For the best experience, open
https://m.punjabitribuneonline.com
on your mobile browser.
Advertisement

ਫੇਰ ਕਦੋਂ ਮਿਲਾਂਗੇ...

09:11 AM May 19, 2024 IST
ਫੇਰ ਕਦੋਂ ਮਿਲਾਂਗੇ
Advertisement

ਪ੍ਰੋ. ਪ੍ਰੀਤਮ ਸਿੰਘ

ਸੁਰਜੀਤ ਪਾਤਰ ਦੇ ਅਚਨਚੇਤ ਤੁਰ ਜਾਣ ਨਾਲ ਨਾ ਕੇਵਲ ਦੁਨੀਆ ਭਰ ਵਿਚ ਵਸਦੇ ਪੰਜਾਬੀ ਭਾਈਚਾਰੇ ਸਗੋਂ ਕਈ ਹੋਰਨਾਂ ਜ਼ੁਬਾਨਾਂ ਜਿਨ੍ਹਾਂ ਵਿਚ ਉਨ੍ਹਾਂ ਦੀ ਰਚਨਾ ਅਨੁਵਾਦ ਹੋ ਕੇ ਛਪੀ ਸੀ, ਦੇ ਸਾਹਿਤ ਰਸੀਆਂ ਨੇ ਵੀ ਗਹਿਰਾ ਸੋਗ ਮਨਾਇਆ ਹੈ। ਇਕ ਉੜੀਆ ਲੇਖਕਾ ਨੇ ਦੱਸਿਆ ਕਿ ਉਹ ਪਾਤਰ ਹੋਰਾਂ ਦੀ ਸ਼ਾਇਰੀ ਦਾ ਉੜੀਆ ਭਾਸ਼ਾ ਵਿਚ ਅਨੁਵਾਦ ਕਰਨ ਬਾਬਤ ਉਨ੍ਹਾਂ ਨਾਲ ਤਾਲਮੇਲ ਕਰ ਹੀ ਰਹੀ ਸੀ ਕਿ ਉਹ ਇੰਝ ਹੀ ਅਛੋਪਲੇ ਜਿਹੇ ਚਲੇ ਗਏ ਜਿਸ ਨਾਲ ਉਸ ਦੀਆਂ ਸਾਰੀਆਂ ਉਮੀਦਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ। ਪਾਤਰ ਹੋਰਾਂ ਨਾਲ ਮੇਰੀ ਮੁਲਾਕਾਤ ਉਦੋਂ ਹੋਈ ਸੀ ਜਦੋਂ ਅਕਾਦਮੀਸ਼ਨ ਅਮਨਦੀਪ ਕੌਰ ਬਰਾੜ ਨੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਬਾਰੇ ਇਕ ਸੈਮੀਨਾਰ ਦੀ ਪ੍ਰਧਾਨਗੀ ਅਤੇ ਮੁੱਖ ਵਕਤੇ ਦੇ ਤੌਰ ’ਤੇ ਸੱਦਿਆ ਸੀ ਅਤੇ ਫਿਰ ਹੌਲੀ ਹੌਲੀ ਇਹ ਮੁਲਾਕਾਤ ਦੋਸਤੀ ਵਿਚ ਬਦਲ ਗਈ।
