ਜਦੋਂ ਖੂਹ ਪਿਆਸੇ ਕੋਲ ਚੱਲ ਕੇ ਆਇਆ...
ਪ੍ਰੋ. ਨਵ ਸੰਗੀਤ ਸਿੰਘ
ਮੈਂ ਕੁਝ ਸਮਾਂ ਪਹਿਲਾਂ ਹੀ ਤਲਵੰਡੀ ਸਾਬੋ ਤੋਂ ਪਟਿਆਲੇ ਦੀ ਇੱਕ ਨਵੀਂ ਬਣੀ ਕਲੋਨੀ ਵਿੱਚ ਪਰਿਵਾਰ ਸਮੇਤ ਸ਼ਿਫ਼ਟ ਹੋਇਆ ਤਾਂ ਬਹੁਤ ਸਾਰੇ ਕਰਨ ਵਾਲੇ ਕੰਮ ਸਨ। ਨਵਾਂ ਮਾਹੌਲ, ਨਵੇਂ ਲੋਕ, ਨਵੇਂ ਰਸਤੇ...। ਪਰ ਸਭ ਤੋਂ ਵੱਡੀ ਗੱਲ ਸੀ ਆਪਣੇ ਸਹੀ ਐਡਰੈੱਸ ਬਾਰੇ ਜਾਣਕਾਰੀ ਲੈਣੀ। ਲੇਖਕ ਹੋਣ ਕਰਕੇ ਮੇਰਾ ਵਾਹ-ਵਾਸਤਾ ਲੇਖਕ ਮਿੱਤਰ ਦੋਸਤਾਂ ਨਾਲ ਹੈ, ਜਿਨ੍ਹਾਂ ਦੀਆਂ ਕਿਤਾਬਾਂ, ਮੈਗਜ਼ੀਨ, ਚਿੱਠੀ ਪੱਤਰ ਅਕਸਰ ਆਉਂਦੇ ਰਹਿੰਦੇ ਹਨ, ਇਸ ਲਈ ਡਾਕ ਦਾ ਪਤਾ ਤੁਰੰਤ ਬਦਲਿਆ। ਹਫ਼ਤੇ ਕੁ ਪਿੱਛੋਂ ਹੀ ਮੈਨੂੰ ਦੋ ਚਿੱਠੀਆਂ ਅੱਗੜ-ਪਿੱਛੜ ਆਈਆਂ ਤਾਂ ਡਾਕੀਏ ਨੇ ਫੋਨ ਕਰਕੇ ਪੁੱਛਿਆ ਕਿ ਤੁਹਾਡਾ ਘਰ ਕਿੱਥੇ ਕੁ ਹੈ। ਮੈਂ ਜਿੰਨਾ ਕੁ ਸਮਝਾ ਸਕਦਾ ਸਾਂ ਸਮਝਾਇਆ। ਪਰ ਡਾਕੀਏ ਨੇ ਕਿਹਾ ਕਿ ਮੈਂ ਫਲਾਣੀ ਥਾਂ ’ਤੇ ਹਾਂ, ਏਥੋਂ ਸਮਝਾਓ। ਮੈਂ ਕੀ ਸਮਝਾਉਂਦਾ, ਕਿਉਂਕਿ ਮੈਨੂੰ ਤਾਂ ਮਾੜਾ-ਮੋਟਾ ਆਪਣੇ ਆਲੇ-ਦੁਆਲੇ ਬਾਰੇ ਹੀ ਪਤਾ ਸੀ। ਡਾਕੀਏ ਨੇ ਇਹ ਕਹਿ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕੱਲ੍ਹ ਆਵਾਂਗਾ ਪਰ ਚੰਗੀ ਕਿਸਮਤ ਨੂੰ ਇੱਕ ਤੁਰੇ ਜਾਂਦੇ ਬੰਦੇ ਨੂੰ ਮੈਂ ਫੋਨ ਫੜਾਇਆ ਤਾਂ ਉਹਨੇ ਮੇਰੇ ਘਰ ਦੀ ਲੋਕੇਸ਼ਨ ਡਾਕੀਏ ਨੂੰ ਸਮਝਾ ਦਿੱਤੀ ਤੇ ਉਹ ਆ ਕੇ ਮੈਨੂੰ ਚਿੱਠੀਆਂ ਫੜਾ ਗਿਆ।
