For the best experience, open
https://m.punjabitribuneonline.com
on your mobile browser.
Advertisement

ਝੱਖੜ ਨੇ ਟਰਾਈਸਿਟੀ ਨੂੰ ਪਾਇਆ ਵਖ਼ਤ

08:32 AM Jun 06, 2024 IST
ਝੱਖੜ ਨੇ ਟਰਾਈਸਿਟੀ ਨੂੰ ਪਾਇਆ ਵਖ਼ਤ
ਜ਼ੀਰਕਪੁਰ ਵਿੱਚ ਹਨੇਰੀ ਕਾਰਨ ਡਿੱਗੇ ਹੋਰਡਿੰਗ ਥੱਲੇ ਦੱਬੀਆਂ ਗੱਡੀਆਂ ਨੂੰ ਦੇਖਦੇ ਹੋਏ ਲੋਕ। -ਫੋਟੋ: ਰੂਬਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 5 ਜੂਨ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਦੇਰ ਸ਼ਾਮ ਅਚਾਨਕ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਦੇਰ ਸ਼ਾਮ ਅਚਾਨਕ ਆਏ ਝੱਖੜ ਕਾਰਨ ਕਈ ਥਾਈਂ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ। ਇਸ ਦੌਰਾਨ ਮੀਂਹ ਪੈਣ ਕਾਰਨ ਲੋਕਾਂ ਨੇ ਗਰਮੀ ਤੋਂ ਕੁੱਝ ਰਾਹਤ ਵੀ ਮਹਿਸੂਸ ਕੀਤੀ। ਝੱਖੜ ਕਾਰਨ ਲੋਕਾਂ ਨੂੰ ਵਾਹਨ ਤੱਕ ਚਲਾਉਣਾ ਮੁਸ਼ਕਲ ਹੋ ਗਏ, ਕਈ ਥਾਵਾਂ ’ਤੇ ਲੋਕਾਂ ਦੀਆਂ ਦੁਕਾਨਾਂ ’ਤੇ ਲੱਗੇ ਬੋਰਡ ਉੱਖੜ ਗਏ। ਸੜਕਾਂ ’ਤੇ ਦਰੱਖਤਾਂ ਦੇ ਟਾਹਣੇ ਟੁੱਟ ਕੇ ਡਿੱਗ ਪਏ। ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਅੱਜ ਸ਼ਹਿਰ ਵਿੱਚ ਸਵੇਰ ਤੋਂ ਸ਼ਹਿਰ ਵਿੱਚ ਤਿੱਖੀ ਧੁੱਪ ਨਿਕਲੀ ਹੋਈ ਸੀ, ਜਿਸ ਕਰਕੇ ਲੋਕਾਂ ਦਾਂ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ ਪਰ ਸ਼ਾਮ ਸਮੇਂ ਬੱਦਲਵਾਈ ਹੋ ਗਈ ਅਤੇ ਰਾਤ ਨੂੰ ਅਚਾਨਕ ਹਨੇਰੀ ਤੇ ਤੂਫਾਨ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਹਨੇਰੀ ਤੋਂ ਬਾਅਦ ਪਏ ਮੀਂਹ ਕਰਕੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਮੀਂਹ ਪੈਣ ਦੇ ਨਾਲ ਹੀ ਸ਼ਹਿਰ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ। ਅੱਜ ਚੰਡੀਗੜ੍ਹ ਵਿੱਚ ਦਿਨ ਸਮੇਂ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 4.1 ਡਿਗਰੀ ਸੈਲਸੀਅਸ ਵੱਧ ਰਿਹਾ ਹੈ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 30.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਵੀ ਆਮ ਨਾਲੋਂ 3.8 ਡਿਗਰੀ ਸੈਲਸੀਅਸ ਵੱਧ ਰਿਹਾ ਹੈ।
ਮੌਸਮ ਵਿਗਿਆਨੀਆਂ ਨੇ ਕਿਹਾ ਕਿ ਅੱਜ ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਹਨੇਰੀ ਚੱਲਣ ਤੋਂ ਬਾਅਦ ਮੀਂਹ ਪਿਆ ਹੈ। ਮੀਂਹ ਕਰਕੇ ਤਾਪਮਾਨ ਵਿੱਚ ਵੀ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ 6 ਤੇ 7 ਜੂਨ ਨੂੰ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਕਈ ਥਾਵਾਂ ’ਤੇ ਕਿਣ-ਮਿਣ ਹੋ ਸਕਦੀ ਹੈ। ਦੱਸਣਯੋਗ ਹੈ ਕਿ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਕਹਿਰ ਲਗਾਤਾਰ ਜਾਰੀ ਸੀ, ਜਿਸ ਕਰਕੇ ਤਾਪਮਾਨ 45-46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਗਰਮੀ ਵਧਣ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ।

