For the best experience, open
https://m.punjabitribuneonline.com
on your mobile browser.
Advertisement

ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ...

10:48 AM May 29, 2024 IST
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ ਪੰਜਾਬੀ ਸਾਹਿਤ ਸਭਾ ਕੈਲਗਰੀ ਦੇ ਮੈਂਬਰ
Advertisement

ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੈਲਗਰੀ ਦੇ ਕੋਸੋ ਹਾਲ ਵਿੱਚ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ। ਸੁਰਿੰਦਰ ਗੀਤ ਦਾ ਡਾ. ਰਾਜਵੰਤ ਕੌਰ ਮਾਨ ਅਤੇ ਸੁਰਿੰਦਰ ਕੰਮਹੋ ਨੇ ਪ੍ਰਧਾਨਗੀ ਮੰਡਲ ਵਿੱਚ ਸਾਥ ਦਿੱਤਾ।
ਇਸ ਇਕੱਤਰਤਾ ਦੀ ਪੂਰੀ ਕਾਰਵਾਈ ਡਾ. ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਰਹੀ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਉਨ੍ਹਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਮਹਾਨ ਕਵੀ ਹੋਣ ਦੇ ਨਾਲ ਨਾਲ ਇੱਕ ਮਹਾਨ ਇਨਸਾਨ ਵੀ ਸਨ। ਡਾ. ਪਾਤਰ ਦੀ ਕਵਿਤਾ ਦਾ ਸੁਭਾਅ ਬੜਾ ਸ਼ਾਂਤ ਹੈ। ਵੱਡੀਆਂ ਵੱਡੀਆਂ ਗੱਲਾਂ ਨੂੰ ਬੜੇ ਸਰਲ ਜਿਹੇ ਢੰਗ ਨਾਲ ਕਹਿ ਦੇਣਾ ਉਨ੍ਹਾਂ ਦੀ ਕਵਿਤਾ ਦੀ ਖਾਸੀਅਤ ਹੈ। ਉਨ੍ਹਾਂ ਨੇ ਡਾ. ਪਾਤਰ ਦੇ ਕਈ ਕਾਵਿ ਟੋਟਕੇ ਤਰੁੰਨਮ ਵਿੱਚ ਸਰੋਤਿਆਂ ਨਾਲ ਸਾਂਝੇ ਕੀਤੇ।
ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਆਪਣੇ ਨਿੱਜੀ ਤਜਰਬਿਆਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਇਹ ਮਹਾਨ ਕਵੀ ਮੇਰਾ ਵੱਡਾ ਵੀਰ ਸੀ। 