ਜਦੋਂ ਫਸੇ ਹੋਏ 26 ਡਾਲਰ ਮਿਲੇ
ਕੁਲਦੀਪ ਸਿੰਘ
ਇਹ ਘਟਨਾ ਜੂਨ 1991 ਦੀ ਹੈ। ਅਸੀਂ ਚਾਰ ਜੀਆਂ ਦੇ ਪਰਿਵਾਰ ਯਾਨੀ ਮੈਂ, ਮੇਰੀ ਪਤਨੀ ਅਤੇ ਦੋ ਛੋਟੀ ਉਮਰ ਦੇ ਲੜਕਿਆਂ ਨੂੰ ਕੈਲੀਫੋਰਨੀਆ ਆਇਆਂ ਨੂੰ ਮਸਾ ਅਜੇ ਮਹੀਨਾ-ਖੰਡ ਹੀ ਹੋਇਆ ਸੀ। ਸਿਵਲ ਇੰਜਨੀਅਰਿੰਗ ਦੀ ਸੂਬੇ ਦੀ ਸਰਕਾਰੀ ਨੌਕਰੀ ਮੈਨੂੰ ਮਿਲ ਚੁੱਕੀ ਸੀ। ਪਹਿਲੇ ਦਿਨ 3 ਜੂਨ ਨੂੰ ਸਾਂ ਫਰਾਂਸਿਸਕੋ ਮਹਿਕਮੇ ਦੇ ਦਫ਼ਤਰ ’ਚ ਡਿਊਟੀ ’ਤੇ ਹਾਜ਼ਰ ਹੋਇਆ ਸੀ। ਰਿਚਮੰਡ ਸ਼ਹਿਰ ਰਹਿਣ ਲਈ ਦੋ-ਕਮਰਾ-ਬਾਥਰੂਮ ਅਤੇ ਰਸੋਈ ਵਾਲਾ ਅਪਾਰਟਮੈਂਟ ਕਿਰਾਏ ’ਤੇ ਲੈ ਲਿਆ ਸੀ। ਘਰੋਂ ਕੰਮ ’ਤੇ ਜਾਣ-ਆਉਣ ਲਈ ਬਾਰਟ (ਮੈਟਰੋ) ਗੱਡੀ ਸੁਲੱਭ ਸੀ। ਇਹ ਰਿਹਾਇਸ਼ ਲੱਭਣ ’ਚ ਮੇਰੇ ਜਾਣਕਾਰਾਂ ਨੇ ਜੋ ਕੈਲੀਫੋਰਨੀਆ ’ਚ ਪਹਿਲਾਂ ਹੀ ਚਿਰਾਂ ਤੋਂ ਰਹਿ ਰਹੇ ਸਨ, ਮੇਰੀ ਮਦਦ ਕੀਤੀ ਸੀ। ਇਸ ਰਿਚਮੰਡ ਦੇ ਐੱਡਰੈਸ ’ਤੇ ਹੀ ਇੱਕ ਦਿਨ ਡਾਕੀਏ ਨੇ ਤਰਜੀਹੀ ਡਾਕ ਮੇਰੇ ਦਸਤਖ਼ਤ ਕਰਾ ਕੇ ਮੇਰੇ ਹੱਥ ’ਚ ਫੜਾ ਦਿੱਤੀ। ਇਸ ਡਾਕ ਨੂੰ ਖੋਲ੍ਹ ਕੇ ਮੈਨੂੰ ਹੈਰਾਨੀ ਵੀ ਹੋਈ ਅਤੇ ਇੱਕ ਜਿੱਤ ਦਾ ਅਹਿਸਾਸ ਵੀ। ਇਹ ਖ਼ੁਸ਼ੀ ਵਾਲੀ ਕਿਹੜੀ ਗੱਲ ਸੀ, ਇਸ ਦਾ ਹੀ ਖ਼ੁਲਾਸਾ ਕਰਨ ਜਾ ਰਿਹਾ ਹਾਂ।
ਫਰਵਰੀ 1988 ਨੂੰ ਨਿਊ ਜਰਸੀ ਟਰਨਪਾਇਕ (ਸ਼ਾਹਰਾਹ) ’ਤੇ ਚੱਲ ਰਹੇ ਉਸਾਰੀ ਦੇ ਕੰਮ ’ਤੇ ਬਤੌਰ ਨਿਗਰਾਨ ਸਿਵਲ ਇੰਜਨੀਅਰ ਮੇਰੀ ਤਾਇਨਾਤੀ ਹੋਈ ਸੀ। ਰਿਹਾਇਸ਼ ਲਈ ਮੈਂ ਅਤੇ ਮੇਰੀ ਪਤਨੀ ਨੇ ਪਲੈਨਜ਼ਬੋਰੋ ਟਾਊਨਸ਼ਿਪ (ਨਿਊ ਜਰਸੀ) ਵਿਖੇ ਇੱਕ ਕਮਰੇ ਵਾਲਾ ਅਪਾਰਟਮੈਂਟ ਬਾਥਰੂਮ ਰਸੋਈ ਸਮੇਤ ਕਿਰਾਏ ’ਤੇ ਲੈ ਲਿਆ। ਉਸ ਵੇਲੇ ਤੱਕ ਅਜੇ ਸਾਡੇ ਘਰ ਕਿਸੇ ਬੱਚੇ ਨੇ ਜਨਮ ਨਹੀਂ ਸੀ ਲਿਆ। ਮੇਰੀ ਪਤਨੀ ਘਰ ਤੋਂ ਲਾਗਲੇ ਸਟੋਰ ’ਚ ਕੈਸ਼ੀਅਰ ਦੀ ਨੌਕਰੀ ’ਤੇ ਲੱਗ ਗਈ। ਸਤੰਬਰ 1988 ਨੂੰ ਸਾਡੇ ਘਰ ਇੱਕ ਸਿਹਤਮੰਦ ਲੜਕੇ ਪ੍ਰਭਦੀਪ ਸਿੰਘ ਨੇ ਜਨਮ ਲਿਆ। ਬੱਚੇ ਦੀ ਰੋਣ ਦੀ ਆਵਾਜ਼ ਜਦੋਂ ਅਪਾਰਟਮੈਂਟ ਮੈਨੇਜਰ ਦੇ ਕੰਨੀਂ ਪਈ ਤਾਂ ਉਸ ਨੇ ਸਾਨੂੰ ਦੋ ਕਮਰੇ ਵਾਲਾ ਅਪਾਰਟਮੈਂਟ ਲੈਣ ਦਾ ਹੁਕਮ ਚਾੜ੍ਹ ਦਿੱਤਾ, ਨਾ ਲੈਣ ਦੀ ਸੂਰਤ ’ਚ ਅਪਾਰਟਮੈਂਟ ਨੂੰ ਖਾਲੀ ਕਰਨ ਲਈ ਕਿਹਾ। ਦੋ ਕਮਰਿਆਂ ਵਾਲਾ ਅਪਾਰਟਮੈਂਟ ਲੈਣ ਦੀ ਹਿੰਮਤ ਤੇ ਬਜਟ ਸਾਡੇ ਕੋਲ ਨਹੀਂ ਸੀ। ਇਸ ਲਈ ਅਸੀਂ ਪਲੈਨਜ਼ਬੋਰੋ ਤੋਂ 10 ਮੀਲ ਹਟਵੇਂ ਸ਼ਹਿਰ ਕਰੈਨਬੇਰੀ ’ਚ ਇੱਕ ਕਮਰੇ ਵਾਲੇ ਅਪਾਰਟਮੈਂਟ ’ਚ ਜਾ ਡੇਰੇ ਲਾਏ।
ਛੋਟੇ ਬਾਲਕ ਪ੍ਰਭਦੀਪ ਨੂੰ ਸੰਭਾਲਣ ਲਈ ਮੇਰੀ ਪਤਨੀ ਕੁਲਦੀਪ ਕੌਰ ਆਪਣੀ ਨੌਕਰੀ ਛੱਡ ਕੇ ਸੁਆਣੀ ਬਣ ਗਈ। ਜਦੋਂ ਅਸੀਂ ਪਲੈਨਜ਼ਬੋਰੋ ਵਾਲੀ ਰਿਹਾਇਸ਼ ਛੱਡੀ ਤਾਂ ਉਸ ਵੇਲੇ ਬਿਜਲੀ-ਗੈਸ ਕੰਪਨੀ ਵੱਲ ਸਾਡੇ ਕਰੀਬ 26 ਡਾਲਰ ਰਹਿ ਗਏ ਸਨ। ਸ਼ਾਇਦ ਇਹ ਪੈਸੇ ਬਿਜਲੀ ਖਾਤੇ ਦੀ ਜ਼ਮਾਨਤੀ ਰਕਮ ਨਾਲ ਸਬੰਧਤ ਸਨ। ਮੈਂ ਬਿਜਲੀ-ਗੈਸ ਕੰਪਨੀ ਨੂੰ ਇਸ ਪੈਸੇ ਨੂੰ ਵਾਪਸ ਕਰਨ ਲਈ ਫੋਨ ਵੀ ਕੀਤੇ, ਚਿੱਠੀਆਂ ਵੀ ਲਿਖੀਆਂ, ਆਪ ਵੀ ਉਨ੍ਹਾਂ ਦੇ ਦਫ਼ਤਰ ਜਾ ਕੇ ਇਸ ਬਾਰੇ ਬੇਨਤੀ ਕੀਤੀ, ਪਰ ਬਿਜਲੀ-ਗੈਸ ਕੰਪਨੀ ਟਸ ਤੋਂ ਮਸ ਨਾ ਹੋਈ। ਬਿਜਲੀ-ਗੈਸ ਕੰਪਨੀ ਨੂੰ ਬੇਨਤੀਆਂ ਕਰਨ ਦਾ ਇਹ ਸਿਲਸਿਲਾ ਕੋਈ ਦੋ ਢਾਈ ਸਾਲ ਚੱਲਿਆ। ਜ਼ਿੰਦਗੀ ਦੀ ਚਾਲ ਨੇ ਤਾਂ ਆਪਣੀ ਚਾਲ ਚੱਲਣਾ ਹੀ ਸੀ। ਜੂਨ 1990 ’ਚ ਮੇਰੇ ਘਰ ਦੂਜੇ ਬਾਲਕ ਪ੍ਰਿਤਪਾਲ ਸਿੰਘ ਨੇ ਜਨਮ ਲਿਆ। ਮਾਰਚ 1991 ’ਚ ਮੈਨੂੰ ਪਰਿਵਾਰ ਸਮੇਤ ਸੂਬਾ ਨਿਊ ਜਰਸੀ ਛੱਡ ਕੇ ਡੋਵਰ (ਡੈਲਵੇਅਰ) ਜਾਣਾ ਪਿਆ। ਨਵੀਂ ਕੰਪਨੀ ਨਵਾਂ ਕੰਮ, ਇਰਾਕ-ਅਮਰੀਕਾ ਦੀ ਲੜਾਈ ਕਾਰਨ ਨਿਊ ਜਰਸੀ ਵਾਲੇ ਕੰਮ ’ਚ ਮੰਦਹਾਲੀ ਆਉਣੀ ਦਿਸਣੀ ਸ਼ੁਰੁੂ ਹੋ ਗਈ ਸੀ। ਅਜੇ ਡੋਵਰ (ਡੈਲਵੇਅਰ) ਤਿੰਨ ਮਹੀਨੇ ਹੀ ਕੰਮ ਕੀਤਾ ਹੋਵੇਗਾ ਕਿ ਮੈਨੂੰ ਕੈਲੀਫੋਰਨੀਆ ਤੋਂ ਸਰਕਾਰੀ ਨੌਕਰੀ ਕਰਨ ਲਈ ਪੇਸ਼ਕਸ਼ ਖ਼ਤ ਮਿਲ ਗਿਆ। ਵਾਰੇ ਨਿਆਰੇ ਹੋ ਗਏ, ਖ਼ੁਸ਼ੀਆਂ ਹੀ ਖ਼ੁਸ਼ੀਆਂ, ਪੱਕੀ ਪੈਨਸ਼ਨ ਵਾਲੀ ਸਰਕਾਰੀ ਨੌਕਰੀ, ਸਿਵਲ ਇੰਜਨੀਅਰ ਦਰਜਾ ਏ।
21 ਮਈ, 1991 ਨੂੰ ਚਾਰ ਜੀਆਂ ਦੇ ਪਰਿਵਾਰ ਸਮੇਤ ਮੈਂ ਡੋਵਰ (ਡੈਲਵੇਅਰ) ਤੋਂ ਆਪਣੀ ਪਤਨੀ ਵਾਲੀ ਕਾਰ ’ਤੇ ਚਾਰ ਦਿਨਾਂ ’ਚ 3100 ਮੀਲ ਦਾ ਸਫ਼ਰ ਤੈਅ ਕਰਕੇ ਸੈਕਰਾਮੈਂਟੋ (ਕੈਲੀਫੋਰਨੀਆ) ਆਪਣੇ ਸਬੰਧੀਆਂ ਦੇ ਘਰ ਸਹੀ ਸਲਾਮਤ ਪੁੱਜ ਗਏ। ਰਿਚਮੰਡ ਸ਼ਹਿਰ ’ਚ ਘਰ-ਟਿਕਾਣਾ ਹਾਸਿਲ ਕਰਨ ਤੋਂ ਬਾਅਦ, ਮੈਂ ਇੱਕ ਸ਼ਿਕਾਇਤ ਭਰੀ ਚਿੱਠੀ ਬਿਜਲੀ-ਗੈਸ ਕੰਪਨੀ ਤੋਂ ਆਪਣੇ ਪੈਸੇ ਵਾਪਸ ਲੈਣ ਲਈ ਬੈਟਰ ਬਿਜ਼ਨਿਸ ਬਿਊਰੋ (ਵਪਾਰੀ ਕੰਪਨੀਆਂ ’ਤੇ ਪਹਿਰਾ ਕਰਨ ਵਾਲਾ, ਵਾਚਡੋਗ ਅਤੇ ਹਮੇਸ਼ਾਂ ਗਾਹਕ ਦੇ ਹੱਕ ’ਚ ਭੁਗਤਨ ਵਾਲਾ ਅਦਾਰਾ) ਨੂੰ ਲਿਖ ਦਿੱਤੀ। ਬਿਜਲੀ-ਗੈਸ ਕੰਪਨੀ ਨਾਲ ਹੋਏ ਖ਼ਤੋ-ਕਿਤਾਬ ਦੀਆਂ ਕਾਪੀਆਂ ਦਾ ਪੁਲੰਦਾ ਨਾਲ ਹੀ ਭੇਜ ਦਿਤਾ।