ਖ਼ੈਰ... ਹੁਣ ਅਗਲਾ ਕੰਮ ਬੈਂਕਾਂ, ਡਾਕਖਾਨਿਆਂ ਦੇ ਖਾਤੇ ਬਦਲਾਉਣ ਦਾ ਸੀ, ਜਿਸ ਵਾਸਤੇ ਆਧਾਰ ਕਾਰਡ ਵਿੱਚ ਪਤਾ ਬਦਲਾਉਣਾ ਜ਼ਰੂਰੀ ਸੀ। ਕਿਸੇ ਸਿਆਣੇ ਬੰਦੇ ਨੇ ਸਲਾਹ ਦਿੱਤੀ ਕਿ ਆਪਣੇ ਘਰ ਦੀ ਰਜਿਸਟਰੀ ਦੇ ਕਾਗਜ਼ ਲੈ ਜਾਣਾ, ਉਸੇ ਵਿੱਚ ਲਿਖੇ ਪਤੇ ਦੇ ਮੁਤਾਬਕ ਆਧਾਰ ਕਾਰਡ ਵਿੱਚ ਪਤਾ ਬਦਲ ਜਾਵੇਗਾ। ਮੈਂ ਖ਼ੁਸ਼ੀ-ਖ਼ੁਸ਼ੀ ਨੇੜੇ ਦੇ ਸੇਵਾ ਕੇਂਦਰ ਵਿੱਚ ਗਿਆ ਤਾਂ ਉੱਥੋਂ ਦੇ ਅਮਲੇ ਨੇ ਇੱਕ ਫਾਰਮ ਦਿੰਦਿਆਂ ਕਿਹਾ ਕਿ ਇਸਨੂੰ ਤਸਦੀਕ ਕਰਵਾ ਲਿਆਓ, ਨਵੇਂ ਐਡਰੈੱਸ ਵਾਲਾ ਆਧਾਰ ਕਾਰਡ ਬਣ ਜਾਵੇਗਾ। ਮੈਂ ਮਾਯੂਸ ਹੋ ਕੇ ਘਰ ਮੁੜਿਆ ਤੇ ਤਸਦੀਕ ਕਰਨ ਵਾਲੇ ਵਿਅਕਤੀ ਬਾਰੇ ਸੋਚਣ ਲੱਗਿਆ। ਇੱਕ ਗੁਆਂਢੀ ਨੇ ਦੱਸਿਆ ਕਿ ਨੇੜੇ ਪਿੰਡ ਦਾ ਸਰਪੰਚ ਮੇਰਾ ਜਾਣਕਾਰ ਹੈ, ਉਸ ਤੋਂ ਕਰਵਾ ਲਵਾਂਗੇ। ਮੈਂ ਸਰਪੰਚ ਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਉਹ ਘਰ ਨਹੀਂ ਹੈ, ਕੱਲ੍ਹ ਸਵੇਰੇ ਮਿਲ ਸਕੇਗਾ। ਅਗਲੇ ਦਿਨ ਸਰਪੰਚ ਦੇ ਘਰ ਗਿਆ ਤਾਂ ਕਹਿੰਦਾ ਬੈਠੋ, ਕਰਵਾ ਦਿੰਦਾ ਹਾਂ। ਮੈਂ 25-30 ਮਿੰਟ ਬੈਠਾ ਤੇ ਉਹ ਕਿਸੇ ਔਰਤ ਦੇ ਹਸਤਾਖਰ ਸਮੇਤ ਫਾਰਮ ਲੈ ਆਇਆ। ਮੈਨੂੰ ਸਮਝ ਨਾ ਆਈ ਕਿ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਫਲਾਂ ਬੰਦਾ ਸਰਪੰਚ ਹੈ ਤੇ ਇਹ ਔਰਤ...। ਖ਼ੈਰ...। ਮੈਨੂੰ ਦਸਤਖ਼ਤ ਚਾਹੀਦੇ ਸਨ, ਜੋ ਹੋ ਗਏ ਨੇ, ਮੈਂ ਕੀ ਲੈਣਾ, ਕੋਈ ਹੋਵੇ!
