ਜਦੋਂ ਚੜ੍ਹਿਆ ਵੀਰਾ ਘੋੜੀ ਵੇ...
ਘੋੜੀਆਂ ਉਹ ਲੋਕ-ਗੀਤ ਹਨ ਜੋ ਲੜਕੇ ਦੇ ਵਿਆਹ ਤੋਂ ਪਹਿਲਾਂ ਉਸ ਦੇ ਘਰ ਵਿੱਚ ਇਕੱਠੀਆਂ ਹੋਈਆਂ ਔਰਤਾਂ ਵੱਲੋਂ ਗਾਏ ਜਾਂਦੇ ਹਨ। ਇਨ੍ਹਾਂ ਵਿੱਚ ਲੜਕੇ ਦੀਆਂ ਭੈਣਾਂ, ਭਰਜਾਈਆਂ ਅਤੇ ਹੋਰ ਗੁਆਂਢਣ ਔਰਤਾਂ ਵੀ ਸ਼ਾਮਿਲ ਹੁੰਦੀਆਂ ਹਨ। ਇਨ੍ਹਾਂ ਵਿੱਚ ਜਿੱਥੇ ਲੜਕੇ ਦੇ ਖਾਨਦਾਨ ਦੀ ਵਡਿਆਈ ਅਤੇ ਸ਼ਾਨ ਦਾ ਜ਼ਿਕਰ ਹੁੰਦਾ ਹੈ, ਉੱਥੇ ਲੜਕੇ ਅਤੇ ਉਸ ਪਰਿਵਾਰ ਨਾਲ ਮੋਹ, ਲਾਡ ਪਿਆਰ ਵੀ ਦਰਸਾਇਆ ਜਾਂਦਾ। ਵਿਆਹ ਵਾਲੇ ਲੜਕੇ ਅਤੇ ਪਰਿਵਾਰ ਨੂੰ ਵਧੀਆ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਜਾਂਦੀਆਂ ਹਨ।
ਮਿਲ ਕੇ ਗਾਉਣ ਨਾਲ ਜਿੱਥੇ ਇੱਕ ਬੱਝਵਾਂ ਪ੍ਰਭਾਵ ਪੈਂਦਾ ਹੈ, ਉੱਥੇ ਲੰਮੀ ਹੇਕ ਨਾਲ ਵਾਤਾਵਰਨ ਵੀ ਸੁਖਾਵਾਂ ਅਤੇ ਖ਼ੁਸ਼ੀ ਭਰਿਆ ਹੋ ਜਾਂਦਾ ਹੈ। ਇਨ੍ਹਾਂ ਗੀਤਾਂ ਨੂੰ ਗਾਉਣ ਵੇਲੇ ਹੋਰ ਲੋਕ-ਗੀਤਾਂ ਵਾਂਗ ਹੀ ਰੂਹ ’ਚੋਂ ਡੁੱਲਦਾ ਚਾਅ ਭਾਰੂ ਹੁੰਦਾ ਸੀ ਅਤੇ ਹਰ ਹਾਜ਼ਰ ਔਰਤ ਆਪਣੀ ਹਾਜ਼ਰੀ ਤਦ ਹੀ ਲੱਗੀ ਮੰਨਦੀ, ਜਦੋਂ ਉਹ ਵੀ ਆਪਣੀ ਲੰਮੀ ਹੇਕ ਹੋਰ ਆਵਾਜ਼ਾਂ ਨਾਲ ਮਿਲਾ ਕੇ ਇਸ ਖ਼ੁਸ਼ੀ ਨੂੰ ਕਈ ਗੁਣਾ ਕਰ ਲੈਂਦੀ।
