ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਦੋਂ ਵਿਦੇਸ਼ ਦਾ ਸਫ਼ਰ ਅੰਗਰੇਜ਼ੀ ਦਾ ‘ਸਫਰ’ ਬਣਿਆ

08:56 AM Jan 10, 2024 IST

ਹਰਜੀਤ ਸਿੰਘ
ਸਫ਼ਰ ਪੰਜਾਬੀ ਦਾ ਬਹੁਤ ਵਧੀਆ ਸ਼ਬਦ ਹੈ। ਸਫ਼ਰ ਦੌਰਾਨ ਅੱਖਾਂ ਨਾਲ ਵੇਖੇ ਨਜ਼ਾਰੇ ਤੁਹਾਡੇ ਮਨ ਦੀ ਸਲੇਟ ’ਤੇ ਉੱਕਰ ਜਾਂਦੇ ਹਨ। ਸਫ਼ਰ ਦੌਰਾਨ ਵਾਪਰੀਆਂ ਸੁਖਦਾਇਕ ਘਟਨਾਵਾਂ ਤੁਹਾਨੂੰ ਹਮੇਸ਼ਾਂ ਯਾਦ ਹੀ ਨਹੀਂ ਰਹਿੰਦੀਆਂ ਬਲਕਿ ਤੁਹਾਨੂੰ ਸਦਾ ਤਰੋ ਤਾਜ਼ਾ ਰੱਖਦੀਆਂ ਹਨ, ਪਰ ਜੇ ਇਹ ਘਟਨਾਵਾਂ ਦੁਖਦਾਈ ਹੋ ਜਾਣ ਤਾਂ ਤੁਹਾਡਾ ਸਫ਼ਰ ਅੰਗਰੇਜ਼ੀ ਦੇ ਸ਼ਬਦ ‘ਸਫਰ’ ਵਾਲਾ ਬਣ ਜਾਂਦਾ ਹੈ। ਮੇਰਾ ਪਹਿਲਾ ਵਿਦੇਸ਼ੀ ਸਫ਼ਰ ਅੰਗਰੇਜ਼ੀ ਵਾਲਾ ਹੀ ਸੀ। ਕੈਨੇਡਾ ਵਿੱਚ ਰਹਿ ਰਹੀ ਬੇਟੀ ਅਤੇ ਪ੍ਰਾਹੁਣੇ ਨੇ ਆਪੇ ਹੀ ਸਾਡਾ ਵੀਜ਼ਾ ਲਵਾ ਦਿੱਤਾ ਅਤੇ ਸਾਨੂੰ ਆਉਣ ਲਈ ਕਿਹਾ। ਜਨਵਰੀ 2022 ਵਿੱਚ ਉਸ ਨੇ ਟਿਕਟਾ ਬੁੱਕ ਕਰਵਾ ਕੇ ਭੇਜ ਦਿੱਤੀਆਂ। ਹੁਣ ਨਾਂਹ ਕਰਨ ਦਾ ਕੋਈ ਕਾਰਨ ਨਹੀਂ ਸੀ ਕਿਉਂਕਿ ਮੈਂ ਸੇਵਾਮੁਕਤ ਹੋ ਗਿਆ ਸੀ।
ਕਰੋਨਾ ਦੀ ਮਹਾਮਾਰੀ ਭਾਵੇਂ ਘੱਟ ਹੋ ਗਈ ਸੀ, ਪਰ ਖ਼ਤਮ ਨਹੀਂ ਸੀ ਹੋਈ। ਰੋਜ਼ਾਨਾ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਹੋ ਰਹੇ ਦੁਰਵਿਹਾਰ ਦੀਆਂ ਵੀਡੀਓ’ਜ਼ ਵੇਖ ਕੇ ਮਨ ਡਰ ਜਾਂਦਾ ਸੀ, ਪਰ ਬੱਚਿਆਂ ਕੋਲ ਜਾਣ ਦੇ ਚਾਅ ਕਾਰਨ ਅਸੀਂ ਇਹ ਖ਼ਤਰਾ ਲੈਣ ਲਈ ਤਿਆਰ ਹੋ ਗਏ। ਵੈਸੇ ਵੀ ਮਨ ਵਿੱਚ ਇਹ ਵਿਸਵਾਸ਼ ਸੀ ਕਿ ਸਾਨੂੰ ਕੀ ਹੋਇਆ ਹੈ। ਭਾਵੇਂ ਰਿਟਾਇਰ ਹੋ ਗਿਆ ਹਾਂ, ਪਰ ਹੈ ਤਾਂ ਰਿਸ਼ਟ ਪੁਸ਼ਟ। ਕੋਈ ਬਿਮਾਰੀ ਨਹੀਂ, ਕੋਈ ਦਵਾਈ ਨਹੀਂ ਖਾਂਦੇ। ਵਿਦੇਸ਼ ਦੇ ਸਫ਼ਰ ਲਈ ਕਰੋਨਾ ਨੈਗੇਟਿਵ ਰਿਪੋਰਟ ਜੋ 8 ਘੰਟੇ ਪਹਿਲਾਂ ਜਾਰੀ ਹੋਈ ਹੋਵੇ, ਜ਼ਰੂਰੀ ਸੀ। ਕਿਉਂਕਿ ਸਾਡਾ ਵਿਦੇਸ਼ ਜਾਣ ਦਾ ਇਹ ਪਹਿਲਾ ਮੌਕਾ ਸੀ। ਇਸ ਲਈ ਮੇਰੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਕਿਹਾ ਕਿ ਉਹ ਸਾਨੂੰ ਦਿੱਲੀ ਛੱਡ ਕੇ ਆਵੇਗਾ। ਟੈਕਸੀ ਕਰਕੇ ਅਸੀਂ ਅੰਮ੍ਰਿਤਸਰ ਤੋਂ ਸਵੇਰੇ 10 ਕੁ ਵਜੇ ਤੁਰ ਪਏ। ਆਰਾਮ ਨਾਲ ਚੱਲਦੇ ਰਾਤ 8 ਵਜੇ ਦਿੱਲੀ ਏਅਰਪੋਰਟ ’ਤੇ ਪਹੁੰਚ ਗਏ। ਜਾਂਦਿਆਂ ਹੀ ਕਰੋਨਾ ਦਾ ਸੈਂਪਲ ਦਿੱਤਾ ਜਿਸ ਦੀ ਫੀਸ ਦੀ ਅਦਾਇਗੀ ਬੱਚਿਆਂ ਨੇ ਪਹਿਲਾਂ ਹੀ ਆਨਲਾਈਨ ਕੀਤੀ ਹੋਈ ਸੀ। ਰਾਤ ਇੱਕ ਵਜੇ ਫਲਾਈਟ ਸੀ। ਜਿਹੜੀ ਦਿੱਲੀ ਤੋਂ ਅਬੂ ਧਾਬੀ ਅਤੇ ਫਿਰ ਅਬੂ ਧਾਬੀ ਤੋਂ ਟੋਰਾਂਟੋ ਜਾਣੀ ਸੀ। ਰਾਤ 11:30 ਵਜੇ ਕਰੋਨਾ ਦੀ ਨੈਗੇਟਿਵ ਰਿਪੋਰਟ ਮਿਲ ਗਈ। ਬੋਰਡਿੰਗ ਪਾਸ ਲੈਣ ਲਈ ਲਾਈਨ ਵਿੱਚ ਲੱਗ ਗਏ। ਮੋਬਾਈਲ ’ਤੇ ਅਰਾਈਵ ਕੈਨ ’ਤੇ ਸਾਰੀ ਸੂਚਨਾ ਭਰਨੀ ਸੀ ਜੋ ਪਹਿਲਾਂ ਹੀ ਭਰੀ ਹੋਈ ਸੀ, ਪਰ ਬੋਰਡਿੰਗ ਪਾਸ ਦੇਣ ਵਾਲਿਆਂ ਦੀ ਤਸੱਲੀ ਨਹੀਂ ਸੀ ਹੋ ਰਹੀ। ਉਹ ਕੈਨੇਡਾ ਦਾ ਪਤਾ ਜਿਨ੍ਹਾਂ ਕੋਲ ਜਾਣਾ ਸੀ, ਪੁੱਛ ਰਹੇ ਸਨ। ਇਹ ਅਰਾਈਵ ਕੈਨ ਵਿੱਚ ਭਰਿਆ ਹੋਇਆ ਸੀ। ਫਿਰ ਉਨ੍ਹਾਂ ਨੂੰ ਘਰ ਦੀ ਰਜਿਸਟਰੀ ਦੀ ਕਾਪੀ ਵੀ ਵਟਸਐਪ ’ਤੇ ਦਿਖਾ ਦਿੱਤੀ, ਪਰ ਉਹ ਮੰਨਣ ਨਾ। ਅਖੀਰ ਅੱਧਾ ਕੁ ਘੰਟਾ ਖੜ੍ਹਾ ਕੇ ਬੋਰਡਿੰਗ ਪਾਸ ਜਾਰੀ ਕਰ ਦਿੱਤਾ। ਇਮੀਗ੍ਰੇਸ਼ਨ, ਸਕਿਊਰਿਟੀ ਚੈੱਕ ਤੋਂ ਬਾਅਦ ਅਸੀ ਸਬੰਧਿਤ ਗੇਟ ਜਿਸ ਤੋਂ ਜਹਾਜ਼ ਚੱਲਣਾ ਸੀ, ਪਹੁੰਚ ਗਏ। ਸਵੇਰ 6 ਕੁ ਵਜੇ ਜਹਾਜ਼ ਅਬੂ ਧਾਬੀ ਏਅਰਪੋਰਟ ’ਤੇ ਪਹੁੰਚ ਗਿਆ। ਅਸੀਂ ਫਿਰ ਕਰੋਨਾ ਦਾ ਸੈਂਪਲ ਦਿੱਤਾ। ਏਅਰਪੋਰਟ ਦੇ ਬਾਹਰ ਖੜ੍ਹੇ ਜਹਾਜ਼ਾਂ ਦੀਆਂ ਤਸਵੀਰਾਂ ਖਿੱਚੀਆਂ। ਕੌਫ਼ੀ ਪੀਣ ਦਾ ਜੀ ਕੀਤਾ। ਕੌਫ਼ੀ ਸ਼ਾਪ ’ਤੇ ਜਾ ਕੇ ਅਸੀਂ ਦੋ ਕੱਪ ਕੌਫ਼ੀ ਅਤੇ ਇੱਕ ਪਾਣੀ ਦੀ ਬੋਤਲ ਲਈ। ਫਿਰ ਇੱਧਰ ਉੱਧਰ ਟਹਿਲਦੇ ਰਹੇ। ਦਿਨ ਦੇ ਬਾਰਾਂ ਵੱਜ ਗਏ। ਮੇਰੀ ਪਤਨੀ ਦੀ ਕਰੋਨਾ ਰਿਪੋਰਟ ਨੈਗੇਟਿਵ ਆ ਗਈ, ਪਰ ਮੇਰੀ ਰਿਪੋਰਟ ਨਹੀਂ ਸੀ ਆ ਰਹੀ। ਇੱਕ ਵਜੇ ਜਹਾਜ਼ ਚੱਲਣਾ ਸੀ। 