ਅਗਲੇ ਦਿਨ ਫਿਰ ਸੇਵਾ ਕੇਂਦਰ ਗਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਮੋੜ ਦਿੱਤਾ ਕਿ ‘‘ਫਾਰਮ ਸਹੀ ਨਹੀਂ ਭਰਿਆ, ਪਿਤਾ ਦੇ ਨਾਂ ਮੂਹਰੇ ਸ. ਜਾਂ ਸ੍ਰੀ ਨਹੀਂ ਲਿਖਣਾ, ਪਿਤਾ ਲਈ ‘ਕੇਅਰ ਆਫ’ ਹੀ ਲਿਖਣਾ ਹੈ, ‘ਫਾਦਰ ਆਫ’ ਨਹੀਂ ਲਿਖਣਾ। ਠੀਕ ਤਰ੍ਹਾਂ ਨਵਾਂ ਫਾਰਮ ਭਰ ਕੇ ਲਿਆਓ।’’ ਮੈਂ ਸ਼ਸ਼ੋਪੰਜ ਵਿੱਚ ਸਾਂ ਕਿ ਪਿਤਾ ਦੇ ਨਾਂ ਨਾਲ ਸ./ਸ੍ਰੀ ਕਿਉਂ ਨਹੀਂ ਲਿਖਣਾ ਚਾਹੀਦਾ... ਹੁਣ ਨਵਾਂ ਫਾਰਮ ਭਰਿਆ, ਦੁਬਾਰਾ ਸਰਪੰਚ ਨੂੰ ਬੇਨਤੀ ਕੀਤੀ ਤੇ ਦਸਤਖ਼ਤ ਕਰਵਾਏ। ਤੀਜੀ ਵਾਰ ਸੇਵਾ ਕੇਂਦਰ ਗਿਆ ਤਾਂ ਕਹਿਣ ਲੱਗੇ ਕਿ ਦਸਤਖ਼ਤ ਸਹੀ ਨਹੀਂ ਹੋਏ, ਮੋਹਰ ਠੀਕ ਨਹੀਂ ਲੱਗੀ। ਫੇਰ ਨਵਾਂ ਫਾਰਮ ਮਿਲਿਆ। ਭਰ ਤਾਂ ਲਿਆ ਪਰ ਦੁਬਿਧਾ ਵਿੱਚ ਸਾਂ ਕਿ ਫਿਰ ਤੋਂ ਸਰਪੰਚ ਕੋਲ ਜਾਣਾ ਪਵੇਗਾ। ਉਹ ਕੀ ਆਖੇਗਾ, ਮੈਂ ਕੀ ਕਹਾਂਗਾ...। ਮੈਂ ਸ਼ਾਮ ਤੱਕ ਕੋਈ ਫ਼ੈਸਲਾ ਨਾ ਲੈ ਸਕਿਆ। ਯੂਨੀਵਰਸਿਟੀ ਇੱਕ ਦੋ ਪੁਰਾਣੇ ਬੰਦੇ ਜਾਣਦੇ ਸਨ। ਅਗਲੇ ਦਿਨ ਯੂਨੀਵਰਸਿਟੀ ਦੇ ਇੱਕ ਪ੍ਰੋਫ਼ੈਸਰ-ਕਮ-ਮੁਖੀ ਤੋਂ ਦਸਤਖ਼ਤ ਕਰਵਾਏ। ਸੇਵਾ ਕੇਂਦਰ ਨੇ ਫੇਰ ਮੋੜ ਦਿੱਤਾ ਕਿ ਇਹ ਤਾਂ ਗਜ਼ਟਿਡ ਅਫ਼ਸਰ ਨਹੀਂ ਹੈ। ਨਵਾਂ ਫਾਰਮ ਲਿਆ। ਕਾਲੋਨੀ ਵਿਚਲੇ ਦੋ ਸਕੂਲਾਂ ਵਿੱਚ ਗਿਆ ਪਰ ਉੱਥੇ ਵੀ ਗੱਲ ਨਾ ਬਣੀ ਕਿਉਂਕਿ ਸਕੂਲਾਂ ਵਿੱਚ ਮੁੱਖ ਅਧਿਆਪਕ ਨਹੀਂ ਸੀ ਤੇ ਇੰਚਾਰਜ ਕੋਲ ਤਸਦੀਕ ਕਰਨ ਦੀ ਸ਼ਕਤੀ ਨਹੀਂ ਸੀ। ਸਰਕਾਰੀ ਪਸ਼ੂ ਹਸਪਤਾਲ ਵਿੱਚ ਵੀ ਗਿਆ। ਉੱਥੇ ਵੀ ਡਾਕਟਰ ਨਹੀਂ ਸੀ, ਸਿਰਫ਼ ਇੰਸਪੈਕਟਰ ਸੀ।
