ਜਦੋਂ ਪਾਉਂਦੀ ਏਂ ਤੂੰ ਲੰਮੇ-ਲੰਮੇ ਤੰਦ ਨੀਂ...
ਬਲਜਿੰਦਰ ਮਾਨ
ਚੁੱਲ੍ਹੇ ਅੱਗ ਅਤੇ ਘੜੇ ਵਿੱਚ ਪਾਣੀ ਦਾ ਨਾ ਹੋਣਾ ਬਰਬਾਦੀ ਦੇ ਚਿੰਨ੍ਹ ਮੰਨੇ ਗਏ ਹਨ। ਕਿਸੇ ਜ਼ਮਾਨੇ ਵਿੱਚ ਵੱਸਦੇ ਰਸਦੇ ਘਰਾਂ ਦੀ ਇਹ ਉੱਤਮ ਨਿਸ਼ਾਨੀ ਹੁੰਦੀ ਸੀ। ਸਮੇਂ ਦੀ ਤੋਰ ਨਾਲ ਸਭ ਕੁਝ ਬਦਲ ਗਿਆ ਹੈ। ਘੜਿਆਂ ਦੀ ਥਾਂ ਫਰਿੱਜ ਆ ਗਈ ਹੈ ਅਤੇ ਬਾਲਣ ਵਾਲੇ ਚੁੱਲ੍ਹੇ ਦੀ ਥਾਂ ਗੈਸ ਵਾਲਾ ਚੁੱਲ੍ਹਾ ਆ ਗਿਆ ਹੈ ਜਿਸ ਨਾਲ ਚੁੱਲ੍ਹੇ ਵਿੱਚ ਫੂਕਾਂ ਮਾਰਨ ਦਾ ਯਬਖਾਨਾ ਮੁੱਕ ਗਿਆ ਹੈ। ਪੇਂਡੂ ਘਰਾਂ ਵਿੱਚ ਮਿੱਟੀ ਦੇ ਬਣੇ ਹੋਏ ਅਨੇਕਾਂ ਕਿਸਮ ਦੇ ਚੁੱਲ੍ਹੇ ਮਿਲਦੇ ਸਨ। ਜਿਨ੍ਹਾਂ ਵਿੱਚ ਤੰਦੂਰ ਅਤੇ ਲੂੰਬੀ ਵਾਲਾ ਚੁੱਲ੍ਹਾ ਆਮ ਦੇਖੇ ਜਾ ਸਕਦੇ ਸਨ। ਕਈ ਲੋਕ ਤਾਂ ਚੁੱਲ੍ਹੇ ਨੂੰ ਏਨਾ ਸਜਾਉਂਦੇ ਸਨ ਕਿ ਦੇਖਿਆ ਰੱਜ ਨਹੀਂ ਸੀ ਆਉਂਦਾ। ਜੇ ਕਿਤੇ ਚੁੱਲ੍ਹੇ ਤੋਂ ਤਾਜ਼ੇ ਲਹਿੰਦੇ ਪ੍ਰਸਾਦੇ ਛਕਣ ਬਹਿ ਜਾਈਏ ਫਿਰ ਤਾਂ...। ਚੁੱਲ੍ਹਾ ਬਲਦਾ ਰੱਖਣ ਲਈ ਔਰਤ ਦਾ ਹੋਣਾ ਲਾਜ਼ਮੀ ਹੈ। ਜਿਵੇਂ ਆਖਦੇ ਨੇ;
ਰੰਨਾ ਵਾਲਿਆਂ ਦੇ ਪੱਕਣ ਪਰਾਉਂਠੇ,
ਛੜਿਆਂ ਦੀ ਅੱਗ ਨਾ ਬਲੇ।