12:30 ਵਜੇ ਮੇਰੀ ਰਿਪੋਰਟ ਪਾਜ਼ੇਟਿਵ ਆ ਗਈ। ਅਧਿਕਾਰੀਆਂ ਨੇ ਐਲਾਨ ਕਰ ਦਿੱਤਾ ਕਿ ਤੁਸੀਂ ਨਹੀਂ ਜਾ ਸਕਦੇ ਅਤੇ ਤੁਹਾਨੂੰ ਇੱਥੇ ਹੀ 10 ਦਿਨ ਕੁਆਰੰਟਾਈਨ ਕਰਨਾ ਪਵੇਗਾ। ਮੇਰੀ ਪਤਨੀ ਨੇ ਇਕੱਲੀ ਕੈਨੇਡਾ ਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਉਨ੍ਹਾਂ ਦੱਸਿਆ ਕਿ ਜੇਕਰ ਇੱਥੇ ਰਹਿੰਦੇ ਹੋ ਤਾਂ ਤੁਹਾਨੂੰ ਵੱਖਰੇ ਹੋਟਲ ਵਿੱਚ ਰਹਿਣਾ ਪਵੇਗਾ। ਸਾਰਾ ਖ਼ਰਚਾ ਹੋਟਲ ਦਾ, ਰੋਟੀ ਪਾਣੀ ਆਦਿ ਤੁਹਾਨੂੰ ਹੀ ਦੇਣਾ ਪਵੇਗਾ। ਇਸ ਸਭ ਕੁੱਝ ਦੇ ਬਾਵਜੂਦ ਤੁਸੀਂ ਆਪਣੇ ਪਤੀ ਨੂੰ ਮਿਲ ਨਹੀਂ ਸਕਦੇ। ਉਨ੍ਹਾਂ ਨੂੰ 10 ਦਿਨ ਵੱਖਰੇ ਰਹਿਣਾ ਹੋਵੇਗਾ। ਦੁਬਾਰਾ ਟਿਕਟ ਲੈਣੀ ਪਵੇਗੀ। ਟਿਕਟ ਦਾ ਖ਼ਰਚਾ ਵੀ ਤੁਹਾਨੂੰ ਹੀ ਬਰਦਾਸ਼ਤ ਕਰਨਾ ਪਵੇਗਾ। ਸਮਾਂ ਬਹੁਤ ਥੋੜ੍ਹਾ ਹੈ, ਤੁਸੀਂ ਛੇਤੀ ਚੱਲੋਂ। ਮਨ ’ਤੇ ਪੱਥਰ ਰੱਖ ਉਹ ਤੁਰ ਪਈ। ਉਹ ਮੁੜ ਮੁੜ ਪਿਛਾਂਹ ਦੇਖ ਰਹੀ ਸੀ। ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਕੱਲੇ ਮੇਰੀ ਹੀ ਰਿਪੋਰਟ ਪਾਜ਼ੇਟਿਵ ਨਹੀਂ ਸੀ ਆਈ। 7 ਮਰਦ ਅਤੇ ਔਰਤਾਂ ਹੋਰ ਵੀ ਸਨ।
ਉਨ੍ਹਾਂ ਵਿੱਚ ਇੱਕ ਪੰਜਾਬੀ ਵੀ ਸੀ ਜੋ ਕੈਨੇਡਾ ਦਾ ਨਾਗਰਿਕ ਸੀ। ਜਿਸ ਦਾ ਨਾਂ ਰਾਕੇਸ਼ ਸੀ। ਹੁਣ ਸਮਾਂ ਲੰਘਾਉਣਾ ਔਖਾ ਹੋ ਰਿਹਾ ਸੀ। ਰਾਤ ਅਸੀਂ ਏਅਰਪੋਰਟ ’ਤੇ ਕੱਢੀ। ਕਦੀ ਕੁਰਸੀਆਂ ’ਤੇ ਬੈਠ ਜਾਈਏ ਕਦੀ ਫਿਰ ਤੁਰ ਲਈਏ। ਰਾਤ ਠੰਢ ਵੀ ਹੋ ਗਈ ਸੀ। ਸਾਡੇ ਕੋਲ ਕੋਈ ਗਰਮ ਕੱਪੜਾ ਵੀ ਨਹੀਂ ਸੀ। ਸਿਰਫ਼ ਇੱਕ ਹੈਂਡ ਬੈਗ ਹੀ ਸੀ। ਬਾਕੀ ਸਾਰਾ ਸਾਮਾਨ ਤਾਂ ਹਵਾਈ ਜਹਾਜ਼ ਵਿੱਚ ਲਗੇਜ਼ ਨਾਲ ਚਲਾ ਗਿਆ ਸੀ। ਸਵੇਰੇ 4 ਵਜੇ ਸਾਡੇ ਪਾਸਪੋਰਟ ਲੈ ਲਏ ਗਏ ਤੇ ਸਾਨੂੰ ਐਂਬੂਲੈਂਸ ਵਿੱਚ ਬਿਠਾ ਕੇ ਹਸਪਤਾਲ ਲੈ ਗਏ। ਡਾਕਟਰ ਨੇ ਚੈੱਕਅੱਪ ਕੀਤਾ। ਕਰੋਨਾ ਦਾ ਸੈਂਪਲ ਲਿਆ। ਇੱਥੇ ਇੱਹ ਦੱਸਣਾ ਜ਼ਰੂਰੀ ਹੈ ਕਿ ਇਸ ਦੇਸ਼ ਵਿੱਚ ਹਰ ਨਾਗਰਿਕ ਨੂੰ ਇੱਕ ਆਈਡੀ ਭਾਵ ਇੱਕ ਨੰਬਰ ਅਲਾਟ ਕੀਤਾ ਹੋਇਆ ਹੈ। ਹਰ ਕੰਮ ਲਈ ਇਹ ਨੰਬਰ ਜ਼ਰੂਰੀ ਹੈ ਕਿਉਂਕਿ ਅਸੀਂ ਉਨ੍ਹਾਂ ਦੇ ਵਸਨੀਕ ਨਹੀਂ ਸੀ, ਇਸ ਲਈ ਸਾਡੇ ਕੋਲ ਇਹ ਨੰਬਰ ਨਹੀਂ ਸੀ। ਸਾਡਾ ਪਾਸਪੋਰਟ ਨੰਬਰ ਉਨ੍ਹਾਂ ਨੇ ਲੈ ਲਿਆ, ਪਰ ਕਰੋਨਾ ਦੀ ਰਿਪੋਰਟ ਲਈ ਇਹ ਨੰਬਰ ਜ਼ਰੂਰੀ ਸੀ। ਜਿਸ ਕਰਕੇ ਇਸ ਟੈਸਟ ਦੀ ਰਿਪੋਰਟ ਸਾਨੂੰ ਕਦੇ ਨਾ ਮਿਲੀ। ਬੁਖਾਰ, ਜ਼ੁਕਾਮ, ਸਰੀਰ ਦੀ ਭੰਨ ਤੋੜ ਬਾਰੇ ਪੁੱਛਿਆ। ਮੈਂ ਬਿਲਕੁੱਲ ਠੀਕ ਠਾਕ ਸੀ। ਉਨ੍ਹਾਂ ਨੇ ਇੱਕ ਪੈਰਾਸਿਟਾਮੋਲ, ਐਨਰਜੀ ਅਤੇ ਵਿਟਾਮਿਨ ਸੀ ਦਾ ਇੱਕ ਇਕ ਪੱਤਾ ਦੇ ਕੇ ਫਿਰ ਐਂਬੂਲੈਂਸ ਵਿੱਚ ਬਿਠਾ ਦਿੱਤਾ। ਪੰਦਰਾ ਵੀਹ ਮਿੰਟਾਂ ਬਾਅਦ ਅੱਗੇ ਜਾ ਕੇ ਉਤਾਰ ਦਿੱਤਾ। ਮੈਂ ਰਾਕੇਸ਼ ਨੂੱ ਲੱਭਣਾ ਸ਼ੁਰੂ ਕੀਤਾ, ਪਰ ਉਹ ਮਿਲਿਆ ਨਾ। ਜਦੋਂ ਉਸ ਨਾਲ ਸੰਪਰਕ ਹੋਇਆ ਤਾਂ ਉਸ ਨੇ ਕਿਹਾ ਕਿ ਮੈਂ ਇੱਥੇ ਲੇਬਰ ਕੈਂਪ ਵਿੱਚ ਹਾਂ। ਜਿੱਥੇਂ ਸਾਰੇ ਪਾਜ਼ੇਟਿਵ ਕੇਸ ਦਾਖਲ ਹਨ। ਇੱਥੇ ਬਹੁਤ ਬੁਰਾ ਹਾਲ ਹੈ। ‘ਇੱਥੇ ਨਾ ਆਇਓ।’ ਇਨ੍ਹਾਂ ਤਿੰਨ ਲਫਜ਼ਾਂ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ। ਕਿੱਥੇ ਜਾਵਾਂ? ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਭਾਰਤੀ ਅੰਬੈਸੀ, ਯੂਏਈ ਦੀ ਅੰਬੈਸੀ, ਏਅਰ ਲਾਈਨ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਫੋਨ ਨਾ ਚੁੱਕਿਆ। ਮੇਰੇ ਫੋਨ ਦੀ ਬੈਟਰੀ ਬਹੁਤ ਥੋੜ੍ਹੀ ਰਹਿ ਗਈ ਸੀ। ਇੱਥੋਂ ਦੇ ਪਲੱਗ ਇੰਡੀਆ ਦੇ ਪਲੱਗਾਂ ਤੋਂ ਬਿਲਕੁਲ ਵੱਖਰੇ ਸਨ। ਭਾਵ ਇੰਡੀਆ ਦੇ ਚਾਰਜਿਜ ਨਾਲ ਇੱਥੇ ਤੁਹਾਡਾ ਫੋਨ ਚਾਰਜ ਨਹੀਂ ਹੋ ਸਕਦਾ।
ਮੈਨੂੰ ਪਿਸ਼ਾਬ ਬਹੁਤ ਤੇਜ਼ ਆਇਆ ਸੀ। ਮੈਂ ਪਿਸ਼ਾਬ ਕਰਨ ਲਈ ਥਾਂ ਲੱਭਣ ਲੱਗਾ। ਲਾਗੇ ਦਫ਼ਤਰਾਂ ਵਿੱਚ ਗਿਆ, ਪਰ ਕਿਸੇ ਨੇ ਅੰਦਰ ਵੜਨ ਨਹੀਂ ਦਿੱਤਾ। ਇੱਕ ਮਸਜਿਦ ਸੀ, ਪਰ ਬੰਦ ਸੀ। ਬਾਥਰੂਮ ਵੀ ਬੰਦ ਸੀ। ਮੈਨੂੰ ਆਪਣੇ ਗੁਰਦੁਆਰੇ ਯਾਦ ਆ ਗਏ। ਇੰਡੀਆ ਅਤੇ ਵਿਦੇਸ਼ਾਂ ਵਿੱਚ ਕਰੋਨਾ ਦੌਰਾਨ ਨਿਭਾਈਆਂ ਸੇਵਾਵਾਂ ਯਾਦ ਆ ਗਈਆਂ। ਗੁਰਦੁਆਰਾ ਤੁਹਾਨੂੰ ਬਿਨਾਂ ਕਿਸੇ ਭੇਦ ਭਾਵ ਦੇ ਖਾਣਾ ਅਤੇ ਸ਼ਰਨ ਦਿੰਦਾ ਹੈ ਅਤੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਖੁੱਲ੍ਹਾ ਰਹਿੰਦਾ ਹੈ। ਸੜਕ ’ਤੇ ਭਾਰਤ ਵਾਂਗ ਪਿਸ਼ਾਬ ਕਰਨ ਤੋਂ ਮੈਂ ਡਰਦਾ ਸੀ। ਫਿਰ ਮੈਂ ਸੋਚਿਆ ਕਿ ਲੇਬਰ ਕੈਂਪ ਹੀ ਚਲਾ ਜਾਂਵਾ। ਮੈਂ ਟੈਕਸੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਜਾਣ ਨੂੰ ਤਿਆਰ ਨਹੀਂ ਸੀ। ਪਾਜ਼ੇਟਿਵ ਕਹਿ ਕੇ ਉਹ ਮੂੰਹ ਮੋੜ ਲੈਂਦੇ ਸੀ। ਮੇਰਾ ਬੁਰਾ ਹਾਲ ਸੀ। ਦੁਪਹਿਰ ਹੋ ਗਈ ਸੀ। ਮੇਰੇ ਕੋਲ ਖਾਣ ਨੂੰ, ਪੀਣ ਨੂੰ ਪਾਣੀ, ਕੁੱਝ ਵੀ ਨਹੀਂ ਸੀ। ਭਾਰਤ ਵਿੱਚ ਆਪਣੇ ਰਿਸ਼ਤੇਦਾਰਾਂ, ਕੈਨੇਡਾ ਵਿੱਚ ਆਪਣੀ ਬੇਟੀ, ਜਵਾਈ ਅਤੇ ਨਿਉੂਜ਼ੀਲੈਂਡ ਵਿਚ ਰਹਿ ਰਹੇ ਆਪਣੇ ਬੇਟੇ ਨਾਲ ਸੰਪਰਕ ਕੀਤਾ, ਪਰ ਉਹ ਮੇਰੀ ਮਦਦ ਕਰਨ ਤੋਂ ਅਸਮਰੱਥ ਸਨ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਜਹਾਜ਼ ਦੀ ਟਿਕਟ ਵਿੱਚ ਅਜਿਹੀ ਸਥਿਤੀ ਵਿੱਚ ਹਸਪਤਾਲ ਆਦਿ ਦੇ ਖ਼ਰਚੇ ਲਈ ਇੰਸ਼ੋਰੈਂਸ ਰਾਹੀਂ ਪ੍ਰਤੀ ਦਿਨ ਕਾਫ਼ੀ ਡਾਲਰ ਦਿੰਦੇ ਸਨ ਜਿਸ ਰਾਹੀਂ ਚੰਗੇ ਹਸਪਤਾਲ ਦਾ ਖ਼ਰਚਾ ਝੱਲਿਆ ਜਾ ਸਕਦਾ ਸੀ।।
