ਜਦੋਂ ਪੱਗ ਨੇ ਵਿੱਛੜੇ ਮੇਲੇ
ਵਿਧੂ ਸ਼ੇਖਰ ਭਾਰਦਵਾਜ
ਜਰਮਨ ਦਾ ਅਕਤੂਬਰ ਫੈਸਟੀਵਲ ਬਹੁਤ ਪ੍ਰਸਿੱਧ ਹੈ ਜੋ ਜਰਮਨ ਵਿੱਚ ਵੱਡੇ ਵੱਡੇ ਮੇਲੇ ਲਾ ਕੇ ਮਨਾਇਆ ਜਾਂਦਾ ਹੈ। ਇਹ ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਹੋ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਮਨਾਇਆ ਜਾਂਦਾ ਹੈ, ਪਰ ਮਿਊਨਿਖ ਦਾ ਮੇਲਾ ਸਭ ਤੋਂ ਵੱਡਾ ਤੇ ਵੇਖਣਯੋਗ ਮੰਨਿਆ ਜਾਂਦਾ ਹੈ। ਇਸ ਵਾਰੀ ਮੇਰੇ ਜਰਮਨ ਰਹਿੰਦੇ ਪੁੱਤਰ ਨੂੰ ਮਿਲਣ ਜਾਣ ਦਾ ਸਬੱਬ ਕੁਦਰਤੀ ਇਨ੍ਹਾਂ ਤਰੀਕਾਂ ਦਾ ਹੀ ਬਣ ਗਿਆ। ਅਸੀਂ 23 ਸਤੰਬਰ ਨੂੰ ਇੱਥੇ ਪੁੱਜੇ ਸੀ। ਉਸੇ ਦਨਿ ਇਹ ਮੇਲਾ ਥਿਰੂੰਗਿਆ ਰਾਜ ਦੀ ਰਾਜਧਾਨੀ ਐਰਫਰਟ ਜਿੱਥੇ ਮੇਰੇ ਬੇਟੇ ਦਾ ਪਰਿਵਾਰ ਰਹਿੰਦਾ ਹੈ, ਸ਼ੁਰੂ ਹੋਇਆ ਸੀ।
24 ਸਤੰਬਰ ਨੂੰ ਐਤਵਾਰ ਹੋਣ ਕਾਰਨ ਬੇਟੇ ਨੇ ਬੱਚਿਆਂ ਸਮੇਤ ਮੇਲਾ ਵੇਖਣ ਦਾ ਮਨ ਬਣਾ ਲਿਆ। ਸਾਡੇ ਫੋਨ ਅਜੇ ਸਥਾਨਕ ਨੈੱਟਵਰਕ ਨਾਲ ਐਕਟੀਵੇਟ ਨਹੀਂ ਸਨ ਹੋਏ। ਬਚਪਨ ਵਿੱਚ ਪਿੰਡਾਂ ਦੇ ਮੇਲੇ ਤੇ ਹੁਣ ਪੰਜਾਬ ਦੇ ਖ਼ਾਸ ਮੇਲਿਆਂ ਦੇ ਸ਼ੌਕੀਨ ਜਰਮਨ ਦਾ ਮੇਲਾ ਦੇਖਣ ਲਈ ਉਤਸੁਕ ਸਾਂ। ਰਵਾਂ ਰਵੀਂ ਚੁੰਗੀਆਂ ਭਰਦੇ, ਮੇਲੇ ਦੇ ਰੰਗ ਦੇਖਣ ਲਈ ਸ਼ਹਿਰ ਦੇ ਇੱਕ ਵੱਡੇ ਗਰਾਉਂਡ ਵਿੱਚ ਵੱਡੀ ਚਰਚ ਦੇ ਨੇੜੇ ਜਾ ਪੁੱਜੇ। ਵੱਖੋ-ਵੱਖ ਖਾਣਿਆਂ ਦੇ ਸਟਾਲ, ਪੰਜਾਬ ਦੇ ਮੇਲਿਆਂ ਵਾਂਗ ਨਿਸ਼ਾਨੇ ਲਾਉਣ ਲਈ ਸਾਹਮਣੇ ਭਰੇ ਗੁਬਾਰੇ, ਨਿਸ਼ਾਨੇ ਲਈ ਛੱਰਿਆਂ ਵਾਲੀਆਂ ਰਫ਼ਲਾਂ, ਵੱਖ-ਵੱਖ ਤਰ੍ਹਾਂ ਦੇ ਖ਼ੂਬਸੂਰਤ ਚੰਡੋਲ, ਮੇਲੀਆਂ ਦੇ ਬੈਠਣ ਲਈ ਤੇ ਸੰਗੀਤ ਤੇ ਨਾਚ ਦਾ ਆਨੰਦ ਮਾਣਨ ਲਈ ਵੱਡੇ ਵੱਡੇ ਪੰਡਾਲ, ਮੇਲੀਆਂ ਨੂੰ ਬੀਅਰ ਵਰਤਾ ਰਹੀਆਂ ਔਰਤ ਬਹਿਰੇ, ਮੇਲੀ ਪੂਰੇ ਜ਼ਬਤਬੱਧ ਮੇਲੇ ਨੂੰ ਨਿਹਾਰਦੇ, ਚੰਡੋਲ ਦਾ ਆਨੰਦ ਮਾਣਦੇ, ਖਰੀਦੋ ਫਰੋਖ਼ਤ ਕਰਦੇ ਪੂਰੇ ਆਨੰਦ ਸਹਿਜ ਰੌਂ ਵਿੱਚ ਸਨ।
ਅਸੀਂ ਵੀ ਮੇਲੇ ਦਾ ਚੱਕਰ ਲਾਇਆ। ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੇ ਚੰਡੋਲ ਝੂਟੇ, ਕਾਰਾਂ, ਕਿਸ਼ਤੀਆਂ ਦੀ ਸਵਾਰੀ ਕੀਤੀ। ਮੇਲੇ ਦੇ ਵੱਖ ਵੱਖ ਸਟਾਲਾਂ ਦਾ ਆਨੰਦ ਮਾਣਦੇ, ਖਾਂਦੇ ਪੀਂਦੇ ਜਰਮਨ ਲੋਕਾਂ ਦਾ ਪੰਜਾਬ ਦੇ ਮੇਲਿਆਂ ਦੇ ਅਖਾੜਿਆਂ ਦਾ ਤੁਲਨਾਤਮਕ ਅਧਿਐਨ ਕਰਨ ਵੱਡੇ ਪੰਡਾਲ ਵਿੱਚ ਸ਼ਾਮਲ ਹੋ ਗਏ। ਬਹੁਤ ਬਜ਼ੁਰਗ ਜੋੜੇ ਗੀਤਾਂ ਦੀ ਧੁੰਨ ’ਤੇ ਲੈ-ਮਈ ਨਾਚ ਕਰ ਰਹੇ ਸਨ ਜੋ ਪੰਜਾਬ ਦੇ ਮੇਲਿਆਂ ਵਿੱਚ ਨਹੀਂ ਹੁੰਦਾ। ਮੇਲਿਆਂ ਵਿੱਚ ਔਰਤ-ਮਰਦ ਦੇ ਇਕੱਠੇ ਨੱਚਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਸਵਿਾਏ ਪਰਿਵਾਰਕ ਇਕੱਠਾਂ ਦੇ। ਥੋਕ ਵਿੱਚ ਬੀਅਰ ਵਰਤਾਈ ਜਾ ਰਹੀ ਸੀ। ਅਜਿਹਾ ਹੁੰਦਾ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਤੱਕਿਆ ਸੀ। ਸਰੂਰ ਵਿੱਚ ਆਏ ਲੋਕ ਸੰਗੀਤ ਰਾਹੀਂ ਸਿਆਲ ਨੂੰ ਜੀ ਆਇਆਂ ਕਹਿ ਰਹੇ ਸਨ। ਕੁਝ ਚਿਰ ਇਹ ਨਜ਼ਾਰਾ ਤੱਕਣ ਤੋਂ ਬਾਅਦ ਅਸੀਂ ਵੀ ਘਰ ਵੱਲ ਨੂੰ ਪਰਤਣ ਦਾ ਮਨ ਬਣਾਇਆ।