ਕਿਸ਼ੋਰ ਅਵਸਥਾ ਵਿੱਚੋਂ ਲੰਘਦੀ ਹਰ ਮੁਟਿਆਰ ਦੇ ਰੁਝਾਨ ਨੂੰ ਇਨ੍ਹਾਂ ਚਾਰਾਂ ਵੇਦਾਂ ਚਾਟੀ, ਚੁੱਲ੍ਹਾ, ਚੱਕੀ, ਚਰਖਾ ਵੱਲ ਮੋੜਨਾ ਮਾਪਿਆਂ ਅਤੇ ਅਧਿਆਪਕਾਂ ਦਾ ਫਰਜ਼ ਬਣਦਾ ਹੈ। ਕਈ ਵਾਰ ਦੇਖਣ ਸੁਣਨ ਵਿੱਚ ਆਇਆ ਹੈ ਕਿ ਫਲਾਣੀ ਕਾਲਜੀਏਟ ਕੁੜੀ ਨੂੰ ਰੋਟੀ ਵੀ ਨਹੀਂ ਬਣਾਉਣੀ ਆਉਂਦੀ। ਕਿਉਂ? ਕਿਉਂਕਿ ਉਨ੍ਹਾਂ ਦਾ ਘਰ ਨੌਕਰਾਂ ਚਾਕਰਾਂ ਨਾਲ ਭਰਿਆ ਪਿਆ ਹੈ। ਖੈਰ ਕੁਝ ਵੀ ਹੋਵੇ ਪਰ ਸਭ ਨੂੰ ਇਨ੍ਹਾਂ ਚਾਰਾਂ ਕਾਰਜਾਂ ਵਿੱਚ ਮਾਹਿਰ ਹੋਣਾ ਚਾਹੀਦਾ ਹੈ। ਭਾਵੇਂ ਇਨ੍ਹਾਂ ਦੀ ਲੋੜ ਨਹੀਂ ਰਹੀ ਪਰ ਉਹ ਸਮਾਂ ਇਨ੍ਹਾਂ ਤੋਂ ਬਗੈਰ ਸੰਪੂਰਨ ਨਹੀਂ ਸੀ ਮੰਨਿਆ ਜਾਂਦਾ। ਜੇਕਰ ਅੱਜ ਦੀ ਮੁਟਿਆਰ ਵਾਸਤੇ ਗੱਲ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਸ ਨੂੰ ਸੂਚਨਾ ਕ੍ਰਾਂਤੀ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ। ਇਹ ਸਭ ਯੰਤਰ ਉਸ ਦੀ ਤਰੱਕੀ ਲਈ ਆਧਾਰ ਬਣ ਕੇ ਉਸ ਦੇ ਜੀਵਨ ਨੂੰ ਸੁਖਾਲਾ ਅਤੇ ਆਨੰਦਮਈ ਬਣਾਉਂਦੇ ਹਨ। ਬਦਲ ਰਹੇ ਜਨ ਜੀਵਨ ਬਾਰੇ ਸ਼ਾਇਰ ਲਿਖਦਾ ਹੈ:
ਚਰਖੇ ਤੇ ਚੁੱਲ੍ਹੇ ਦੀਆਂ ਭੁੱਲ ਕੇ ਸਾਰਾਂ ਨੂੰ
ਫੈਸ਼ਨਾਂ ’ਚ ਮਸਤ ਹੋ ਕੇ ਲੁੱਟਣ ਬਹਾਰਾਂ ਨੂੰ।
ਚਲਾਕ ਸੱਸ ਆਪਣੀ ਬਹੂ ਨੂੰ ਭਾਰਾ ਕੰਮ ਸੌਂਪਣ ਵੇਲੇ ਬੜੀ ਹਲੀਮੀ ਨਾਲ ਇਹ ਆਖਦੀ;
ਆ ਨੀਂ ਧੀਏ ਨਿੱਸਲ ਹੋ, ਚਰਖਾ ਛੱਡ ਤੇ ਚੱਕੀ ਝੋ।