ਘੋੜੀ ਦਾ ਸਿਖਰ ਉਦੋਂ ਹੁੰਦਾ ਸੀ, ਜਦੋਂ ਬਰਾਤ ਤੁਰਨੀ ਹੁੰਦੀ ਸੀ। ਉਦੋਂ ਅੱਜ ਵਾਂਗ ਕਾਰਾਂ ਨਹੀਂ ਸਨ ਹੁੰਦੀਆਂ। ਪਸ਼ੂ ਹੀ ਆਵਾਜਾਈ ਦਾ ਸਾਧਨ ਸਨ। ਵਿਆਹ ਵਾਲੇ ਲੜਕੇ ਨੂੰ ਘੋੜੀ ’ਤੇ ਚੜ੍ਹਾਇਆ ਜਾਂਦਾ ਸੀ। ਕੁੜੀਆਂ ਇਸ ਸਜੀ ਹੋਈ ਘੋੜੀ ਨੂੰ ਥਾਲੀ ’ਚ ਲਿਆ ਕੇ ਦਾਣਾ ਪਾਉਂਦੀਆਂ ਅਤੇ ਵਾਗ ਗੁੰਦਦੀਆਂ। ਭਾਬੀਆਂ ਵਿਆਹ ਵਾਲੇ ਮੁੰਡੇ ਦੇ ਸੁਰਮਾ ਪਾਉਂਦੀਆਂ। ਭੈਣਾਂ ਅਤੇ ਹੋਰ ਲੜਕੀਆਂ ਪਿੱਛੇ ਤੋਂ ਮਿਲ ਕੇ ਗੀਤ ਗਾਉਂਦੀਆਂ। ਇਹ ਖ਼ੁਸ਼ੀ ਦੇ, ਸ਼ਾਨ ਦੇ, ਪ੍ਰਸੰਸਾ ਦੇ ਅਤੇ ਸ਼ੁਭ ਦੁਆਵਾਂ ਵਾਲੇ ਲੈਅ ਭਰੇ ਬੋਲ ਹੀ ਘੋੜੀਆਂ ਕਹਾਉਂਦੇ ਹਨ।
ਘੋੜੀ ਵਿੱਚ ਮਾਂ-ਭੈਣ ਅਤੇ ਭਰਜਾਈ ਦੀਆਂ ਰੀਝਾਂ ਇੱਕ ਤਾਲ ਵਿੱਚ ਗੂੰਜਦੀਆਂ ਹਨ:
* ਨਿੱਕੀ ਨਿੱਕੀ ਬੂੰਦੀ
ਵੇ ਨਿੱਕਿਆ, ਮੀਂਹ ਵੇ ਵਰ੍ਹੇ
ਮਾਂ ਵੇ ਸੁਹਾਗਣ, ਤੇਰੇ ਸ਼ਗਨ ਕਰੇ।
ਵੇ ਨਿੱਕਿਆ, ਤੇਰੇ ਸ਼ਗਨ ਕਰੇ।
* ਵੇ ਨਿੱਕਿਆ, ਦੰਮਾਂ ਦੀ ਬੋਰੀ
ਤੇਰਾ ਬਾਬਾ ਫੜੇ।
ਨੀਲੀ ਨੀਲੀ ਵੇ ਘੋੜੀ
ਮੇਰਾ ਨਿੱਕੜਾ ਚੜ੍ਹੇ।
* ਵੇ ਨਿੱਕਿਆ, ਭੈਣ ਵੇ ਸੁਹਾਗਣ
ਤੇਰੀ ਵਾਗ ਫੜੇ।
ਵੇ ਨਿੱਕਿਆ, ਪੀਲੀ ਪੀਲੀ ਦਾਲ
ਤੇਰੀ ਘੋੜੀ ਚਰੇ।
ਜਿਸ ਘੋੜੀ ’ਤੇ ਲਾੜਾ ਬਿਠਾਇਆ ਗਿਆ ਹੁੰਦਾ ਹੈ, ਉਹ ਕੋਈ ਆਮ ਘੋੜੀ ਥੋੜ੍ਹਾ ਰਹਿ ਜਾਂਦੀ ਹੈ। ਪਹਿਲੀ ਗੱਲ ਤਾਂ ਇਹ ਕਿ ਇਸ ਘੋੜੀ ਨੂੰ ਵੀ ਖ਼ੂਬ ਸਜਾਇਆ ਗਿਆ ਹੁੰਦਾ ਹੈ। ਫਿਰ ਇਹ ਲਾੜੇ ਨੂੰ ਲਿਜਾਣ ਵਾਲੀ ਘੋੜੀ ਵੀ ਸਿਫਤ ਸਲਾਹ ਅਤੇ ਦੁਆਵਾਂ ਦੀ ਹੱਕਦਾਰ ਬਣ ਜਾਂਦੀ ਹੈ।
* ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ
ਚਾਂਦੀ ਦੇ ਪੈਂਖੜ ਪਾਏ ਰਾਮਾ।