ਮੇਰੀ ਇਸ ਚਿੱਠੀ ਦਾ ਅਸਰ ਬਹੁਤ ਸਖ਼ਤ ਹੋਇਆ। ਬੈਟਰ ਬਿਜ਼ਨਿਸ ਬਿਊਰੋ ਨੇ ਕਥਿਤ ਕੰਪਨੀ ਦੇ ਕੰਨ ਖਿੱਚ ਦਿੱਤੇ। ਮੈਨੂੰ ਜਿਹੜਾ ਪੱਤਰ ਡਾਕੀਏ ਨੇ ਦਿੱਤਾ ਸੀ, ਉਸ ਵਿੱਚੋਂ ਮੈਨੂੰ ਬਿਜਲੀ-ਗੈਸ ਕੰਪਨੀ ਵੱਲੋਂ ਮੇਰੇ ਨਾਮ ’ਤੇ ਮੇਰੀ ਬਕਾਏ ਦੀ ਰਕਮ 26 ਡਾਲਰ ਦਾ ਚੈੱਕ, ਨਾਲ ਹੀ ਬੈਟਰ ਬਿਜ਼ਨਸ ਬਿਊਰੋ ਦੇ ਝਾੜ-ਝੰਬ ਵਾਲੇ ਖ਼ਤ ਦੀ ਕਾਪੀ ਮਿਲੀ। ਬੈਟਰ ਬਿਜ਼ਨੈਸ ਬਿਊਰੋ ਨੇ ਬਿਜਲੀ-ਗੈਸ ਕੰਪਨੀ ਨੂੰ ਲਿਖਿਆ ਸੀ, ‘‘ਯੂ ਹੈਵ ਹਰਾਸਡ ਦਿਸ ਕਸਟਮਰ ਬਿਓਂਡ ਦਿ ਲਿਮਿਟ, ਪਲੀਜ਼ ਰੀਫੰਡ ਹਿਜ਼ ਬੈਲੈਂਸ ਇਮੀਡੀਏਟਲੀ। ਫੇਲਯਰ ਟੂ ਇਸ਼ੂ ਏ ਰਿਫੰਡ ਵਿਲ ਰਿਜਲਟ ਇਨ ਯੂਅਰ ਕੰਪਨੀ ਬੀਇੰਗ ਬਲੈਕਲਿਸਟਿਡ।’’ (ਇਸ ਗਾਹਕ ਨੂੰ ਤੁਸੀਂ ਹੱਦ ਤੋਂ ਬਾਹਰਾ ਪਰੇਸ਼ਾਨ ਕਰ ਚੁੱਕੇ ਹੋ, ਕਿਰਪਾ ਕਰਕੇ ਇਸ ਦਾ ਬਕਾਇਆ ਛੇਤੀ ਤੋਂ ਛੇਤੀ ਵਾਪਸ ਕਰ ਦਿਓ। ਬਕਾਇਆ ਜਾਰੀ ਨਾ ਕਰਨ ਦੀ ਸੂਰਤ ’ਚ ਤੁਹਾਡੀ ਕੰਪਨੀ ਕਾਲੀ ਸੂਚੀ ’ਚ ਪੈ ਜਾਵੇਗੀ।’’
ਅਮਰੀਕਾ ’ਚ ਬਹੁਤ ਸਾਰੇ ਅਦਾਰੇ ਅਤੇ ਕਾਨੂੰਨ ਜਨ-ਸਾਧਾਰਨ ਸ਼ਹਿਰੀ ਦੇ ਅਧਿਕਾਰਾਂ ਦੀ ਰਾਖੀ ਕਰਦੇ ਹਨ, ਪਰ ਨਾਗਰਿਕਾਂ ਨੂੰ ਵੀ ਸੁਚੇਤ ਰਹਿਣ ਦੀ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੈ।
ਸੰਪਰਕ: 510 676 0248