ਜਦੋਂ ਐੱਸਐੱਸਪੀ ਨੇ ਅਫ਼ਸਰਾਂ ਨੂੰ ਸੁਣਾਈਆਂ ਖਰੀਆਂ-ਖਰੀਆਂ...
ਮਨੋਜ ਸ਼ਰਮਾ
ਬਠਿੰਡਾ, 30 ਨਵੰਬਰ
ਇਥੋਂ ਦੇ ਨਵੇਂ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਨੇ ਪੁਲੀਸ ਲਾਈਨ ਵਿਚ ਜਨਰਲ ਪਰੇਡ ਮੌਕੇ ਕਈ ਪੁਲੀਸ ਅਫਸਰਾਂ ਤੇ ਮੁਲਾਜ਼ਮਾਂ ਨਾਲ ਸਖਤੀ ਨਾਲ ਪੇਸ਼ ਆਏ। ਉਨ੍ਹਾਂ ਬਠਿੰਡਾ ਵਿਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੁਲੀਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕੰਮ-ਕਾਜ ਸੁਧਾਰਨ ਲਈ ਕਿਹਾ। ਐਸਐਸਪੀ ਗਿੱਲ ਨੇ ਭਾਸ਼ਣ ਦੌਰਾਨ ਪੁਲੀਸ ਦੇ ਐਸਪੀਜ਼, ਡੀਐਸਪੀਜ਼ ਸਮੇਤ ਥਾਣਿਆਂ ਦੇ ਐਸ.ਐਚ.ਓ ਨੂੰ ਸਖ਼ਤੀ ਨਾਲ ਹੁਕਮ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਪੁਲੀਸ ਦੀ ਕਿਸੇ ਵੀ ਕਿਸਮ ਦੀ ਢਿੱਲੀ ਕਾਰਗੁਜ਼ਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਥਾਣਾ ਮੁਖੀਆਂ ਨੂੰ ਤਾੜਨਾ ਕੀਤੀ ਕਿ ਉਹ ਖ਼ੁਦ ਫ਼ੀਲਡ ਵਿਚ ਦੌਰਾ ਕਰਨ ਚਾਹੇ ਦਿਨ ਹੋਵੇ ਜਾਂ ਰਾਤ, ਉਹ ਕਿਸੇ ਵੀ ਥਾਣੇ ਨੂੰ ਅਚਨਚੇਤ ਚੈੱਕ ਕਰ ਸਕਦੇ ਹਨ। ਉੁਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਪੁਲੀਸ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕੋਈ ਕਤਲ ਹੋ ਜਾਂਦਾ ਹੈ ਜਾਂ ਗੋਲੀ ਚੱਲਦੀ ਹੈ ਤਾਂ ਉਹ ਸਬੰਧਤ ਖੇਤਰ ਦੇ ਅਧਿਕਾਰੀ ਨੂੰ ਡਿਸਮਿਸ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਵਿਸ਼ੇਸ਼ ਨਾਕੇ ਲਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮਾੜੇ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ। ਉਨ੍ਹਾਂ ਥਾਣਿਆਂ ਦੇ ਐਸਐਸਓ ਨੂੰ ਕਿਹਾ ਕਿ ਲੋਕਾਂ ਦੀਆਂ ਪੈਂਡਿੰਗ ਪਈਆਂ ਦਰਖਾਸਤਾਂ ਨੂੰ ਨੇਪਰੇ ਚਾੜਿ੍ਹਆ ਜਾਵੇ ਜੇਕਰ ਮੇਜ਼ ’ਤੇ ਫਾਈਲਾਂ ਦੇ ਢੇਰ ਮਿਲੇ ਤਾਂ ਸਖ਼ਤ ਕਰਵਾਈ ਹੋਵੇਗੀ। ਕੋਈ ਵੀ ਪੁਲੀਸ ਕਰਮੀ ਆਪਣੀ ਬਣਦੀ ਛੁੱਟੀ ਲਵੇ ਪਰ ਫਰਲੋ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੁਲਾਜ਼ਮਾਂ ਨੂੰ ਗੋਗੜਾਂ ਘਟਾਉਣ ਦੀ ਹਦਾਇਤ ਕੀਤੀ
ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਅੱਜ ਕਰਵਾਈ ਗਈ ਪਰੇਡ ਦੌਰਾਨ ਭਾਰੇ ਸਰੀਰ ਵਾਲ਼ੇ ਪੁਲੀਸ ਕਰਮਚਾਰੀ ਹੰਭਲੇ ਹੋਏ ਦੇਖੇ ਗਏ। ਇਸ ਪਰੇਡ ਦੌਰਾਨ ਉਨ੍ਹਾਂ ਦਾ ਸਾਹ ਫੁੱਲ ਗਿਆ ਤੇ ਤਕਲੀਫ ਦਾ ਸਾਹਮਣਾ ਕਰਨਾ ਪਿਆ। ਪੁਲੀਸ ਮੁਖੀ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਸਮੇਂ ਸਮੇਂ ’ਤੇ ਜਨਰਲ ਪਰੇਡ ਕਰਵਾਉਂਦੇ ਰਹਿਣਗੇ, ਇਸ ਕਰ ਕੇ ਪੁਲੀਸ ਮੁਲਾਜ਼ਮ ਆਪਣੀ ਫਿੱਟਨੈੱਸ ਵੱਲ ਧਿਆਨ ਦੇਣ l