ਬਾਬਾ ਵਿਆਹੁਣ ਪੋਤਰੇ ਨੂੰ ਚੱਲਿਆ
ਲੱਠੇ ਨੇ ਖੜ ਖੜ ਲਾਈ ਰਾਮਾ।
* ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ
ਚਾਂਦੀ ਦੇ ਪੈਂਖੜ ਪਾਏ ਰਾਮਾ।
ਬਾਬਲ ਵਿਆਹੁਣ ਪੁੱਤਰ ਨੂੰ ਚੱਲਿਆ
ਦੰਮਾਂ ਨੇ ਖੜ ਖੜ ਲਾਈ ਰਾਮਾ।
ਇਸੇ ਤਰ੍ਹਾਂ ਰਿਸ਼ਤਾ ਬਦਲ ਬਦਲ ਕੇ ਦੁਹਰਾਅ ਹੁੰਦਾ ਰਹਿੰਦਾ ਹੈ। ਮਾਮੇ ਵੇਲੇ ਛਾਪਾਂ, ਚਾਚੇ ਵੇਲੇ ਰੱਥ ਗੱਡੀਆਂ ਅਤੇ ਵੀਰ ਵੇਲੇ ਊਠ ਹਨ, ਜੋ ਖੜ ਖੜ ਲਾਉਣ ਦਾ ਕੰਮ ਕਰਦੇ ਹਨ। ਘੋੜੀ ’ਤੇ ਚੜ੍ਹੇ ਵੀਰ ਦਾ ਭੈਣਾਂ ਨੂੰ ਕਿੰਨਾ ਚਾਅ ਹੈ, ਇਹ ਉਨ੍ਹਾਂ ਤੋਂ ਸੰਭਾਲਿਆ ਨਹੀਂ ਜਾ ਰਿਹਾ। ਇਸ ਸਮੇਂ ਭੈਣਾਂ ਆਪਣੀ ਚੁੰਨੀ ਨਾਲ ਵੀਰ ਦੇ ਵਾਲ ਝੱਲਦੀਆਂ ਹਨ, ਜਿਵੇਂ ਕੋਈ ਚੌਰਦਾਰ ਕਿਸੇ ਰਾਜੇ ਮਹਾਰਾਜੇ ਨੂੰ ਚੌਰ ਕਰਦਾ ਹੋਵੇ। ਇਸ ਤਰ੍ਹਾਂ ਵਾਲ ਝੱਲਦੀਆਂ ਭੈਣਾਂ ਨਾਲ ਨਾਲ ਵੀਰ ਤੋਂ ਬਲਿਹਾਰੇ ਵੀ ਜਾ ਰਹੀਆਂ ਹਨ ਅਤੇ ਦੁਆਵਾਂ ਵੀ ਮਣਾ ਮੂੰਹੀਂ ਵੰਡ ਰਹੀਆਂ ਹਨ:
* ਜਦੋਂ ਚੜ੍ਹਿਆ ਵੀਰਾ ਘੋੜੀ ਵੇ
ਤੇਰੇ ਨਾਲ ਭਰਾਵਾਂ ਦੀ ਜੋੜੀ ਵੇ
ਲਟਕੇਂਦੜੇ ਵਾਲ ਸੋਨੇ ਦੇ।
ਸੋਹਣਿਆਂ ਵੀਰਾ! ਮੈਂ ਤੈਨੂੰ ਘੋੜੀ ਚੜ੍ਹੇਨੀ ਆਂ!
* ਜਦੋਂ ਲੱਗੀਆਂ ਵੀਰਾ ਤੈਨੂੰ ਮਾਈਆਂ ਵੇ
ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ
ਲਟਕੇਂਦੜੇ ਵਾਲ ਸੋਨੇ ਦੇ।
ਸੋਹਣਿਆਂ ਵੀਰਾ! ਮੈਂ ਤੈਨੂੰ ਘੋੜੀ ਚੜ੍ਹੇਨੀ ਆਂ!