1994 ਤੋਂ ਸ਼ੁਰੂ ਹੋਈ ਸਾਂਝ ਅੱਜ ਤੱਕ ਕਾਇਮ ਰਹੀ। ਮੈਂ ਤਾਂ ਵੀਰ ਜੀ ਨੂੰ ਆਪਣੇ ਦਰਦ ਦਾ ਗੀਤ ਬਣਾਉਣ ਬਾਰੇ ਹੀ ਕਿਹਾ ਸੀ ਪਰ ਉਨ੍ਹਾਂ ਨੇ ਮੈਨੂੰ ਹੀ ਗੀਤ ਬਣਾ ਦਿੱਤਾ। ਮੇਰੀ ਪਹਿਲੀ ਪੁਸਤਕ ’ਤੇ ਮੈਨੂੰ ਦੱਸੇ ਬਿਨਾਂ ਮੇਰਾ ਨਾਮ ‘ਗੀਤ’ ਲਿਖਵਾ ਦਿੱਤਾ ਤੇ ਇਉਂ ਮੈਂ ਸੁਰਿੰਦਰ ਕੌਰ ਗਿੱਲ ਤੋਂ ‘ਸੁਰਿੰਦਰ ਗੀਤ’ ਬਣ ਗਈ। ਸੁਰਿੰਦਰ ਗੀਤ ਨੇ ਦੱਸਿਆ ਕਿ ਉਨ੍ਹਾਂ ਨੇ ਪੈਰ ਪੈਰ ’ਤੇ ਮੇਰੀ ਅਤੇ ਮੇਰੀ ਕਵਿਤਾ ਦੀ ਅਗਵਾਈ ਕੀਤੀ। ਸਭ ਕੁਝ ਆਪਣੇ ਹੱਥੀਂ ਕਰ ਕੇ ਵੀ ਯਕੀਨ ਨਹੀਂ ਆ ਰਿਹਾ ਕਿ ਉਹ ਇਸ ਦੁਨੀਆ ਵਿੱਚ ਨਹੀਂ ਹਨ। ਉਨ੍ਹਾਂ ਦੇ ਹਾਸੇ, ਵਿਅੰਗ ਅਤੇ ਟੁਣਕਾਰਾਂ ਮੇਰੇ ਚੇਤਿਆਂ ਵਿੱਚ ਸਮਾਏ ਰਹਿਣਗੇ।
ਰਚਨਾਵਾਂ ਦੇ ਦੌਰ ਵਿੱਚ ਸਰਬਜੀਤ ਸਿੰਘ ਰੰਧਾਵਾ ਨੇ ‘ਜ਼ਿੰਦਗੀ ਦਾ ਸੱਚ’ ਨਾਮੀ ਕਵਿਤਾ ਰਾਹੀਂ ਡਾ. ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਡਾ. ਰਾਜਵੰਤ ਕੌਰ ਮਾਨ ਨੇ ਆਪਣੀਆਂ ਕੁਝ ਯਾਦਾਂ ਦੀ ਸਰੋਤਿਆਂ ਨਾਲ ਸਾਂਝ ਪਾਈ।
ਵਿਜੈ ਸਚਦੇਵਾ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਬੌਧਿਕਤਾ ਅਤੇ ਭਾਵੁਕਤਾ ਵਿਚਕਾਰ ਇੱਕ ਪੁਲ ਸਨ। ਉਨ੍ਹਾਂ ਨੇ ਡਾ. ਪਾਤਰ ਦੀ ਬਹੁਤ ਹੀ ਮਕਬੂਲ ਹੋਈ ਰਚਨਾ ਸੁਰੀਲੀ ਆਵਾਜ਼ ਵਿੱਚ ਸੁਣਾਈ:
ਜਗਾ ਦੇ ਮੋਮਬੱਤੀਆਂ
ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ
ਬਾਲ ਜੋਤਾਂ ਜ਼ਿੰਦਗੀ ਦੇ ਮਾਣ ਮੱਤੀਆਂ
ਉੱਠ ਜਗਾ ਦੇ ਮੋਮਬੱਤੀਆਂ...
ਰਵੀ ਜਨਾਗਲ ਨੇ ਡਾ. ਸੁਰਜੀਤ ਪਾਤਰ ਦੀ ਖ਼ੂਬਸੂਰਤ ਗ਼ਜ਼ਲ ਨੂੰ ਆਵਾਜ਼ ਦੇ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ:
ਜੇ ਆਈ ਪੱਤਝੜ ਤਾਂ ਫੇਰ ਕੀ ਏ
ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।
ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਬਲਬੀਰ ਗੋਰਾ ਨੇ ਜੀਵਨ ਦੀ ਸਚਾਈ ‘ਮੌਤ’ ਬਾਰੇ ਆਪਣਾ ਮੌਲਿਕ ਗੀਤ ਸੁਣਾਇਆ ਅਤੇ ਡਾ. ਪਾਤਰ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਚਰਨਜੀਤ ਕੌਰ ਬਾਜਵਾ ਨੇ ਬੜੀ ਹੀ ਖ਼ੂਬਸੂਰਤੀ ਨਾਲ ‘ਕੱਚ ਦਾ ਗਲਾਸ’ ਸੁਣਾਇਆ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਤੱਗੜ ਨੇ ਡਾ. ਸੁਰਜੀਤ ਪਾਤਰ ਦੇ ਕੁਝ ਚੋਣਵੇਂ ਸ਼ਿਅਰਾਂ ਨਾਲ ਆਪਣੀ ਹਾਜ਼ਰੀ ਲਗਵਾਈ। ਸੁਖਮਿੰਦਰ ਤੂਰ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਡ. ਪਾਤਰ ਦੀ ਇੱਕ ਰਚਨਾ ਪੇਸ਼ ਕੀਤੀ। ਤਰਲੋਚਨ ਸੈਂਬੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਡਾ. ਪਾਤਰ ਦੀ ਰਚਨਾ ‘ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ਼ ਵਾਲੀ ਹਾ ਬਣ ਕੇ’ ਆਪਣੀ ਆਵਾਜ਼ ਵਿੱਚ ਸੁਣਾਈ।
ਇਸ ਤੋਂ ਇਲਾਵਾ ਮਨਜੀਤ ਕੌਰ ਖਹਿਰਾ, ਗੁਰਮੀਤ ਕੌਰ ਸਮਰਾ, ਪ੍ਰਸ਼ੋਤਮ ਭਰਦਵਾਜ, ਸੁਖਦਰਸ਼ਨ ਸਿੰਘ ਜੱਸਲ, ਦਿਲਾਵਰ ਸਿੰਘ ਸਮਰਾ, ਤੇਜਾ ਸਿੰਘ ਪ੍ਰੇਮੀ, ਬਲਵਿੰਦਰ ਕੌਰ, ਗੁਰਬਖ਼ਸ਼ ਸਿੰਘ ਗਿੱਲ, ਸਬਾ ਸਦੀਕ, ਅਵਤਾਰ ਕੌਰ ਤੱਗੜ, ਤਰਜੀਤ ਲਾਲੀ, ਸੁਖਜੀਤ ਕੌਰ ਲਾਲੀ, ਪਰਗਨ ਸਿੰਘ ਰਾਏ, ਸ਼ਮਿੰਦਰ ਕੰਮੋਹ, ਸਰਬਜੀਤ ਉੱਪਲ, ਗੁਰਮੀਤ ਭੱਟੀ, ਦਰਬਾਰਾ ਸਿੰਘ ਸੰਧੂ, ਮਨਜੀਤ ਬਰਾੜ, ਗੁਰਦੀਪ ਸਿੰਘ ਗਹੀਰ, ਜਸਵੰਤ ਸਿੰਘ ਕਪੂਰ, ਅਮਰੀਕ ਸਰੋਆ, ਸੁਰਜੀਤ ਸਿੰਘ ਹੇਅਰ, ਮੰਗਲ ਚੱਠਾ ਤੇ ਗੁਰਰਾਜ ਸਿੰਘ ਵਿਰਕ ਨੇ ਆਪਣੀ ਹਾਜ਼ਰੀ ਲਵਾ ਕੇ ਪੰਜਾਬੀ ਦੇ ਮਹਾਨ ਸਪੂਤ ਨੂੰ ਆਪਣੇ ਸ਼ਰਧਾ ਦੇ ਪੁਸ਼ਪ ਭੇਂਟ ਕੀਤੇ। ਬਲਜੀਤ ਸਿੰਘ ਰੌਣੀ ਨੇ ਆਪਣੀ ਰਚਨਾ ਰਾਹੀਂ ਹਾਜ਼ਰੀ ਲਗਵਾਈ। ਅੰਤ ਵਿੱਚ ਸੁਭਿਦੂ ਸ਼ਰਮਾ ਨੇ ਬੜੇ ਭਾਵਪੂਰਤ, ਖ਼ੂਬਸੂਰਤ ਕਲਾਤਮਕ ਲਹਿਜੇ ਵਿੱਚ ਇੱਕ ਛੋਟਾ ਜਿਹਾ ਸੰਵਾਦ ਪੇਸ਼ ਕੀਤਾ ਜਿਸਨੇ ਸਭ ਨੂੰ ਹੋਰ ਵੀ ਭਾਵੁਕ ਕਰ ਦਿੱਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਖਹਿਰਾ ਨੇ ਨਿਭਾਈ।
ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ

Advertisement

ਸੁਰਜੀਤ ਪਾਤਰ ਨੂੰ ਸਮਰਪਿਤ ਸੁਰੀਲੀ ਸ਼ਾਮ

ਹਰਦਮ ਮਾਨ

ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨੀਂ ਰਿਫਲੈਕਸ਼ਨ ਬੈਂਕੁਇਟ ਅਤੇ ਕਾਨਫਰੰਸ ਸੈਂਟਰ ਸਰੀ ਵਿੱਚ ਸੁਰੀਲੀ ਸੰਗੀਤਕ ਸ਼ਾਮ ਮਨਾਈ ਗਈ ਜਿਸ ਵਿੱਚ ਗ਼ਜ਼ਲ ਗਾਇਕ ਸੁਖਦੇਵ ਸਾਹਿਲ, ਪਰਖਜੀਤ ਸਿੰਘ, ਡਾ. ਰਣਦੀਪ ਮਲਹੋਤਰਾ ਅਤੇ ਮੇਸ਼੍ਹੀ ਬੰਗੜ ਨੇ ਆਪਣੇ ਸੁਰੀਲੇ ਸੁਰਾਂ ਨਾਲ ਖ਼ੂਬਸੂਰਤ ਸੰਗੀਤਕ ਮਾਹੌਲ ਸਿਰਜਿਆ। ਮੰਚ ਵੱਲੋਂ ਗ਼ਜ਼ਲਾਂ ਦੀ ਇਹ ਸ਼ਾਮ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਕੀਤੀ ਗਈ। ਪ੍ਰੋਗਰਾਮ ਦੇ ਆਗਾਜ਼ ਵਿੱਚ ਮੰਚ ਦੇ ਬੁਲਾਰੇ ਰਾਜਵੰਤ ਰਾਜ ਨੇ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਅਚਨਚੇਤ ਰੁਖ਼ਸਤ ਹੋ ਜਾਣ ’ਤੇ ਦੁਖ ਪ੍ਰਗਟ ਕੀਤਾ। ਸਭਨਾਂ ਵੱਲੋਂ ਇੱਕ ਮਿੰਟ ਦਾ ਮੋਨ ਧਾਰ ਕੇ ਮਰਹੂਮ ਸ਼ਾਇਰ ਨੂੰ ਸਿਜਦਾ ਕੀਤਾ ਗਿਆ।
ਸੁਰੀਲੀ ਸ਼ਾਮ ਦੇ ਪਹਿਲੇ ਗਾਇਕ ਪਰਖਜੀਤ ਸਿੰਘ ਨੇ ਆਪਣੀ ਪ੍ਰਤਿਭਾ, ਕਲਾ ਅਤੇ ਸੰਗੀਤਕ ਸੂਝ ਦੀ ਲਾਮਿਸਾਲ ਪੇਸ਼ਕਾਰੀ ਕਰਦਿਆਂ ਦੋ ਗ਼ਜ਼ਲਾਂ ਨਾਲ ਸਰੋਤਿਆਂ ਨੂੰ ਮੋਹ ਲਿਆ। ਅਗਲੇ ਗਾਇਕ ਡਾ. ਰਣਦੀਪ ਮਲਹੋਤਰਾ ਨੇ ਗ਼ਜ਼ਲ ਦੀ ਡੂੰਘੀ ਸਮਝ ਅਤੇ ਭਾਵਨਾਵਾਂ ਨੂੰ ਆਪਣੀ ਕਲਾ ਰਾਹੀਂ ਪੇਸ਼ ਕਰ ਕੇ ਸਰੋਤਿਆਂ ਨਾਲ ਆਪਣੇ ਸੁਰਾਂ ਦੀ ਸਾਂਝ ਪਾਈ। ਮੇਸ਼੍ਹੀ ਬੰਗੜ ਨੇ ਭਾਵੁਕ ਧੁਨਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।
ਕੈਲੀਫੋਰਨੀਆ ਤੋਂ ਪਹੁੰਚੇ ਗਾਇਕ ਸੁਖਦੇਵ ਸਾਹਿਲ ਨੇ ਮਰਹੂਮ ਸੁਰਜੀਤ ਪਾਤਰ ਦੀ ਗ਼ਜ਼ਲ ‘ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ...’ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸਰੋਤਿਆਂ ਨੇ ਸਾਹਿਲ ਦੇ ਇੱਕ ਇੱਕ ਸ਼ਿਅਰ ਨੂੰ ਮਾਣਿਆ। ਮਹਿਮਾਨ ਗੀਤਕਾਰ ਪ੍ਰੀਤ ਸੰਗਰੇੜੀ ਨੇ ਵੀ ਆਪਣੇ ਕਲਾਮ ਨਾਲ ਹਾਜ਼ਰੀ ਲੁਆਈ। ਸੁਖਦੇਵ ਸਾਹਿਲ ਅਤੇ ਪਰਖਜੀਤ ਸਿੰਘ ਦੀ ਖ਼ੂਬਸੂਰਤ ਪੇਸ਼ਕਾਰੀ ਸਰੋਤਿਆਂ ਦੇ ਚੇਤਿਆਂ ਵਿੱਚ ਦੇਰ ਤੱਕ ਸੰਗੀਤਕ ਸੁਰਾਂ ਛੇੜਦੀ ਰਹੇਗੀ।
ਇਸ ਸੰਗੀਤਕ ਸ਼ਾਮ ਲਈ ਸਭ ਤੋਂ ਵੱਡੇ ਸਹਿਯੋਗੀ ਜਤਿੰਦਰ ਜੇ ਮਿਨਹਾਸ ਅਤੇ ਅਮਰੀਕਾ ਤੋਂ ਪਹੁੰਚੇ ਸ਼ਾਇਰ ਕੁਲਵਿੰਦਰ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਰੋਤਿਆਂ, ਸਹਿਯੋਗੀਆਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੰਚ ਅਜਿਹੇ ਪ੍ਰੋਗਰਾਮਾਂ ਨੂੰ ਭਵਿੱਖ ਵਿੱਚ ਵੀ ਜਾਰੀ ਰੱਖੇਗਾ।
ਸੰਪਰਕ: +1 604 308 6663

Advertisement
Author Image

joginder kumar

View all posts

Advertisement
Advertisement
×