ਤਕਨਾਲੋਜੀ ਨੇ ਕਿਥੋਂ ਕਿਥੇ ਪਹੁੰਚਾਇਆ
ਜਿਹੜੇ ਪਹਿਲਾਂ ਹਰ ਥਾਂ ਪੈਦਲ ਚੱਲਦੇ ਸੀ, ਉਨ੍ਹਾਂ ਨੂੰ ਸਾਈਕਲਾਂ ਦੀ ਤਕਨੀਕ ਆਉਣ ’ਤੇ ਬੇਸ਼ੱਕ ਕੁਝ ਵੱਖਰਾ ਲੱਗਾ ਹੋਵੇਗਾ ਐਪਰ ਜੇ ਉਹ ਸਾਈਕਲ ’ਤੇ ਚੜ੍ਹਨੋਂ ਜਾਂ ਉਸ ਨੂੰ ਚਲਾਉਣਾ ਸਿੱਖਣ ਤੋਂ ਮੁਨਕਰ ਹੋ ਜਾਂਦੇ ਤਾਂ ਕੀ ਉਹ ਅੱਜ ਇੱਕ ਤੋਂ ਦੂਜੀ ਥਾਂ ਜਾ ਸਕਦੇ ਸਨ? ਇੰਝ ਹੀ ਜਦ ਮੋਟਰ ਗੱਡੀ ਦੀ ਕਾਢ ਕੱਢੀ ਗਈ – ਜੋ ਲੋਕ ਕਹਿੰਦੇ ਕਿ ਅਸੀਂ ਨਹੀਂ ਚੜ੍ਹਨਾ ਇਹਦੇ ਉੱਤੇ, ਤਾਂ ਕੀ ਉਹ ਅੱਜ ਦੇ ਯੁੱਗ ਦੇ ਵਾਸੀ ਅਖਵਾਉਂਦੇ?
ਲਿਖਣ ਦੀ ਤਕਨੀਕ ਨੇ ਜੋ ਕੀਤਾ, ਉਹ ਬੋਲ-ਚਾਲ ਨੂੰ ਅਤੇ ਸਾਡੇ ਜ਼ੁਬਾਨੀ ਇਤਿਹਾਸ ਨੂੰ ਕਿਤੇ ਹੋਰ ਹੀ ਲੈ ਗਿਆ। ਹਲਟ ਨੇ, ਸਾਡੀ ਖੇਤੀ ਨੂੰ ਸਦਾ ਵਾਸਤੇ ਬਦਲ ਕੇ ਸਾਨੂੰ ਅੱਗੇ ਤੋਰ ਦਿੱਤਾ। ਛੋਟੇ ਹੁੰਦਿਆਂ ਪੁਰਾਣੀਆਂ ਚੀਜ਼ਾਂ ਨਾਲ ਮੇਰੀ ਨੇੜਤਾ ਬਣ ਜਾਣੀ- ਪੁਰਾਣੀਆਂ ਦਰੀਆਂ, ਸੰਦੂਕ, ਲੰਬੀਆਂ ਚਾਬੀਆਂ, ਗੋਲ ਗੋਲ ਘੁੰਮਦਾ ਟੈਲੀਫੋਨ ਅਤੇ ਉਸ ਤੋਂ ਵੀ ਪੁਰਾਣਾ ਇਕ ਹੱਥ ਵਿਚ ਸੁਣਨ ਵਾਲਾ ਅਤੇ ਦੂਜੇ ਹੱਥ ਵਿੱਚ ਫੜ ਕੇ ਬੋਲਣ ਵਾਲਾ ਫੋਨ। ਪੁਰਾਣੇ ਬਰਤਨ, ਖੇਡ ਖਡੌਣੇ, ਦੇਸੀ ਫੁੱਲਾਂ ਤੋਂ ਪੁਰਾਣੇ ਖੇਸਾਂ ਦੇ ਰੰਗ ਰੰਗਾਣੇ, ਪੁਰਾਣੇ ਖਾਣੇ, ਸਾਜ਼, ਲੋਕ ਗੀਤ-ਕਥਾਵਾਂ-ਬਾਤਾਂ ਅਤੇ ਸਭ ਤੋਂ ਜ਼ਿਆਦਾ ਪੁਰਾਣੇ ਲੋਕ, ਜੋ ਇਹ ਬਾਤਾਂ ਸੁਣਾ ਮੈਨੂੰ ਓਸ ਦੁਨੀਆਂ ਦੀ ਸੈਰ ਕਰਾਉਂਦੇ।
ਤਕਨੀਕੀ ਵਿਕਾਸ ਨੇ ਸਾਨੂੰ ਬੇਸ਼ੁਮਾਰ ਤਰੱਕੀ ਤਾਂ ਬਖਸ਼ੀ, ਪਰ ਨਾਲ ਹੀ ਸਾਡਾ ਉਹ ਪਿਛੋਕੜ, ਜਿਸ ਨੇ ਸਾਨੂੰ ਸੈਂਕੜੇ ਦਹਾਕਿਆਂ ਤੋਂ ਪਾਣੀ ਵਾਂਗ ਪਾਲਿਆ ਸੀ, ਸਾਥੋਂ ਖੋਹ ਲਿਆ। ਮੋਟਰ ਗੱਡੀਆਂ ਦੀ ਤੇਜ਼ ਰਫ਼ਤਾਰੀ ਨੇ ਸਾਥੋਂ ਸਾਡੀ ਤੋਰ ਖੋਹ ਲਈ। ਸਾਡੀ ਖੁਦਮੁਖਤਿਆਰੀ ਗਵਾਚ ਗਈ। ਦੋ, ਚਾਰ, ਦਸ ਕੋਹ ਅਸੀਂ ਬਿਨਾਂ ਸੋਚੇ ਹੀ ਤੁਰ ਪੈਂਦੇ ਸੀ। ਰਾਹ ਦਾ ਥਕੇਵਾਂ ਰੁੱਖਾਂ ਦੀ ਛਾਂ ਹੇਠ ਲਾਹ ਲੈਂਦੇ ਅਤੇ ਫੇਰ ਤੁਰ ਪੈਂਦੇ। ਰਾਹ ਵਿੱਚ ਡਿੱਗੇ ਫੁੱਲਾਂ ਅਤੇ ਬੀਜਾਂ ਨਾਲ ਰਾਬਤਾ ਬਣਦਾ ਅਤੇ ਉਤਾਂਹ ਵੱਲ ਝਾਕ ਦਰਖਤਾਂ ਨੂੰ ਹਾਜ਼ਰੀ ਭਰ ਦਿੰਦੇ। ਦੋਪਹੀਆ ਵਾਹਨ ਜਾਂ ਮੋਟਰ ਗੱਡੀ ਵਿੱਚ ਜਾਂਦਿਆਂ, ਕਿਧਰੇ ਕੋਈ ਰੁੱਖਾਂ ਨੂੰ ਸਲਾਮੀ ਭਰਦਾ ਅਤੇ ਕਿਧਰੇ ਕੋਈ ਕਿਸੇ ਦੀ ਹੋਂਦ ਨੂੰ ਮਿਲਦਾ? ਹਾਂ ਜਿੰਨੇ ਕੰਮ ਇਕ ਦਿਨ ‘ਚ ਅੱਜ ਮੁਕੰਮਲ ਹੋ ਸਕਦੇ ਹਨ, ਬੇਸ਼ੱਕ ਉਂਨੇ ਕਦੇ ਨਾ ਹੋ ਪਾਉਂਦੇ।
ਤਕਨੀਕ ਨੇ ਸਾਨੂੰ ਬੇਸ਼ੱਕ ਤੇਜ਼ ਕਰ ਦਿੱਤਾ ਪਰ ਸਾਡੀਆਂ ਸਿਹਤਾਂ ਨੂੰ ਕੋਹਾਂ ਪਿਛਾਂਹ ਕਰ ਛੱਡਿਆ। ਜੋ ਸਾਡੇ ਜਿਉਣ ਦਾ ਢੰਗ ਸੀ, ਓਹੀ ਅੱਜ ਲੋਕ ਸੁਬ੍ਹਾ ਜਾਂ ਆਥਣੇ ਉਚੇਚਾ ਸਮਾਂ ਕੱਢ ਕੇ ਕਰਦੇ ਹਨ, ਜਿਸ ਨੂੰ ‘ਸੈਰ’ ਦਾ ਖਿਤਾਬ ਵੀ ਪ੍ਰਾਪਤ ਹੈ। ਹੁਣ ਚੱਲਣ ਫਿਰਨ ਵਾਸਤੇ ਰਾਹ ਕਿੱਥੇ ਰਹਿ ਗਏ ਹਨ? ਹਰ ਥਾਂ ਪੱਕੀ ਕਰ ਕੇ ਸੜਕ ਬਣਾ ਦਿੱਤੀ ਅਤੇ ਸੜਕਾਂ ’ਤੇ ਤਾਂ ਪਹਿਲਾ ਹੱਕ ਹੀ ਗੱਡੀਆਂ ਦਾ ਹੁੰਦਾ ਹੈ। ਤੁਸੀਂ ਕਹੋਗੇ ਕੇ ਪਿਛਾਂਹ ਨੂੰ ਤਾਂ ਨਹੀਂ ਜਾ ਸਕਦੇ, ਜ਼ਿੰਦਗੀ ਦਾ ਚੱਕਾ ਤਾਂ ਅੱਗੇ ਨੂੰ ਹੀ ਚਲਦਾ ਹੈ, ਹਰ ਵਕਤ ਪੈਦਲ ਨਹੀਂ ਚੱਲ ਸਕਦੇ, ਬਜਿਲੀ ਤੇ ਇੰਨਟਰਨੈੱਟ ਤੋਂ ਬਿਨਾਂ ਤਾਂ ਨਹੀਂ ਜੀ ਸਕਦੇ। ਠੀਕ ਹੈ, ਪਰ ਨਵੀਆਂ ਖੋਜਾਂ ਨਾਲ ਸਾਨੂੰ ਨਵੀਆਂ ਸੜਕਾਂ ਤਾਂ ਮਿਲ ਗਈਆਂ ਐਪਰ ਸਾਫ਼ ਹਵਾਵਾਂ, ਚੁਪ ਅਤੇ ਸ਼ਾਂਤੀ ਦੀਆਂ ਸਵੇਰਾਂ, ਗਿੱਲੀ ਮਿੱਟੀ ਦੀਆਂ ਖੁਸ਼ਬੋਆਂ ਤੇ ਪਗਡੰਡੀ ‘ਤੇ ਚੱਲਣ ਦੀਆਂ ਤਦਬੀਰਾਂ ਗਵਾਚ ਗਈਆਂ। ਪੱਛਮ ਦੀਆਂ ਉੱਚੀਆਂ ਫਲੱਸ਼ ਸੀਟਾਂ ਨੇ ਸਾਨੂੰ ਸਹੂਲਤ ਤਾਂ ਦਿੱਤੀ, ਪਰ ਸਾਡੇ ਢਿੱਡ ਸਾਫ਼ ਹੋਣੋਂ ਮੁਨਕਰ ਹੋ ਗਏ| ਹੁਣ ਕਾਫ਼ੀ ਵਰ੍ਹਿਆਂ ਤੋਂ ਪੱਛਮ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਪੂਰਬ ਦੇ ਦੇਸੀ ਢੰਗ ਨਾਲ ਪੈਰਾਂ ਭਾਰ ਬੈਠਣ ਵਾਲੀਆਂ ਫਲੱਸ਼ ਸੀਟਾਂ ਇਜ਼ਾਦ ਕਰ ਰਹੀਆਂ ਹਨ। ਇਹ ਹੁਣ ਪੱਕਾ ਹੋ ਗਿਆ ਹੈ ਕਿ ਪੇਟ ਪੂਰੀ ਤਰ੍ਹਾਂ ਸਾਫ਼ ਕਰਨ ਵਾਸਤੇ ਪੁਰਾਣੇ ਪੇਂਡੂ ਢੰਗ ਨਾਲ ਬੈਠਣਾ ਹੀ ਸਭ ਤੋਂ ਵਧੀਆ ਹੈ।
ਇਹ ਵੀ ਸਹੀ ਹੈ ਕਿ ਸਾਡੇ ਪਿਛੋਕੜ ’ਚ ਹਰ ਕੁਝ ਸੁਨਹਿਰਾ ਤੇ ਪਾਕਿ ਨਹੀਂ ਸੀ। ਭੇਦਭਾਵ, ਊਚ ਨੀਚ, ਜਾਤੀਵਾਦ, ਔਰਤਾਂ ਤੇ ਕਮਜ਼ੋਰਾਂ ’ਤੇ ਜ਼ੁਲਮ ਤੇ ਧੱਕਾ, ਸਾਡੇ ਪਿਛੋਕੜ ਦਾ ਕੌੜਾ ਸੱਚ ਹੈ, ਜਿਸ ਨਾਲ ਅਸੀਂ ਅੱਜ ਵੀ ਜੂਝ ਰਹੇ ਹਾਂ।