ਅਖੀਰ ਮੈਂ ਇੱਕ ਬੱਸ ਦੇਖੀ। ਬੱਸ ਰੁਕਦਿਆਂ ਹੀ ਲੋਕਾਂ ਦੀ ਭੀੜ ਉਸ ਵਿੱਚ ਵੜਨੀ ਸ਼ੁਰੂ ਹੋ ਗਈ। ਮੈਨੂੰ ਏਨਾ ਹੀ ਪਤਾ ਲੱਗਿਆ ਕਿ ਇਹ ਬੱਸ ਲੇਬਰ ਕੈਂਪ ਜਾਵੇਗੀ। ਮੈਂ ਵੀ ਵਿੱਚ ਚਲਾ ਗਿਆ। ਬੱਸ ਬੰਦਿਆਂ ਨਾਲ ਤੂੜੀ ਪਈ ਸੀ। ਮੈਂ ਸੋਚ ਰਿਹਾ ਸੀ ਕਿ ਮੈਂ ਠੀਕ ਠਾਕ ਹਾਂ। ਮੋਬਾਈਲ ਐਪ ਮੁਤਾਬਿਕ ਮੈਂ ਸਵੇਰ ਦਾ 9 ਕਿਲੋਮੀਟਰ ਤੁਰ ਚੁੱਕਾ ਸੀ, ਪਰ ਏਨੇ ਲੋਕਾਂ ਦੀ ਭੀੜ ਵਿੱਚ ਮੈਂ ਬਿਮਾਰ ਜ਼ਰੂਰ ਹੋ ਜਾਵਾਂਗਾ। ਲਗਭਗ ਇੱਕ ਘੰਟੇ ਦੇ ਸਫ਼ਰ ’ਤੇ ਬੱਸ ਸ਼ਹਿਰ ਤੋਂ ਬਾਹਰ ਜਾ ਚੁੱਕੀ ਸੀ। ਆਲੇ ਦੁਆਲੇ ਕੋਈ ਬਿਲਡਿੰਗ ਆਦਿ ਕੁੱਝ ਨਹੀਂ ਸੀ। ਰੇਤ ਉੱਡ ਰਹੀ ਸੀ। ਇਹ ਇੱਕ ਆਰਜ਼ੀ ਕੈਂਪ ਸੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸਨ। ਸਭ ਤੋਂ ਪਹਿਲਾਂ ਮੈਂ ਬਾਥਰੂਮ ਲੱਭਿਆ, ਫਿਰ ਪੀਣ ਲਈ ਪਾਣੀ ਮੰਗਿਆ। ਮੈਂ ਪੂਰੀ 750 ਐੱਮਐੱਲ ਦੀ ਪਾਣੀ ਦੀ ਬੋਤਲ ਇੱਕ ਸਾਹੇ ਪੀ ਗਿਆ। ਇੱਥੇ ਫਿਰ ਡਾਕਟਰਾਂ ਨੇ ਪੁੱਛਗਿੱਛ ਕੀਤੀ। ਪਾਸਪੋਰਟ ਚੈੱਕ ਕੀਤਾ ਅਤੇ ਅਗਲੇ ਕੈਂਪ ਲਈ ਰਵਾਨਾ ਕਰ ਦਿੱਤਾ। ਇੱਕ ਮਿੰਨੀ ਬੱਸ ਵਿੱਚ ਬਿਠਾ ਦਿੱਤਾ। ਲਗਭਗ ਫਿਰ ਇੱਕ ਘੰਟੇ ਦੇ ਸਫ਼ਰ ਤੋਂ ਬਾਅਦ ਕਈ ਬਿਲਡਿੰਗਾਂ ਦੇ ਸਮੂਹ ’ਤੇ ਉਤਾਰ ਦਿੱਤਾ। ਮੈਨੂੰ ਬਿਲਡਿੰਗ ਨੰਬਰ ਤਿੰਨ ਵਿੱਚ ਜਾਣ ਦਾ ਆਦੇਸ਼ ਕੀਤਾ। ਕੈਨੇਡਾ ਵਾਲਾ ਰਾਕੇਸ਼ ਬਿਲਡਿੰਗ ਨੰਬਰ ਦੋ ਵਿੱਚ ਸੀ। ਮੈਂ ਬਥੇਰਾ ਆਖਿਆ ਕਿ ਮੈਨੂੰ ਉਸ ਦੇ ਨਾਲ ਰਹਿਣ ਦਿੱਤਾ ਜਾਵੇ, ਪਰ ਮੇਰੀ ਕੋਈ ਗੱਲ ਨਾ ਸੁਣੀ ਗਈ। ਹਰ ਬਿਲਡਿੰਗ ਦੇ ਬਾਹਰ ਪੁਲੀਸ ਦਾ ਸਖ਼ਤ ਪਹਿਰਾ ਸੀ। ਇਹ ਬਿਲਡਿੰਗ ਤਿੰਨ ਮੰਜ਼ਿਲਾ ਸੀ। ਮੈਨੂੰ ਗਰਾਊਂਡ ਫਲੋਰ ਦੇ ਕਮਰੇ ਵਿੱਚ ਰਹਿਣ ਦੇ ਹੁਕਮ ਹੋਏ। ਅਗਲੇ ਦੱਸ ਦਿਨਾਂ ਲਈ ਇਹ ਮੇਰਾ ਠਿਕਾਣਾ ਸੀ। ਹਰ ਕਮਰੇ ਵਿੱਚ ਛੇ ਬੈੱਡ ਸਨ। ਇਸ ਕਮਰੇ ਵਿੱਚ ਇੱਕ ਸਾਊਥ ਇੰਡੀਅਨ ਅਤੇ ਬਾਕੀ ਚਾਰ ਲੋਕਲ ਵਿਅਕਤੀ ਸਨ। ਲੋਕਲ ਵਿਅਕਤੀਆਂ ਲਈ ਇਹ ਇੱਕ ਪਿਕਨਿਕ ਸੀ। ਉਨ੍ਹਾਂ ਕੋਲ ਪਾਉਣ ਵਾਲੇ ਕੱਪੜੇ, ਟੂਥ ਬਰਸ਼, ਤੌਲੀਆ ਅਤੇ ਖੇਡਣ ਲਈ ਤਾਸ਼ ਸੀ। ਖਾਣਾ ਉਨ੍ਹਾਂ ਦੀ ਮਰਜ਼ੀ ਮੁਤਾਬਿਕ ਨਾਨਵੈੱਜ ਸੀ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਬਹੁਤ ਜ਼ੋਰ ਜ਼ੋਰ ਦੀ ਖੰਘਦਾ ਸੀ ਅਤੇ ਖੰਘਾਰ ਇੱਕ ਬੋਤਲ ਵਿੱਚ ਇਕੱਠਾ ਕਰਦਾ ਸੀ। ਜਿਸ ਨੂੰ ਵੇਖ ਕੇ ਮੈਨੂੰ ਲੱਗਦਾ ਸੀ ਕਿ ਮੈਨੂੰ ਉਲਟੀ ਆ ਜਾਵੇਗੀ। ਮੈਂ ਆਪਣਾ ਧਿਆਨ ਉਸ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ, ਪਰ ਜਦੋਂ ਜ਼ੋਰ ਜ਼ੋਰ ਦੀ ਖੰਘਦਾ ਤਾਂ ਮੇਰਾ ਧਿਆਨ ਉਸ ਵੱਲ ਚਲਾ ਜਾਂਦਾ। ਸ਼ਾਮ ਦਾ ਸਮਾਂ ਹੋ ਗਿਆ ਸੀ। ਹਰੇਕ ਨੂੰ ਦੋ ਡੱਬੇ ਦੇ ਦਿੱਤੇ ਗਏ। ਇੱਕ ਵਿੱਚ ਰਾਤ ਦਾ ਖਾਣਾ ਸੀ, ਦੂਸਰਾ ਸਵੇਰ ਵਾਸਤੇ। ਦੋਵੇਂ ਨਾਨਵੈੱਜ ਸਨ। ਮੇਰੇ ਲਈ ਡੱਬਿਆਂ ਵਿੱਚ ਖਾਣ ਲਈ ਸਿਰਫ਼ ਚਾਵਲ ਸਨ। ਮੈਨੂੰ ਪਤਾ ਲੱਗਾ ਕਿ ਇੱਥੇ ਰੋਟੀ ਵੀ ਲੈ ਕੇ ਆਉਂਦੇ ਹਨ ਜੋ ਖਾਣੇ ਨਾਲ ਨਹੀਂ ਹੁੰਦੀ। ਮੈਂ ਵੀ ਰੋਟੀ ਲੈਣ ਚਲਾ ਗਿਆ। 10 ਕੁ ਫੁੱਟ ਉੱਚੇ ਗੇਟ ਦੇ ਬਾਹਰ ਇੱਕ ਵਿਅਕਤੀ ਅੰਦਰ ਖੜ੍ਹੇ ਲੋਕਾਂ ਵੱਲ ਇਸ ਤਰ੍ਹਾਂ ਰੋਟੀਆਂ ਸੁੱਟ ਰਿਹਾ ਸੀ ਜਿਵੇਂ ਕੁੱਤਿਆਂ ਨੂੰ ਰੋਟੀ ਪਾਈ ਦੀ ਹੈ। ਮੈਂ ਫੈਸਲਾ ਕੀਤਾ ਕਿ ਅਜਿਹੀ ਕੁੱਤੇਖਾਣੀ ਕਰਾਉਣ ਨਾਲੋਂ ਤਾਂ ਚਾਵਲ ਖਾ ਕੇ ਗੁਜ਼ਾਰਾ ਕਰਨਾ ਚੰਗਾ ਹੈ। ਮੈਂ ਦੁਬਾਰਾ ਰੋਟੀ ਵੱਲ ਮੂੰਹ ਹੀ ਨਾ ਕੀਤਾ। ਹੁਣ ਮੇਰੇ ਲਈ ਸਭ ਤੋਂ ਵੱਡੀ ਸਮੱਸਿਆ ਕੱਪੜਿਆਂ ਦੀ ਸੀ। ਮੇਰੇ ਦੋਵੇਂ ਬੈਗ ਲਗੇਜ਼ ਵਿੱਚ ਏਅਰਪੋਰਟ ’ਤੇ ਸਨ ਜਾਂ ਕੈਨੇਡਾ ਚਲੇ ਗਏ ਸਨ। ਮੈਨੂੰ ਕੁੱਝ ਵੀ ਜਾਣਕਾਰੀ ਨਹੀਂ ਸੀ। ਜਿਹੜੀ ਕਮੀਜ਼ ਪੈਂਟ, ਅੰਡਰਵੀਅਰ ਅਤੇ ਬਨੈਣ ਮੈਂ ਪਾਈ ਸੀ, ਉਹ ਮੁੜਕੇ ਕਾਰਨ ਬਦਬੂ ਮਾਰ ਰਹੀ ਸੀ। ਮੈਨੂੰ ਹੁਣ ਘੱਟੋ ਘੱਟ ਇਹ ਕੱਪੜੇ, ਚੱਪਲ, ਟੂਥ ਬਰਸ਼ ਅਤੇ ਪੇਸਟ ਦੀ ਸਖ਼ਤ ਲੋੜ ਸੀ। ਖਾਣਾ ਮੇਰੀ ਪਸੰਦ ਦਾ ਨਹੀਂ ਸੀ। ਮੇਰੇ ਕੋਲ ਦਸ ਹਜ਼ਾਰ ਕੈਨੇਡੀਅਨ ਡਾਲਰ ਅਤੇ ਪੰਜਾਹ ਹਜ਼ਾਰ ਭਾਰਤੀ ਕਰੰਸੀ ਸੀ। ਮੈਂ ਗਾਰਡ ਨੂੰ ਆਪਣਾ ਲੋੜੀਂਦਾ ਸਾਮਾਨ ਅਤੇ ਖਾਣਾ ਬਾਹਰ ਤੋਂ ਮੰਗਵਾਉਣ ਲਈ ਬੇਨਤੀ ਕੀਤੀ, ਪਰ ਮੇਰੀ ਇਹ ਮੰਗ ਠੁਕਰਾ ਦਿੱਤੀ ਗਈ। ਧਰਮ ਕਹਿੰਦਾ ਹੈ ਕਿ ਦੌਲਤ ਨਾਲ ਨਹੀਂ ਜਾਣੀ ਮੇਰੇ ਕੋਲ ਜ਼ਰੂਰਤ ਤੋਂ ਕਈ ਗੁਣਾ ਵੱਧ ਦੌਲਤ ਸੀ, ਪਰ ਮੈਂ ਤਾਂ ਸਾਧਾਰਨ ਦਾਲ ਫੁਲਕਾ ਅਤੇ ਲੋੜੀਂਦੀਆਂ ਚੀਜ਼ਾਂ ਖ਼ਰੀਦਣ ਤੋਂ ਵੀ ਅਸਮਰੱਥ ਸੀ। ਪਹਿਲਾਂ ਪਹਿਲਾਂ ਮੈਂ ਜਿਸ ਜੈਕੇਟ ਵਿੱਚ ਇਹ ਕਰੰਸੀ ਰੱਖੀ ਸੀ, ਉਸ ਨੂੰ ਸੰਭਾਲ ਸੰਭਾਲ ਕੇ ਆਪਣੇ ਸਿਰਹਾਣੇ ਥੱਲੇ ਰੱਖਦਾ ਸੀ। ਜਦੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਤਾਂ ਕਾਗਜ਼ ਦੇ ਟੁਕੜਿਆਂ ਤੋਂ ਵੱਧ ਕੁੱਝ ਵੀ ਨਹੀਂ ਤਾਂ ਮੈਂ ਇਸ ਦੀ ਸੰਭਾਲ ਕਰਨੀ ਬੰਦ ਕਰ ਦਿੱਤੀ। ਸਮਾਂ ਮਿੰਟ ਮਿੰਟ ਵਿੱਚ ਬਦਲਦਾ ਹੈ। ਇਹੋ ਦੌਲਤ ਜੋ ਮੇਰੀ ਲਈ ਕਾਗਜ਼ ਦੇ ਟੁਕੜੇ ਸਨ, ਬਾਅਦ ਵਿੱਚ ਇਸ ਦੌਲਤ ਨੇ ਹੀ ਮੇਰਾ ਅਬੂ ਧਾਬੀ ਤੋਂ ਛੁਟਕਾਰਾ ਕਰਵਾਇਆ।
ਫਿਰ ਮੈਂ ਸੋਚਿਆ ਕਿ ਚਲੋ ਕੱਪੜੇ ਤਾਂ ਬਦਲੇ ਨਹੀਂ ਜਾ ਸਕਦੇ ਤਾਂ ਨਾਹ ਹੀ ਆਉਂਦਾ ਹਾਂ। ਜਦੋਂ ਬਾਥਰੂਮਾਂ ਕੋਲ ਪਹੁੰਚਿਆ ਤਾਂ ਟੂਟੀਆਂ ਵਿੱਚ ਪਾਣੀ ਹੀ ਨਹੀਂ ਸੀ ਆਉਂਦਾ। ਲੈਟਰੀਨ ਜਾਣ ਲਈ ਜਿਹੜੀ ਪਾਣੀ ਦੀ ਬੋਤਲ ਪੀਣ ਲਈ ਦਿੱਤੀ ਸੀ, ਪੰਜਾਬ ਵਿੱਚ ਰਹਿੰਦੇ ਮਜ਼ਦੂਰਾਂ ਵਾਂਗ, ਉਹੋ ਬੋਤਲ ਲੈ ਕੇ ਲੈਟਰੀਨ ਜਾਣਾ ਪੈਂਦਾ ਸੀ। ਜਦੋਂ ਜੇਲ੍ਹ (ਮੇਰੇ ਲਈ ਇਹ ਜੇਲ੍ਹ ਹੀ ਸੀ) ਅਧਿਕਾਰੀਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਹ ਐਲਾਨ ਕਰ ਦਿੱਤਾ ਕਿ ਜੇਕਰ ਕੋਈ ਵਿਅਕਤੀ ਪੀਣ ਵਾਲਾ ਪਾਣੀ ਲੈਟਰੀਨ ਲਈ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਵੀ ਸਜ਼ਾ (ਕੁਆਰੰਟਾਈਨ ਸਮਾਂ) 10 ਦਿਨ ਤੋਂ ਵਧਾ ਕੇ ਪੰਦਰਾਂ ਦਿਨ ਕਰ ਦਿੱਤਾ ਜਾਵੇਗਾ। ਦੋ ਦਿਨ ਬਾਅਦ ਅਨਾਊਂਸ ਕੀਤਾ ਗਿਆ ਕਿ ਪਾਣੀ ਸਵੇਰੇ ਇੱਕ ਘੰਟਾ ਆਵੇਗਾ। ਬਾਥਰੂਮ ਦੇ ਸਾਹਮਣੇ ਲਾਈਨ ਲੱਗ ਗਈ। ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉੱਡ ਗਈਆਂ। ਕਈਆਂ ਦੇ ਪਿੰਡੇ ਸਾਬਣ ਲੱਗਾ ਰਹਿ ਗਿਆ ਤੇ ਪਾਣੀ ਬੰਦ ਹੋ ਗਿਆ। ਟੂਟੀਆਂ ਵਿੱਚ ਪਾਣੀ ਨਹੀਂ ਸੀ, ਪਰ ਲੈਟਰੀਨ/ਬਾਥਰੂਮ ਦਾ ਰਸਤਾ ਪਾਣੀ ਨਾਲ ਭਰਿਆ ਪਿਆ ਸੀ। ਅਗਲੇ ਦਿਨ ਸਾਰਿਆਂ ਦਾ ਕਰੋਨਾ ਟੈਸਟ ਹੋਇਆ। ਇੱਥੇ ਵੀ ਆਈਡੀ ਦੀ ਸਮੱਸਿਆ ਸੀ। ਇਹ ਰਿਪੋਰਟ ਵੀ ਆਈਡੀ ਨਾ ਹੋਣ ਦੀ ਭੇਟ ਚੜ੍ਹ ਗਈ। ਮੇਰਾ ਪਰਿਵਾਰ ਮੇਰੇ ਲਈ ਫਿਕਰਮੰਦ ਸੀ। ਉਨ੍ਹਾਂ ਨੇ ਮੇਰੇ ਮੋਬਾਈਲ ਦਾ ਇੰਟਰਨੈਸ਼ਨਲ ਪੈਕੇਜ ਕਰਵਾ ਦਿੱਤਾ। ਜਿਸ ਕਾਰਨ ਮੈਨੂੰ ਹੁਣ ਪੰਜਾਬੀ ਅਖ਼ਬਾਰ ਪੜ੍ਹਨ ਦੀ ਸਹੂਲਤ ਹੋ ਗਈ। ਇੱਥੇ ਵਾਈ ਫਾਈ ਦੀ ਸਹੂਲਤ ਸੀ, ਪਰ ਵਾਈ ਫਾਈ ਚੱਲਦਾ ਨਹੀਂ ਸੀ। ਮੇਰੀ ਬੇਟੀ ਨੇ ਅਬੂ ਧਾਬੀ ਅੰਬੈਸੀ ਨੂੰ ਉੱਥੇ ਸ਼ਿਕਾਇਤ ਕਰ ਦਿੱਤੀ। ਜਿਸ ਦਾ ਅਧਿਕਾਰੀਆਂ ਨੇ ਬੁਰਾ ਮਨਾਇਆ ਜੋ ਮੇਰੇ ਲਈ ਪਰੇਸ਼ਾਨੀ ਦਾ ਕਾਰਨ ਬਣਿਆ। ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਜਦੋਂ ਇੱਕ ਦਿਨ ਇੱਕ ਡਾਕਟਰ ਆਇਆ ਤਾਂ ਮੈਂ ਆਪਣੀ ਸਮੱਸਿਆ ਦੱਸੀ। ਉਸ ਨੇ ਇੱਕ ਗੋਲੀ ਰਾਤ ਨੂੰ ਖਾਣ ਲਈ ਦਿੱਤੀ। ਹੁਣ ਮੇਰੇ ਲਈ ਕੱਪੜਿਆਂ ਦੀ ਵੱਡੀ ਸਮੱਸਿਆ ਸੀ। ਇਸ ਦੇ ਹੱਲ ਲਈ ਵੀ ਗੁਰਦੁਆਰਾ ਹੀ ਮੇਰਾ ਮਦਦਗਾਰ ਬਣਿਆ। ਨਿਊਜ਼ੀਲੈਂਡ ਵਿੱਚ ਰਹਿ ਰਹੇ ਮੇਰੇ ਬੇਟੇ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਮੇਰੀ ਸਮੱਸਿਆ ਸਾਂਝੀ ਕੀਤੀ। ਉਨ੍ਹਾਂ ਨੇ ਇੱਕ ਮੋਬਾਈਲ ਨੰਬਰ ਦੇ ਕੇ ਸੰਪਰਕ ਕਰਨ ਲਈ ਕਿਹਾ। ਜਦੋਂ ਮੈਂ ਉਸ ਨੰਬਰ ’ਤੇ ਸੰਪਰਕ ਕੀਤਾ ਤਾਂ ਅੱਗੋਂ ਬੋਲਣ ਵਾਲਾ ਵਿਅਕਤੀ ਤਰਨ ਤਾਰਨ ਦਾ ਨਿਕਲਿਆ। ਮੈਂ ਉਸ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਸ ਨੇ ਕਿਹਾ ਕਿ ਕੋਈ ਚਿੰਤਾ ਨਾ ਕਰੋ। ਦੋ-ਤਿੰਨ ਘੰਟੇ ਬਾਅਦ ਸਾਰਾ ਸਾਮਾਨ ਤੁਹਾਨੂੰ ਪਹੁੰਚ ਜਾਵੇਗਾ। ਤੁਸੀਂ ਆਪਣੀ ਲੋਕੇਸ਼ਨ ਭੇਜ ਦਿਓ। ਇਸ ਤੋਂ ਪਹਿਲਾਂ ਵੀ ਇੱਕ ਵਿਅਕਤੀ ਅਜਿਹਾ ਲਾਰਾ ਲਾ ਚੁੱਕਾ ਸੀ, ਪਰ ਇਹ ਵਿਅਕਤੀ ਆਪਣੇ ਵਾਅਦੇ ’ਤੇ ਖਰਾ ਉਤਰਿਆ। ਤਿੰਨ ਚਾਰ ਘੰਟੇ ਬਾਅਦ ਸਕਿਉੂਰਿਟੀ ਗਾਰਡ ਆਇਆ ਕਿ ਗੇਟ ’ਤੇ ਤੁਹਾਡਾ ਕੁੱਝ ਸਾਮਾਨ ਆਇਆ ਹੈ। ਜਦੋਂ ਮੈ ਲਿਫ਼ਾਫ਼ਾ ਖੋਲ੍ਹਿਆ ਤਾਂ ਮੈਨੂੰ ਲੱਗਾ ਜਿਵੇਂ ਖ਼ਜ਼ਾਨਾ ਮਿਲ ਗਿਆ ਹੋਵੇ। ਇਸ ਵਿੱਚ ਇੱਕ ਕੁੜਤਾ ਪਜ਼ਾਮਾ, ਪਟਕਾ, ਟੁੱਥ ਬਰਸ਼, ਪੇਸਟ, ਤੌਲੀਆ, ਦੋ ਬਨੈਣਾਂ, ਅੰਡਰਵੀਅਰ, ਕੰਘੀ ਅਤੇ ਤੇਲ ਆਦਿ ਸਨ। ਜਦੋਂ ਮੈਂ ਕੁੜਤਾ ਖੋਲ੍ਹਿਆ ਤਾਂ ਵਿੱਚੋਂ 200 ਦਿਨਾਰ (ਕਰੰਸੀ) ਨਿਕਲੇ। ਉਸ ਵੇਲੇ ਇੱਕ ਦਿਨਾਰ ਦੀ ਕੀਮਤ ਭਾਰਤੀ ਕਰੰਸੀ ਮੁਤਾਬਿਕ 20 ਰੁਪਏ ਸੀ। ਮੈਂ ਉਸੇ ਵੇਲੇ ਉਸ ਨੂੰ ਫੋਨ ਕੀਤਾ ਕਿ ਤੁਹਾਡੇ ਵੱਲੋਂ ਭੇਜਿਆ ਹੋਇਆ ਖ਼ਜ਼ਾਨਾ ਅਮੁੱਲ ਹੈ। ਮੈਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਸੀ। ਪੈਸੇ ਤਾਂ ਮੇਰੇ ਕੋਲ ਹਨ। ਤੁਸੀਂ ਮੇਰੇ ਸਿਰ ’ਤੇ ਭਾਰ ਚੜ੍ਹਾ ਦਿੱਤਾ ਹੈ। ਉਹ ਬੋਲਿਆ:
‘‘ਮੈਨੂੰ ਪਤਾ ਹੈ, ਪਰ ਮੈਨੂੰ ਇਹ ਵੀ ਪਤਾ ਹੈ ਕਿ ਤੁਹਾਨੂੰ ਇਸ ਕਰੰਸੀ ਦੀ ਇੱਥੇ ਜ਼ਰੂਰਤ ਹੈ। ਤੁਹਾਨੂੰ ਟੈਕਸੀ ਦੀ ਲੋੜ ਪੈਣੀ ਹੈ। ਟੈਕਸੀ ਵਾਲੇ ਨੇ ਦਿਨਾਰ ਹੀ ਲੈਣੇ ਹਨ, ਭਾਰਤੀ ਜਾਂ ਕੈਨੇਡੀਅਨ ਕਰੰਸੀ ਨਹੀਂ। ਜਾਂ ਕੁੱਝ ਖਾਣ ਪੀਣ ਲਈ ਵੀ ਇਹ ਕਰੰਸੀ ਹੀ ਕੰਮ ਆਵੇਗੀ। ਜੇ ਤੁਸੀਂ ਪਹਿਲਾਂ ਸੰਪਰਕ ਕਰਦੇ ਤਾਂ ਮੇਰੇ ਕੋਲ ਬਹੁਤ ਕਮਰੇ ਹਨ, ਮੈਂ ਤਾਂ ਤੁਹਾਨੂੰ ਘਰ ਹੀ ਰੱਖ ਲੈਣਾ ਸੀ। ਇੱਥੇ ਘਰ ਰਹਿ ਕੇ ਕੁਆਰੰਟਾਈਨ ਦੀ ਵਿਵਸਥਾ ਹੈ। ਪਰ ਹੁਣ ਤਾਂ ਤੁਹਾਨੂੰ 10 ਦਿਨ ਇੱਥੇ ਰਹਿਣਾ ਹੀ ਪੈਣਾ ਹੈ। ਜੇਕਰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋਈ ਤਾਂ ਬਿਨਾਂ ਸੰਕੋਚ ਦੱਸਣਾ। ਮੈਨੂੰ ਤੁਹਾਡੇ ਲਈ ਕੁੱਝ ਕਰਕੇ ਖੁਸ਼ੀ ਹੋਵੇਗੀ।’’
ਉਸ ਦੀ ਗੱਲਬਾਤ ਮੇਰੇ ਲਈ ਰੇਗਿਸਤਾਨ ਵਿੱਚ ਠੰਢੀ ਹਵਾ ਦਾ ਬੁੱਲਾ ਸੀ। ਮੈਂ ਬਾਥਰੂਮ ਵਿੱਚ ਜਾ ਕੇ ਵੇਖਿਆ। ਪਾਣੀ ਆ ਰਿਹਾ ਸੀ। ਮੈਂ ਨਹਾਤਾ ਅਤੇ ਕੱਪੜੇ ਧੋਤੇ। ਹੁਣ ਮੈਂ ਕੁੱਝ ਸਹਿਜ ਹੋਇਆ ਸੀ। ਇੱਕ ਦਿਨ ਫੇਰ ਕਰੋਨਾ ਦਾ ਟੈਸਟ ਹੋਇਆ, ਸਮੱਸਿਆ ਫਿਰ ਆਈਡੀ ਦੀ ਸੀ। ਜਿਸ ਕਮਰੇ ਵਿੱਚ ਮੈਂ ਸੀ। ਉਸ ਦੇ ਚਾਰ ਵਿਅਕਤੀ ਲੋਕਲ ਹੋਣ ਕਾਰਨ ਮੈਨੂੰ ਉਨ੍ਹਾਂ ਦੀ ਭਾਸ਼ਾ ਸਮਝ ਨਹੀਂ ਸੀ ਆਉਂਦੀ, ਪਰ ਇੱਕ ਵਿਅਕਤੀ ਭਾਰਤ ਦੇ ਸਾਉੂਥ ਦਾ ਰਹਿਣ ਵਾਲਾ ਸੀ। ਉਹ ਸਾਰਾ ਦਿਨ ਮੋਬਾਈਲ ’ਤੇ ਫਿਲਮਾਂ ਆਦਿ ਵੇਖਦਾ ਰਹਿੰਦਾ ਸੀ। ਮੈਂ ਉਸ ਨਾਨ ਨੇੜਤਾ ਵਧਾਉਣ ਲਈ ਕੋੋਸ਼ਿਸ਼ ਕੀਤੀ। ਉਸ ਦਾ ਰਵੱਈਆ ਚੰਗਾ ਸੀ। ਮੈਂ ਉਸ ਨਾਲ ਕਰੋਨਾ ਟੈਸਟ ਦੀ ਰਿਪੋਰਟ ਬਾਰੇ ਗੱਲ ਕੀਤੀ। ਉਸ ਨੇ ਦੱਸਿਆ, ‘‘ਕੋਈ ਹੁਣ ਜਦੋਂ ਟੈਸਟ ਹੋਵੇਗਾ ਤਾਂ ਮੈਂ ਤੁਹਾਡੇ ਨਾਲ ਜਾਵਾਂਗਾ ਅਤੇ ਤੁਹਾਡੇ ਲਈ ਵੀ ਆਪਣਾ ਮੋਬਾਈਲ ਨੰਬਰ ਦੇਵਾਂਗਾ। ਮੇਰੇ ਕੋਲ ਦੋ ਸਿਮ ਹਨ। ਤੁਹਾਡੀ ਰਿਪੋਰਟ ਵੀ ਮੇਰੇ ਮੋਬਾਈਲ ’ਤੇ ਆਵੇਗੀ ਅਤੇ ਮੈਂ ਤੁਹਾਨੂੰ ਰਿਪੋਰਟ ਫਾਰਵਰਡ ਕਰ ਦਿਆਂਗਾ। ਮਸਲਾ ਹੱਲ ਹੋ ਜਾਵੇਗਾ।’’ ਉਹ ਵਿਅਕਤੀ ਬਹੁਤ ਹੀ ਸੁਹਿਰਦ ਸਾਬਤ ਹੋਇਆ। ਅਗਲੇ ਦਿਨ ਜਦੋਂ ਟੈਸਟ ਕਰਨ ਵਾਲੀ ਟੀਮ ਆਈ ਤਾਂ ਉਹ ਮੇਰੇ ਪਿੱਛੇ ਖੜ੍ਹਾ ਹੋਇਆ। ਮੇਰੀ ਪਰਚੀ ’ਤੇ ਆਪਣਾ ਮੋਬਾਈਲ ਨੰਬਰ ਦੇ ਦਿੱਤਾ। ਅਗਲੇ ਦਿਨ ਜਦੋਂ ਰਿਪੋਰਟ ਆਈ ਤਾਂ ਉਸ ਨੇ ਦੱਸਿਆ ਕਿ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ। ਉਹ ਰਿਪੋਰਟ ਮੈਨੂੰ ਮੇਰੇ ਮੋਬਾਈਲ ’ਤੇ ਭੇਜ ਦਿੱਤੀ। ਮੈਨੂੰ ਲੱਗਿਆ ਜਿਵੇਂ ਇਹ ਰਿਪੋਰਟ ਮੇਰੇ ਲਈ ਜੇਲ੍ਹ ਵਿੱਚੋਂ ਨਿਕਲਣ ਦਾ ਪਰਵਾਨਾ ਸੀ। ਪਰ ਅਜਿਹਾ ਨਹੀਂ ਸੀ, ਦਸ ਦਿਨ ਤੋਂ ਪਹਿਲਾਂ ਬਾਹਰ ਨਿਕਲਣ ਦਾ ਰਸਤਾ, ਇੱਕ ਹੋਰ ਨੈਗੇਟਿਵ ਰਿਪੋਰਟ ਚਾਹੀਦੀ ਸੀ। ਅੱਠ ਦਿਨ ਹੋ ਗਏ ਸਨ। ਦੁਬਾਰਾ ਕਰੋਨਾ ਟੈਸਟ ਨਾ ਹੋਇਆ। ਉਸ ਨੇ ਮੈਨੂੰ ਦੱਸਿਆ ਕਿ ਉਹ ਇਕੱਲਾ ਹੀ ਰਹਿੰਦਾ ਹੈ। ਜਦੋਂ ਇੱਥੋਂ ਛੁੱਟੀ ਮਿਲੀ ਮੈਂ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ ਅਤੇ ਸਵੇਰੇ ਏਅਰਪੋਰਟ ’ਤੇ ਵੀ ਛੱਡ ਆਵਾਂਗਾ। ਉਸ ਨੇ ਇਹ ਵੀ ਦੱਸਿਆ ਕਿ ਤੁਹਾਨੂੰ ਬੱਸ, ਬੱਸ ਅੱਡੇ ’ਤੇ ਛੱਡੇਗੀ, ਉੱਥੋਂ 70 ਦਿਨਾਰ ਏਅਰਪੋਰਟ ਦੇ ਲੱਗਣਗੇ। ਮੈਨੂੰ ਉਸ ਦਾ ਸਾਥ ਨਸੀਬ ਨਾ ਹੋਇਆ ਕਿਉਂਕਿ ਮੈਨੂੰ ਛੁੱਟੀ ਪਹਿਲਾਂ ਮਿਲ ਗਈ। ਮੈਨੂੰ ਪਤਾ ਹੀ ਨਾ ਲੱਗਿਆ ਕਿਸ ਵੇਲੇ ਉਸ ਨੇ ਮੇਰੇ ਬੈਗ ਵਿੱਚ 70 ਦਿਨਾਰ ਪਾ ਦਿੱਤੇ। ਮੈਨੂੰ ਅੱਜ ਤੱਕ ਉਹ ਸੱਤਰ ਦਿਨਾਰਾਂ ਦਾ ਭਾਰ ਮਹਿਸੂਸ ਹੁੰਦਾ ਹੈ।