ਮੇਰੀ ਪੋਤੀ ਮੇਰੇ ਬੇਟੇ ਨਾਲ ਸੀ ਤੇ ਪੋਤਾ ਮੇਰੇ ਨਾਲ। ਚੰਡੋਲ ਝੂਟਣ ਵੇਲੇ ਪੋਤੇ ਨੇ ਫੋਨ ਮੈਨੂੰ ਫੜਾ ਦਿੱਤਾ ਜੋ ਮੇਲੇ ਵਿੱਚ ਅੱਗੇ ਪਿੱਛੇ ਹੋਣ ਦੀ ਸੂਰਤ ਵਿੱਚ ਸੰਪਰਕ ਬਣਾਉਣ ਲਈ ਬੇਟੇ ਨੇ ਦਿੱਤਾ ਸੀ। ਅਸੀਂ ਭੀੜ ਵਿੱਚ ਤੁਰੇ ਆਉਂਦੇ ਪਤਾ ਨਹੀਂ ਕਿਹੜੇ ਵੇਲੇ ਅੱਗੇ ਪਿੱਛੇ ਹੋ ਗਏ ਤੇ ਇੱਕ ਦੂਜੇ ਤੋਂ ਵਿੱਛੜ ਗਏ। ਮੈਂ ਤੁਰਦਾ ਬੇਟੇ ਕੋਲ ਪੁੱਜ ਗਿਆ, ਪਰ ਮੇਰਾ ਪੋਤਾ ਪਿੱਛੇ ਹੀ ਕਿਧਰੇ ਰਹਿ ਗਿਆ। ਬੇਟਾ ਘਬਰਾ ਕੇ ਪੁੱਛਣ ਲੱਗਾ, ‘‘ਸ਼ੌਰਿਆ ਕਿੱਥੇ ਹੈ।’’ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਪੋਤਾ ਮੇਰੇ ਨਾਲ ਨਹੀਂ ਸੀ। ਸਭ ਨੂੰ ਘਬਰਾਹਟ ਹੋ ਗਈ। ਉਸ ਦਾ ਫੋਨ ਮੇਰੇ ਕੋਲ ਸੀ। ਬੱਚੇ ਬਾਰੇ ਸੋਚ ਕੇ ਸਾਰੇ ਘਬਰਾ ਰਹੇ ਸਨ। ਮੈਨੂੰ ਜਰਮਨ ਭਾਸ਼ਾ ਵੀ ਨਹੀਂ ਸੀ ਆਉਂਦੀ। ਬੇਟਾ ਪੋਤੀ ਨੂੰ ਮੇਰੇ ਕੋਲ ਛੱਡ ਕੇ ਪੋਤੇ ਨੂੰ ਲੱਭਣ ਭੱਜਾ। ਅਸੀਂ ਅੱਡੀਆਂ ਚੁੱਕ ਚੁੱਕ ਆ ਜਾ ਰਹੇ ਬੱਚਿਆਂ ਵਿੱਚ ਆਪਣਾ ਬੱਚਾ ਲੱਭ ਰਹੇ ਸੀ। ਜਦੋਂ ਪੋਤੇ ਨੇ ਵੇਖਿਆ ਕਿ ਦਾਦੂ ਨਾਲ ਨਹੀਂ ਤੇ ਫੋਨ ਵੀ ਉਸ ਕੋਲ ਨਹੀਂ, ਇਸ ਨਾਲ ਉਹ ਵੀ ਘਬਰਾ ਗਿਆ ਕਿ ਹੁਣ ਸੰਪਰਕ ਕਵਿੇਂ ਕਰਾਂ। ਉਹ ਵੀ ਖਲੋ ਕੇ ਆਸੇ ਪਾਸੇ ਮੈਨੂੰ ਲੱਭਣ ਲੱਗਾ। ਕੁਝ ਦੇਰ ਬਾਅਦ ਮੇਰਾ ਪੋਤਾ ਡਡਿਆਇਆ ਜਿਹਾ ਮੇਰੇ ਵੱਲ ਭੱਜਾ ਆਉਂਦਾ ਦਿਸਿਆ, ਪਲ ਕੁ ਦੀ ਝਲਕ ਦਿਖਾ ਕੇ ਉਹ ਫੇਰ ਅੱਖੋਂ ਓਝਲ ਹੋ ਗਿਆ। ਇਸ ਦੌਰਾਨ ਹੀ ਫਿਰ ਉਹ ਮੇਰੇ ਵੱਲ ਤੁਰਿਆ ਆ ਰਿਹਾ ਸੀ। ਬੇਟੇ ਨੂੰ ਫੋਨ ਕਰਕੇ ਵਾਪਸ ਬੁਲਾਇਆ।
ਪੋਤੇ ਨੂੰ ਮਿਲ ਕੇ ਸਹਿਜ ਹੋਣ ਤੋਂ ਬਾਅਦ ਮੈਂ ਉਸ ਨੂੰ ਇਸ ਘਟਨਾਕ੍ਰਮ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਨੂੰ ਤੁਹਾਡੀ ਪੱਗ ਦਿਸ ਗਈ। ਸਾਰੇ ਮੇਲੇ ਵਿੱਚ ਮੈਂ ਹੀ ਪੱਗ ਬੰਨ੍ਹੀ ਸੀ। ਦੁਬਾਰਾ ਅੱਖੋਂ ਓਹਲੇ ਹੋਣ ’ਤੇ ਵੀ ਪੱਗ ਕਰਕੇ ਹੀ ਅਸੀਂ ਮਿਲੇ। ਦਰਅਸਲ ਪੱਗ ਭੀੜ ਵਿੱਚ ਦੂਰੋਂ ਹੀ ਪਛਾਣੀ ਗਈ। ਅਸੀਂ ਹੈਰਾਨ ਸਾਂ ਕਿ ਪੱਗ ਕਵਿੇਂ ਸੰਪਰਕ ਦਾ ਸਾਧਨ ਬਣ ਗਈ। ਮੈਨੂੰ ਉਹ ਗੀਤ ਯਾਦ ਆ ਰਿਹਾ ਸੀ ਜੋ ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਦਾ ਜਥਾ ਗਾਉਂਦਾ ਹੁੰਦਾ ਸੀ, ‘‘ਐਸਾ ਸਾਜੂੰ ਸਿੱਖ, ਲੁਕੇ ਨਾ ਲੱਖਾਂ ਵਿੱਚ ਖੜ੍ਹਾ। ਇਹ ਇਸ ਤਰ੍ਹਾਂ ਹੀ ਹੋਇਆ। ਲੋਕਾਂ ਦੀ ਭੀੜ ਵਿੱਚ ਖੋ ਕੇ ਵੀ ਪੋਤੇ ਨੇ ਪੱਗ ਦੀ ਬਦੌਲਤ ਆਪਣੇ ਪਰਿਵਾਰ ਨੂੰ ਮੁੜ ਲੱਭ ਲਿਆ। ਇਹ ਸੋਚ ਕੇ ਮਨ ਘਬਰਾ ਜਾਂਦਾ ਹੈ ਕਿ ਜੇ ਮੇਰੇ ਪੰਗ ਨਾ ਬੰਨ੍ਹੀ ਹੁੰਦੀ ਤਾਂ ਅਸੀਂ ਗੁਆਚੇ ਬੱਚੇ ਨੂੰ ਇੰਨੀ ਭੀੜ ਵਿੱਚੋਂ ਕਵਿੇਂ ਲੱਭਦੇ। ਇਹ ਸਭ ਪੱਗ ਦੀ ਹੀ ਕਰਾਮਾਤ ਹੈ ਕਿ ਅੱਜ ਸਾਡਾ ਬੱਚਾ ਪਰਿਵਾਰ ਵਿੱਚ ਸਹੀ ਸਲਾਮਤ ਹੈ।
ਸੰਪਰਕ: 98720-36192