ਇੱਕ ਸਮਾਂ ਸੀ ਜਦੋਂ ਏਨਾ ਰੁੱਝਿਆ ਹੋਇਆ ਆਮ ਜੀਵਨ ਨਹੀਂ ਸੀ ਕਿਉਂਕਿ ਉਸ ਵੇਲੇ ਸਾਇੰਸ ਨੇ ਅਜੇ ਏਨੀ ਤਰੱਕੀ ਨਹੀਂ ਸੀ ਕੀਤੀ। ਮਨੁੱਖ ਨੂੰ ਆਪਣੇ ਕਾਰਜਾਂ ਨੂੰ ਸਿਰੇ ਚੜ੍ਹਾਉਣ ਲਈ ਲਹੂ ਪਾਣੀ ਇੱਕ ਕਰਨਾ ਪੈਂਦਾ ਅਤੇ ਸਾਰੇ ਕੰਮ ਹੱਥੀਂ ਹੀ ਕੀਤੇ ਜਾਂਦੇ ਸਨ। ਔਰਤਾਂ ਨੇ ਸਾਰੇ ਟੱਬਰ ਲਈ ਤੜਕੇ ਤੜਕੇ ਚੱਕੀ ਵਿੱਚ ਦਾਣੇ ਪੀਸ ਕੇ ਆਟਾ ਬਣਾਉਣਾ। ਇੱਥੇ ਹੀ ਬਸ ਨਹੀਂ ਖੂਹ ਵਿੱਚੋਂ ਲੱਜਾਂ ਨਾਲ ਪਾਣੀ ਖਿੱਚਣਾ ਅਤੇ ਡਾਰਾਂ ਬੰਨ੍ਹ-ਬੰਨ੍ਹ ਖੂਹ ਨੂੰ ਜਾਣਾ ਉਨ੍ਹਾਂ ਦੀ ਰੋਜ਼ ਮਰ੍ਹਾ ਦੀ ਜ਼ਿੰਦਗੀ ਦਾ ਇੱਕ ਹੁਸੀਨ ਚਾਲਾ ਸੀ। ਅੱਜ ਨਾ ਤਾਂ ਖੂਹ ਰਹੇ ਅਤੇ ਨਾ ਹੀ ਖੂਹਾਂ ’ਤੇ ਮੁਟਿਆਰਾਂ ਦੀਆਂ ਢਾਣੀਆਂ ਜੁੜਦੀਆਂ ਹਨ। ਤਕਨੀਕੀ ਯੰਤਰਾਂ ਅਤੇ ਸਾਇੰਸ ਨੇ ਸਾਡੇ ਵਿਚਕਾਰ ਜਿੱਥੇ ਨੇੜਤਾ ਲਿਆਂਦੀ ਹੈ, ਉੱਥੇ ਸਾਨੂੰ ਮੌਤ ਦੇ ਨੇੜੇ ਵੀ ਲਿਆਂਦਾ ਹੈ। ਬੋਹੜ ਦੀ ਠੰਢੀ-ਠੰਢੀ ਛਾਂ ਕੋਈ ਵਿਰਲਾ ਹੀ ਮਾਣਦਾ ਹੈ। ਜਿੱਥੇ ਆਕਸੀਜਨ ਦਾ ਭੰਡਾਰ ਮਿਲਦਾ ਹੈ।
ਇੱਕ ਸਮਾਂ ਸੀ ਜਦੋਂ ਹਰ ਘਰ ਚੱਕੀ ਹੁੰਦੀ ਸੀ, ਪਰ ਅੱਜਕੱਲ੍ਹ ਤਾਂ ਇਹ ਸਾਰਾ ਕੁਝ ਅਜਾਇਬ ਘਰਾਂ ਵਿੱਚ ਹੀ ਦਿਖਾਈ ਦਿੰਦਾ ਹੈ। ਜਦੋਂ ਤੜਕੇ ਉੱਠ ਔਰਤਾਂ ਚੱਕੀ ਚਲਾਉਂਦੀਆਂ ਤਾਂ ਚੱਕੀ ਇੱਕ ਅਨੋਖਾ ਸੰਗੀਤ ਅਲਾਪਦੀ। ਮੁਟਿਆਰਾਂ ਦੇ ਮੂੰਹੋਂ ਆਪ ਮੁਹਾਰੇ ਹੀ ਗੀਤ ਵਹਿ ਤੁਰਦੇ। ਇੰਜ ਉਨ੍ਹਾਂ ਦਾ ਕੰਮ ਅਤੇ ਮਨੋਰੰਜਨ ਨਾਲੋ ਨਾਲ ਹੋਈ ਜਾਂਦੇ;
ਮੈਂ ਤੈਨੂੰ ਪੁੱਛਦੀ ਮਾਲੀਆ ਹੋ
ਇਹ ਬੂਟਾ ਕਾਹੇ ਦਾ ਲਾਇਆ
ਮੈਂ ਤੈਨੂੰ ਦੱਸਦਾ ਗੋਰੀਏ ਹੋ
ਇਹ ਬੂਟਾ ਨਰਮੇ ਦਾ ਲਾਇਆ ਹੋ।
ਚਰਖਾ ਤਾਂ ਪੇਂਡੂ ਘਰੇਲੂ ਉਦਯੋਗ ਦਾ ਇੱਕ ਧੁਰਾ ਰਿਹਾ ਹੈ। ਬਹੁਤ ਅਰਸਾ ਲੋਕਾਂ ਨੇ ਇਸ ’ਤੇ ਆਪਣਾ ਜੀਵਨ ਨਿਰਬਾਹ ਕੀਤਾ ਹੈ, ਪਰ ਹੁਣ ਪਹਿਲੇ ਵਾਲੀ ਗੱਲ ਨਹੀਂ ਰਹੀ। ਨਾ ਹੁਣ ਮੁਟਿਆਰਾਂ ਤ੍ਰਿੰਝਣ ’ਚ ਜੁੜ ਚਰਖੇ ਕੱਤਦੀਆਂ ਹਨ ਅਤੇ ਨਾ ਹੀ ਘਰਾਂ ਵਿੱਚ ਇਹ ਸਭ ਕੁਝ ਉਪਲੱਬਧ ਹੈ। ਵੀਹਵੀਂ ਸਦੀ ਦੇ ਅੰਤ ਤੱਕ ਬੁੱਢੀਆਂ ਮਾਈਆਂ ਲਈ ਇਹ ਹਲਕੀ ਕਸਰਤ ਦਾ ਇੱਕ ਸਾਧਨ ਰਹਿ ਗਿਆ ਸੀ। ਜੀਵਨ ਰੂਪੀ ਕਹਾਣੀ ਵਿੱਚ ਇਸ ਦਾ ਅਹਿਮ ਰੋਲ ਇੰਜ ਦਰਸਾਇਆ ਗਿਆ ਹੈ;
ਨੀਂ ਮੈਂ ਕੱਤਾਂ ਪ੍ਰੀਤਾਂ ਨਾਲ
ਚਰਖਾ ਚੰਨਣ ਦਾ।
ਇਹ ਵੀ ਇੱਕ ਤਲਖ ਹਕੀਕਤ ਹੈ ਕਿ ਸਮੇਂ ਦੀ ਤੋਰ ਨਾਲ ਸਮਾਜਿਕ ਰਹੁ ਰੀਤ ਬਦਲਦੇ ਰਹਿੰਦੇ ਹਨ;
ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ
ਫੇਰ ਨਾ ਬਹਿਣਾ ਰਲ ਕੇ
ਜੋ ਪਾਣੀ ਅੱਜ ਪੱਤਣੋਂ ਲੰਘਿਆ
ਫੇਰ ਨਾ ਵਹਿਣਾ ਭਲ ਕੇ।
ਚਰਖਾ ਕੱਤਦੀ ਮੁਟਿਆਰ ਜਦੋਂ ਲੰਬੇ-ਲੰਬੇ ਤੰਦ ਪਾਉਂਦੀ ਹੈ ਤਾਂ ਗੱਭਰੂਆਂ ਦੇ ਮਨ ’ਤੇ ਕੀ ਬੀਤਦੀ ਹੈ, ਇਸ ਦਾ ਉਹ ਜ਼ਿਕਰ ਆਪ ਮੁਹਾਰਾ ਹੀ ਗੁਣਗੁਣਾ ਕੇ ਕੋਲੋਂ ਲੰਘਦਾ ਕਰਦਾ ਹੈ;
ਚਰਖੀ ਰੰਗੀਨ ਦਰਵਾਜ਼ੇ ਵਿੱਚ ਡਾਹ ਕੇ
ਜਦੋਂ ਪਾਉਂਦੀ ਏਂ ਤੂੰ ਲੰਬੇ-ਲੰਬੇ ਤੰਦ ਨੀਂ
ਰਹੀ ਬਚ ਕੇ ਹਾਨਣੇ ...।
ਇੱਥੇ ਹੀ ਬਸ ਨਹੀਂ ਚਰਖੇ ਦੀ ਘੂਕਰ ਸਿਰਫ਼ ਤੁਰੇ ਜਾਂਦੇ ਰਾਹੀਆਂ ਨੂੰ ਹੀ ਨਹੀਂ ਰੋਕਦੀ ਸੀ ਸਗੋਂ ਅਕਾਸ਼ ਤੱਕ ਮਾਰ ਕਰਦੀ;
ਜੋਗੀ ਉਤਰ ਪਹਾੜੋਂ ਆਇਆ
ਚਰਖੇ ਦੀ ਘੂਕ ਸੁਣ ਕੇ।
ਚਾਟੀ, ਚੁੱਲ੍ਹਾ, ਚੱਕੀ ਤੇ ਚਰਖਾ ਚਾਰ ਵੇਦਾਂ ਦੀ ਕਹਾਣੀ ਹੁਣ ਬੀਤੇ ਦੀ ਗੱਲ ਬਣ ਚੁੱਕੀ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਦਾ ਤਾਂ ਪਤਨ ਹੀ ਹੋ ਚੁੱਕਾ ਸਮਝੋ। ਇਨ੍ਹਾਂ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਅੱਜਕੱਲ੍ਹ ਤਾਂ ਇਹ ਸਭ ਕੁਝ ਮੇਲਿਆਂ ’ਤੇ ਲੱਗਦੀਆਂ ਨੁਮਾਇਸ਼ਾਂ ਵਿੱਚ ਹੀ ਦਿਖਾਈ ਦਿੰਦਾ ਹੈ। ਤੀਆਂ ਅਤੇ ਤ੍ਰਿੰਝਣਾਂ ਦੇ ਮੇਲੇ ਮੁੜ ਸੁਰਜੀਤ ਹੋ ਰਹੇ ਹਨ ਜਿਨ੍ਹਾਂ ਵਿੱਚੋਂ ਉਸ ਜ਼ਮਾਨੇ ਦੀਆਂ ਝਲਕੀਆਂ ਦੇਖੀਆਂ ਜਾ ਸਕਦੀਆਂ ਹਨ। ਇਹ ਸਭ ਸਾਧਨ ਸਾਡੀ ਆਰਥਿਕਤਾ ਨਾਲ ਵੀ ਜੁੜੇ ਰਹੇ ਹਨ। ਘਰ ਵਿੱਚ ਅਜਿਹੇ ਸਾਧਨਾਂ ਦੇ ਚੱਲਦੇ ਹੋਣ ਨਾਲ ਹੀ ਘਰ ਦੇ ਵਿਕਾਸ ਦਾ ਪਤਾ ਲੱਗਦਾ ਸੀ।
ਸੰਪਰਕ: 98150-18947