ਜਦੋਂ ਰੇਲਵੇ ਨੇ ਬਰਾਤੀਆਂ ਨੂੰ ਗੁਹਾਟੀ ਪਹੁੰਚਾਉਣ ਲਈ ਗੱਡੀ ਰੋਕੀ
ਕੋਲਕਾਤਾ, 17 ਨਵੰਬਰ
ਰੇਲਵੇ ਨੇ ਮੁੰਬਈ ਤੋਂ ਆ ਰਹੇ ਬਾਰਾਤੀਆਂ ਵਾਸਤੇ ਇੱਕ ‘ਕੁਨੈਕਟਿੰਗ’ ਰੇਲਗੱਡੀ ਨੂੰ ਹਾਵੜਾ ਸਟੇਸ਼ਨ ’ਤੇ ਕੁਝ ਮਿੰਟਾਂ ਲਈ ਰੋਕੀ ਰੱਖਿਆ ਤਾਂ ਕਿ ਉਹ ਸਾਰੇ ਸਮੇਂ ਸਿਰ ਗੁਹਾਟੀ ’ਚ ਪ੍ਰੋਗਰਾਮ ’ਚ ਸ਼ਾਮਲ ਹੋ ਸਕਣ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਮਾਮਲਾ ਸ਼ੁੱਕਰਵਾਰ ਦਾ ਹੈ ਜਦੋਂ ਮੁੰਬਈ ਤੋਂ ਆ ਰਹੇ 34 ਬਰਾਤੀਆਂ (ਲਾੜੇ ਨਾਲ ਆਏ 34 ਰਿਸ਼ਤੇਦਾਰਾਂ) ਵਿੱਚੋਂ ਇੱਕ ਚੰਦਰਸ਼ੇਖਰ ਵਾਘ ਨੇ ਰੇਲਵੇ ਅਧਿਕਾਰੀਆਂ ਨੂੰ ਸੋਸ਼ਲ ਮੀਡੀਆ ’ਤੇ ਅਪੀਲ ਕੀਤੀ ਕਿ ਉਹ ਮੁੰਬਈ-ਹਾਵੜਾ ਗੀਤਾਂਜਲੀ ਐਕਸਪ੍ਰੈੱਸ ’ਚ ਸਫਰ ਕਰ ਰਹੇ ਹਨ ਜਿਸ ਦਾ ਹਾਵੜਾ ਪਹੁੰਚਣ ਦਾ ਸਮਾਂ ਦੁਪਹਿਰ 1.05 ਵਜੇ ਦਾ ਹੈ, ਪਰ ਇਹ ਦੇਰੀ ਨਾਲ ਚੱਲ ਰਹੀ ਹੈ ਤੇ ਉਨ੍ਹਾਂ ਨੂੰ ਖਦਸ਼ਾ ਹੈ ਕਿ ਅਸਾਮ ਲਈ ਸ਼ਾਮ 4 ਵਜੇ ਚੱਲਣ ਵਾਲੀ ਹਾਵੜਾ-ਗੁਹਾਟੀ ਸਰਾਏਘਾਟ ਐਕਸਪ੍ਰੈੱਸ ਨਿਕਲ ਜਾਵੇਗੀ।
ਪੂਰਬੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐਕਸ ’ਤੇ ਵਾਘ ਦੀ ਪੋਸਟ ਮਗਰੋਂ ਹਾਵੜਾ ਦੇ ਡਿਵੀਜ਼ਨਲ ਰੇਲਵੇ ਪ੍ਰਬੰਧਕ ਨੂੰ ਭਾਰਤੀ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਜ਼ਰੂਰੀ ਕਦਮ ਚੁੱਕਣ ਦਾ ਨਿਰਦੇਸ਼ ਮਿਲਿਆ। ਰੇਲਵੇ ਅਧਿਕਾਰੀਆਂ ਨੇ ਸਰਾਏਘਾਟ ਐਕਸਪ੍ਰੈੱਸ ਨੂੰ ਰੋਕੀ ਰੱਖਿਆ ਤੇ ਇਹ ਯਕੀਨੀ ਬਣਾਇਆ ਕਿ ਗੀਤਾਂਜਲੀ ਐਕਸਪ੍ਰੈੱਸ ਤੇਜ਼ੀ ਨਾਲ ਹਾਵੜਾ ਪਹੁੰਚੇ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਬਰਾਤੀਆਂ ਨੂੰ ਪੁਰਾਣੇ ਕੰਪਲੈਕਸ ’ਚ ਪਲੈਟਫਾਰਮ ਨੰਬਰ-9 ’ਤੇ ਪਹੁੰਚਾਇਆ ਜਿਥੇ ਸਰਾਏਘਾਟ ਐਕਸਪ੍ਰੈੱਸ ਖੜ੍ਹੀ ਸੀ। -ਪੀਟੀਆਈ