ਝੋਨੇ ਦੀ ਚੁਕਾਈ ਨਾ ਹੋਣ ’ਤੇ ਆੜ੍ਹਤੀਆਂ ਨੇ ਸੜਕ ਜਾਮ ਕੀਤੀ
ਦਲੇਰ ਸਿੰਘ ਚੀਮਾ
ਭੁਲੱਥ, 6 ਨਵੰਬਰ
ਭੁਲੱਥ ਸਬ-ਡਿਵੀਜ਼ਨ ਵਿੱਚ ਪੈਂਦੇ ਖਰੀਦ ਕੇਂਦਰ ਚੌਕ ਬਜਾਜ ਭਟਨੂੰਰਾ ਕਲਾਂ ਵਿੱਚ ਆੜ੍ਹਤੀਆਂ ਤੇ ਕਿਸਾਨਾਂ ਨੇ ਸਰਕਾਰ ਵੱਲੋਂ ਖ਼ਰੀਦੇ ਝੋਨੇ ਦੀ ਚੁਕਾਈ ਨਾ ਹੋਣ ਅਤੇ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦ ਨਾਮਾਤਰ ਕੀਤੇ ਜਾਣ ਵਿਰੁੱਧ ਚੌਕ ਵਿੱਚ ਧਰਨਾ ਲਾਇਆ ਗਿਆ।
ਆੜ੍ਹਤੀਆਂ ਨੇ ਦੱਸਿਆ ਕਿ ਚੌਕ ਬਜਾਜ ਸਥਿਤ ਖ਼ਰੀਦ ਕੇਂਦਰ ਵਿੱਚੋਂ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਇਕ ਵੀ ਬੋਰੀ ਦੀ ਚੁਕਾਈ ਨਹੀਂ ਕੀਤੀ ਗਈ, ਜਿਸ ਕਾਰਨ ਆੜ੍ਹਤੀਆਂ ਦਾ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਧਰਨੇ ’ਤੇ ਬੈਠੇ ਕਿਸਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ 25-26 ਹਜ਼ਾਰ ਕੱਟਾ ਝੋਨੇ ਦੀ ਖਰੀਦ ਲਈ ਮੰਡੀ ਵਿੱਚ ਆਇਆ ਹੋਇਆ ਹੈ। ਇਸ ਵਿੱਚੋਂ ਆੜ੍ਹਤੀਆਂ ਵੱਲੋਂ ਕੁੱਝ ਝੋਨੇ ਦੀ ਖਰੀਦ ਕੀਤੀ ਗਈ ਹੈ ਜਦਕਿ ਕੁਝ ਤੋਲ ਕੇ ਕੱਚੀਆਂ ਪਰਚੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਹੁਤ ਥੋੜੀ ਖਰੀਦ ਪਾਈ ਜਾ ਰਹੀ ਹੈ। ਇਸ ਨਾਲ ਉਸ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਕਿਸਾਨ ਹਰਦੀਪ ਸਿੰਘ, ਜਸਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਕਪੂਰਥਲਾ ਜ਼ਿਲ੍ਹੇ ਦੀਆਂ ਕੁਝ ਮੰਡੀਆਂ ਵਿੱਚ ਸ਼ੈਲਰ ਮਾਲਕਾਂ ਦੀ ਮਿਲੀਭੁਗਤ ਕਰ ਕੇ ਝੋਨੇ ਦੀ ਕੀਮਤ ਵਿੱਚ ਕੱਟ ਲਾ ਕੇ ਚੁਕਾਈ ਕੀਤੀ ਜਾ ਰਹੀ ਹੈ। ਚੌਕ ਬਜਾਜ ਵਿਚਲੇ ਆੜ੍ਹਤੀਆਂ ਵੱਲੋਂ ਦੱਬੀ ਹੋਈ ਆਵਾਜ਼ ਵਿੱਚ ਕਿਸਾਨਾਂ ਨੂੰ ਕੱਟ ਲਾ ਕੇ ਝੋਨੇ ਦੀ ਚੁਕਾਈ ਕਰਵਾਉਣ ਲਈ ਗੱਲ ਕੀਤੀ ਜਾਂਦੀ ਹੈ ਪਰ ਕਿਸਾਨ ਇਸ ਕੱਟ ਲਾਉਣ ਦੀ ਗੱਲ ਨਾਲ ਸਹਿਮਤ ਨਹੀਂ ਹਨ। ਆੜ੍ਹਤੀਆਂ ਤੇ ਕਿਸਾਨਾਂ ਨੇ ਰਲ ਕੇ ਝੋਨੇ ਦੀ ਫ਼ਸਲ ਦੀ ਚੁਕਾਈ ਲਈ ਦਬਾਅ ਬਣਾਉਣ ਲਈ ਚੌਕ ਵਿੱਚ ਧਰਨਾ ਲਾ ਕੇ ਸੜਕ ਜਾਮ ਕੀਤੀ। ਤਹਿਸੀਲਦਾਰ ਭੁਲੱੱਥ ਹਰਪ੍ਰੀਤ ਸਿੰਘ ਗਿੱਲ ਵੱਲੋਂ ਭਲਕ ਤੋਂ ਝੋਨੇ ਦੀ ਚੁਕਾਈ ਸ਼ੁਰੂ ਕਰਾਉਣ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ।
ਕੀ ਕਹਿੰਦੇ ਨੇ ਅਧਿਕਾਰੀ
ਝੋਨੇ ’ਤੇ ਕੱਟ ਲਾਉਣ ਸਬੰਧੀ ਐੱਸਡੀਐੱਮ ਭੁਲੱਥ ਡੈਵੀ ਗੋਇਲ ਨੇ ਦੱਸਿਆ ਕਿ ਝੋਨੇ ਦੀ ਖਰੀਦ ਸਰਕਾਰੀ ਕੀਮਤ ’ਤੇ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਕਿਸਾਨ ਦੀ ਕਿਸੇ ਤਰ੍ਹਾਂ ਦੀ ਕਟੌਤੀ ਕੀਤੀ ਜਾਂਦੀ ਹੈ ਤਾਂ ਇਹ ਗੱਲ ਉਨ੍ਹਾਂ ਉਸੇ ਵੇਲੇ ਧਿਆਨ ਵਿੱਚ ਲਿਆਉਣ ਦੀ ਅਪੀਲ ਕੀਤੀ। ਆੜਤੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਕਿਸਮ ਦੀ ਕਟੌਤੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।