ਹੁਣ ਮੈਂ ਹੌਸਲਾ ਹਾਰ ਚੁੱਕਾ ਸਾਂ ਕਿ ਪਟਿਆਲੇ ਦੇ ਇੱਕ ਲੇਖਕ ਮਿੱਤਰ ਇੰਜੀ. ਸਤਨਾਮ ਸਿੰਘ ਮੱਟੂ ਦਾ ਫੋਨ ਆਇਆ, ‘‘ਪ੍ਰੋਫੈਸਰ ਸਾਹਿਬ! ਘਰੇ ਹੋ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ।’’ ਮੈਂ ਖ਼ੁਸ਼ੀ ਨਾਲ ਉਹਨੂੰ ਘਰ ਆਉਣ ਦਾ ਸੱਦਾ ਦਿੱਤਾ। ਉਹਨੇ ਆਪਣਾ ਨਵ-ਪ੍ਰਕਾਸ਼ਿਤ ਸਫ਼ਰਨਾਮਾ ‘ਹੇਮ ਕੁੰਟ ਪਰਬਤ ਹੈ ਜਹਾਂ...’ ਬੜੇ ਸਤਿਕਾਰ ਸਹਿਤ ਭੇਟ ਕੀਤੀ। ਮੈਂ ਚਾਹ-ਪਾਣੀ ਪਿਆਉਣ ਪਿੱਛੋਂ ਆਪਣੀ ਸਮੱਸਿਆ ਸਾਂਝੀ ਕੀਤੀ ਤੇ ਨਾਲ ਹੀ ਪੁੱਛਿਆ, ‘‘ਕੀ ਤੁਸੀਂ ਗਜ਼ਟਿਡ ਅਫ਼ਸਰ ਹੋ?’’ ਉਹਨੇ ‘ਹਾਂ’ ਕਹਿ ਕੇ ਕਾਰ ’ਚੋਂ ਆਪਣੀ ਮੋਹਰ ਕੱਢੀ, ਫਾਰਮ ਤਸਦੀਕ ਕੀਤਾ ਤੇ ਅਗਲੇ ਦਿਨ ਮੈਂ ਫੇਰ ਡਰਦਾ-ਡਰਦਾ ਸੇਵਾ ਕੇਂਦਰ ਵੱਲ ਚੱਲ ਪਿਆ। ਇਸ ਵਾਰ ਅਮਲੇ ਨੇ ਕੋਈ ਢੁੱਚਰ ਨਹੀਂ ਡਾਹੀ, ਫੀਸ ਲਈ, ਜ਼ਰੂਰੀ ਕਾਰਵਾਈ ਕੀਤੀ ਤੇ ਤੀਜੇ ਦਿਨ ਮੇਰੇ ਨਵੇਂ ਐਡਰੈੱਸ ਵਾਲਾ ਆਧਾਰ ਕਾਰਡ ਮੇਰੇ ਹੱਥ ਵਿੱਚ ਸੀ। ਨਵੇਂ ਪਤੇ ਲਈ ਨਿਰਧਾਰਿਤ ਫਾਰਮ ਸਹੀ ਢੰਗ ਨਾਲ ਤਸਦੀਕ ਕਰਵਾਉਣ ਲਈ ਮੈਂ ਜੋ ਮੁਸ਼ਕਿਲਾਂ ਸਹਾਰੀਆਂ, ਖੱਜਲ-ਖੁਆਰੀ ਹੋਈ, ਉਹ ਸਭ ਅਚਾਨਕ ਆਏ ਮਹਿਮਾਨ ਨਾਲ ਕਿੰਨਾ ਸੁਖਾਲਾ ਤੇ ਸਹਿਜ ਹੋ ਗਿਆ ਸੀ। ਕਹਿੰਦੇ ਹਨ ਕਿ ‘ਪਿਆਸਾ ਹੀ ਖੂਹ ਕੋਲ ਜਾਂਦਾ ਹੈ’ ਪਰ ਮੈਨੂੰ ਲੱਗਿਆ ਕਿ ਜਿਵੇਂ ਖ਼ੁਦ ਖੂਹ ਪਿਆਸੇ ਕੋਲ ਚੱਲ ਕੇ ਆਇਆ ਹੋਵੇ...।
ਸੰਪਰਕ: 94176-92015