ਜਦੋਂ ਭਾਰਤ ਵਿੱਚ ਰਾਖਵੇਂਕਰਨ ਨੂੰ ਲੈ ਕੇ ਨਿਰਪੱਖਤਾ ਹੋਵੇਗੀ ਤਾਂ ਅਸੀਂ ਇਸ ਨੂੰ ਖ਼ਤਮ ਕਰਨ ਬਾਰੇ ਸੋਚਾਂਗੇ: ਰਾਹੁਲ ਗਾਂਧੀ
ਵਾਸ਼ਿੰਗਟਨ, 10 ਸਤੰਬਰ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਰਾਖਵੇਂਕਰਨ ਨੂੰ ਖ਼ਤਮ ਕਰਨ ਬਾਰੇ ਉਦੋਂ ਸੋਚੇਗੀ ਜਦੋਂ ਭਾਰਤ ਵਿੱਚ ਰਾਖਵੇਂਕਰਨ ਦੇ ਲਿਹਾਜ਼ ਨਾਲ ਨਿਰਪੱਖਤਾ ਹੋਵੇਗੀ ਅਤੇ ਅਜੇ ਅਜਿਹਾ ਨਹੀਂ ਹੈ। ਰਾਹੁਲ ਨੇ ਇੱਥੇ ਵੱਕਾਰੀ ਜੌਰਜਟਾਊਨ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇੱਥੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਾਹੁਲ ਨੂੰ ਰਾਖਵੇਂਕਰਨ ਨੂੰ ਲੈ ਕੇ ਸਵਾਲ ਕੀਤਾ ਸੀ ਅਤੇ ਪੁੱਛਿਆ ਸੀ ਕਿ ਇਹ ਕਦੋਂ ਤੱਕ ਜਾਰੀ ਰਹੇਗਾ। ਇਸ ’ਤੇ ਉਨ੍ਹਾਂ ਕਿਹਾ, ‘‘ਜਦੋਂ ਭਾਰਤ ਵਿੱਚ ਰਾਖਵੇਂਕਰਨ ਦੇ ਲਿਹਾਜ਼ ਨਾਲ ਨਿਰਪੱਖਤਾ ਹੋਵੇਗੀ ਤਾਂ ਅਸੀਂ ਰਾਖਵਾਂਕਰਨ ਖ਼ਤਮ ਕਰਨ ਬਾਰੇ ਸੋਚਾਂਗੇ। ਅਜੇ ਭਾਰਤ ਇਸ ਵਾਸਤੇ ਇਕ ਨਿਰਪੱਖ ਜਗ੍ਹਾ ਨਹੀਂ ਹੈ।’’ ਰਾਹੁਲ ਨੇ ਕਿਹਾ, ‘‘ਜਦੋਂ ਤੁਸੀਂ ਵਿੱਤੀ ਅੰਕੜਿਆਂ ਨੂੰ ਦੇਖਦੇ ਹੋ, ਤਾਂ ਕਬਾਇਲੀਆਂ ਨੂੰ 100 ਰੁਪਏ ’ਚੋਂ 10 ਰੁਪਏ ਮਿਲਦੇ ਹਨ। ਦਲਿਤਾਂ ਨੂੰ 100 ਰੁਪਏ ’ਚੋਂ ਪੰਜ ਰੁਪਏ ਮਿਲਦੇ ਹਨ ਅਤੇ ਹੋਰ ਪੱਛੜੇ ਵਰਗ ਦੇ ਲੋਕਾਂ ਨੂੰ ਵੀ ਲਗਪਗ ਐਨੇ ਹੀ ਪੈਸੇ ਮਿਲਦੇ ਹਨ। ਸੱਚ ਇਹ ਹੈ ਕਿ ਉਨ੍ਹਾਂ ਨੂੰ ਉਚਿਤ ਹਿੱਸੇਦਾਰੀ ਨਹੀਂ ਮਿਲ ਰਹੀ ਹੈ। ਸਮੱਸਿਆ ਇਹ ਹੈ ਕਿ ਭਾਰਤ ਦੀ 90 ਫੀਸਦ ਆਬਾਦੀ ਭਾਗੀਦਾਰੀ ਕਰਨ ਵਿੱਚ ਸਮਰੱਥ ਨਹੀਂ ਹੈ। ਭਾਰਤ ਦੇ ਹਰੇਕ ‘ਬਿਜ਼ਨਸ ਲੀਡਰ’ ਦੀ ਸੂਚੇ ਦੇਖੋ। ਮੈਂ ਅਜਿਹਾ ਕੀਤਾ ਹੈ। ਮੈਨੂੰ ਕਬਾਇਲੀ ਨਾਮ ਦਿਖਾਓ। ਮੈਨੂੰ ਦਲਿਤ ਨਾਮ ਦਿਖਾਓ। ਮੈਨੂੰ ਓਬੀਸੀ ਨਾਮ ਦਿਖਾਓ। ਮੈਨੂੰ ਲੱਗਦਾ ਹੈ ਕਿ ਸਿਖਰਲੇ 200 ਵਿੱਚੋਂ ਇਕ ਓਬੀਸੀ ਹੈ। ਉਹ ਭਾਰਤ ਦੀ ਆਬਾਦੀ ਦਾ 50 ਫੀਸਦ ਹਨ ਪਰ ਅਸੀਂ ਇਸ ਬਿਮਾਰੀ ਦਾ ਇਲਾਜ ਨਹੀਂ ਕਰ ਰਹੇ ਹਨ। ਇਹੀ ਸਮੱਸਿਆ ਹੈ।’’ -ਪੀਟੀਆਈ