* ਮੇਰੇ ਚੰਨ ਨਾਲੋਂ ਸੋਹਣਿਆਂ ਵੀਰਾ ਵੇ
ਤੇਰੇ ਸਿਰ ਸੋਨੇ ਦਾ ਚੀਰਾ ਵੇ
ਲਟਕੇਂਦੜੇ ਵਾਲ ਸੋਨੇ ਦੇ
ਸੋਹਣਿਆਂ ਵੀਰਾ! ਮੈਂ ਤੈਨੂੰ ਘੋੜੀ ਚੜ੍ਹੇਨੀ ਆਂ!
* ਜਦ ਚੜ੍ਹਿਆ ਵੀਰਾ ਖਾਰੇ ਵੇ
ਤੇਰਾ ਬਾਪ ਰੁਪਈਏ ਵਾਰੇ ਵੇ
ਲਟਕੇਂਦੜੇ ਵਾਲ ਸੋਨੇ ਦੇ।
ਸੋਹਣਿਆਂ ਵੀਰਾ! ਮੈਂ ਤੈਨੂੰ ਘੋੜੀ ਚੜ੍ਹੇਨੀ ਆਂ!
ਸਿਰਫ਼ ਘੋੜੀ ਨੂੰ ਮੁੱਖ ਰੱਖ ਕੇ ਹੀ ਕਾਫ਼ੀ ਗੀਤ ਹਨ। ਜਿਵੇਂ:
* ਘੋੜੀ ਸੋਂਹਦੀ ਕਾਠੀਆਂ ਦੇ ਨਾਲ
ਮੈਂ ਬਲਿਹਾਰੀ ਵੇ, ਮਾਂ ਦਿਆ ਸੁਰਜਣਾਂ।
* ਘੋੜੀ ਬਾਬੇ ਵਿਹੜੇ ਜਾ, ਤੇਰੇ ਬਾਬੇ ਦੇ ਮਨ ਸ਼ਾਦੀਆਂ
ਨੀਂ ਘੋੜੀ ਰਾਵਲੀ ਸਹੀਓ।
* ਘੋੜਾ ਤਾਂ ਬੀੜੀ ਵੇ ਵੀਰਾ
ਬਾਗਾਂ ਵੱਲ ਜਾਵੀਂ ਵੇ।
* ਘੋੜੀ ਤੇਰੀ ਅੰਬਰਸਰ ਦੀ
ਕਾਠੀ ਬਣੀ ਪਟਿਆਲੇ।
* ਘੋੜੀ ਤਾਂ ਮੇਰੇ ਕਾਨ੍ਹ ਦੀ,
ਨੀਂ ਦੀਵਾਨ ਦੀ, ਧੰਨ ਘੋੜੀ।
* ਸੋਹਣੀ ਨੀਂ ਘੋੜੀ ਵੀਰ ਦੀ
ਉੱਚੇ ਨੂੰ ਪਾਣੀ ਡੋਲੀਏ।
* ਵੀਰਾ ਘੋੜੀ ਵਿਕੇਂਦੀਆਂ ਵੇ
ਗੰਗਾ ਯਮੁਨਾ ਤੋਂ ਪਾਰ!