ਦਸਵੇਂ ਦਿਨ ਸਵੇਰ 5 ਵਜੇ ਹੁਕਮ ਹੋਇਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਦਸ ਦਿਨ ਹੋ ਗਏ, ਆਪਣਾ ਆਪਣਾ ਸਾਮਾਨ ਲੈ ਕੇ ਬਾਹਰ ਲਾਈਨ ਵਿੱਚ ਲੱਗ ਜਾਣ। ਮੈਂ ਵੀ ਆਪਣਾ ਹੈਂਡ ਬੈਗ ਚੁੱਕਿਆ ਅਤੇ ਲਾਈਨ ਵਿੱਚ ਲੱਗ ਗਿਆ। ਮੇਰੀ ਫਲਾਈਟ ਉਸ ਦਿਨ ਦੀ ਬੁੱਕ ਨਾ ਹੋ ਸਕੀ। ਅਗਲੇ ਦਿਨ ਦੀ ਟਿਕਟ ਮਿਲੀ। ਸਾਨੂੰ ਸਾਰਿਆਂ ਨੂੰ ਲਾਈਨ ਵਿੱਚ ਲਗਾ ਕੇ ਇੱਕ ਵੱਡੇ ਹਾਲ ਵਿੱਚ ਭੇਜ ਦਿੱਤਾ ਗਿਆ। ਸੱਤ ਕੁ ਵਜੇ ਉਨ੍ਹਾਂ ਸਾਰਿਆਂ ਨੂੰ ਸਰਟੀਫਿਕੇਟ ਦੇਣੇ ਸ਼ੁਰੂ ਕਰ ਦਿੱਤੇ। ਅੱਠ ਕੁ ਵਜੇ ਮੇਰੀ ਵਾਰੀ ਆਈ। ਸਰਟੀਫਿਕੇਟ ’ਤੇ ਲਿਖਿਆ ਸੀ ਕਿ ਇਸ ਵਿਅਕਤੀ ਨੇ 10 ਦਿਨ ਦਾ ਸਮਾਂ ਇਸ ਕੈਂਪ ਵਿੱਚ ਪੂਰਾ ਕਰ ਲਿਆ ਹੈ। ਇਸ ਲਈ ਇਸ ਤੋਂ ਕਿਸੇ ਵਿਅਕਤੀ ਨੂੰ ਕੋਈ ਖ਼ਤਰਾ ਨਹੀਂ, ਪਰ ਇਸ ਨੂੰ ਅਜੇ ਹੋਰ 2 ਦਿਨ ਘਰ ਅੰਦਰ ਹੀ ਇਕਾਂਤਵਾਸ ਕਰਨਾ ਪਵੇਗਾ। ਜਦੋਂ ਮੈਂ ਇਹ ਪੜ੍ਹਿਆ ਤਾਂ ਆਖਿਆ,
‘‘ਮੇਰਾ ਤਾਂ ਇੱਥੇ ਕੋਈ ਘਰ ਹੀ ਨਹੀਂ। ਇਸ ਲਾਈਨ ਨੂੰ ਕੱਟੋ।’’
ਪਰ ਉਹ ਲਕੀਰ ਦੇ ਫਕੀਰ ਸਾਬਤ ਹੋਏ। ਮੇਰੇ ਜ਼ੋਰ ਦੇਣ ’ਤੇ ਉਨ੍ਹਾਂ ਨੇ ਆਪਣੇ ਇੱਕ ਸੀਨੀਅਰ ਨੂੰ ਸੱਦਿਆ। ਪਹਿਲਾਂ ਤਾਂ ਉਸ ਨੇ ਮੇਰੀ ਕੋਈ ਗੱਲ ਨਾ ਸੁਣੀ, ਪਰ ਬਾਅਦ ਵਿੱਚ ਉਹ ਸਾਰੀ ਸਥਿਤੀ ਸਮਝ ਗਿਆ ਅਤੇ ਘਰ ਇਕਾਂਤਵਾਸ ਦੀ ਲਾਈਨ ਕੱਟ ਕੇ ਉਸ ਉੱਪਰ ਦਸਤਖ਼ਤ ਕਰਕੇ ਮੋਹਰ ਲਗਾ ਦਿੱਤੀ। ਸਾਰਿਆਂ ਨੂੰ ਬੱਸਾਂ ਵਿੱਚ ਬਿਠਾ ਦਿੱਤਾ ਗਿਆ। ਦੋ ਕੁ ਘੰਟੇ ਦੇ ਸਫ਼ਰ ਬਾਅਦ ਸਾਰਿਆਂ ਨੂੰ ਬੱਸ ਸਟੈਂਡ ’ਤੇ ਉਤਾਰ ਦਿੱਤਾ ਗਿਆ। ਹੁਣ ਮੈਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕਿੱਥੇ ਜਾਵਾਂ। ਮੈਂ ਚਾਹੁੰਦਾ ਸੀ ਕਿ ਏਅਰਪੋਰਟ ਦੇ ਨੇੜੇ ਕਿਸੇ ਹੋਟਲ ਵਿੱਚ ਰਹਾਂ ਅਤੇ ਸਵੇਰੇ ਉੱਥੋਂ ਆਪਣੀ ਫਲਾਈਟ ਲੈ ਲਵਾਂ। ਏਨੇ ਚਿਰ ਤੋਂ ਪਿੱਛੋ ਇੱਕ ਆਵਾਜ਼ ਆਈ:
‘‘ਸਰਦਾਰੋ, ਕਿੱਥੇ ਚੱਲੇ ਜੇ?’’ ਇਹ ਆਵਾਜ਼ ਇੱਕ ਪਾਕਿਸਤਾਨੀ ਨਾਗਰਿਕ ਦੀ ਸੀ।
‘‘ਢੱਠੇ ਖੂਹ ਵਿੱਚ।’’ ਮੈਂ ਸੜੇ ਬਲੇ ਨੇ ਜਵਾਬ ਦਿੱਤਾ ਕਿਉਂਕਿ ਮੈਂ ਸਵੇਰ ਦਾ ਭੁੱਖਾ ਭਾਣਾ ਸੀ ਅਤੇ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ।
‘‘ਲੱਗਦਾ ਡਾਢੇ ਹੀ ਦੁਖੀ ਹੋ।’’ ਇਹ ਆਖ ਉਹ ਮੇਰੇ ਬਿਲਕੁਲ ਨੇੜੇ ਆ ਗਏ।
‘‘ਅਸੀਂ ਲਾਹੌਰ ਤੋਂ ਹਾਂ, ਤੁਸੀਂ?’’
‘‘ਅੰਮ੍ਰਿਤਸਰ।’’ ਮੈਂ ਸੰਖੇਪ ਜਵਾਬ ਦਿੱਤਾ।
‘‘ਲਉ ਜੀ, ਅਸੀਂ ਤੇ ਗੁਆਂਢੀ ਹੋਏ। ਅੰਮ੍ਰਿਤਸਰ ਲਾਹੌਰ ਦੇ ਨੇੜੇ ਹੈ। ਦਿੱਲੀ ਤਾਂ ਬਹੁਤ ਦੂਰ ਹੈ।’’
ਮੈਂ ਉਸ ਦੀ ਟਿੱਚਰ ਸਮਝ ਗਿਆ, ਪਰ ਚੁੱਪ ਰਿਹਾ। ਉਹ ਮੈਨੂੰ ਇੱਕ ਚਾਹ ਦੀ ਦੁਕਾਨ ’ਤੇ ਲੈ ਗਏ। ‘‘ਅਸੀਂ ਵੀ ਸਵੇਰ ਦੇ ਭੁੱਖੇ ਹਾਂ, ਆਓ ਚਾਹ ਪੀਏ।’’ ਉਹ ਬਦੋ ਬਦੀ ਮੈਨੂੰ ਦੁਕਾਨ ਦੇ ਅੰਦਰ ਲੈ ਗਏ। ਚਾਹ ਦੇ ਨਾਲ ਬਰਗਰ ਦਾ ਆਰਡਰ ਕਰ ਦਿੱਤਾ। ਮੈਨੂੰ ਵੀ ਭੁੱਖ ਲੱਗੀ ਹੋਈ ਸੀ।
‘‘ਚੱਲੋ ਛੱਡੋ, ਮਜ਼ਾਕ, ਸਰਦਾਰ ਜੀ ਇਹ ਦੱਸੋ ਕਿ ਕਿੱਥੇ ਜਾਣਾ ਹੈ। ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ। ਕੋਈ ਜਾਣ ਪਛਾਣ ਵਾਲਾ ਇੱਥੇ ਕੋਈ ਹੈ ਤਾਂ ਦੱਸੋ, ਅਸੀਂ ਫੋਨ ਕਰਕੇ ਉਸ ਨੂੰ ਇੱਥੇ ਸੱਦ ਲੈਂਦੇ ਹਾਂ। ਅਸੀਂ ਵੀ ਇੱਥੇ ਪਰਦੇਸੀ ਹਾਂ। ਜੇਕਰ ਸਾਡੀਆਂ ਸਰਕਾਰਾਂ ਸਾਡੀ ਸਾਰ ਲੈਣ ਤਾਂ ਅਸੀਂ ਕਿਉਂ ਵਿਦੇਸ਼ਾਂ ਵਿੱਚ ਧੱਕੇ ਖਾਈਏ। ਪਰੇਸ਼ਾਨ ਤੁਸੀਂ ਵੀ ਹੋ ਅਤੇ ਅਸੀਂ ਵੀ ਹਾਂ, ਪਰ ਬੰਦਾ ਬੰਦੇ ਦਾ ਦਾਰੂ ਹੈ।’’
ਏਨੇ ਚਿਰ ਨੂੰ ਚਾਹ ਤੇ ਬਰਗਰ ਆ ਗਏ ਸਨ। ‘‘ਮੈਂ ਕੈਨੇਡਾ ਜਾਣਾ ਹੈ, ਪਰ ਮੇਰੀ ਫਲਾਈਟ ਕੱਲ੍ਹ ਦੀ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਅੱਜ ਦਾ ਦਿਨ ਅਤੇ ਰਾਤ ਕਿੱਥੇ ਬਿਤਾਵਾਂ। ਹਾਂ ਇੱਕ ਨੰਬਰ ਹੈ। ਜੇ ਤੁਸੀਂ ਮਿਲਾ ਦਿਓ। ਤੁਹਾਡੀ ਮਿਹਰਬਾਨੀ ਹੋਵੇਗੀ।’’ ਮੈਂ ਆਖਿਆ। ਮੇਰਾ ਇੰਟਰਨੈਸ਼ਨਲ ਪੈਕ ਖਤਮ ਹੋ ਚੁੱਕਿਆ ਸੀ। ਉਨ੍ਹਾਂ ਨੇ ਨੰਬਰ ਡਾਇਲ ਕਰਕੇ ਮੋਬਾਈਲ ਮੇਰੇ ਕੰਨ ਨੂੰ ਲਾ ਦਿੱਤਾ। ਇਹ ਨੰਬਰ ਉਸ ਵਿਅਕਤੀ ਦਾ ਸੀ ਜਿਸ ਨੇ ਮੈਨੂੰ ਕੱਪੜੇ ਲੀੜੇ ਅਤੇ ਹੋਰ ਸਾਮਾਨ ਭੇਜਿਆ ਸੀ। ਮੈਂ ਉਸ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਮੈਂ ਬੱਸ ਸਟੈਂਡ ’ਤੇ ਹਾਂ ਅਤੇ ਰਾਤ ਏਅਰਪੋਰਟ ਦੇ ਨੇੜੇ ਕਿਸੇ ਹੋਟਲ ਵਿੱਚ ਰਹਾਂਗਾ। ਸਵੇਰੇ ਮੇਰੀ ਫਲਾਈਟ ਹੈ। ਬਾਕੀ ਤੁਸੀਂ ਮੈਨੂੰ ਗਾਈਡ ਕਰੋ।’’ ਮੈਂ ਆਖਿਆ।