ਪਿਛਲੇ ਸਾਲ ਜਦੋਂ ਮੈਂ ਪੰਜਾਬ ਗਿਆ ਤਾਂ ਇਸ ਦੌਰਾਨ ਪਾਤਰ ਹੋਰਾਂ ਨੂੰ ਮਿਲਿਆ ਸਾਂ। ਅਸੀਂ ਘੰਟਿਆਂਬੱਧੀ ਗੱਲਾਂਬਾਤਾਂ ਕਰਦੇ ਰਹੇ ਅਤੇ ਬੁੱਧੀਜੀਵੀਆਂ ਤੇ ਕਵੀਆਂ ਦੇ ਰਿਸ਼ਤਿਆਂ ਬਾਰੇ ਵਿਚਾਰ ਚਰਚਾ ਕਰਦੇ ਰਹੇ ਸਾਂ। ਉਨ੍ਹਾਂ ਮੰਨਿਆ ਸੀ ਕਿ ਮੇਰੇ ਲੇਖਾਂ ਵਿਚ ਜਿਨ੍ਹਾਂ ਆਰਥਿਕ ਸੰਕਲਪਾਂ ਦੇ ਹਵਾਲੇ ਦਿੱਤੇ ਗਏ ਸਨ, ਉਨ੍ਹਾਂ ’ਚੋਂ ਕੁਝ ਸੰਕਲਪਾਂ ਨੂੰ ਸਮਝ ਨਹੀਂ ਸਕੇ ਸਨ ਪਰ ਉਨ੍ਹਾਂ ਦੀਆਂ ਦਲੀਲਾਂ ਦਾ ਭਾਵ ਸਮਝਦੇ ਸਨ। ਉਨ੍ਹਾਂ ਇਕ ਗੱਲ ਆਖੀ ਕਿ ਹਰੇਕ ਬੁੱਧੀਜੀਵੀ ਵਿਚ ਇਕ ਕਵੀ ਛੁਪਿਆ ਹੁੰਦਾ ਹੈ ਜੋ ਉਸ ਦੇ ਬੌਧਿਕ ਉੱਦਮਾਂ ਨੂੰ ਜਜ਼ਬਾਤੀ ਤਾਕਤ ਮੁਹੱਈਆ ਕਰਾਉਂਦਾ ਰਹਿੰਦਾ ਹੈ। ਮੈਂ ਕਿਹਾ ਕਿ ਇਨ੍ਹਾਂ ਕਾਵਿ ਸੰਵੇਦਨਾਵਾਂ ਸਦਕਾ ਹੀ ਉਹ ਆਰਥਿਕ ਸੰਕਲਪਾਂ ਦੇ ਗਹਿਰੇ ਅਰਥ ਬੁੱਝ ਲੈਂਦੇ ਹਨ। ਮੈਂ ਇਹ ਵੀ ਕਿਹਾ ਕਿ ਕਵੀ ਕਿਸੇ ਵੀ ਸਮਾਜ ਦੀ ਆਤਮਾ ਹੁੰਦੇ ਹਨ ਅਤੇ ਹਰੇਕ ਸਾਰਥਿਕ ਬੌਧਿਕ ਕਵਾਇਦ ਰੂਹ ਨੂੰ ਝੰਜੋੜਨ ਵਾਲੀ ਕਵਿਤਾ ਦਾ ਅਸਰ ਕਬੂਲਦੀ ਹੈ।
ਮੈਂ ਪਾਤਰ ਹੋਰਾਂ ਦਾ ਧਿਆਨ ਦਿਵਾਇਆ ਸੀ ਕਿ ਸਾਲ 2020 ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਉੱਠੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੀ ਨਜ਼ਮ ‘ਇਹ ਬਾਤ ਨਿਰੀ ਏਨੀ ਹੀ ਨਹੀਂ...’ ਨੇ ਮੈਨੂੰ ਇਹ ਸਮਝਣ ਵਿਚ ਮਦਦ ਕੀਤੀ ਸੀ ਕਿ ਇਹ ਕਿਸਾਨ ਅੰਦੋਲਨ ਮਹਿਜ਼ ਮੰਡੀ ਅਤੇ ਫ਼ਸਲਾਂ ਦੀਆਂ ਕੀਮਤਾਂ ਤੱਕ ਸੀਮਤ ਨਹੀਂ ਹੈ ਸਗੋਂ ਇਹ ਖੇਤੀ ਸਭਿਆਚਾਰ, ਤਹਿਜ਼ੀਬ ਅਤੇ ਜੀਵਨ ਜਾਚ ਉਪਰ ਖੇਤੀ ਕਾਰੋਬਾਰੀ ਕਾਰਪੋਰੇਟ ਕੰਪਨੀਆਂ ਦੇ ਹਮਲੇ ਖਿਲਾਫ਼ ਕਿਸਾਨੀ ਦੀ ਹੋਂਦ ਦੀ ਜੱਦੋਜਹਿਦ ਦਾ ਇਕ ਨਮੂਨਾ ਹੈ।
