਰ ਇੱਥੇ ਪੂਜਾ ਹੋਇਆ ਕਰੂਗੀ। ਕੀ ਪਤੈ ਕੋਈ ਖੂਹ ਨਿਕਲ ਆਵੇ’। ਬੱਚਿਆਂ ਨੇ ਦੱਸਿਆ। ਉਨ੍ਹਾਂ ਦੇ ਘਰਾਂ ’ਚ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਇਹ ਹੈ ਦੇਸ਼ ਦਾ ਮਾਹੌਲ। ਕਿੱਧਰ ਨੂੰ ਤੁਰ ਪਏ ਅਸੀਂ?’’
ਪ੍ਰੋ. ਕੌਤਕੀ ਕੁਝ ਨਹੀਂ ਬੋਲਿਆ। 22-23 ਕਿਲੋਮੀਟਰ ਦਾ ਸਫ਼ਰ ਅਸੀਂ ਤਿੰਨ ਘੰਟੇ ’ਚ ਪੂਰਾ ਕੀਤਾ। ਜਾਮ ਕਾਰਨ ਅੱਕੇ ਤੇ ਖਿੱਝੇ ਹੋਏ ਸਾਂ। ਟਿਕਾਣੇ ’ਤੇ ਕੋਈ ਖ਼ਾਸ ਗੱਲਬਾਤ ਨਾ ਹੋਈ। ਰਾਜਧਾਨੀ ਦੇ ਦੋਸਤਾਂ ਨੂੰ ਫੋਨ ਕੀਤੇ, ਜਵਾਬ ਆਇਆ, ‘‘ਮਿਲਣ ਦੀ ਕੋਸ਼ਿਸ਼ ਕਰਾਂਗੇ।’ ਅਗਲੇ ਦਿਨ ਗਿਆਰਾਂ ਕੁ ਵਜੇ ਮੀਟਿੰਗ ਸੀ। ਮੀਟਿੰਗ ਤੋਂ ਵਿਹਲੇ ਹੋ ਕੇ ਵਾਪਸੀ ’ਤੇ ਪ੍ਰੋ. ਕੌਤਕੀ ਨੇ ਕਿਹਾ, ‘‘ਰਾਤ ਨੀਂਦ ਪੂਰੀ ਨਹੀਂ ਹੋਈ। 10 ਕੁ ਵਜੇ ਕੁੱਤਿਆਂ ਦੇ ਭੌਂਕਣ ਨਾਲ ਜਾਗ ਖੁੱਲ੍ਹੀ। ਹੈਰਾਨ ਹੋਇਆ, ਐਨੇ ਕੁੱਤੇ? ਰਾਜਧਾਨੀ ’ਚ? ਜਦ ਭੌਂਕ ਭੌਂਕ ਥੱਕ ਗਏ ਤਾਂ ਕੁਝ ਸ਼ਾਂਤੀ ਹੋਈ। ਜ਼ਰਾ ਕੁ ਅੱਖ ਲੱਗਣ ਲੱਗੀ ਤਾਂ ਫਿਰ ਇੱਕ ਕੁੱਤਾ ਭੌਂਕਦਾ ਸੁਣਿਆ, ਫਿਰ ਦੋ, ਚਾਰ, ਦਸ ਭੌਂਕਣ ਲੱਗੇ, ਭੌਂਕਦੇ ਰਹੇ ਲਗਾਤਾਰ। ਜਾਗੋ ਮੀਟੀ ’ਚ ਪਿਆ ਰਿਹਾ। ਰਾਤ ਢਾਈ ਵਜੇ ਫਿਰ ਜਾਗ ਖੁੱਲ੍ਹ ਗਈ। ਕੁੱਤੇ ਭੌਂਕਦੇ ਸੁਣੇ ਚਾਰ ਵੱਜ ਗਏ, ਪੰਜ ਵੱਜ ਗਏ, ਹੁਣ ਨੀਂਦ ਕੀ ਆਉਣੀ ਸੀ, ਮੈਂ ਟੀਵੀ ਲਗਾ ਲਿਆ। ਕੋਈ ਪ੍ਰੋਗਰਾਮ ਰਿਪੀਟ ਹੋ ਰਿਹਾ ਹੋਣੈ, ਉੱਥੇ ਵੀ ਕਿਸੇ ਮਸਲੇ ’ਤੇ ਬਹਿਸ ਹੋ ਰਹੀ ਸੀ। ਪਾਰਟੀਆਂ ਦੇ ਬੁਲਾਰੇ ਤੇ ਐਂਕਰ ਚੀਕਣ ਲੱਗੇ ਹੋਏ ਸਨ। ਹੋਟਲ ਦੇ ਬਾਹਰ ਕੁੱਤੇ ਫਿਰ ਭੌਂਕਣ ਲੱਗੇ ਹੋਏ ਸਨ। ਟੀਵੀ ਤਾਂ ਮੈਂ ਬੰਦ ਕਰ ਦਿੱਤਾ ਪਰ ਕੁੱਤਿਆਂ ਨੂੰ ਕਿਹੜੇ ਰਿਮੋਟ ਨਾਲ ਚੁੱਪ ਕਰਾਵਾਂ। ਹੁਣ ਸਿਰ ਦੁਖ ਰਿਹੈ।’’ ਗੱਡੀ ਚਲਾਉਂਦਿਆਂ ਉਬਾਸੀ ਲੈਂਦਿਆਂ ਡਰਾਈਵਰ ਨੇ ਕਿਹਾ, ‘‘ਅੰਕਲ, ਨੀਂਦ ਤਾਂ ਮੈਨੂੰ ਵੀ ਨਹੀਂ ਆਈ, ਸਾਰੀ ਰਾਤ ਕੁੱਤੇ ਭੌਂਕਦੇ ਰਹੇ। ਚਾਹ ਪੀਏ, ਕੈੜੀ ਜਿਹੀ ਅਦਰਕ ਪਾ ਕੇ, ਰਾਜਧਾਨੀ ’ਚ ਕੁੱਤੇ ਬਹੁਤ ਨੇ ਨਾ?’’ ਕੌਤਕੀ ਮੇਰੇ ਵੱਲ ਇਉਂ ਝਾਕਿਆ ਜਿਵੇਂ ਪੁੱਛ ਰਿਹਾ ਹੋਵੇ ‘ਕੀ ਜਵਾਬ ਦਿਆਂ?’
ਮੈਂ ਅਜੇ ਸੋਚ ਹੀ ਰਿਹਾ ਸੀ, ਇੰਨੇ ’ਚ ਡਰਾਈਵਰ ਨੇ ਅੱਗੇ ਆਏ ਢਾਬੇ ਵੱਲ ਗੱਡੀ ਮੋੜ ਲਈ।

Advertisement

ਸੰਪਰਕ: 98147-83069

Advertisement
Advertisement