‘‘ਤੁਸੀਂ ਆਪਣੀ ਲੋਕੇਸ਼ਨ ਭੇਜੋ, ਤੁਸੀਂ ਕਿਤੇ ਨਹੀਂ ਜਾਣਾ। ਮੈਂ ਆ ਰਿਹਾ ਹਾਂ। ਤੁਸੀਂ ਰਾਤ ਮੇਰੇ ਕੋਲ ਰਹੋ। ਸਵੇਰ ਤੁਹਾਨੂੰ ਏਅਰਪੋਰਟ ’ਤੇ ਛੱਡ ਕੇ ਆਵਾਂਗੇ। ਤੁਸੀਂ ਸਿਰਫ਼ ਦਸ ਕੁ ਮਿੰਟ ਉਡੀਕੋ ਅਤੇ ਆਪਣਾ ਹੁਲੀਆ ਦੱਸੋ।’’ ਉਸ ਨੇ ਜਵਾਬ ਦਿੱਤਾ।
‘‘ਤੁਸੀਂ ਚਿੰਤਾ ਨਾ ਕਰੋ। ਜਿੰਨਾ ਚਿਰ ਤੁਹਾਨੂੰ ਲੈਣ ਲਈ ਕੋਈ ਨਹੀਂ ਆਉਂਦਾ। ਅਸੀਂ ਤੁਹਾਡੇ ਕੋਲ ਰਹਾਂਗੇ।’’ ਉਨ੍ਹਾਂ ਆਖਿਆ। ਚਾਹ ਦੇ ਪੈਸੇ ਵੀ ਉਨ੍ਹਾਂ ਨੇ ਦਿੱਤੇ। ਪੰਦਰਾਂ ਕੁ ਮਿੰਟਾਂ ਵਿੱਚ ਉਹ ਵਿਅਕਤੀ ਮੈਨੂੰ ਲੈਣ ਆ ਗਿਆ। ਮੈਂ ਉਨ੍ਹਾਂ ਪਕਿਸਤਾਨੀਆਂ ਦਾ ਧੰਨਵਾਦ ਕੀਤਾ। ਦਸ ਕੁ ਮਿੰਟਾਂ ਵਿੱਚ ਅਸੀਂ ਘਰ ਪਹੁੰਚ ਗਏ।
‘‘ਅਸੀਂ ਇੱਥੇ ਪੰਜ ਜਾਣੇ ਰਹਿੰਦੇ ਹਾਂ। ਰੋਟੀ ਸਿਰਫ਼ ਰਾਤ ਨੂੰ ਹੀ ਬਣਾਈ ਦੀ ਹੈ। ਦੁਪਹਿਰ ਦੀ ਰੋਟੀ ਬਾਹਰੋਂ ਹੀ ਖਾਈਦੀ ਹੈ। ਤੁਹਾਨੂੰ ਵੀ ਬਾਹਰੋਂ ਹੀ ਖਵਾਵਾਂਗੇ।’’ ਉਸ ਨੇ ਆਖਿਆ।
‘‘ਨਹੀਂ! ਮੈਨੂੰ ਲੋੜ ਨਹੀਂ, ਮੈਂ ਤਾਂ ਬੱਸ ਸਟੈਂਡ ’ਤੇ ਚਾਹ ਅਤੇ ਬਰਗਰ ਖਾਧਾ ਸੀ। ਹੁਣ ਰਾਤ ਨੂੰ ਹੀ ਰੋਟੀ ਖਾਵਾਂਗਾ।’’ ਮੈਂ ਆਖਿਆ। ਘਰ ਦੇ ਚਾਰ ਕਮਰੇ, ਰਸੋਈ ਅਤੇ ਬਾਥਰੂਮ ਸੀ। ਮੈਂ ਜਾਂਦਿਆਂ ਸਾਰ ਬਾਥਰੂਮ ਵਿੱਚ ਜਾ ਕੇ ਤਸੱਲੀ ਨਾਲ ਨਹਾਤਾ। ਟੇਬਲ ’ਤੇ ਚਾਹ ਦੇ ਵੱਡੇ ਵੱਡੇ ਕੱਪ ਭਰੇ ਸਨ। ਉਨ੍ਹਾਂ ਵਿੱਚੋਂ ਇੱਕ ਮੁੰਡਾ ਕੱਲ੍ਹ ਹੀ ਇੰਡੀਆ ਤੋਂ ਆਇਆ ਸੀ ਅਤੇ ਉਸ ਦੀ ਮਾਂ ਨੇ ਪਿੰਨੀਆਂ ਬਣਾ ਕੇ ਭੇਜੀਆਂ ਸਨ। ਜੋ ਅਸੀਂ ਚਾਹ ਨਾਲ ਬੜੇ ਸਵਾਦ ਨਾਲ ਖਾਧੀਆਂ। ‘‘ਅਸੀਂ ਤੁਹਾਨੂੰ ਬਾਹਰ ਘੁੰਮਾ ਫਿਰਾ ਨਹੀਂ ਸਕਦੇ ਕਿਉਂਕਿ ਤੁਹਾਡੀ ਇੱਥੇ ਕੋਈ ਆਈਡੀ ਨਹੀਂ ਹੈ। ਇਸ ਲਈ ਤੁਹਾਨੂੰ ਇੱਥੇ ਹੀ ਰਹਿਣਾ ਪੈਣਾ ਹੈ। ਤੁਸੀਂ ਦੋਬਾਰਾ ਵੀਜ਼ਾ ਲਗਾ ਕੇ ਆਇਓ, ਤੁਹਾਨੂੰ ਘੁੰਮਾਵਾ ਫਿਰਾਵਾਂਗੇ। ਮੈਨੂੰ ਪਤਾ ਹੈ। ਤੁਸੀਂ ਖਾਂਦੇ ਪੀਂਦੇ ਨਹੀਂ ਹੋ। ਅਸੀਂ ਸਾਰੇ ਇੱਥੇ ਛੜੇ ਛਾਂਟ ਹੀ ਰਹਿੰਦੇ ਹਾਂ, ਪਰ ਕੋਸ਼ਿਸ਼ ਕਰਾਂਗੇ ਕਿ ਵਧੀਆ ਸਬਜ਼ੀ ਬਣਾਈਏ।’’ ਇਹ ਆਖ ਕੇ ਉਸ ਨੇ ਇੱਕ ਮੁੰਡੇ ਦੀ ਮਟਰ ਪਨੀਰ ਦੀ ਸਬਜ਼ੀ ਅਤੇ ਦੂਜੇ ਦੀ ਰੋਟੀਆਂ ਪਕਾਉਣ ’ਤੇ ਡਿਊਟੀ ਲਗਾ ਦਿੱਤੀ। ਲਾਗੇ ਹੀ ਉਨ੍ਹਾਂ ਦਾ ਇੱਕ ਸ਼ੋਅ ਰੂਮ ਸੀ। ਮੈਨੂੰ ਉੱਥੇ ਲੈ ਗਏ। ਉਨ੍ਹਾਂ ਦੱਸਿਆ ਕਿ ਇੱਥੇ ਇਨਕਮ ਟੈਕਸ ਨਹੀਂ ਦੇਣਾ ਪੈਂਦਾ। ਜੀਐੱਸਟੀ ਦਾ ਰੇਟ ਹਰ ਆਈਟਮ ’ਤੇ ਪੰਜ ਪ੍ਰਤੀਸ਼ਤ ਹੈ। ਰਿਟਰਨ ਭਰਨੀ ਬਹੁਤ ਸੌਖੀ ਹੈ। ਹਰ ਆਦਮੀ ਦਾ ਇੱਕ ਆਈ ਡੀ ਨੰਬਰ ਹੈ। ਅਸੀਂ ਪੰਜਾਬ ਵਿੱਚੋਂ ਧਰਤੀ ਹੇਠਲਾ ਪਾਣੀ ਬੇਦਰਦੀ ਨਾਲ ਵਰਤ ਕੇ ਲਗਭਗ ਮੁਕਾ ਹੀ ਦਿੱਤਾ ਹੈ। ਜਿਹੜਾ ਬਚਿਆ ਹੈ, ਉਹ ਜ਼ਹਿਰੀਲਾ ਹੋ ਗਿਆ ਹੈ। ਮਿੱਟੀ ਜ਼ਹਿਰੀਲੀ ਹੋ ਗਈ ਹੈ। ਕਦੇ ਅਸੀਂ ਖਾਲਾਂ ਵਿੱਚ ਬੁੱਕ ਭਰ ਕੇ ਪਾਣੀ ਪੀ ਲੈਂਦੇ ਸੀ। ਛੱਪੜਾਂ ਦਾ ਸਾਫ਼ ਪਾਣੀ ਡੰਗਰ ਪੀਂਦੇ ਸਨ। ਬਸ ਕੁਝ ਸਾਲਾਂ ਦੀ ਗੱਲ ਹੈ। ਅਸੀਂ ਪੰਜਾਬ ਨੂੰ ਰੇਗਿਸਤਾਨ ਬਣਾ ਦੇਣਾ ਹੈ, ਪਰ ਇਹ ਲੋਕ ਸਿਆਣੇ ਹਨ। ਇਨ੍ਹਾਂ ਨੂੰ ਪਤਾ ਹੈ ਕਿ ਇੱਕ ਦਿਨ ਤੇਲ ਮੁੱਕ ਜਾਣਾ ਹੈੇ। ਇਸ ਲਈ ਇਨ੍ਹਾਂ ਨੇ ਆਮਦਨ ਦੇ ਬਦਲਵੇਂ ਪ੍ਰਬੰਧ ਕਰ ਲਏ ਹਨ ਅਤੇ ਹੋਰ ਕਰ ਰਹੇ ਹਨ। ਵੱਡੇ ਵੱਡੇ ਮਾਲ, ਸਾਫ਼ ਸੁਥਰਾ ਵਾਤਾਵਰਨ ਅਤੇ ਸਿਸਟਮ, ਵਿਦੇਸ਼ੀਆਂ ਨੂੰ ਇੱਥੇ ਖਿੱਚਦਾ ਹੈ। ਲੋੜ ਪੈਣ ’ਤੇ ਇਹ ਆਰਟੀਫੀਸ਼ੀਅਲ ਮੀਂਹ ਵੀ ਪਵਾ ਲੈਂਦੇ ਹਨ। ਅਸੀਂ ਇੱਥੇ 25 ਪਰਿਵਾਰ ਰਹਿ ਰਹੇ ਹਾਂ। ਕੋਈ ਸਾਡੇ ਕੋਲ ਆ ਰਿਹਾ ਹੈ। ਅਸੀਂ ਕਿਸੇ ਕੋਲ ਜਾ ਰਹੇ ਹਾਂ। ਕਦੀ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਵਿਦੇਸ਼ ਵਿੱਚ ਰਹਿ ਰਹੇ ਹਾਂ।’’ ਉਹ ਦੱਸੀ ਜਾ ਰਿਹਾ ਸੀ। ‘‘ਤੁਸੀਂ ਜੇ ਕਰ ਸੈਰ ਕਰਨੀ ਹੈ ਤਾਂ ਕਰ ਆਓ, ਪਰ ਬਹੁਤ ਦੂਰ ਨਾ ਜਾਣਾ। ਮੈਂ ਫੁੱਟਪਾਥ ’ਤੇ ਚੱਲਣਾ ਸ਼ੁਰੁ ਕਰ ਦਿੱਤਾ। ਸਾਫ਼ ਸੁਥਰੀਆਂ ਸੜਕਾਂ, ਦਰੱਖਤ ਵੀ ਮੌਜੂਦ ਸਨ। ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਸਨ। ਮੈਂ ਛੇਤੀ ਮੁੜ ਆਇਆ। ਰਾਤ ਦਾ ਖਾਣਾ ਸਾਰਿਆਂ ਨੇ ਰਲ ਮਿਲ ਕੇ ਤਿਆਰ ਕੀਤਾ। ਅੱਜ ਮੈਂ ਦਸ ਦਿਨਾਂ ਬਾਅਦ ਘਰ ਵਿੱਚ ਸੀ। ਇਹ ਘਰ ਭਾਵੇਂ ਮੇਰਾ ਨਹੀਂ ਸੀ, ਪਰ ਘਰ ਤਾਂ ਘਰ ਹੀ ਹੁੰਦਾ ਹੈ। ਅੱਜ ਮੈਨੂੰ ਘਰ ਅਤੇ ਇਕਾਂਤਵਾਸ ਦਾ ਫ਼ਰਕ ਮਹਿਸੂਸ ਹੋ ਰਿਹਾ ਸੀ। ਖਾਣਾ ਖਾ ਕੇ ਸਾਰੇ ਜਾਣੇ ਮੰਜਿਆਂ ’ਤੇ ਪੈ ਗਏ।
‘‘ਸਵੇਰੇ ਅਸੀਂ 6 ਵਜੇ ਘਰੋਂ ਚੱਲਣਾ ਹੈ। ਤੁਹਾਡੀ ਫਲਾਈਟ ਸਵੇਰੇ 10 ਵਜੇ ਹੈ। ਅਸੀਂ ਤੁਹਾਨੂੰ ਤਿੰਨ ਘੰਟੇ ਪਹਿਲਾਂ ਏਅਰਪੋਰਟ ’ਤੇ ਪਹੁੰਚਾ ਦਿਆਂਗੇ।’’ ਸਵੇਰੇ ਹਲਕਾ ਜਿਹਾ ਖਾਣਾ ਖਾ ਕੇ ਅਸੀਂ ਏਅਰਪੋਰਟ ’ਤੇ ਪਹੁੰਚ ਗਏ।
‘‘ਜੇਕਰ ਕੋਈ ਸਮੱਸਿਆ ਆਈ ਤਾਂ ਫੋਨ ਕਰ ਦੇਣਾ। ਸੰਗਣਾ ਨਹੀਂ। ਵੈਸੇ ਮੈਨੂੰ ਲੱਗਦਾ ਹੈ ਕਿ ਕੋਈ ਮੁਸ਼ਕਿਲ ਨਹੀਂ ਆਵੇਗੀ।’’ ਮੈਂ ਏਅਰਪੋਰਟ ’ਤੇ ਪਹੁੰਚ ਗਿਆ। ਕਾਊਂਟਰ ’ਤੇ ਜਾ ਕੇ ਆਪਣਾ ਪਾਸਪੋਰਟ, ਟਿਕਟ ਅਤੇ ਕਰੋਨਾ ਦੀ ਨੈਗੇਟਿਵ ਰਿਪੋਰਟ ਅੱਗੇ ਰੱਖ ਦਿੱਤੀ। ਸੀਟ ’ਤੇ ਬੈਠੀ ਲੜਕੀ ਨੇ ਸਾਰਾ ਕੁੱਝ ਘੋਖਿਆ।
‘‘ਮੈਂ ਆਪਣੇ ਸੀਨੀਅਰ ਨਾਲ ਗੱਲ ਕਰਕੇ ਆਉਂਦੀ ਹਾਂ।’’
‘‘ਠੀਕ ਹੈ।’’ ਮੈਂ ਉਸ ਨੂੰ ਆਖਿਆ। ਕੁਝ ਸਮੇਂ ਬਾਅਦ ਬੋਰਡਿੰਗ ਪਾਸ ਜਾਰੀ ਕਰ ਦਿੱਤਾ। ਸਮਾਂ ਬਦਲਿਆ, ਮੇਰੀ ਖੁਸ਼ੀ ਦੀ ਹੱਦ ਨਾ ਰਹੀ, ਪਰ ਇਹ ਖੁਸ਼ੀ ਥੋੜ੍ਹ ਚਿਰ ਹੀ ਸੀ। ਸਕਿਉੂਰਿਟੀ ਚੈੱਕ ਹੋਈ। ਮੇਰੇ ਕੋਲ ਤਾਂ ਕੁੱਝ ਹੈ ਹੀ ਨਹੀਂ ਸੀ। ਫਿਰ ਵਾਰੀ ਆਈ ਇਮੀਗ੍ਰੇਸ਼ਨ ਦੀ। ਇਮੀਗ੍ਰੇਸ਼ਨ ਅਫ਼ਸਰ ਇੱਕ ਅਰਬੀ ਸੀ। ਮੈਨੂੰ ਉਸ ਦੀ ਭਾਸ਼ਾ ਦੀ ਸਮਝ ਤਾਂ ਆਈ ਨਾ, ਪਰ ਉੱਥੇ ਖੜ੍ਹੇ ਇੱਕ ਅਧਿਕਾਰੀ ਨੇ ਦੱਸਿਆ ਕਿ ‘‘ਤੁਹਾਨੂੰ 600 ਦਿਨਾਰ ਓਵਰਸਟੇਅ ਕਰਨ ਦਾ ਜੁਰਮਾਨਾ ਕੀਤਾ ਹੈ। ਤੁਸੀਂ ਪੰਜ ਨੰਬਰ ਗੇਟ ’ਤੇ ਜਾ ਕੇ ਪੈਸੇ ਜਮਾਂ ਕਰਵਾਓ।’’ ਮੈਂ ਬਥੇਰਾ ਆਖਿਆ ਕਿ ਮੇਰਾ ਕੀ ਕਸੂਰ ਹੈ, ਮੈਨੂੰ ਤਾਂ ਜ਼ਬਰਦਸਤੀ ਇੱਥੇ ਇਕਾਂਤਵਾਸ ਕੀਤਾ ਗਿਆ ਸੀ। ਮੇਰੀ ਮੰਜ਼ਿਲ ਤਾਂ ਕੈਨੇਡਾ ਹੈ, ਪਰ ਮੇਰੀ ਕੋਈ ਗੱਲ ਨਾ ਸੁਣੀ ਗਈ। ਇਹ ਆਖ ਕੇ ਮੈਂ ਪੰਜ ਨੰਬਰ ਗੇਟ ’ਤੇ ਪਹੁੰਚਿਆ। ਮੈਂ ਪੈਸੇ ਦੇਣ ਲਈ ਤਿਆਰ ਸੀ, ਪਰ ਅਦਾਇਗੀ ਜਾਂ ਤਾਂ ਦਿਨਾਰ ਕਰੰਸੀ ਵਿੱਚ ਹੋਣੀ ਸੀ ਜਾਂ ਕਰੈਡਿਟ ਕਾਰਡ। ਮੇਰੇ ਕੋਲ ਕਰੈਡਿਟ ਕਾਰਡ ਨਹੀਂ ਸੀ। ਦਿਨਾਰ ਦੋ ਸੋ ਸੱਤਰ ਸਨ। ਮੈਨੂੰ ਇਸ ਦਾ ਕੋਈ ਹੱਲ ਨਹੀਂ ਸੀ ਸੁੱਝ ਰਿਹਾ। ਉਸੇ ਸਮੇਂ ਇੱਕ ਸਰਦਾਰ ਨੌਜਵਾਨ ਲੜਕਾ, ਜਿਸ ਦੀ ਕਮੀਜ਼ ’ਤੇ ਸਕਿਉੂਰਿਟੀ ਲਿਖਿਆ ਹੋਇਆ ਸੀ ਮੈਨੂੰ ਦਿਖਾਈ ਦਿੱਤਾ। ਮੈਂ ਉਸ ਨੂੰ ਆਪਣੀ ਸਮੱਸਿਆ ਦੱਸੀ। ਉਸ ਨੇ ਆਖਿਆ ਕਿ ‘‘ਕੋਈ ਚਿੰਤਾ ਨਾ ਕਰੋ, ਤੁਹਾਡੀ ਫਲਾਈਟ ਵਿੱਚ ਸਮਾਂ ਹੈ। ਤੁਸੀਂ ਇੰਤਜ਼ਾਰ ਕਰੋ। ਮੈਂ ਪਤਾ ਕਰ ਕੇ ਆਉਂਦਾ ਹਾਂ।’’ ਉਸ ਨੇ ਆ ਕੇ ਦੱਸਿਆ ਕਿ ‘‘ਤੁਹਾਨੂੰ ਜੁਰਮਾਨੇ ਦੀ ਰਕਮ ਜਮ੍ਹਾਂ ਕਰਵਾਉਣੀ ਹੀ ਪੈਣੀ ਹੈ, ਹੋਰ ਕੋਈ ਹੱਲ ਨਹੀਂ। ਹਾਂ ਮੈਂ ਇਹ ਕਰ ਸਕਦਾ ਹਾਂ ਕਿ ਮੈਂ ਆਪਣੇ ਕਰੈਡਿਟ ਕਾਰਡ ਤੋਂ ਅਦਾਇਗੀ ਕਰ ਦੇਂਦਾ ਹਾਂ।’’ ਉਸ ਨੇ ਅਦਾਇਗੀ ਕਰਕੇ ਰਸੀਦ ਮੈਨੂੰ ਦੇ ਦਿੱਤੀ। ਮੈਂ ਉਸ ਨੂੰ ਬਣਦੀ ਰਕਮ ਦੇ ਦਿਨਾਰ ਅਤੇ ਕੈਨੇਡੀਅਨ ਡਾਲਰ ਦੇ ਦਿੱਤੇ। ਉਸ ਦਾ ਧੰਨਵਾਦ ਕੀਤਾ। ਉਸ ਨੇ ਆਖਿਆ, ‘‘ਤੁਸੀਂ ਫਟਾ ਫਟ ਨਿਕਲੋ, ਮੇਰੇ ਵੱਲ ਮੁੜ ਕੇ ਵੀ ਨਾ ਵੇਖਣਾ।’’ ਹੁਣ ਮੈਂ ਕੈਨੇਡਾ ਜਾਣ ਵਾਲੇ ਹਵਾਈ ਜਹਾਜ਼ ਵਾਲੇ ਗੇਟ ਦੇ ਸਾਹਮਣੇ ਖੜ੍ਹਾ ਸੀ। ਮੇਰਾ ਪਾਸਪੋਰਟ, ਟਿਕਟ, ਕਰੋਨਾ ਦੀ ਨੈਗੇਟਿਵ ਰਿਪੋਰਟ ਚੈੱਕ ਕਰ ਕੇ ਹਵਾਈ ਜਹਾਜ਼ ਵਿੱਚ ਬਿਠਾ ਦਿੱਤਾ ਗਿਆ। ਜਿੰਨਾ ਚਿਰ ਜਹਾਜ਼ ਉੱਡਿਆ ਨਹੀਂ, ਮੈਨੂੰ ਧੁੜਕੂ ਲੱਗਾ ਰਿਹਾ। ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਰਾਕੇਸ਼ ਕੈਨੇਡੀਅਨ ਨਿਵਾਸੀ ਦਾ ਛੁਟਕਾਰਾ ਮੇਰੇ ਤੋਂ ਦੋ ਦਿਨ ਬਾਅਦ ਹੋਇਆ ਅਤੇ ਉਸ ਨੂੰ ਜੁਰਮਾਨਾ ਵੀ ਮੇਰੇ ਤੋਂ ਵੱਧ ਹੋਇਆ। ਮੇਰੇ ਨਾਲ ਦੀਆਂ ਦੋਵੇਂ ਸੀਟਾਂ ਖਾਲੀ ਸਨ। ਮੈਨੂੰ ਲੱਗਿਆ ਜਿਵੇਂ ਉਹ ਵੀ ਮੇਰੇ ਵਾਂਗ ਕਰੋਨਾ ਦਾ ਸ਼ਿਕਾਰ ਹੋਏ ਹੋਣੇ ਹਨ ਅਤੇ ਆਬੂ ਧਾਬੀ ਦੀ ਮਹਿਮਾਨ ਨਿਵਾਜ਼ੀ ਮਾਣ ਰਹੇ ਹੋਣਗੇ। ਕੈਨੇਡਾ ਹਵਾਈ ਅੱਡੇ ’ਤੇ ਪਹੁੰਚਦਿਆਂ ਮੈਂ ਆਪਣੇ ਜਵਾਈ ਨਾਲ ਸੰਪਰਕ ਕੀਤਾ। ਮੇਰਾ ਜਵਾਈ, ਧੀ, ਦੋਹਤਾ ਅਤੇ ਪਤਨੀ ਬਾਹਰ ਖੜ੍ਹੇ ਮੇਰਾ ਇੰਤਜ਼ਾਰ ਕਰ ਰਹੇ ਸਨ। ਘਰ ਪਹੁੰਚਦਿਆਂ ਮੈਂ ਵੇਖਿਆ ਦਰਵਾਜ਼ੇ ’ਤੇ ਜੀ ਆਇਆ ਨੂੰ ਲਿਖਿਆ ਹੋਇਆ ਸੀ।
ਅੱਜ ਵੀ ਮੈਨੂੰ ਜਦੋਂ ਕਦੇ ਇਹ ਸਮਾਂ ਯਾਦ ਆ ਜਾਂਦਾ ਹੈ ਤਾਂ ਮੈਂ ਬੇਚਾਨ ਹੋ ਜਾਂਦਾ ਹਾਂ। ਅੱਜਕੱਲ੍ਹ ਮੈਂ ਨਿਊਜ਼ੀਲੈਂਡ ਵਿੱਚ ਹਾਂ। ਇੱਥੇ ਆਉਣ ਸਮੇਂ ਦੀ ਰਾਮ ਕਥਾ, ਫਿਰ ਕਿਤੇ ਸੁਣਾਵਾਂਗਾ। ਧੱਕੇ ਨਾਲ ਦੋ ਸੋ ਸੱਤਰ ਦਿਨਾਰ ਦੇਣ ਵਾਲੇ ਵਿਅਕਤੀ ਅਜੇ ਤੱਕ ਨਹੀਂ ਭੁੱਲੇ ਨਾ ਹੀ ਭੁੱਲਣਗੇ।
ਸੰਪਰਕ: 92177-01415 (ਵਟਸਐਪ)

Advertisement

Advertisement