For the best experience, open
https://m.punjabitribuneonline.com
on your mobile browser.
Advertisement

ਜਦੋਂ ਦਾ ਟੈਲੀਫੋਨ ਲੱਗਿਆ...

08:58 AM Mar 02, 2024 IST
ਜਦੋਂ ਦਾ ਟੈਲੀਫੋਨ ਲੱਗਿਆ
Advertisement

ਕੁਲਦੀਪ ਸਿੰਘ ਸਾਹਿਲ

Advertisement

ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ
ਜਦੋਂ ਦਾ ਟੈਲੀਫੋਨ ਲੱਗਿਆ
ਇਹ ਬੋਲ ਸਾਨੂੰ ਉਦੋਂ ਸੁਣਨ ਨੂੰ ਮਿਲੇ ਜਦੋਂ ਸੁਨੇਹੇ ਭੇਜਣ ਦੇ ਚਿੱਠੀਆਂ ਦੇ ਦੌਰ ਤੋਂ ਬਾਅਦ ਪੰਜਾਬ ਦੇ ਘਰਾਂ ਵਿੱਚ ਡਾਇਲ ਕਰਨ ਵਾਲੇ ਟੈਲੀਫੋਨ ਨੇ ਦਸਤਕ ਦਿੱਤੀ। ਚਿੱਠੀਆਂ ਦੇ ਦੌਰ ਤੋਂ ਪਹਿਲਾਂ ਰਾਜੇ ਮਹਾਰਾਜੇ ਢੋਲ ਨਗਾਰਿਆਂ ਨੂੰ ਸੰਚਾਰ ਸਾਧਨ ਵਜੋਂ ਵਰਤਦੇ ਸਨ ਜਾਂ ਫਿਰ ਕਬੂਤਰਾਂ ਅਤੇ ਇਨਸਾਨਾਂ ਰਾਹੀਂ ਸੁਨੇਹੇ ਭੇਜੇ ਜਾਂਦੇ ਸਨ। ਹੌਲੀ ਹੌਲੀ ਸਮੇਂ ਨੇ ਕਰਵਟ ਲਈ ਅਤੇ ਮਨੁੱਖੀ ਦਿਮਾਗ਼ ਵਿਗਿਆਨ ਬਾਰੇ ਸੋਚਣ ਲੱਗਿਆ। ਬੇਸ਼ੱਕ ਇਸ ਲਈ ਕਈ ਵਿਗਿਆਨੀਆਂ ਨੂੰ ਧਾਰਮਿਕ ਕੱਟੜਤਾ ਦਾ ਵਿਰੋਧ ਵੀ ਸਹਿਣਾ ਪਿਆ ਪਰ ਵਿਗਿਆਨਕ ਕ੍ਰਾਂਤੀ ਅੱਗੇ ਵਧਦੀ ਗਈ। ਇਸ ਵਿੱਚੋਂ ਹੀ ਸੰਚਾਰ ਕ੍ਰਾਂਤੀ ਦਾ ਜਨਮ ਹੋਇਆ ਜਿਸ ਦਾ ਸਿਹਰਾ ਸੰਚਾਰ ਕ੍ਰਾਂਤੀ ਦੇ ਮੋਢੀ ਅਲੈਗਜ਼ੈਂਡਰ ਗ੍ਰਾਹਮ ਬੈਲ ਨੂੰ ਜਾਂਦਾ ਹੈ।
ਜੇਕਰ ਅਸੀਂ ਤਕਨੀਕੀ ਤੌਰ ’ਤੇ ਟੈਲੀਫੋਨ ਨੂੰ ਦੇਖੀਏ ਤਾਂ ਇਸ ਵਿੱਚ ਇੱਕ ਟਰਾਂਸਮੀਟਰ ਅਤੇ ਇੱਕ ਰਿਸੀਵਰ ਲੱਗਿਆ ਹੁੰਦਾ ਹੈ। ਟਰਾਂਸਮੀਟਰ ਸਾਡੀ ਆਵਾਜ਼ ਨੂੰ ਬਿਜਲੀ ਤਰੰਗਾਂ ਵਿੱਚ ਬਦਲ ਕੇ ਤਾਰ ਰਾਹੀਂ ਦੂਜੇ ਪਾਸੇ ਰਿਸੀਵਰ ਵਿੱਚ ਭੇਜਦਾ ਹੈ ਜੋ ਫਿਰ ਤੋਂ ਬਿਜਲੀ ਤਰੰਗਾਂ ਨੂੰ ਆਵਾਜ਼ ਤਰੰਗਾਂ ਵਿੱਚ ਬਦਲਦਾ ਹੈ। ਅੱਜ ਦੁਨੀਆ ਇਸ ਡਾਇਲ ਵਾਲੇ ਟੈਲੀਫੋਨ ਤੋਂ ਵੀ ਕਾਫ਼ੀ ਅੱਗੇ ਨਿਕਲ ਚੁੱਕੀ ਹੈ। ਦੁਨੀਆ ਦੇ ਮਹਾਨ ਖੋਜਕਾਰ ਵਿਗਿਆਨੀ ਦੁਨੀਆ ਲਈ ਉਹ ਕੁਝ ਕਰ ਗਏ ਹਨ ਜਿਨ੍ਹਾਂ ਦੀ ਬਦੌਲਤ ਅੱਜ ਸਾਰਾ ਸੰਸਾਰ ਉਨ੍ਹਾਂ ਵੱਲੋਂ ਕੱਢੀਆਂ ਕਾਢਾਂ ਕਾਰਨ ਆਰਾਮ ਭਰੀ ਜ਼ਿੰਦਗੀ ਬਿਤਾ ਰਿਹਾ ਹੈ। ਸਾਈਕਲ ਤੋਂ ਲੈ ਕੇ ਜਹਾਜ਼ ਵਰਗੀਆਂ ਚੀਜ਼ਾਂ ਬਣਾਉਣ ਵਾਲੇ ਖੋਜੀਆਂ ਨੂੰ ਬਹੁਤ ਘੱਟ ਲੋਕੀਂ ਜਾਣਦੇ ਹਨ ਪਰ ਸੱਚਮੁੱਚ ਅਜਿਹੇ ਮਹਾਨ ਖੋਜਕਾਰ ਪੂਜਣ ਯੋਗ ਹਨ।
ਕਈ ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਸੀਂ ਘਰ ਬੈਠੇ ਦੁਨੀਆ ਦੇ ਹਰ ਕੋਨੇ ਵਿੱਚ ਆਪਣੇ ਚਹੇਤਿਆਂ ਨਾਲ ਗੱਲਬਾਤ ਕਰ ਸਕਾਂਗੇ। ਟੈਲੀਫੋਨ ਦੀ ਘੰਟੀ ਐਵੇਂ ਨਹੀਂ ਵੱਜਣ ਲੱਗੀ ਸੀ। ਇਸ ਪਿੱਛੇ ਵਿਗਿਆਨੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੀ ਸਖ਼ਤ ਮਿਹਨਤ ਅਤੇ ਵਿਗਿਆਨਕ ਸੋਚ ਲੱਗੀ ਹੋਈ ਹੈ ਜਿਸ ਦੀ ਬਦੌਲਤ ਅੱਜ ਦੁਨੀਆ ਦਾ ਹਰ ਵਿਅਕਤੀ ਦੁਨੀਆ ਨੂੰ ਆਪਣੀ ਮੁੱਠੀ ਵਿੱਚ ਲੈ ਕੇ ਘੁੰਮ ਰਿਹਾ ਹੈ ਭਾਵ ਹਰ ਕਿਸੇ ਕੋਲ ਮੋਬਾਈਲ ਹੈ। ਬੇਸ਼ੱਕ ਕੁਝ ਲੋਕ ਇਸ ਨੂੰ ਚੰਗਾ ਨਹੀਂ ਸਮਝਦੇ ਪਰ ਸੱਚ ਇਹ ਹੈ ਕਿ ਮੋਬਾਈਲ ਤੋਂ ਬਿਨਾਂ ਜ਼ਿੰਦਗੀ ਰੁਕ ਜਾਂਦੀ ਹੈ। ਅੱਜ ਇਨਸਾਨ ਰੋਟੀ ਤੋਂ ਬਿਨਾਂ ਚਾਰ ਦਿਨ ਰਹਿ ਸਕਦਾ ਹੈ ਪਰ ਮੋਬਾਈਲ ਤੋਂ ਬਿਨਾਂ ਗੁਜ਼ਾਰਾ ਨਹੀਂ ਕਿਉਂਕਿ ਅੱਜ ਸਾਰਾ ਬਿਜ਼ਨਸ, ਬੈਂਕਾਂ ਦੇ ਕੰਮ, ਦਫ਼ਤਰਾਂ ਦੇ ਕੰਮ, ਆਨਲਾਈਨ ਸ਼ਾਪਿੰਗ, ਬਿਲ ਪੈਮੇਂਟ ਆਦਿ ਬਹੁਤ ਸਾਰੇ ਕੰਮ ਮੋਬਾਈਲ ’ਤੇ ਹੀ ਹੋਣ ਲੱਗ ਪਏ ਹਨ। ਇਸ ਨੇ ਦੁਨੀਆ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਹੈ।