ਤਕਨੀਕ ਨੇ ਸਾਨੂੰ ਦੋ ਕੁ ਸੌ ਸਾਲਾਂ ਵਿੱਚ ਬਹੁਤ ਕੁਝ ਦਿੱਤਾ ਹੈ, ਜਿਸ ਰਾਹੀਂ ਅਖਬਾਰ, ਪ੍ਰਿੰਟਿੰਗ ਪ੍ਰੈੱਸ, ਕਿਤਾਬਾਂ, ਬਜਿਲੀ- ਟੈਲੀਫ਼ੋਨ - ਇਨਟਰਨੈੱਟ - ਟੈਲੀਸਕੋਪ - ਟਰੈਕਟਰ - ਕਿਸਾਨੀ ਦੇ ਨਵੇਂ ਨਵੇਂ ਢੰਗ ਦਿੱਤੇ ਅਤੇ ਮੈਡੀਕਲ ਖੋਜਾਂ ਵੀ ਬੇਸ਼ੁਮਾਰ ਦਿੱਤੀਆਂ। ਪਰ ਇਸ ਵਿਕਾਸ ਦਾ ਇਕ ਹਨੇਰਾ ਅਸਰ ਵੀ ਹੈ। ਘਰੇਲੂ ਨੁਸਖੇ ਭੁਲਾ ਕੇ ਅੱਜ ਅਸੀਂ ਪੈਰਾਸਿਟਾਮੋਲ ਤੇ ਪੇਨਕਿਲਰ ਦਵਾਈਆਂ ਲੈਣ ਲੱਗ ਪਏ। ਬਿਮਾਰੀ ਦੀ ਜੜ੍ਹ ਤੀਕ ਜਾਣ ਵਾਲੇ ਦਸਤੂਰ ਅਤੇ ਦੇਸੀ ਇਲਾਜ ਦੀ ਥਾਂ ਇਹ ਦਰਦਾਂ ਨੂੰ ਤੇਜ਼ ਰਫ਼ਤਾਰੀ ਨਾਲ ਭਜਾਉਣ ਵਾਲੀਆਂ ਗੋਲੀਆਂ ਆ ਗਈਆਂ ਹਨ। ਇਨ੍ਹਾਂ ਤੇਜ਼ ਰਫ਼ਤਾਰੀ ਵਾਲੇ ਇਲਾਜਾਂ ਨੇ ਸਾਨੂੰ ਇਹਤਿਆਤ ਅਤੇ ਸਬਰ ਤੋਂ ਮੁਨਕਰ ਕਰ ਦਿੱਤਾ। ਜਿੰਨਾ ਮਰਜ਼ੀ ਤਲੀਆਂ ਚੀਜ਼ਾਂ ਛਕ ਲਓ, ਚਾਹਾਂ ਪੀ ਲਓ, ਤੰਬਾਕੂ ਜਾਂ ਸ਼ਰਾਬ ਟਿਕਾ ਲਓ, ਗੋਲੀਆਂ ਨੇ ਪਾਰ ਤਾਂ ਲੰਘਾ ਹੀ ਦੇਣਾ ਹੈ। ਸਮੇਂ ਸਿਰ ਸੌਣਾ, ਚੱਲਦੇ ਫਿਰਦੇ ਰਹਿਣਾ, ਸਲਾਦਾਂ ਅਤੇ ਫਲਾਂ ਵਾਲੀ ਖੁਰਾਕ ਉੱਤੇ ਜ਼ੋਰ ਦੇਣਾ ਅਤੇ ਪਹੁ ਫੁੱਟਣ ਦੀ ਧੁੱਪ ਲੈਣਾ ਅਤੇ ਸਬਰ ਤੇ ਸੰਤੋਖ ਨਾਲ ਖਾਣਾ ਹਾਲੇ ਕਿਸੇ ਲਈ ਕੋਈ ਮਸਲਾ ਹੀ ਨਹੀਂ।
ਸੰਪਰਕ: 98789-16170