ਅੰਤ ਨੂੰ ਮੇਰੀ ਸਮਝ ਬਣੀ ਕਿ ਇਹ ਕਿਸਾਨ ਅੰਦੋਲਨ ਕੋਈ ਆਰਥਿਕ ਮੰਗਾਂ ਲਈ ਸਾਧਾਰਨ ਐਜੀਟੇਸ਼ਨ ਨਹੀਂ ਸਗੋਂ ਇਕ ਯੁੱਗ ਪਲਟਾਊ ਸੰਘਰਸ਼ ਹੈ। ਇਸ ਕਰ ਕੇ ਮੈਂ ਇਸ ਗੱਲ ਦਾ ਕਾਇਲ ਸੀ ਕਿ ਇਸ ਸੰਘਰਸ਼ ਨੂੰ ਹਰਾਇਆ ਨਹੀਂ ਜਾ ਸਕਦਾ ਅਤੇ ਅੰਤ ਨੂੰ ਠੀਕ ਇੰਝ ਹੀ ਵਾਪਰਿਆ। ਮੈਂ ਪਾਤਰ ਸਾਹਿਬ ਨੂੰ ਆਖਿਆ ਕਿ ਉਨ੍ਹਾਂ ਦੀ ਇਹ ਕਵਿਤਾ ਇਕ ਅਜਿਹਾ ਬੌਧਿਕ ਝਰੋਖਾ ਮੁਹੱਈਆ ਕਰਾਉਂਦੀ ਹੈ ਜੋ ਕਾਵਿ ਪ੍ਰਗਟਾਓ ਅਤੇ ਬੌਧਿਕ ਉੱਦਮ ਵਿਚਾਲੇ ਇਕ ਜਟਿਲ ਸੰਵਾਦ ਨੂੰ ਪੇਸ਼ ਕਰਦਾ ਹੈ। ਉਹ ਮੇਰੀ ਗੱਲ ਤੋਂ ਬਹੁਤ ਮੁਤਾਸਿਰ ਹੋਏ ਅਤੇ ਉਨ੍ਹਾਂ ਮੈਨੂੰ ਆਪਣੇ ਹਸਤਾਖਰ ਵਾਲੀ ਆਪਣੀ ਸੱਜਰੇ ਕਾਵਿ ਸੰਗ੍ਰਹਿ ਦੀ ਇਕ ਕਾਪੀ ਭੇਟ ਕੀਤੀ। ਅਸੀਂ ਘੁੱਟ ਕੇ ਜੱਫੀ ਪਾਈ ਅਤੇ ਪੰਜਾਬ ਦੇ ਅਗਲੇ ਦੌਰੇ ਵੇਲੇ ਹੋਰ ਖੁੱਲ੍ਹਾ ਸਮਾਂ ਬਿਤਾਉਣ ਦਾ ਵਾਅਦਾ ਵੀ ਕੀਤਾ।
ਪਾਤਰ ਹੋਰੀਂ ਸਰੀਰਕ ਤੌਰ ’ਤੇ ਸਾਥੋਂ ਸਾਰਿਆਂ ਤੋਂ ਬਹੁਤ ਦੂਰ ਜਾ ਚੁੱਕੇ ਹਨ ਅਤੇ ਅਸੀਂ ਉਨ੍ਹਾਂ ਨੂੰ ਮੁੜ ਨਹੀਂ ਮਿਲ ਸਕਾਂਗੇ ਪਰ ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀ ਕਵਿਤਾ ਜ਼ਰੀਏ ਮੇਰਾ ਉਨ੍ਹਾਂ ਨਾਲ ਰਾਬਤਾ ਬਰਕਰਾਰ ਰਹੇਗਾ। ਤੇ ਇਸ ਕਿਸਮ ਦੀਆਂ ਮੁਲਾਕਾਤਾਂ ਕਈ ਹੋਰ ਨਜ਼ਮਾਂ ਨੂੰ ਜਨਮ ਦੇਣਗੀਆਂ ਤੇ ਸ਼ਾਇਦ ਉਨ੍ਹਾਂ ਦੇ ਅਰਥ ਹੋਰ ਡੂੰਘੇ ਤੇ ਉਚੇਰੇ ਹੋਣਗੇ।
ਆਮੀਨ!

Advertisement

Advertisement
Author Image

sukhwinder singh

View all posts

Advertisement
Advertisement
×