ਸਟਾਕਲੈਂਡ ਦੇ ਸ਼ਹਿਰ ਐਡਿਨਬਰਗ ਵਿੱਚ 3 ਮਾਰਚ 1847 ਨੂੰ ਟੈਲੀਫੋਨ ਦੀ ਬੈੱਲ ਬਜਾਉਣ ਵਾਲੇ ਅਲੈਗਜ਼ੈਂਡਰ ਗ੍ਰਾਹਮ ਬੈੱਲ ਦਾ ਜਨਮ ਹੋਇਆ ਇਸ ਤੋਂ ਪਹਿਲਾਂ ਕਿਸੇ ਦੇ ਵੀ ਘਰੇ ਟੈਲੀਫੋਨ ਦੀ ਘੰਟੀ ਨਹੀਂ ਸੀ ਵੱਜਦੀ। ਬੈੱਲ ਨੂੰ ਵਿਗਿਆਨੀ, ਖੋਜਕਾਰ, ਇੰਜਨੀਅਰ ਅਤੇ ਅਧਿਆਪਕ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। ਉਹ ਪਹਿਲਾ ਵਿਗਿਆਨੀ ਅਤੇ ਖੋਜੀ ਹੈ ਜਿਸ ਨੇ 14 ਫਰਵਰੀ 1876 ਨੂੰ ਟੈਲੀਫੋਨ ਦੇ ਅਮਲੀ ਰੂਪ ਵਿੱਚ ਕੰਮ ਕਰਨ ਦੀ ਕਾਢ ਕੱਢੀ ਅਤੇ ਉਸ ਦੇ ਨਾਂ ਉੱਤੇ ਪੇਟੈਂਟ ਹੈ ਭਾਵ ਸਰਕਾਰੀ ਮੋਹਰ 7 ਮਾਰਚ 1876 ਨੂੰ ਲੱਗ ਗਈ ਸੀ। ਬੈੱਲ ਉਮਰ ਦੇ ਮੁੱਢਲੇ ਸਾਲਾਂ ਵਿੱਚ ਹੀ ਸੰਵੇਦਨਸ਼ੀਲ, ਕੁਦਰਤ ਨੂੰ ਪਿਆਰ ਕਰਨ ਵਾਲਾ ਅਤੇ ਕਲਾ ਦੀ ਕਦਰ ਕਰਨ ਵਾਲਾ ਵਿਅਕਤੀ ਸੀ। ਉਹ ਕਵਿਤਾਵਾਂ ਤੇ ਸੰਗੀਤ ਨਾਲ ਵੀ ਲਗਾਅ ਰੱਖਦਾ ਸੀ। ਇਸ ਕਲਾ ਨੂੰ ਨਿਖਾਰਨ ਲਈ ਉਸ ਦੀ ਮਾਤਾ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਪਿਆਨੋ ਵਜਾਉਣਾ ਸਿਖਾਇਆ। ਉਹ ਆਪਣੀ ਆਵਾਜ਼ ਦੀ ਕਲਾ ਦਾ ਇਜ਼ਹਾਰ ਕਰਦਾ ਹੋਇਆ ਪਰਿਵਾਰ ਅਤੇ ਲੋਕਾਂ ਦਾ ਮਨੋਰੰਜਨ ਕਰਦਾ ਸੀ। ਬੈੱਲ ਨੂੰ ਉਸ ਦੀ ਮਾਤਾ ਦੇ ਬੋਲੇ ਹੋਣ ਨੇ ਕਾਫ਼ੀ ਪ੍ਰਭਾਵਿਤ ਕੀਤਾ ਸੀ। ਜਦੋਂ ਬੈੱਲ ਕੇਵਲ 12 ਸਾਲਾਂ ਦਾ ਸੀ ਉਦੋਂ ਉਸ ਦੀ ਮਾਤਾ ਦੀ ਸੁਣਨ ਦੀ ਸ਼ਕਤੀ ਚਲੀ ਗਈ। ਇਸ ਲਈ ਉਸ ਨੂੰ ਇਸ਼ਾਰਿਆਂ ਦੀ ਭਾਸ਼ਾ ਸਿੱਖਣੀ ਪਈ। ਬੈੱਲ ਨੇ ਸਿੱਧੇ ਤੌਰ ਉੱਤੇ ਇੱਕ ਤਕਨੀਕ ਤਿਆਰ ਕੀਤੀ ਜਿਸ ਨਾਲ ਉਸ ਦੀ ਮਾਤਾ ’ਚ ਸਭ ਸਮਝਣ ਅਤੇ ਸੁਣਨ ਵਰਗੀ ਸ਼ਕਤੀ ਪੈਦਾ ਹੋਈ। ਮਾਤਾ ਦੇ ਬੋਲੇਪਣ ਕਾਰਨ ਬੈੱਲ ਅੰਦਰ ਤਰੰਗਾਂ ਤੋਂ ਸੁਣਨ ਦੀ ਭਾਸ਼ਾ ਦੇ ਗਿਆਨ ਵਿੱਚ ਵਾਧਾ ਹੋਇਆ।
ਉਹ ਸਕੂਲ ਦੀ ਪੜ੍ਹਾਈ ਛੱਡ ਕੇ ਆਪਣੇ ਦਾਦੇ ਨਾਲ ਲੰਡਨ ਚਲਾ ਗਿਆ, ਉੱਥੇ ਰਹਿੰਦੇ ਹੋਏ ਉਸ ਨੂੰ ਕਾਫ਼ੀ ਕੁਝ ਨਵਾਂ ਸਿੱਖਣ ਲਈ ਮਾਹੌਲ ਅਤੇ ਲੰਬਾ ਸਮਾਂ ਗੰਭੀਰ ਮਸਲਿਆਂ ਉੱਤੇ ਤਰਕ-ਵਿਚਾਰ ਕਰਨ ਦਾ ਮੌਕਾ ਮਿਲਿਆ ਜਿੱਥੇ ਉਸ ਨੇ ਲਤੀਨੀ, ਸੰਸਕ੍ਰਿਤ ਅਤੇ ਯੂਨਾਨੀ ਭਾਸ਼ਾ ਦਾ ਗਿਆਨ ਵੀ ਪ੍ਰਾਪਤ ਕੀਤਾ ਅਤੇ ਆਵਾਜ਼ ਪ੍ਰਤੀ ਬਿਜਲੀ ਦੇ ਸਬੰਧ ਵਿੱਚ ਪ੍ਰਯੋਗ ਕੀਤੇ। ਗ੍ਰਾਹਮ ਬੈੱਲ ਬੋਲਿਆਂ ਦੇ ਸਕੂਲ ਵਿੱਚ ਆਵਾਜ਼ ਅਤੇ ਫਿੰਗਰ ਭਾਸ਼ਾ ਉੱਤੇ ਕੀਤੇ ਕੰਮ ਦੇ ਆਧਾਰ ’ਤੇ ਸਕੂਲ ’ਚ ਸਿੱਖਿਆ ਦੇਣ ਵਾਲੇ ਇੰਸਟਰਕਟਰਾਂ ਨੂੰ ਟਰੇਨਿੰਗ ਦੇਣ ਵਿੱਚ ਵੀ ਕਾਮਯਾਬ ਰਿਹਾ। ਉਸ ਨੇ ਬੋਲੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਵੀ ਸ਼ੁਰੂ ਕੀਤਾ। ਉਹ ਪਹਿਲਾ ਵਿਗਿਆਨੀ ਅਤੇ ਖੋਜੀ ਹੈ ਜਿਸ ਨੇ 14 ਫਰਵਰੀ 1876 ਨੂੰ ਟੈਲੀਫੋਨ ਦੇ ਅਮਲੀ ਰੂਪ ਵਿੱਚ ਕੰਮ ਕਰਨ ਦੀ ਕਾਢ ਕੱਢੀ ਅਤੇ ਉਸ ਦੇ ਨਾਂ ਉੱਤੇ ਪੇਟੈਂਟ ਕਰਾਇਆ। ਇਸ ਤੋਂ ਬਾਅਦ 1888 ਵਿੱਚ ਅਲਮੋਨ ਸਟਰੌਜਰ ਵੱਲੋਂ ਪਹਿਲੀ ਮੈਨੁਅਲ ਟੈਲੀਫੋਨ ਐਕਸਚੇਂਜ ਲਗਾਈ ਗਈ।
