ਜਦੋਂ ਹਵਾਲਾਤੀ ਸਣੇ ਤਾਜ ਮਹਿਲ ਦੇਖਣ ਪੁੱਜੇ ਪੁਲੀਸ ਮੁਲਾਜ਼ਮ
ਸੁਮੇਧਾ ਸ਼ਰਮਾ
ਗੁਰੂਗ੍ਰਾਮ, 24 ਜੁਲਾਈ
ਇਕ ਹਵਾਲਾਤੀ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਆਗਰਾ ਲੈ ਕੇ ਗਏ ਹਰਿਆਣਾ ਦੇ ਦੋ ਪੁਲੀਸ ਮੁਲਾਜ਼ਮਾਂ ਨੇ ਇਸ ਦੌਰੇ ਦਾ ਪੂਰਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਤਾਜ ਮਹਿਲ ਵਿੱਚ ਜਾਣ ਦਾ ਯਤਨ ਕੀਤਾ ਪਰ ਯੂਪੀ ਪੁਲੀਸ ਨੇ ਦੋਵਾਂ ਮੁਲਾਜ਼ਮਾਂ ਨੂੰ ਹਥਿਆਰਾਂ ਅਤੇ ਹਥਕੜੀਆਂ ਵਿੱਚ ਜਕੜੇ ਬੰਦੀ ਸਮੇਤ ਤਾਜ ਮਹਿਲ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ। ਇਸ ਦੌਰਾਨ ਦੋਵਾਂ ਦਾ ਯੂਪੀ ਪੁਲੀਸ ਤੇ ਸੀਆਈਐੱਸਐੱਫ ਸਟਾਫ ਨਾਲ ਵਿਵਾਦ ਹੋ ਗਿਆ। ਜਦੋਂ ਸੀਆਈਐੱਸਐੱਫ ਜਵਾਨਾਂ ਨੇ ਹਰਿਆਣਾ ਪੁਲੀਸ ਦੇ ਦੋਵਾਂ ਮੁਲਾਜ਼ਮਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਚਲੇ ਗਏ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਹਾਲਾਂਕਿ, ਯੂਪੀ ਪੁਲੀਸ ਨੇ ਕੋਈ ਕਾਰਵਾਈ ਜਾਂ ਜਾਂਚ ਸ਼ੁਰੂ ਨਹੀਂ ਕੀਤੀ, ਪਰ ਉਨ੍ਹਾਂ ਨੇ ਹਰਿਆਣਾ ਦੇ ਡੀਜੀਪੀ ਨੂੰ ਦੋਵਾਂ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਸਿਫ਼ਾਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਏਸੀਪੀ ਸਈਦ ਆਰੀਵ ਅਹਿਮਦ ਨੇ ਕਿਹਾ, ‘‘ਹਰਿਆਣਾ ਪੁਲੀਸ ਦੀ ਵਰਦੀ ਤੇ ਚਿੰਨ੍ਹ ਵਾਲੇ ਦੋ ਮੁਲਾਜ਼ਮ ਹਥਕੜੀਆਂ ਵਾਲੇ ਇੱਕ ਵਿਅਕਤੀ ਨੂੰ ਲੈ ਕੇ ਤਾਜ ਮਹਿਲ ਆਏ ਅਤੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਅੰਦਰ ਹਥਿਆਰ ਲਿਜਾਣ ਦੇ ਨਿਯਮਾਂ ਦੀ ਪਾਲਣ ਨਹੀਂ ਕਰ ਰਹੇ ਸਨ, ਇਸ ਲਈ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ।’’