ਇਨ੍ਹਾਂ ਗੀਤਾਂ ਵਿੱਚ ਘੋੜੀ ਦੀ ਸ਼ਾਨ, ਘੋੜੀ ’ਤੇ ਬੈਠੇ ਵੀ ਦੀ ਸ਼ਾਨ ਅਤੇ ਵੀਰ ਤੇ ਘੋੜੀ ਪ੍ਰਤੀ ਚਾਅ ਅਤੇ ਲਾਡ ਦਿਖਾਇਆ ਗਿਆ ਹੈ। ਉਹ ਘੋੜੀ ਵੀ ਧੰਨ ਹੈ ਜਿਸ ’ਤੇ ਬੈਠ ਕੇ ਚੰਨ ਜਿਹੇ ਵੀਰ ਨੇ ਸੋਹਣੀ ਭਾਬੀ ਲਿਆਉਣੀ ਹੈ। ਇਹ ਦਿਨ ਸੱਚਮੁੱਚ ਭਾਗਾਂ ਵਾਲਾ ਹੈ। ਲੜਕੇ ਦੇ ਜਨਮ ਤੋਂ ਲੈ ਕੇ ਹਰ ਉਹ ਦਿਨ ਭਾਗਾਂ ਭਰਿਆ ਹੈ, ਜਿਸ ਵਿੱਚ ਉਹ ਜੰਮਿਆ, ਪਲਿਆ, ਵੱਡਾ ਹੋਇਆ, ਵਿਆਹ ਕਰਵਾਉਣ ਚੱਲਿਆ। ਉਹ ਘਰ, ਉਹ ਵਿਹੜਾ ਭਾਗਾਂ ਭਰਿਆ ਹੈ। ਹੇਕ ਉੱਠਦੀ ਹੈ:
* ਹਰਿਆ ਨੀਂ ਮਾਏ, ਹਰਿਆ ਨੀਂ ਭੈਣੇ
ਹਰਿਆ ਤੇ ਭਾਗੀਂ ਭਰਿਆ।
ਜਿਸ ਦਿਹਾੜੇ ਮੇਰਾ ਹਰਿਆ ਨੀਂ ਜੰਮਿਆ
ਸੋਈ ਦਿਹਾੜਾ ਭਾਗੀਂ ਭਰਿਆ।
ਵਿਆਹ ਵਾਲੇ ਦਿਨ ਕਿੰਨੇ ਹੀ ਲਾਗੀਆਂ ਅਤੇ ਕੰਮੀਆਂ ਨੂੰ ਲਾਗ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਸਭ ਨੂੰ ਖ਼ੁਸ਼ੀਆਂ ਵਿੱਚ ਸ਼ਾਮਲ ਕਰ ਕੇ ਰੂਹ ਨੂੰ ਸਕੂਨ ਮਿਲਦਾ ਹੈ:
* ਪੁੱਛਦੀ ਪੁੱਛਾਂਦੀ ਮਾਲਣ ਗਲੀ ’ਚ ਆਈ
ਸ਼ਾਦੀ ਵਾਲਾ ਘਰ ਕਿਹੜਾ!
ਉਚੜੇ ਤੰਬੂ ਮਾਲਣ ਸਬਜ ਕਨਾਤਾਂ
ਸ਼ਾਦੀ ਵਾਲਾ ਘਰ ਇਹੋ।
* ਆ ਮੇਰੀ ਮਾਲਣ ਬੰਨ੍ਹ ਨੀਂ ਸਿਹਰਾ
ਕਰ ਨੀਂ ਸਿਹਰੇ ਦਾ ਮੁੱਲ।
ਇੱਕ ਲੱਖ ਚੰਬਾ ਦੋ ਲੱਖ ਮਰੂਆ
ਤ੍ਰੈ ਲੱਖ ਸਿਹਰੇ ਦਾ ਮੁੱਲ।
ਇਸ ਤਰ੍ਹਾਂ ਇਨ੍ਹਾਂ ਗੀਤਾਂ ਵਿੱਚ ਨਿੱਕੇ ਨਿੱਕੇ ਚਾਅ, ਉਮੰਗਾਂ, ਰੀਝਾਂ, ਖ਼ੁਸ਼ੀਆਂ ਪਰੋਈਆਂ ਹੋਈਆਂ ਹਨ। ਅੱਜ ਪੈਲੇਸ ਕਲਚਰ ਵਿੱਚ ਰਸਮ ਰੂਪ ਵਿੱਚ ਜੋ ਕੀਤਾ ਜਾਂਦਾ ਹੈ, ਉਸ ਵਿੱਚ ਉਹ ਨਿੱਘ ਅਤੇ ਉਤਸ਼ਾਹ ਨਹੀਂ ਹੈ। ਬਣਾਉਟੀਪਣ ਭਾਰੂ ਹੈ। ਅੱਜ ਲੰਮੀਆਂ ਹੇਕਾਂ ਲਗਾਉਣ ਦਾ ਕਿਸ ਵਿੱਚ ਜੇਰਾ ਹੈ?