ਇਹ ਮਹਾਨ ਸੰਚਾਰ ਵਿਗਿਆਨੀ ਅਤੇ ਖੋਜੀ 2 ਅਗਸਤ 1922 ਨੂੰ ਇਸ ਦੁਨੀਆ ਤੋਂ ਹਮੇਸ਼ਾਂ ਲਈ ਰੁਖ਼ਸਤ ਹੋ ਗਿਆ ਪਰ ਉਸ ਵੱਲੋਂ ਸ਼ੁਰੂ ਕੀਤੀ ਇਸ ਸੰਚਾਰ ਕ੍ਰਾਂਤੀ ਨੂੰ ਸਮੇਂ ਸਮੇਂ ’ਤੇ ਅਪਗ੍ਰੇਡ ਕੀਤਾ ਗਿਆ। ਇਸ ਦੇ ਚੱਲਦਿਆਂ 1970 ਤੋਂ 1980 ਦੇ ਵਿਚਾਲੇ ਡਿਜੀਟਲ ਐਕਸਚੇਂਜਾਂ ਦਾ ਦੌਰ ਸ਼ੁਰੂ ਹੋਇਆ ਜਿਨ੍ਹਾਂ ਵਿੱਚ ਕਰੌਸ ਵਾਰ ਅਤੇ ਈ.ਐੱਸ.ਐੱਸ. ਐਕਸਚੇਂਜਾਂ ਮੁੱਖ ਸਨ। ਇਸ ਤੋਂ ਬਾਅਦ ਨਵੀਂ ਤਕਨਾਲੋਜੀ ਵਾਲੀਆਂ ਬਹੁਤ ਸਾਰੀਆਂ ਐਕਸਚੇਂਜਾਂ ਇਜ਼ਾਦ ਹੋਈਆਂ। ਇਸ ਤੋਂ ਬਾਅਦ 3 ਅਪਰੈਲ 1973 ਨੂੰ ਦੁਨੀਆ ਦਾ ਪਹਿਲਾ ਮੋਬਾਈਲ ਫੋਨ ਇਜ਼ਾਦ ਹੋਇਆ ਜਿਸ ਦਾ ਵਜ਼ਨ ਕਰੀਬ 2 ਕਿਲੋ ਸੀ। ਭਾਰਤ ਵਿੱਚ ਪਹਿਲਾਂ ਮੋਬਾਈਲ ਫੋਨ 21 ਜੁਲਾਈ 1995 ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਜਿਓਤੀ ਬਾਸੂ ਵੱਲੋਂ ਲਾਂਚ ਕੀਤਾ ਗਿਆ। ਭਾਰਤ ਅਜੇ ਵੀ ਵਿਗਿਆਨ, ਤਕਨਾਲੋਜੀ ਅਤੇ ਖੋਜਕਾਰੀ ਵਿੱਚ ਵਿਕਾਸਸ਼ੀਲ ਦੇਸ਼ਾਂ ਤੋਂ ਕਾਫ਼ੀ ਫਾਡੀ ਰਹਿ ਗਿਆ ਹੈ। ਅੱਜ ਦੇਸ਼ ਨੂੰ ਜ਼ਰੂਰਤ ਹੈ ਕਿ ਆਉਣ ਵਾਲੇ ਭਵਿੱਖ ਲਈ ਅੰਧਵਿਸ਼ਵਾਸੀ ਅਤੇ ਰੂੜੀਵਾਦੀ ਸੋਚ ਤੋਂ ਬਾਹਰ ਨਿਕਲ ਕੇ ਵਿਗਿਆਨਕ, ਨਵੀਂ ਤਕਨਾਲੋਜੀ ਅਤੇ ਖੋਜਕਾਰੀ ਦੇ ਨਵੇਂ ਰਸਤੇ ਖੋਜੇ ਜਾਣ। ਦੇਸ਼ ਦੇ ਆਉਣ ਵਾਲੇ ਭਵਿੱਖ ਨੂੰ ਵਿਗਿਆਨਕ ਅਤੇ ਨਵੀਂ ਤਕਨਾਲੋਜੀ ਦੇ ਰਾਹ ਤੋਰਨਾ ਅਤੇ ਵਿਦਿਆਰਥੀਆਂ ਨੂੰ ਅਜਿਹੇ ਵਿਗਿਆਨੀਆਂ, ਖੋਜਕਾਰਾਂ ਅਤੇ ਵਿਗਿਆਨ ਬਾਰੇ ਜਾਣਕਾਰੀ ਦੇਣ ਵਾਲੇ ਵਿਸ਼ਿਆਂ ਨੂੰ ਪਾਠਕ੍ਰਮਾਂ ਵਿੱਚ ਸ਼ਾਮਲ ਕਰਨਾ ਸਮੇਂ ਦੀ ਲੋੜ ਹੈ।
ਸੰਪਰਕ: 94179-90040

Advertisement
Author Image

joginder kumar

View all posts

Advertisement
Advertisement
×