Advertisement

ਪਾਰਕਿੰਗ ਵਿੱਚ ਇਸ਼ਤਿਹਾਰੀ ਖੰਭਾ ਡਿੱਗਣ ਕਾਰਨ ਪੰਜ ਗੱਡੀਆਂ ਨੁਕਸਾਨੀਆਂ

ਜ਼ੀਰਕਪੁਰ (ਹਰਜੀਤ ਸਿੰਘ): ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ਦੇ ਨੇੜੇ ਸਥਿਤ ਓਕਸਫੋਰਡ ਸਟਰੀਟ ਨਾਂ ਦੇ ਕਮਰਸ਼ੀਅਲ ਪਲਾਜ਼ਾ ਵਿੱਚ ਬਿਲਡਰ ਵੱਲੋਂ ਆਪਣੇ ਪ੍ਰਾਜੈਕਟ ਦੀ ਐੱਡ ਕਰਨ ਲਈ ਪਾਰਕਿੰਗ ਵਿੱਚ ਲਾਇਆ ਗਿਆ ਕਾਫੀ ਉੱਚਾ ਅਤੇ ਭਾਰੀ ਇਸ਼ਤਿਹਾਰੀ ਖੰਭਾ ਡਿੱਗਣ ਕਾਰਨ ਪੰਜ ਵਾਹਨ ਨੁਕਸਾਨੇ ਗਏ। ਵਾਹਨਾਂ ਵਿੱਚ ਕੋਈ ਵੀ ਵਿਅਕਤੀ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਮੁੰਬਈ ਦੇ ਘਾਟਕੋਪਰ ਇਲਾਕੇ ਵਿੱਚ ਤੇਜ਼ ਹਨੇਰੀ ਦੌਰਾਨ ਇਕ 100 ਫੁੱਟ ਉੱਚਾ ਹੋਰਡਿੰਗ ਇਕ ਪੈਟਰੋਲ ਪੰਪ ’ਤੇ ਡਿੱਗਣ ਕਾਰਨ 16 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 74 ਹੋਰ ਜ਼ਖ਼ਮੀ ਹੋ ਗਏ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਓਕਸਫੋਰਸ ਸਟਰੀਟ ਦੇ ਬਿਲਡਰ ਵੱਲੋਂ ਪਾਰਕਿੰਗ ਵਿੱਚ ਇਕ ਲੋਹੇ ਦੇ ਕਾਫੀ ਭਾਰੀ ਖੰਭੇ ਨੂੰ ਪਾਰਕਿੰਗ ਵਿੱਚ ਖੜ੍ਹਾ ਕਰ ਆਪਣੇ ਪ੍ਰਾਜੈਕਟ ਦੀ ਪਬਲੀਸਿਟੀ ਕੀਤੀ ਹੋਈ ਸੀ। ਅੱਜ ਸ਼ਾਮ ਹਨੇਰੀ ਅਤੇ ਮੀਂਹ ਦੌਰਾਨ ਇਹ ਖੰਭਾ ਅਚਾਨਕ ਡਿੱਗ ਗਿਆ, ਜਿਸ ਕਾਰਨ ਪੰਜ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਥਾਂ-ਥਾਂ ਨਾਜਾਇਜ਼ ਇਸ਼ਤਿਹਾਰੀ ਖੰਭੇ ਲੱਗੇ ਹੋਏ ਹਨ ਜੋ ਕਦੇ ਵੀ ਡਿੱਗ ਕੇ ਆਮ ਲੋਕਾਂ ਲਈ ਵੱਡਾ ਖ਼ਤਰਾ ਪੈਦਾ ਕਰ ਸਕਦੇ ਹਨ। ਇਨ੍ਹਾਂ ਖੰਭਿਆਂ ਦੀ ਨਾ ਤਾਂ ਕਿਸੇ ਵਿਭਾਗ ਤੋਂ ਮਨਜ਼ੂਰੀ ਲਈ ਜਾਂਦੀ ਹੈ ਅਤੇ ਨਾ ਹੀ ਇਨ੍ਹਾਂ ਖੰਭਿਆਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਜਾਂਚ ਕੀਤੀ ਜਾਂਦੀ ਹੈ। ਸ਼ਹਿਰ ਵਿੱਚ ਕਮਰਸ਼ੀਅਲ ਅਤੇ ਰਿਹਾਇਸ਼ੀ ਪ੍ਰਾਜੈਕਟਾਂ ਦੀ ਭਰਮਾਰ ਹੈ। ਬਿਲਡਰ ਅਤੇ ਕਲੋਨਾਈਜ਼ਰ ਆਪਣੀ ਮਨਮਰਜ਼ੀ ਨਾਲ ਅਜਿਹੇ ਹੋਰਡਿੰਗ ਲਾ ਕੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਰਹੇ ਹਨ। ਸ਼ਹਿਰ ਵਾਸੀਆਂ ਨੇ ਚਿੰਤਾ ਜਾਹਿਰ ਕੀਤੀ ਕਿ ਮੁੰਬਈ ਵਾਂਗ ਜ਼ੀਰਕਪੁਰ ਵਿੱਚ ਥਾਂ ਥਾਂ ਇਹ ਹੋਰਡਿੰਗ ਲੱਗੇ ਹੋਏ ਹਨ ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇੱਥੋਂ ਦੀ ਵੀਆਈਪੀ ਰੋਡ ’ਤੇ ਸਥਿਤ ਹਾਈ ਸਟਰੀਟ ਮਾਰਕੀਟ ਵਿੱਚ ਵੀ ਅੱਜ ਤੇਜ਼ ਝਖੜ ਦੌਰਾਨ ਇਕ ਯੂਨੀਪੋਲ ਦੋ ਕਾਰਾਂ ’ਤੇ ਡਿੱਗ ਗਿਆ ਜਿਸ ਕਾਰਨ ਦੋਵੇਂ ਕਾਰਾਂ ਨੁਕਸਾਨੀ ਗਈਆਂ। ਜ਼ੀਰਕਪੁਰ ਵਿੱਚ ਅੱਜ ਤੇਜ਼ ਝਖੜ ਕਾਰਨ ਤਿੰਨ ਯੂਨੀਪੋਲ ਡਿੱਗ ਗਏ ਅਤੇ ਕੁੱਲ ਸੱਤ ਵਾਹਨ ਨੁਕਸਾਨੇ ਗਏ। ਇਸ ਤੋਂ ਇਲਾਵਾ ਇਕ ਹੋਰ ਯੂਨੀਪੋਲ ਬਿਜਲੀ ਦੀ ਤਾਰਾਂ ’ਤੇ ਡਿੱਗਿਆ ਜਿਸ ਕਾਰਨ ਸਬੰਧਿਤ ਖੇਤਰ ਵਿੱਚ ਬਿਜਲੀ ਗੁੱਲ ਹੋ ਗਈ।

Advertisement

Advertisement
Author Image

sukhwinder singh

View all posts

Advertisement